ਕੋਲਿਆਵਾਂਲੀ (ਲੰਬੀ): ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਪਾਰਟੀ ਦੇ ਸੀਨੀਅਰ ਆਗੂ ਜਰਨੈਲ ਸਿੰਘ ਨੂੰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਖਿਲਾਫ ਲੰਬੀ ਤੋਂ 2017 ਦੀਆਂ ਚੋਣਾਂ ਲਈ ਉਮੀਦਵਾਰ ਐਲਾਨ ਦਿੱਤਾ।
ਲੰਬੀ ਹਲਕੇ ਦੇ ਪਿੰਡ ਕੋਲਿਆਂਵਾਲੀ ਵਿਖੇ ਲੋਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕੇਜਰੀਵਾਲ ਨੇ ਹਾਜ਼ਰ ‘ਆਪ’ ਸਮਰਥਕਾਂ ਨੂੰ ਜਰਨੈਲ ਸਿੰਘ ਦੇ ਲੰਬੀ ਤੋਂ ਉਮੀਦਵਾਰ ਬਣਾਉਣ ਬਾਰੇ ਜਿਉਂ ਹੀ ਪੁੱਛਿਆ ਤਾਂ ਪੁੱਜੇ ਲੋਕਾਂ ਨੇ ਹੱਥ ਖੜ੍ਹੇ ਕਰਕੇ ਅਤੇ ਤਾੜੀਆਂ ਨਾਲ ਇਸਦਾ ਸਵਾਗਤ ਕਰਦਿਆਂ ਜਰਨੈਲ ਸਿੰਘ ਦੀ ਉਮੀਦਵਾਰੀ ‘ਤੇ ਮੋਹਰ ਲਗਾ ਦਿੱਤੀ।
ਇਸ ਮੌਕੇ ਬੋਲਦਿਆਂ ਕੇਜਰੀਵਾਲ ਨੇ ਕਿਹਾ ਕਿ ਹੁਣ ਤੱਕ ਕਾਂਗਰਸ ਮੁਖੀ ਕੈਪਟਨ ਅਮਰਿੰਦਰ ਸਿੰਘ ਅਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਆਪਣੀ ਆਪਸੀ ਸਹਿਮਤੀ ਰਾਹੀਂ ਇਕ ਦੂਜੇ ਦੇ ਖਿਲਾਫ ਕਮਜ਼ੋਰ ਉਮੀਦਵਾਰ ਖੜ੍ਹੇ ਕਰਦੇ ਆ ਰਹੇ ਹਨ ਜਿਸ ਨਾਲ ਕਿ ਉਹ ਅਸਾਨੀ ਨਾਲ ਚੋਣ ਜਿੱਤਦੇ ਆਏ ਹਨ ਪਰ ਇਸ ਵਾਰੀ ਅਸੀਂ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ, ਕੈਪਟਨ ਅਮਰਿੰਦਰ ਸਿੰਘ ਅਤੇ ਬਿਕਰਮ ਮਜੀਠੀਆ ਨੂੰ ਭੱਜਣ ਨਹੀਂ ਦਿਆਂਗੇ। ਇਸੇ ਲਈ ਹੀ ਅਸੀਂ ਅਮਰਿੰਦਰ, ਬਾਦਲ, ਸੁਖਬੀਰ ਅਤੇ ਮਜੀਠੀਏ ਨੂੰ ਧੂੜ ਚਟਾਉਣ ਲਈ ਆਪਣੇ ਤਕੜੇ ਉਮੀਦਵਾਰ ਚੋਣ ਮੈਦਾਨ ਵਿਚ ਉਤਾਰੇ ਹਨ।
ਆਪ ਆਗੂ ਨੇ ਕੈਪਟਨ ਅਮਰਿੰਦਰ ਸਿੰਘ ਅਤੇ ਬਾਦਲਾਂ ਦੀ ਮਿਲੀਭੁਗਤ ਬਾਰੇ ਕਿਹਾ ਕਿ ਪਿਛਲੀ ਬਾਰ ਜਲਾਲਾਬਾਦ ਤੋਂ ਖੜ੍ਹੇ ਕੀਤੇ ਗਏ ਕਾਂਗਰਸ ਦੇ ਉਮੀਦਵਾਰ ਅਤੇ ਮਜੀਠਾ ਤੋਂ ਕਾਂਗਰਸੀ ਉਮੀਦਵਾਰ ਆਪਣੀਆਂ ਜ਼ਮਾਨਤਾ ਵੀ ਨਹੀਂ ਬਚਾ ਸਕੇ ਅਤੇ ਸਿਰਫ 7 ਹਜ਼ਾਰ ਦੇ ਕਰੀਬ ਵੋਟਾਂ ਲੈਣ ਵਿਚ ਹੀ ਕਾਮਯਾਬ ਹੋ ਸਕੇ।
ਕੇਜਰੀਵਾਲ ਨੇ ਕਿਹਾ ਕਿ ਅਕਾਲੀ ਆਗੂ ਅਤੇ ਸਾਬਕਾ ਮੰਤਰੀ ਸਰਵਣ ਸਿੰਘ ਫਿਲੌਰ ਦੇ ਪੁੱਤਰ ਦਾ ਨਾਮ ਨਸ਼ਾ ਵਪਾਰ ਵਿਚ ਆਉਣ ਤੋਂ ਬਾਅਦ ਉਸਨੂੰ ਕੈਬਿਨੇਟ ਤੋਂ ਅਸਤੀਫਾ ਦੇਣਾ ਪਿਆ ਸੀ ਪਰ ਅਜਿਹੇ ਆਗੂ ਨੂੰ ਵੀ ਕੈਪਟਨ ਅਮਰਿੰਦਰ ਸਿੰਘ ਬਾਹਾਂ ਖਿਲਾਰ ਕੇ ਕਾਂਗਰਸ ਵਿਚ ਲੈ ਆਏ। ਇਸੇ ਤਰ੍ਹਾਂ ਬਿਕਰਮ ਮਜੀਠੀਆ ਦੇ ਖਾਸਮ ਖਾਸ ਇੰਦਰਬੀਰ ਬੁਲਾਰੀਆ ਨੂੰ ਵੀ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਵਿਚ ਸ਼ਾਮਲ ਕਰ ਲਿਆ। ਇਸ ਤੋਂ ਇਹ ਸਿੱਧ ਹੁੰਦਾ ਹੈ ਕਿ ਬਾਦਲ, ਕੈਪਟਨ ਅਤੇ ਮਜੀਠੀਆ ਪਰਿਵਾਰ ਮਿਲਕੇ ਪੰਜਾਬ ਨੂੰ ਲੁੱਟ ਰਹੇ ਹਨ।
ਇਸ ਮੌਕੇ ਬੋਲਦਿਆਂ ਜਰਨੈਲ ਸਿੰਘ ਨੇ ਬਾਦਲ ਨੂੰ ਪੰਜਾਬ ਦੇ ਮੁੱਦਿਆਂ ਉਤੇ ਖੁੱਲੀ ਬਹਿਸ ਦੀ ਚੁਣੌਤੀ ਦਿੱਤੀ। ਉਨ੍ਹਾਂ ਕਿਹਾ ਕਿ ਅਕਾਲੀ ਦਲ ਜਿਹੜੇ ਵਿਕਾਸ ਦੀਆਂ ਗੱਲਾਂ ਟੀਵੀ ਚੈਨਲਾਂ ਉਤੇ ਕਰਦਾ ਆ ਰਿਹਾ ਹੈ। ਮੁੱਖ ਮੰਤਰੀ ਉਸ ਨਾਲ ਇਸ ਬਾਰੇ ਵਿਚ ਜਨਤਾ ਦੇ ਸਾਹਮਣੇ ਬਹਿਸ ਕਰਨ। ਪੰਜਾਬ ਵਿਚ ਹਰ ਰੋਜ਼ ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ ਨੌਜਵਾਨ ਨਸ਼ੇ ਕਾਰਨ ਮਰ ਰਹੇ ਹਨ। ਬਾਦਲ ਪਰਿਵਾਰ ਨੇ ਟਰਾਂਸਪੋਰਟ, ਸ਼ਰਾਬ ਅਤੇ ਕੇਬਲ ਮਾਫੀਆ ਕਬਜ਼ੇ ਵਿਚ ਕਰ ਲਿਆ ਹੈ। ਕੀ ਇਹ ਬਾਦਲਾਂ ਦੇ ਵਿਕਾਸ ਦਾ ਮਾਡਲ ਹੈ, ਜਿਸ ਬਾਰੇ ਉਹ ਚਿਰਾਂ ਤੋਂ ਰੌਲਾ ਪਾ ਰਹੇ ਹਨ। ਉਨ੍ਹਾਂ ਕਿਹਾ ਕਿ ਬਾਦਲ ਬਹਿਸ ਸੰਬੰਧੀ ਸਮਾਂ ਅਤੇ ਸਥਾਨ ਖੁਦ ਤੈਅ ਕਰਨ।
ਇਸ ਮੌਕੇ ਪਾਰਟੀ ਦੇ ਮੈਂਬਰ ਪਾਰਲੀਮੈਂਟ ਸਾਧੂ ਸਿੰਘ, ਭਗਵੰਤ ਮਾਨ, ਸੰਜੇ ਸਿੰਘ, ਪ੍ਰੋਫੈਸਰ ਬਲਜਿੰਦਰ ਕੌਰ ਅਤੇ ਕੁਲਤਾਰ ਸਿੰਘ ਨੇ ਲੋਕਾਂ ਨੂੰ ਸੰਬੋਧਨ ਕੀਤਾ।
ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ: