Site icon Sikh Siyasat News

ਪੰਜ ਪਿਆਰਿਆਂ ਦਾ ਵਰਤਾਰਾ ਤੇ ਭਵਿੱਖ: ਕੁਝ ਅਣਸੁਲਝੇ ਸਵਾਲ

ਪੰਜ ਪਿਆਰੇ ਫੈਸਲਾ ਸੁਣਾਉਦੇਂ ਹੋਏ (ਫਾਈਲ ਫੋਟੋ)

ਪੰਜ ਪਿਆਰਿਆਂ ਦੀ ਸੰਸਥਾ ਦੇ ਸੁਰਜੀਤ ਹੋਣ ਨਾਲ ਅਤੇ ਪੰਜ ਪਿਆਰਿਆਂ ਵੱਲੋਂ ਦਿੱਤੇ ਗਏ ਨਵੇਂ ਪ੍ਰੋਗਰਾਮ ਦੀ ਰੌਸ਼ਨੀ ਵਿੱਚ ਸਿੱਖ ਪੰਥ ਦੀ ਧਾਰਮਿਕ-ਚੇਤਨਾ ਅਤੇ ਰਾਜਨੀਤਕ-ਜ਼ਿੰਦਗੀ ਵਿੱਚ ਇੱਕ ਆਸਧਾਰਨ ਕਿਸਮ ਦਾ ਸੰਕਟ ਖੜ੍ਹਾ ਹੋ ਗਿਆ ਹੈ। ਇੱਕ ਤਾਂ ਇਹੋ ਜਿਹਾ ਸੰਕਟ ਇਹੋ ਜਿਹੀ ਸ਼ਕਲ ਵਿੱਚ ਪਹਿਲਾਂ ਕਦੇ ਵੇਖਣ ਵਿੱਚ ਨਹੀਂ ਸੀ ਆਇਆ ਅਤੇ ਦੂਜਾ ਇਹ ਪਤਾ ਲਗਾਉਣਾ ਵੀ ਅੌਖਾ ਹੈ ਕਿ ਇਹ ਸੰਕਟ ਕਿਹੜੀਆਂ ਕਿਹੜੀਆਂ ਦਿਸ਼ਾਵਾਂ ਵੱਲ ਜਾ ਸਕਦਾ ਹੈ।

ਪੰਥਕ ਮੁਹਾਂਦਰਿਆਂ ਨਾਲ ਜੁੜੀਆਂ ਸੰਸਥਾਵਾਂ ਅਤੇ ਵਿਅਕਤੀਗਤ ਤੌਰ ’ਤੇ ਸਿੱਖ ਦਾਨਿਸ਼ਵਰਾਂ ਦੀ ਦਾਰਸ਼ਨਿਕ-ਨੀਝ ਅਤੇ ਰੀਝ ਵੀ ਇਸ ਤਰ੍ਹਾਂ ਦੇ ਬਹੁਪਰਤੀ ਸੰਕਟ ਦੀ ਬੇਜਾਨ ਵਿਆਖਿਆ ਹੀ ਕਰ ਸਕੀ ਹੈ। ਦੂਜੇ ਪਾਸੇ, ਸਿੱਖ ਪੰਥ ਦੀ ਮਿਨੀ ਪਾਰਲੀਮੈਂਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿਵੇਂ ਪੰਜ ਪਿਆਰਿਆਂ ਵਿਰੁੱਧ ਕਾਰਵਾਈ ਕੀਤੀ ਹੈ ਅਤੇ ਜਿਵੇਂ ਇਸ ਅਨੋਖੇ ਵਰਤਾਰੇ ਨੂੰ ਮਸ਼ੀਨੀ ਪੱਧਰ ’ਤੇ ਜਾਂ ਸਿਰਫ਼ ਵਿਵਾਹਾਰਕ ਦ੍ਰਿਸ਼ਟੀਕੋਣ ਤੋਂ ਵੇਖਿਆ ਹੈ, ਉਸ ਤੋਂ ਪਤਾ ਲਗਦਾ ਹੈ ਕਿ ਇਸ ਸੰਸਥਾ ਤੋਂ ਸਿੱਖੀ ਦੀ ਮੌਨਸੂਨ ਰੁੱਤ ਲਿਆਉਣ ਦੀ ਉਮੀਦ ਘੱਟ ਹੀ ਕੀਤੀ ਜਾ ਸਕਦੀ ਹੈ।

ਸਮੁੱਚੀ ਬਹਿਸ ਹੁਣ ਇਸ ਕੇਂਦਰੀ ਨੁਕਤੇ ’ਤੇ ਆ ਖੜੋਤੀ ਹੈ ਕਿ ਜਮਹੂਰੀ ਢੰਗ ਨਾਲ ਚੁਣੀ ਗਈ ਸੰਸਥਾ ਸ਼੍ਰੋਮਣੀ ਕਮੇਟੀ ਸੁਪਰੀਮ ਹੈ, ਸਰਬ-ਸ਼੍ਰੇਸ਼ਟ ਹੈ, ਸਰਬ-ਪ੍ਰਧਾਨ ਹੈ ਜਾਂ ਫਿਰ ਗੁਰੂ ਦਸਮੇਸ਼ ਪਿਤਾ ਵੱਲੋਂ ਥਾਪੀ ਪੰਜ ਪਿਆਰਿਆਂ ਦੀ ਸੰਸਥਾ ਨੂੰ ਹੀ ਸੁਪਰੀਮ ਕਿਹਾ ਜਾਵੇ? ਇਸ ਹਕੀਕਤ ਨੂੰ ਮੰਨਣ ਤੋਂ ਨਾਂਹ ਨਹੀਂ ਕੀਤੀ ਜਾ ਸਕਦੀ ਕਿ ਪ੍ਰਬੰਧਕੀ ਨਜ਼ਰੀਏ ਤੋਂ ਜਿਵੇਂ ਹੋਰ ਸੰਸਥਾਵਾਂ ਦੀ ਚੋਣ ਹੁੰਦੀ ਹੈ, ਉਸ ਹਿਸਾਬ ਨਾਲ ਪੰਜ ਪਿਆਰੇ ਬਾਕਾਇਦਾ ਇੱਕ ਸਥਾਈ ਸੰਸਥਾ ਦੇ ਰੂਪ ਵਿੱਚ ਇਤਿਹਾਸ ਦੇ ਕਿਸੇ ਵੀ ਦੌਰ ਵਿੱਚ ਸਾਹਮਣੇ ਨਹੀਂ ਆਏ। ਪਰ ਇਸ ਤਰਕ ਉੱਤੇ ਵੀ ਸਵਾਲੀਆ ਨਿਸ਼ਾਨ ਲੱਗ ਸਕਦਾ ਹੈ।

ਸਵਾਲ ਦੀ ਸ਼ਕਲ ਵਿੱਚ ਪੇਸ਼ ਕੀਤੀ ਇਹ ਦਲੀਲ ਵਜ਼ਨਦਾਰ ਹੈ ਕਿ ਜਦੋਂ ਚਮਕੌਰ ਦੀ ਗੜ੍ਹੀ ਵਿੱਚ ਪੰਜ ਪਿਆਰਿਆਂ ਨੇ ਦਸਮੇਸ਼ ਪਿਤਾ ਨੂੰ ਖ਼ਾਲਸਾ ਪੰਥ ਦੇ ਵਡੇਰੇ ਹਿੱਤਾਂ ਲਈ ਗੜ੍ਹੀ ਛੱਡ ਦੇਣ ਦਾ ਫੁਰਮਾਨ ਜਾਰੀ ਕੀਤਾ ਤਾਂ ਕੀ ਉਹ ਪੰਜ ਪਿਆਰੇ ਆਪਣੇ ਆਪ ਵਿੱਚ ਇੱਕ ਸੰਸਥਾ ਨਹੀਂ ਸਨ? ਵੈਸੇ ਵੀ ਸੰਸਥਾ ਦੀ ਸੂਖ਼ਮ ਪਰਿਭਾਸ਼ਾ ਤਾਂ ਸਾਨੂੰ ਇਹ ਵੀ ਦੱਸਦੀ ਹੈ ਪਈ ਕਿਸੇ ਕੌਮ ਦਾ ਕੋਈ ਸਿਧਾਂਤ ਜਾਂ ਕੋਈ ਰਵਾਇਤ ਵੀ ਆਪਣੇ ਆਪ ਵਿੱਚ ਇੱਕ ਸੰਸਥਾ ਹੀ ਹੁੰਦੀ ਹੈ। ਇੱਥੋਂ ਤਕ ਇੱਕ ਮੈਂਬਰ ਵੀ ਆਪਣੇ ਆਪ ਵਿੱਚ ਸੰਸਥਾ ਅਖਵਾ ਸਕਦਾ ਹੈ ਜਿਵੇਂ ਕਿ ਬਾਦਸ਼ਾਹੀ ਹਕੂਮਤ (ਮੋਨਾਰਕੀ) ਜਿਸ ਵਿੱਚ ਰਾਜ ਦੀ ਵਾਗਡੋਰ ਇੱਕੋ ਵਿਅਕਤੀ ਦੇ ਹੱਥ ਵਿੱਚ ਹੁੰਦੀ ਹੈ। ਇਸ ਲਈ ਇਹ ਜ਼ਰੂਰੀ ਨਹੀਂ ਹੈ ਕਿ ਬਹੁਤ ਸਾਰੇ ਮੈਂਬਰਾਂ ਦੇ ਕੁੱਲ ਜੋੜ ਨੂੰ ਹੀ ਸੰਸਥਾ ਕਿਹਾ ਜਾਂਦਾ ਹੈ।

ਕਰਮਜੀਤ ਸਿੰਘ

ਹੁਣ ਗੱਲ ਇੱਥੇ ਆਣ ਅਪੜੀ ਹੈ ਕਿ ਜੇ ਪੰਜ ਪਿਆਰੇ ਇੱਕ ਸੰਸਥਾ ਹਨ ਤਾਂ ਫਿਰ ਇਹ ਸੰਸਥਾ ਹੋਰਨਾਂ ਸੰਸਥਾਵਾਂ ਨਾਲੋਂ ਨਿਵੇਕਲੀ, ਵੱਖਰੀ ਅਤੇ ਵਿਸ਼ੇਸ਼ ਕਿਵੇਂ ਹੈ? ਜਾਂ ਇਸ ਨਿਆਰੀ ਸੰਸਥਾ ਨੂੰ ਕਿਨ੍ਹਾਂ ਅਰਥਾਂ ਵਿੱਚ ਸਮਝਿਆ ਜਾਵੇ? ਸਾਡੇ ਖ਼ਿਆਲ ਵਿੱਚ ਇਸ ਸੰਸਥਾ ਨੂੰ ਕਲਪਤ ਪੰਛੀ ਕੁਕਨੂਸ ਨਾਲ ਤੁਲਨਾ ਦਿੱਤੀ ਜਾ ਸਕਦੀ ਹੈ, ਜਿਸ ਦੀ ਰਾਖ ਵਿੱਚੋਂ ਇੱਕ ਨਵਾਂ ਕੁਕਨੂਸ ਜਨਮ ਲੈਂਦਾ ਹੈ ਅਤੇ ਫਿਰ ਹਵਾ ਵਿੱਚ ਉੱਡ ਜਾਂਦਾ ਹੈ।

ਦੂਜੇ ਸ਼ਬਦਾਂ ਵਿੱਚ ਪੰਜ ਪਿਆਰਿਆਂ ਦੀ ਸੰਸਥਾ ਸਥਾਈ ਰੂਪ ਵਿੱਚ ਜਾਂ ਪੱਕੇ ਤੌਰ ’ਤੇ ਨਹੀਂ ਵਿਚਰਦੀ ਜਾਂ ਇੰਜ ਕਹਿ ਲਵੋ ਕਿ ਇਹ ਲਗਾਤਾਰ ਨਿਰੰਤਰਤਾ ਵਿੱਚ ਨਹੀਂ ਚਲਦੀ ਸਗੋਂ ਕਿਸੇ ਵੀ ਰਾਜਨੀਤਿਕ ਜਾਂ ਧਾਰਮਿਕ ਸੰਕਟ ਵਿੱਚ ਹੀ ਕੁਕਨੂਸ ਪੰਛੀ ਦੀ ਰਾਖ਼ ਵਾਂਗ ਅਚਾਨਕ ‘ਪ੍ਰਗਟ’ ਹੁੰਦੀ ਹੈ ਅਤੇ ਆਪਣੇ ਤੇਜ਼-ਪ੍ਰਤਾਪ ਦਾ ਜੌਹਰ ਵਿਖਾ ਕੇ ‘ਲੋਪ’ ਹੋ ਜਾਂਦੀ ਹੈ, ਜਾਂ ਫਿਰ ਦ੍ਰਿਸ਼ ਤੋਂ ਲਾਂਭੇ ਹੋ ਜਾਂਦੀ ਹੈ ਅਤੇ ਹਾਲਾਤ ਮੁਤਾਬਿਕ ਫਿਰ ‘ਪ੍ਰਗਟ’ ਹੋ ਸਕਦੀ ਹੈ ਜਿਵੇਂ ਕਿ ਹਾਲ ਹੀ ਵਿੱਚ ਹੋਈ ਹੈ। ਇਸ ਲਈ ਇਹ ਮਹਾਨ ਸੰਸਥਾ ਕਦੇ ਆਦ੍ਰਿਸ਼ਟ ਅਤੇ ਕਦੇ ਦ੍ਰਿਸ਼ਟ-ਦੋਵਾਂ ਹੀ ਹਾਲਾਤ ਵਿੱਚ ਵਿਚਰਦੀ ਹੈ।

ਪਰ ਸਾਡੀ ਇਸ ਮਿਨੀ ਪਾਰਲੀਮੈਂਟ ਦੇ ਰਹਿਬਰ ਪੰਜ ਪਿਆਰਿਆਂ ਦੀ ਪਿੱਠ ਪਿੱਛੇ ਜੋ ਵੱਡਾ ਬਲੀ-ਅਸੂਲ ਪਹਿਰਾ ਦੇ ਰਿਹਾ ਸੀ, ਉਸ ਅਸੂਲ ਨਾਲ ਵਫ਼ਾ ਨਹੀਂ ਕਰ ਸਕੇ ਅਤੇ ਪੰਜ ਪਿਆਰਿਆਂ ਨੂੰ ਮੁਲਾਜ਼ਮ ਹੀ ਸਮਝਦੇ ਰਹੇ ਜਦੋਂਕਿ ਸਮੂਹਿਕ ਰੂਪ ਵਿੱਚ ਉਨ੍ਹਾਂ ਦਾ ਫ਼ੈਸਲਾ ਸਹਿਜ ਸੁਭਾਅ ਹੀ ਖ਼ਾਲਸਾ ਪੰਥ ਦਾ ਫ਼ੈਸਲਾ ਬਣ ਗਿਆ ਸੀ।

ਖ਼ਾਲਸਾ ਪੰਥ ਨਾਲ ਰਿਸ਼ਤਾ-ਏ-ਜਾਨ ਦਾ ਇਹ ਸਬੰਧ ਹੀ ਸੀ ਜਿਸ ਕਰਕੇ ਸ਼੍ਰੋਮਣੀ ਕਮੇਟੀ ਨੂੰ ਪੰਜ ਪਿਆਰਿਆਂ ਦੀ ਮੁਅੱਤਲੀ ਇਹ ਕਹਿ ਕੇ ਰੱਦ ਕਰਨੀ ਪਈ ਕਿਉਂਕਿ ਇਸ ਪਿੱਛੇ ‘ਪੰਥਕ ਭਾਵਨਾਵਾਂ’ ਕੰਮ ਕਰ ਰਹੀਆਂ ਸਨ। ਪਰ ਫਿਰ ਮਿਨੀ ਪਾਰਲੀਮੈਂਟ ਅੱਗੇ ਇਹ ਸਵਾਲ ਵੀ ਕੀਤਾ ਜਾ ਸਕਦਾ ਹੈ ਕਿ ਜਦੋਂ ਉਸ ਦੀ ਅੰਤਰਿੰਗ ਕਮੇਟੀ ਨੇ ਪੰਜ ਪਿਆਰਿਆਂ ਨੂੰ ‘ਬਰਤਫ਼’ ਕੀਤਾ ਤਾਂ ਕੀ ਉਸ ਵਕਤ ਪੰਥਕ ਭਾਵਨਾਵਾਂ ਮੌਜੂਦ ਨਹੀਂ ਸਨ?

ਸੱਚ ਤਾਂ ਇਹੋ ਹੈ ਕਿ ਉਹ ਭਾਵਨਾਵਾਂ ਜਿਉਂ ਦੀਆਂ ਤਿਉਂ ਉਦੋਂ ਵੀ ਮੌਜੂਦ ਸਨ ਅਤੇ ਹੁਣ ਵੀ ਹਨ। ਸਗੋਂ ਇਹ ਭਾਵਨਾਵਾਂ ਤਾਂ ਜਥੇਬੰਦਕ ਰੂਪ ਵੀ ਅਖ਼ਤਿਆਰ ਕਰ ਰਹੀਆਂ ਹਨ, ਜਿਸ ਨਾਲ ਇਸ ਸਥਿਤੀ ਨੂੰ ਸਾਂਭਣ ਲਈ ਅਤੇ ਇਸ ਸੰਕਟ ਦੇ ਯੋਗ ਹੱਲ ਲਈ ਨਾ ਤਾਂ ਸ਼੍ਰੋਮਣੀ ਕਮੇਟੀ ਹੀ ਆਪਣੀ ਜ਼ਿੰਮੇਵਾਰੀ ਨਿਭਾ ਰਹੀ ਹੈ ਅਤੇ ਨਾ ਹੀ ਪੰਥ ਦੀਆਂ ਮਾਇਆਨਾਜ਼ ਹਸਤੀਆਂ ਕੋਈ ਵੱਡਾ ਰੋਲ ਅਦਾ ਕਰ ਰਹੀਆਂ ਹਨ।

ਸ਼੍ਰੋਮਣੀ ਕਮੇਟੀ ਦਾ ਹਾਲ ਤਾਂ ਇਹ ਹੈ ਕਿ ਉਹ ਇੱਕ ਗ਼ਲਤੀ ਤੋਂ ਦੂਜੀ ਗ਼ਲਤੀ ਅਤੇ ਅਤੇ ਇੱਕ ਕਮਜ਼ੋਰੀ ਤੋਂ ਦੂਜੀ ਕਮਜ਼ੋਰੀ ਦੀ ਕਵਾਇਦ ਹੀ ਕਰਦੀ ਆ ਰਹੀ ਹੈ। ਇਹ ਸੰਸਥਾ ਸੰਕਟ ਦੇ ਹਲ ਦੀ ਥਾਂ ਸੰਕਟ ਨੂੰ ਹੋਰ ਡੂੰਘਾ ਕਰਦੀ ਜਾਪਦੀ ਹੈ।

ਪੰਜ ਪਿਆਰਿਆਂ ਦਾ ਫ਼ੈਸਲਾ ਅਤੇ ਉਨ੍ਹਾਂ ਵੱਲੋਂ ਦਿੱਤਾ ਜਾ ਰਿਹਾ ਪ੍ਰੋਗਰਾਮ ਅਸਲ ਵਿੱਚ ਇਤਿਹਾਸਕ ਨਿਆਂ-ਸ਼ਾਸਤਰ ਜਾਂ ਧਰਮ-ਸ਼ਾਸਤਰ ਦੇ ਨਿਯਮਾਂ ਦੀਆਂ ਸ਼ਰਤਾਂ ਵੀ ਪੂਰੀਆਂ ਕਰਦਾ ਹੈ। ਇਹ ਸ਼ਾਸਤਰ ਦੱਸਦਾ ਹੈ ਕਿ ਕੋਈ ਵੀ ਸੇਵਾ ਨਿਯਮ ਜਾਂ ਕਿਸੇ ਵੀ ਕਾਨੂੰਨ ਨੂੰ ‘ਇਤਿਹਾਸਕ ਵਿਕਾਸ’ ਦੇ ਪ੍ਰਸੰਗ ਵਿੱਚ ਹੀ ਵੇਖਣਾ ਪਵੇਗਾ ਨਾ ਕਿ ਵਰਤਮਾਨ ਕਾਨੂੰਨ ਦੇ ਰਸਮੀ ਤਰਕ ਨੂੰ ਹੀ ਫ਼ੈਸਲੇ ਦਾ ਆਧਾਰ ਬਣਾਉਣਾ ਚਾਹੀਦਾ ਹੈ ਜਿਵੇਂ ਕਿ ਸ਼੍ਰੋਮਣੀ ਕਮੇਟੀ ਦੀ ਲੀਡਰਸ਼ਿਪ ਨੇ ਪੰਜ ਪਿਆਰਿਆਂ ਦੇ ਸਬੰਧ ਵਿੱਚ ਅਪਣਾ ਰੱਖਿਆ ਹੈ। ਉਹ ਇਹ ਸਮਝ ਹੀ ਨਹੀਂ ਸਕੀ ਕਿ ਪੰਜ ਪਿਆਰਿਆਂ ਵੱਲੋਂ ਸੰਕਟ ਦੀ ਹਾਲਤ ਵਿੱਚ ਚੁੱਕਿਆ ਕਦਮ ਇੱਕ ਤਰ੍ਹਾਂ ਨਾਲ ਜਰਖ਼ੇਜ਼-ਚੇਤਨਾ ਦਾ ਰੂਹਾਨੀ ਇਨਕਲਾਬ ਸੀ। ਇਸ ਲਈ ਇਹੋ ਜਿਹੀਆਂ ਦਲੀਲਾਂ ਦੀ ਸੁਰੱਖਿਆ ਛੱਤਰੀ ਬੜੀ ਕਮਜ਼ੋਰ ਸਾਬਤ ਹੋਈ ਹੈ ਕਿ ਦੇਖੋ ਜੀ ਪੰਜ ਪਿਆਰਿਆਂ ਨੇ ਤਾਂ ਮਰਿਆਦਾ ਦੀ ਉਲੰਘਣਾ ਕੀਤੀ ਹੈ ਜਾਂ ਉਹ ਮਹਿਜ਼ ਮੁਲਾਜ਼ਮ ਹੀ ਹਨ ਜਾਂ ਉਨ੍ਹਾਂ ਦਾ ਕੰਮ ਤਾਂ ਕੇਵਲ ਅੰਮ੍ਰਿਤ ਸੰਚਾਰ ਤਕ ਹੀ ਸੀਮਤ ਹੈ। ਕੀ ਅੰਮ੍ਰਿਤ ਸੰਚਾਰ ਦੀਆਂ ਸੂਖ਼ਮ ਤਰੰਗਾਂ ਵਿੱਚ ਰੂਹਾਨੀ ਇਨਕਲਾਬ ਦੇ ਬੀਜ ਲੁਕੇ ਨਹੀਂ ਹੁੰਦੇ?

ਇੱਕ ਹੋਰ ਸਵਾਲ ਵੀ ਕੀਤਾ ਜਾ ਸਕਦਾ ਹੈ ਕਿ ਕੀ ਪੰਜ ਤਖ਼ਤਾਂ ਦੇ ਜਥੇਦਾਰ ਪੰਜ ਪਿਆਰੇ ਨਹੀਂ ਹਨ? ਯਕੀਨਨ ਉਹ ਵੀ ਇਸੇ ਰੁਤਬੇ ਦੀ ਮਾਲਕ ਹਨ ਪਰ ਜਦੋਂ ਉਹ ਇੱਕ ਲੰਮੇ ਅਰਸੇ ਤੋਂ ਆਪਣੀ ਇਤਿਹਾਸਕ ਅਤੇ ਧਾਰਮਿਕ ਜ਼ਿੰਮੇਵਾਰੀ ਤੋਂ ਅਵੇਸਲੇ ਹੋ ਕੇ ਅਤੇ ਕਈ ਵਾਰ ਜਾਣਦਿਆਂ ਹੋਇਆਂ ਵੀ ਬਾਹਰੀ ਤਾਕਤਾਂ ਦਾ ਪ੍ਰਭਾਵ ਕਬੂਲਦੇ ਰਹੇ ਹਨ ਅਤੇ ਜਦੋਂ ਛੇਵੇਂ ਪਾਤਸ਼ਾਹ ਦੇ ਤਖ਼ਤ ਦਾ ਸੇਵਾਦਾਰ ਆਪਣੀ ਸੁਤੰਤਰਤਾ ਅਤੇ ਨਿਰਪੱਖਤਾ ਨੂੰ ਕਾਇਮ ਹੀ ਨਹੀਂ ਰੱਖ ਸਕਿਆ ਤਾਂ ਫਿਰ ਤਖ਼ਤਾਂ ਦੇ ਇਹ ਪੰਜ ਪਿਆਰੇ ਆਪਣੇ ਆਪ ਹੀ ਇਤਿਹਾਸ ਦੀ ਅਮੋੜ ਚਾਲ ਵਿੱਚ ਹਾਸ਼ੀਏ ਉੱਤੇ ਚਲੇ ਗਏ ਜਾਂ ਕਰ ਦਿੱਤੇ ਗਏ ਅਤੇ ਅਕਾਲ ਤਖ਼ਤ ਉੱਤੇ ਅੰਮ੍ਰਿਤ ਛਕਾਉਣ ਦੀ ਸੇਵਾ ਨਿਭਾ ਰਹੇ ਪੰਜ ਪਿਆਰੇ ਸਿੱਖ ਪੰਥ ਦੇ ਮੌਲਿਕ ਇਤਿਹਾਸ ਦੇ ਐਨ ਕੇਂਦਰ ਵਿੱਚ ਹਾਜ਼ਰ ਹੋ ਗਏ। ਸਿੱਖ ਵਿਦਵਾਨਾਂ ਨੇ ਇਸ ਘਟਨਾ ਵਿੱਚ ਲੁਕੀ ਡੂੰਘੀ ਰਮਜ਼ ਦੀ ਢੁੱਕਵੀਂ ਵਿਆਖਿਆ ਅਜੇ ਨਹੀਂ ਕੀਤੀ ਕਿਉਂਕਿ ਇਤਿਹਾਸਕ ਵਿਸ਼ਾਲਤਾ ਵਾਲੇ ਵਿਚਾਰਾਂ ਦੀ ਉੱਚੀ ਉਡਾਰੀ ਦਾ ਅਸਮਾਨ ਅਜੇ ਖ਼ਾਲੀ ਹੈ।

ਮੀਰੀ ਪੀਰੀ ਦੇ ਇਸ ਨਿਰਾਲੇ ਤਖ਼ਤ ਤੋਂ ਹਾਸ਼ੀਏ ਵੱਲ ਧੱਕੇ ਜਾਣ ਵਾਲੇ ਸਿੰਘ ਸਾਹਿਬਾਨ ਅਤੇ ਹਾਸ਼ੀਏ ਤੋਂ ਕੇਂਦਰ ਵਿੱਚ ਆਉਣ ਵਾਲੇ ਪੰਜ ਪਿਆਰਿਆਂ-ਦੋਹਾਂ ਨੂੰ ਹੀ ਇਸ ਤਖ਼ਤ ਤੋਂ ਡਰ ਕੇ ਰਹਿਣਾ ਚਾਹੀਦਾ ਹੈ ਕਿਉਂਕਿ ਛੇਵੇਂ ਪਾਤਸ਼ਾਹ ਨੇ ਸਿੱਖ ਦੀ ਆਤਮਾ ਵਿੱਚ ਹਿੰਮਤ ਤੇ ਹੌਂਸਲੇ ਦੀਆਂ ਬਰਕਤਾਂ ਦੇ ਨਾਲ ਨਾਲ ਪਵਿੱਤਰ ਡਰ ਨੂੰ ਵੀ ਸ਼ਾਮਲ ਕੀਤਾ ਹੋਇਆ ਹੈ। ਇਹ ਡਰ ਹੀ ਹੈ ਜੋ ਆਉਣ ਵਾਲੇ ਸਮੇਂ ਦੀ ਸੋਝੀ ਬਖ਼ਸ਼ਦਾ ਹੈ। ਇੱਕ ਤਰ੍ਹਾਂ ਨਾਲ ਇਹ ਡਰ ਇੱਕ ਚੇਤਾਵਨੀ ਵੀ ਹੈ ਜਿਸ ਤੋਂ ਸਿੱਖ ਪੰਥ ਦੇ ਰਹਿਬਰ ਹਾਲ ਦੀ ਘੜੀ ਤਾਂ ਬੇਖ਼ਬਰ ਹੀ ਹਨ।

ਖ਼ਾਲਸਾ ਪੰਥ ਦੇ ਜਾਗਦੇ ਹਿੱਸਿਆਂ ਨੇ ਪੰਜ ਪਿਆਰਿਆਂ ਦੀਆਂ ਸਰਗਰਮੀਆਂ ਉੱਤੇ ਵੀ ਤਿੱਖੀਆਂ ਨਿਗਾਹਾਂ ਰੱਖੀਆਂ ਹੋਈਆਂ ਹਨ। ਫ਼ਿਲਹਾਲ, ਉਨ੍ਹਾਂ ਨੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਸੰਜਮ ਵਿੱਚ ਅਤੇ ਏਕਤਾ ਵਿੱਚ ਰੱਖਿਆ ਹੋਇਆ ਹੈ ਅਤੇ ਕੋਈ ਵੀ ਅਜਿਹਾ ਬਿਆਨ ਜਾਂ ਗੱਲ ਨਹੀਂ ਕੀਤੀ ਜੋ ਸਿੱਖ ਪੰਥ ਵਿੱਚ ਟਕਰਾਅ ਦੀ ਸਥਿਤੀ ਪੈਦਾ ਕਰ ਸਕਦੀ ਹੈ। ਇਹ ਚੰਗਾ ਸ਼ਗਨ ਹੈ। ਇਸੇ ਲਈ ਉਹ ਪੰਥਕ ਜਜ਼ਬਿਆਂ ਦੇ ਮਹਿਰਮ ਬਣੇ ਹੋਏ ਹਨ।

ਉਨ੍ਹਾਂ ਦੇ ਬਿਆਨਾਂ ਨੇ ਘੱਟੋ ਘੱਟ ਕਿਸੇ ਵੀ ਸਨਮਾਨਯੋਗ ਹੱਲ ਲਈ ਸਾਰੇ ਰਸਤੇ ਖੁੱਲ੍ਹੇ ਰੱਖੇ ਹੋਏ ਹਨ। ਹੁਣ ਜਦੋਂਕਿ ਤਮਾਮ ਸਿੱਖ ਸੰਸਥਾਵਾਂ, ਜਥੇਬੰਦੀਆਂ ਸਿੰਘ ਸਾਹਿਬਾਨ ਨੂੰ ਉਨ੍ਹਾਂ ਦੇ ਅਹੁਦਿਆਂ ਤੋਂ ਮੁਕਤ ਕਰਨ ਲਈ ਇਕਮੱਤ ਹਨ ਅਤੇ ਸ਼੍ਰੋਮਣੀ ਕਮੇਟੀ ਦੇ ਅੰਦਰ ਵੀ ਦੱਬਵੀਆਂ ਆਵਾਜ਼ਾਂ ਇਨ੍ਹਾਂ ਜਥੇਦਾਰਾਂ ਨੂੰ ਫ਼ਾਰਗ ਕਰਨ ਦੇ ਹੱਕ ਵਿੱਚ ਹਨ ਤਾਂ ਅਜਿਹੀ ਹਾਲਤ ਵਿੱਚ ਜੇ ਸ਼੍ਰੋਮਣੀ ਕਮੇਟੀ ਦੀ ਲੀਡਰਸ਼ਿਪ ਵਕਾਰ ਦਾ ਸਵਾਲ ਬਣਾ ਲੈਂਦੀ ਹੈ ਤਾਂ ਉਹ ਯਕੀਨਨ ਪੰਥ ਦੀ ਮੁੱਖ ਧਾਰਾ ਤੋਂ ਅਲੱਗ-ਥਲੱਗ ਹੋ ਕੇ ਰਹਿ ਜਾਵੇਗੀ।

•ਸੰਪਰਕ: 99150-91063
* ਲੇਖਕ ਸੀਨੀਅਰ ਪੱਤਰਕਾਰ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version