2007 ਤੋਂ ਸੌਦਾ ਸਾਧ ਦਾ ਮਸਲਾ ਪੰਥਕ ਸਿਆਸਤ ਨੂੰ ਮੋੜਾ ਦੇ ਰਿਹਾ ਹੈ ਅਤੇ ਇਸਦੇ ਬਹੁਪੱਖੀ ਪਹਿਲੂ ਹਨ।ਸੌਦਾ ਸਾਧ 2007 ਤੋਂ ਪਹਿਲਾਂ ਹੀ ਬਲਾਤਕਾਰ ਅਤੇ ਕਤਲ ਦੇ ਮਾਮਲਿਆਂ ਵਿਚ ਘਿਰਿਆ ਹੋਇਆ ਸੀ 2007 ਵਿਚ ਦਸਮ ਪਾਤਸ਼ਾਹ ਦਾ ਸਵਾਂਗ ਰਚ ਕੇ ਉਸਦੇ ਖਿਲਾਫ ਮਾਹੌਲ ਵੱਧਦਾ ਹੀ ਗਿਆ ਅਤੇ ਸਿੱਖਾਂ ਤੇ ਡੇਰਾ ਪ੍ਰੇਮੀਆਂ ਵਿਚ ਅਨੇਕਾਂ ਟਕਰਓ ਵੀ ਹੋਏ ਜਿਸ ਵਿਚ ਸੌਦਾ ਪ੍ਰੇਮੀਆਂ ਨੂੰ ਮੂੰਹ ਦੀ ਖਾਣੀ ਪਈ ਭਾਵੇਂ ਕਿ ਕਾਨੂੰਨੀ ਤੇ ਰਾਜਕੀ ਤੌਰ ‘ਤੇ ਸੌਦਾ ਸਾਧ ਦਾ ਹੱਥ ਉੱਤੇ ਰਿਹਾ।
ਇਸ ਸਮੇਂ ਦੌਰਾਨ ਤਿੰਨ ਸਿੰਘ ਭਾਈ ਕੰਵਲਜੀਤ ਸਿੰਘ ਸੁਨਾਮ, ਭਾਈ ਹਰਮੰਦਰ ਸਿੰਘ ਡੱਬਵਾਲੀ ਤੇ ਭਾਈ ਬਲਾਕਰ ਸਿੰਘ ਜਾਮਾਰਾਏ ਸਿੱਧੇ ਰੂਪ ਵਿਚ ਗੋਲੀਆਂ ਮਾਰ ਕੇ ਸ਼ਹੀਦ ਕੀਤੇ ਗਏ ਅਤੇ ਭਾਈ ਗੁਰਦੇਵ ਸਿੰਘ ਮਨਸੂਰਦੇਵਾ ਤੇ ਭਾਈ ਜਸਪਾਲ ਸਿੰਘ ਪਾਲੀ ਨੂੰ ਸੰਘਰਸ਼ ਦੌਰਾਨ ਸਰਕਾਰੀ ਦਹਿਸ਼ਤਗਰਦੀ ਕਾਰਨ ਜਾਨ ਗਵਾਉਂਣੀ ਪਈ।ਤਿੰਨਾਂ ਸਿੰਘਾਂ ਦੇ ਕਾਤਲ ਦੁਨਿਆਵੀ ਅਦਾਲਤਾਂ ਨੇ ਬਰੀ ਕਰ ਦਿੱਤੇ ਤੇ ਬਾਕੀ ਦੋਵਾਂ ਦੀ ਸ਼ੱਕੀ ਮੌਤ ਨੇ ਮਾਮਲਾ ਜਾਂਚ ਵੱਲ ਵੱਧਣ ਹੀ ਨਹੀਂ ਦਿੱਤਾ।ਸੈਂਕੜੇ ਸਿੱਖਾਂ ਖਿਲਾਫ ਇਰਾਦਾ ਕਤਲ ਤੇ ਲੜਾਈ ਦੇ ਕੇਸ ਅਜੇ ਵਿਚਾਰਅਧੀਨ ਹਨ ਅਤੇ ਕਈਆਂ ਨੂੰ ਸਜ਼ਾਵਾਂ ਵੀ ਹੋਈਆਂ ਹਨ ਜਿਹਨਾਂ ਵਿਚ ਭਾਈ ਬਖਸ਼ੀਸ਼ ਸਿੰਘ ਬਾਬਾ, ਭਾਈ ਸਵਰਨ ਸਿੰਘ ਕੋਟਧਰਮੂੰ, ਭਾਈ ਮਹਿੰਦਰ ਸਿੰਘ ਅਸੰਧ, ਭਾਈ ਜੱਸਾ ਸਿੰਘ ਪਿੱਪਲ ਥੇਹ, ਭਾਈ ਬਲਕਰਨ ਸਿੰਘ ਡੱਬਵਾਲੀ, ਭਾਈ ਸ਼ਿਵਰਾਜ ਸਿੰਘ ਤੇ ਹੋਰ ਕਈ ਸ਼ਾਮਲ ਹਨ।
ਐਡਵੋਕੇਟ ਜਸਪਾਲ ਸਿੰਘ ਮੰਝਪੁਰ
2008 ਵਿਚ ਨੀਲੋ-ਖੇੜੀ ਵਿਚ ਸੌਦਾ ਸਾਧ ਉਪਰ ਹੋਏ ਹਮਲੇ ਤੋਂ ਬਾਅਦ ਸੌਦਾ ਸਾਧ ਨੇ ਕਦੇ ਵੀ ਪੰਜਾਬ ਵੱਲ ਮੂੰਹ ਨਹੀਂ ਕੀਤਾ ਅਤੇ ਹੁਣ ਉਹ ਪੰਜਾਬ ਆਉਂਣਾ ਚਾਹੁੰਦਾ ਹੈ ਕਿਉਂਕਿ ਉਸਦੇ ਸਰਪ੍ਰਸਤਾਂ ਦੀ ਸਿੱਧੀ ਸਰਕਾਰ ਕੇਂਦਰ ਵਿਚ ਹੈ ਅਤੇ ਉਹ ਮੋਦੀ ਦੀ ਸਵੱਛ ਮੁਹਿੰਮ ਦਾ ਦੁੰਮਛੱਲਾ ਵੀ ਹੈ।ਇਕ ਗੱਲ ਜਿਕਰਯੋਗ ਹੈ ਕਿ ਸਿੱਖ ਪੰਥ ਦਾ ਬਹੁਤਾ ਹਿੱਸਾ ਇਹ ਸਮਝ ਲੈਂਦਾ ਹੈ ਕਿ ਸ਼ਾਇਦ ਸਾਰੇ ਹਿੰਦੂ ਜਾਂ ਹਰਿਆਣਵੀ ਜਾਂ ਰਾਜਸਥਾਨੀ ਲੋਕ ਸੌਦਾ ਸਾਧ ਦੇ ਹਮਾਇਤੀ ਹਨ ਪਰ ਅਜਿਹਾ ਨਹੀਂ ਹੈ ਹੈ, ਡੇਰੇ ਦੇ ਪੁਰਾਣੇ ਪੈਰੋਕਾਰ, ਸ਼ਾਹ ਸਤਨਾਮ ਦੇ ਕਹਾਉਂਦੇ ਵਾਰਸ ਅਤੇ ਛਤਰਪਤੀ ਵਰਗੇ ਅੱਜ ਵੀ ਸੌਦਾ ਸਾਧ ਦੇ ਖਿਲਾਫ ਮੋਰਚਾ ਖੋਲ੍ਹ੍ਹੀ ਰੱਖਦੇ ਹਨ।
ਜਦੋਂ ਸੌਦਾ ਸਾਧ ਨੇ ਗੁਰੁ ਪਾਤਸ਼ਾਹ ਦਾ ਸਵਾਂਗ ਰਚਿਆ ਸੀ ਤਾਂ ਉਸਦੇ ਹੋਰ ਵਿਰੋਧੀਆਂ ਨੇ ਆਸ ਪ੍ਰਗਟ ਕੀਤੀ ਸੀ ਕਿ ਹੁਣ ਸੌਦਾ ਸਾਧ ਕਰੜੀ ਦਾੜ ਥੱਲੇ ਆ ਗਿਆ ਹੈ, ਹੁਣ ਨ੍ਹੀ ਬਚਦਾ, ਪਰ ਬਾਦਲ ਦੇ ਜਥੇਦਾਰਾਂ ਨੇ ਖੇਹ ਕਰ ਦਿੱਤੀ।ਅਸਲ ਵਿਚ ਬਾਦਲ ਆਰ.ਐੱਸ.ਐੱਸ ਜਿਸਦਾ ਪ੍ਰਭਾਵ ਭਾਰਤੀ ਏਜੰਸੀਆਂ ਉਪਰ ਵੀ ਹੁਣ ਪੂਰਾ ਹੈ, ਦਾ ਖਾਸਮ-ਖਾਸ ਹੈ ਅਤੇ ਅੱਗੇ ਜਥੇਦਾਰ ਇਹਨਾਂ ਦੇ ਪੁਜਾਰੀ ਹਨ।
ਮੈਨੂੰ ਕਈ ਵਾਰ ਅਜਿਹਾ ਲੱਗਦਾ ਹੈ ਕਿ ਭਾਰਤੀ ਸਟੇਟ ਵਲੋਂ ਖੇਡੀ ਜਾਂਦੀ ਇਹ ਖੇਡ ਬਹੁਤੇ ਸਿੱਖਾਂ ਦੇ ਸਿੱਧੇ ਸਮਝ ਵਿਚ ਨਹੀਂ ਆਉਂਦੀ ਅਤੇ ਜਜਬਾਤੀ ਰੌਂਅ ਵਿਚ ਆਏ ਸਿੱਖ ਅਕਸਰ ਵਰਤੇ ਜਾਂਦੇ ਹਨ।ਜੋ ਵੀ ਪੰਥਕ ਪਰਦੇ ਉਪਰ ਹੋ ਰਿਹਾ ਹੈ, ਉਹ ਹੋ ਰਿਹਾ ਸਭ ਦੇ ਸਾਹਮਣੇ ਪਰ ਇਸੇ ਪਿੱਛੇ ਸੂਤਰਧਾਰ ਉਹ ਲੋਕ ਹਨ ਜਿਹਨਾਂ ਨੇ ਕਦੇ ਪੰਥਕ ਸਿਆਸਤ ਨੂੰ ਇਕ ਰਾਹ ਉਪਰ ਚੱਲਣ ਨਹੀਂ ਦੇਣਾ ਸਗੌਂ ਆਪਣੀਆਂ ਮੰਜਲਾਂ ਤੋਂ ਭਟਕਾ ਕੇ ਇਕ ਚੌਂਕ ਵਿਚ ਹੀ ਗੇੜੇ ਦੇਈ ਜਾਂਣੇ ਹਨ।
ਸਭ ਤੋਂ ਅਹਿਮ ਗੱਲ ਕਿ ਸੌਦਾ ਸਾਧ ਨੂੰ ਮੁਆਫੀ 2017 ਦੀਆਂ ਵੋਟਾਂ ਲਈ ਦਿੱਤੀ ਗਈ ਹੈ ਅਤੇ ਜੇਕਰ ਇਸਦੇ ਵਿਰੋਧ ਵਿਚਲਾ ਇਕੱਠ ਵੀ 2017 ਦੀਆਂ ਵੋਟਾਂ ਨੂੰ ਆਪਣਾ ਨਿਸ਼ਾਨਾ ਬਣਾ ਕੇ ਸਿਆਸਤ ਕਰੇਗਾ ਤਾਂ ਇਸ ਵਿਚ ਭਾਰਤ ਸਰਕਾਰ, ਇਸਦੀਆਂ ਏਜੰਸੀਆਂ ਅਤੇ ਬਾਦਲ ਦਲੀਆਂ ਦੀ ਜਿੱਤ ਹੋਵੇਗੀ ਕਿਉਂਕਿ 2017 ਵਿਚ ਬਾਦਲ ਦਲੀਆਂ ਨੂੰ ਸਪੱਸ਼ਟ ਪਤਾ ਹੈ ਕਿ ਸੁਹਿਰਦ ਸਿੱਖਾਂ ਦੀ ਵੋਟ ਉਹਨਾਂ ਨੂੰ ਨਹੀਂ ਪੈਣੀ ਅਤੇ ਸੌਦਾ ਸਾਧ ਨੂੰ ਮੁਆਫੀ ਦੇ ਕੇ ਬਹੁਤਿਆਂ ਹਿੰਦੂਆਂ, ਸੌਦਾ ਪ੍ਰੇਮੀਆਂ ਅਤੇ ਖਾਸ ਤੌਰ ‘ਤੇ ਆਰ.ਐੱਸ.ਐੱਸ-ਭਾਜਪਾ ਦੀ ਖੁਸ਼ਨੂੰਦੀ ਹਾਸਲ ਹੋ ਜਾਵੇਗੀ ਅਤੇ ਬਾਦਲ ਵਿਰੋਧੀ ਕਿਸੇ ਇਕ ਧੜੇ ਦੇ ਵੱਧ ਰਹੇ ਪ੍ਰਭਾਵ ਨੂੰ ਪੰਥਕ ਸਿਆਸਤ ਵਿਚਲੀ ਵੋਟ ਰਾਜਨੀਤੀ ਨੂੰ ਹੁਲਾਰਾ ਦੇ ਕੇ ਸਿੱਖ ਵੋਟ ਕਈ ਹਿੱਸਿਆਂ ਵਿਚ ਵੰਡੀ ਜਾ ਸਕਦੀ ਹੈ।ਇਹ ਸਭ ਵੋਟਾਂ ਦੀ ਪ੍ਰਤੀਸ਼ਤ ਵਧਾਉਂਣ-ਘਟਾਉਂਣ ਦੇ ਮਾਮਲੇ ਹਨ।
ਜੇ ਇਸ ਮਸਲੇ ਦੇ ਕਾਨੂੰਨੀ ਪੱਖ ਨੂੰ ਵਿਚਾਈਏ ਤਾਂ ਡੇਰਾ ਸਿਰਸਾ ਵਲੋਂ ਅਪਰੈਲ-ਮਈ ੨੦੦੭ ਵਿਚ ਸਿਰਸਾ ਤੇ ਬਠਿੰਡਾ ਦੇ ਡੇਰਾ ਸਲਾਬਤਪੁਰਾ ਵਿਚ ਦਸਮ ਪਿਤਾ ਦੀ ਨਕਲ ਕਰਕੇ ਪਾਖੰਡ ਰਚਿਆ ਗਿਆ ਸੀ ਅਤੇ ਇਸ ਤਹਿਤ ਡੇਰਾ ਮੁਖੀ ਵਿਰੁੱਧ ਬਠਿੰਡਾ ਦੇ ਥਾਣਾ ਕੋਤਵਾਲੀ ਵਿਚ ਮੁਕੱਦਮਾ ਨੰਬਰ 262 ਮਿਤੀ 20 ਮਈ 2007 ਨੂੰ ਆਈ.ਪੀ.ਸੀ. ਦੀ ਧਾਰਾ 295-ਏ, 298 ਅਤੇ 153-ਏ ਅਧੀਨ ਦਰਜ ਕੀਤਾ ਗਿਆ ਸੀ ਜਿਸਨੂੰ ਇਸ ਮੁਕੱਦਮਾ ਦੇ ਮੁਦੱਈ ਬਾਦਲ ਦਲ ਦੇ ਆਗੂ ਰਜਿੰਦਰ ਸਿੰਘ ਸਿੱਧੂ ਨੇ 20 ਜਨਵਰੀ 2012 ਨੂੰ ਹਲਫਨਾਮਾ ਦੇ ਕੇ ਵਾਪਸ ਲੈਣ ਤੋਂ ਪਹਿਲਾਂ ਹੀ ਜੂਨ 2011 ਵਿਚ ਹੀ ਮੇਰੇ ਅਤੇ ਬਾਬਾ ਹਰਦੀਪ ਸਿੰਘ ਮਹਿਰਾਜ ਵਲੋਂ ਇਸ ਸਬੰਧੀ ਇਸਤਗਾਸਾ ਕਰ ਦਿੱਤਾ ਗਿਆ ਸੀ ਜੋ ਕਿ ਅਦਾਲਤ ਵਲੋਂ ਪੁਲਿਸ ਕੇਸ ਦੇ ਨਾਲ ਹੀ ਜੋੜ ਦਿੱਤਾ ਗਿਆ ਸੀ ਅਤੇ ਸਿਰਸਾ ਮੁਖੀ ਨੂੰ ਪੇਸ਼ ਹੋਣ ਦੇ ਅਦਾਲਤੀ ਹੁਕਮ ਜਾਰੀ ਹੋ ਗਏ ਸਨ।ਬਠਿੰਡਾ ਸੈਸ਼ਨਜ ਕੋਰਟ ਵਲੋਂ 7 ਅਗਸਤ 2014 ਨੂੰ ਇਸ ਕੇਸ ਨੂੰ ਖਾਰਜ਼ ਕਰ ਦਿੱਤਾ ਗਿਆ ਸੀ ਜਿਸ ਖਿਲਾਫ ਹਾਈ ਕੋਰਟ ਵਿਚ ਪਟੀਸ਼ਨ ਐਡਵੋਕੇਟ ਨਵਕਿਰਨ ਸਿੰਘ ਰਾਹੀਂ ਪਾਈ ਗਈ ਸੀ ਅਤੇ ਜੋ ਕਿ ਆਖਰੀ ਬਹਿਸ ਲਈ 10-12-2015 ਲਈ ਵਿਚਾਰ-ਅਧੀਨ ਹੈ।
ਸੌਦਾ ਸਾਧ ਦਾ ਕੇਸ ਖਾਰਜ਼ ਕਰਨ ਵਾਲੇ ਜੱਜ ਖਿਲਾਫ ਵੀ ਰਿਸ਼ਵਰ ਖੋਰੀ ਦੇ ਇਲਜਾਮ ਹਨ ਅਤੇ ਉਸਦੇ ਖਿਲਾਫ ਬਠਿੰਡਾ ਦੇ ਵਕੀਲਾਂ ਦੀ ਬਾਰ ਵਲੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਮੁੱਖ ਜੱਜ ਕੋਲ ਦਰਖਾਸਤ ਦਿੱਤੀ ਗਈ ਹੈ ਜਿਸ ਵਿਚ ਸੌਦਾ ਸਾਧ ਦਾ ਕੇਸ ਖਾਰਜ਼ ਕਰਨ ਦਾ ਵੀ ਜਿਕਰ ਹੈ।
ਸੌਦਾ ਸਾਧ ਵਲੋਂ ਅਖੌਤੀ ਮੁਆਫੀਨਾਮੇ ਨੂੰ ਤਾਂ ਸਾਦੇ ਕਾਗਜ਼ ਉਪਰ ਭੇਜਿਆ ਗਿਆ ਜਿਸ ਦਾ ਕੋਈ ਰਿਕਾਰਡ ਨਹੀਂ ਹੈ ਅਤੇ ਇਸਨੂੰ ਮੁਆਫੀਨਾਮਾ ਕਹਿਣਾ ਵੀ ਮੁਆਫੀ ਦਾ ਅਪਮਾਨ ਹੈ ਪਰ ਜਥੇਦਾਰਾਂ ਨੇ ਅਕਾਲ ਤਖਤ ਸਾਹਿਬ ਦੇ ਲੈਟਰ-ਪੈਡ ਉਪਰ ਉਸਨੂੰ ਮੁਆਫੀ ਜਾਰੀ ਕਰ ਦਿੱਤੀ ਅਤੇ ਡੇਰੇ ਵਾਲਿਆ ਵਲੋਂ ਇਸ ਦਾ ਧੰਨਵਾਦ ਆਪਣੇ ਲੈਟਰ-ਪੈਡ ਉਪਰ ਲਿਖ ਕੇ, ਰੈਫਰੈਂਸ ਨੰਬਰ ਲਗਾ ਕੇ, ਤਰੀਕ ਪਾ ਕੇ ਭੇਜਿਆ ਗਿਆ ਹੈ, ਇਸ ਤਰ੍ਹਾਂ ਅਖੌਤੀ ਮੁਆਫੀ ਨਾਮੇ ਦਾ ਕੋਈ ਰਿਕਾਰਡ ਨਹੀਂ ਪਰ ਜਾਰੀ ਮੁਆਫੀ ਅਤੇ ਮੁਆਫੀ ਦੇ ਧੰਨਵਾਦ ਦਾ ਰਿਕਾਰਡ ਹੈ। ਵੈਸੇ ਤਾਂ ਪੰਥਕ ਪਰੰਪਰਾਵਾਂ ਮੁਤਾਬਕ ਇਸਨੂੰ ਕੋਈ ਮੁਆਫੀ ਕਿਹਾ ਹੀ ਨਹੀਂ ਜਾ ਸਕਦਾ ਪਰ ਮੈਂ ਨਿੱਜੀ ਤੌਰ ਉਪਰ ਸਮਝਦਾ ਹਾਂ ਕਿ ਜੇਕਰ ਸੌਦਾ ਸਾਧ ਆਪ ਜਾਂ ਸਹੀ ਤਰੀਕੇ ਨਾਲ ਵੀ ਮੁਆਫੀ ਮੰਗਣ ਆ ਜਾਂਦਾ ਤਾਂ ਵੀ ਦੁਨਿਆਵੀ ਅਦਾਲਤਾਂ ਵਿਚ ਬਲਾਤਕਾਰ, ਕਤਲ ਤੇ ਅਣਮਨੁੱਖੀ ਕੰਮਾਂ (ਪ੍ਰੇਮੀਆਂ ਨੂੰ ਨਿਪੁੰਸਕ ਕਰਨਾ) ਦੇ ਦੋਸ਼ੀ ਵਿਅਕਤੀ ਦੀ ਮੁਆਫੀ ਨਹੀਂ ਵਿਚਾਰਨੀ ਚਾਹੀਦੀ। ਬਾਦਲੀ ਜਥੇਦਾਰਾਂ ਨੇ ਮੁਆਫੀ ਜਾਰੀ ਕਰਕੇ ਅਕਾਲ ਤਖ਼ਤ ਦੇ ਮਾਣ-ਸਨਮਾਨ ਨੂੰ ਨਾ-ਸਹਿਣਯੋਗ ਸੱਟ ਮਾਰੀ ਹੈ।
ਇਸ ਸਾਰੇ ਕਾਸੇ ਵਿਚੋਂ ਜੇ ਕੁਝ ਕੱਢਣਾ ਹੈ ਤਾਂ ਸਾਨੂੰ ਇਕ ਲਹਿਰ ਬਣਾਉਂਣੀ ਪਵੇਗੀ ਜੋ ਪੰਥਕ ਹਿੱਤਾਂ, ਪੰਥਕ ਨਿਸ਼ਾਨਿਆਂ ਤੇ ਮੰਜਲਾਂ ਵੱਲ ਆਪਣੀ ਸਪੱਸ਼ਟ ਨੀਤੀ ਅਪਣਾਵੇ।ਸੌਦਾ ਸਾਧ ਦਾ ਮਸਲਾ ਕੋਈ ਨਵਾਂ ਨਹੀਂ ਤੇ ਨਾ ਹੀ ਪਹਿਲਾ ਤੇ ਨਾ ਹੀ ਆਖਰੀ ਹੈ।ਪਿਛਲੇ ਸਮੇਂ ਦੌਰਾਨ ਪੰਥ ਨੂੰ ਮੌਕਾ-ਮੇਲ ਬਣਦਾ ਰਿਹਾ ਹੈ ਕਈ ਮੁੱਦਿਆਂ ਦਾ ਪਰ ਅਸੀਂ ਥੋੜਾ ਸਮਾਂ ਉਸ ਪਿੱਛੇ ਭੱਜ ਕੇ ਥੱਕ ਜਾਂਦੇ ਹਾਂ ਅਤੇ ਫਿਰ ਨਵਾਂ ਮੁੱਦਾ ਆ ਜਾਂਦਾ ਹੈ ਕਈ ਮੁੱਦੇ ਤਾਂ ਵਾਰ-ਵਾਰ ਪਰੋਸੇ ਜਾਂਦੇ ਹਨ।
ਬੰਦੀ ਸਿੰਘਾਂ ਦੀ ਰਿਹਾਈ ਲਈ ਕਈ ਵਾਰ ਮੁੱਦਾ ਪਰਦੇ ਉਪਰ ਆਇਆ ਪਰ ਕੀ ਬਣਿਆ? ਸੁਹਿਰਦਤਾ ਦੀ ਘਾਟ ਕਾਰਨ ਪੈਰੋਲ-ਛੁੱਟੀਆਂ ਵੀ ਔਖੀਆਂ ਹੋ ਰਹੀਆਂ ਹਨ।ਪੰਥ ਨੂੰ ਭਾਰਤੀ ਸਟੇਟ ਵਲੋਂ ਵੱਖ-ਵੱਖ ਸਮੇਂ ਕਿਸੇ ਔਖਿਆਈ ਵਿਚ ਪਾਇਆ ਜਾਂਦਾ ਹੈ ਪਰ ਇਹ ਪੰਥਕ ਲੀਡਰਾਂ ਦੀ ਮੁੱਦਿਆਂ ਬਾਰੇ ਜਾਗਰੁਕਤਾ ਹੋਣੀ ਚਾਹੀਦੀ ਹੈ ਕਿ ਉਹ ਸਮਝ ਸਕਣ ਕਿ ਕਿਸ ਮੁੱਦੇ ਨੂੰ ਕਦੋਂ ਅਹਿਮੀਅਤ ਦੇਣੀ ਹੈ ਅਤੇ ਕਿਹੜੇ ਕੰਮ ਪਹਿਲ ਦੇ ਆਧਾਰ ਉਪਰ ਕਰਨੇ ਹਨ ਅਤੇ ਕਿਹੜੇ ਦੋਮ।ਇਕ ਨਵਾਂ ਮੁੱਦਾ ਆਉਂਣ ‘ਤੇ ਦੂਜਿਆਂ ਨੂੰ ਵਿਸਾਰ ਦੇਣਾ ਅਤੇ ਫਿਰ ਮੁੱਦਾ ਪੁਰਾਣਾ ਹੋਣ ‘ਤੇ ਨਵੇਂ ਦੀ ਭਾਲ ਕਰਨੀ ਪੰਥਕ ਸਿਆਸਤ ਵਿਚ ਭੰਬਲਭੂਸਾ ਪਾਈ ਰੱਖਣ ਤੋਂ ਵੱਧ ਕੁਝ ਵੀ ਨਹੀਂ।
ਸੌਦਾ ਸਾਧ ਨੂੰ ਮੁਆਫੀ ਦੇਣ ਤੋਂ ਬਾਅਦ ਇਕ ਵਾਰ ਫਿਰ ਪੰਥਕ ਸਿਆਸਤ ਵਿਚ ਜਵਾਰਭਾਟੇ ਵਰਗਾ ਜੋਰ ਆਇਆ ਹੈ ਅਤੇ ਇਸ ਨੂੰ ਸਹੀ ਦਿਸ਼ਾ ਦੇਣੀ ਬਹੁਤ ਜਰੂਰੀ ਹੈ।ਮੁੱਦੇ ਕਦੇ ਖਤਮ ਨਹੀਂ ਹੁਣੇ ਅਤੇ ਨਾ ਹੀ ਸਰਕਾਰਾਂ ਨੇ ਖਤਮ ਹੋਣ ਦੇਣੇ ਹਨ, ਲੋੜ ਤਾਂ ਹੈ ਬਸ ਸਮਝਣ ਦੀ ਕਿ ਨਵੇਂ-ਪੁਰਾਣੇ ਮੁੱਦਿਆਂ ਜਾਂ ਵਾਰ-ਵਾਰ ਆਊਂਦੇ ਮੁੱਦਿਆਂ ਉੱਪਰ ਸਾਡਾ ਅਜੇ ਤੱਕ ਕੋਈ ਕੰਟਰੋਲ ਨਹੀਂ ਅਸੀ ਵਗਦੀ ਵਾ ਦੇ ਬੁੱਲੇ ਨਾਲ ਹੀ ਉੱਡ ਪੈਂਦੇ ਹਾਂ। ਹਾਂ ! ਮੁੱਦਿਆਂ ਵਿਚ ਦੀ ਲੰਘ ਕੇ ਭਵਿੱਖ ਵੱਲ ਨੂੰ ਵਧਿਆ ਜਾਵੇ ਤਾਂ ਕੋਈ ਪ੍ਰਾਪਤੀ ਹੋ ਸਕਦੀ ਹੈ ਪਰ ਮੁੱਦਿਆਂ ਦੀਆਂ ਸਰਕਾਰੀ ਘੁੰਮਣਘੇਰੀਆਂ ਵਿਚ ਗੋਲ-ਗੋਲ ਘੁੰਮ ਕੇ ਕੁਝ ਪ੍ਰਾਪਤ ਨਹੀਂ ਹੋਣਾ।
ਪੰਥ ਦੀ ਅਧੋਗਤੀ ਲਈ ਸਾਡਾ ਲੰਮੀ ਸੋਚ ਤੇ ਲੰਮੇਰੇ ਸਮੇਂ ਦੇ ਪ੍ਰੋਗਰਾਮ ਉਲੀਕਣ ਤੋਂ ਵਾਂਝਿਆਂ ਰਹਿਣਾ ਵੀ ਜਿੰਮੇਵਾਰ ਹੈ ਸਿਰਫ ਨਿਊਟਨ ਦੇ ਲਾਅ ਮੁਤਾਬਕ ਐਕਸ਼ਨਾਂ ਦੇ ਰਿ-ਐਕਸ਼ਨ ਦੇਣ ਜੋਗੇ ਰਹਿ ਗਏ ਹਾਂ, ਉਹ ਵੀ ਬਿਨਾਂ-ਸ਼ੱਕ ਜਰੂਰੀ ਹੈ ਪਰ ਪੰਥਕ ਹਿੱਤਾਂ ਤੇ ਮੰਜਲਾਂ ਦੀ ਪ੍ਰਾਪਤੀ ਲਈ ਆਪਣੇ ਪ੍ਰੋਗਰਾਮ ਵੀ ਜਰੂਰੀ ਹਨ।ਗੁਰੁ ਸਾਹਿਬਾਨ ਨੇ ਸਰਬ ਸਾਂਝੀ ਸੰਗਤ ਤੇ ਪੰਗਤ ਆਪਣੇ ਪ੍ਰੋਗਰਾਮ ਉਲੀਕੇ ਸਨ ਜੋ ਕਿ ਨਿਰੰਤਰ ਜਾਰੀ ਰਹੇ, ਜੰਗਾਂ-ਯੁੱਧਾਂ ਵਿਚ ਵੀ।ਗੂਰੂ ਸਾਹਿਬਾਨ ਨੇ ਸਿੱਖ ਨੂੰ ਨਿਤਨੇਮ ਦਾ ਪ੍ਰੋਗਰਾਮ ਦਿੱਤਾ ਜੋ ਵੀ ਜੇਕਰ ਜਾਰੀ ਰਹੇ ਤਾਂ ਸਿੱਖ ਆਪਣੇ ਗੁਰੂ ਅੱਗੇ ਖੜ ਕੇ ਸ਼ਰਮਿੰਦਾ ਨਾ ਹੋਵੇ। ਗੁਰੁ ਸਾਹਿਬਾਨ ਨੇ ਕਿਰਤ ਕਰਨ, ਨਾਮ ਜਪਣ ਤੇ ਵੰਡ ਛਕਣ ਦਾ ਪ੍ਰੋਗਰਾਮ ਦਿੱਤਾ ਜਿਸ ਨੂੰ ਲਾਗੂ ਕਰਨ ਨਾਲ ਸਿੱਖ ਦੁਨੀਆਂ ਵਿਚ ਆਪਣੀ ਪੈਂਠ ਬਣਾਉਂਦਾ ਹੈ।ਸਿੱਖ ਆਗੂ ਲਈ ਗੁਰੂ ਸਾਹਿਬਾਨ ਨੇ ਆਪ ਆਪਣੀ ਜਿੰਦਗੀ ਵਿਚ ਦਰਸਾ ਕੇ ਤਿਆਗ, ਨਿਮਰਤਾ, ਸ਼ਹਿਣਸ਼ੀਲਤਾ, ਅਣਖ, ਕੁਰਬਾਨੀ ਤੇ ਹੋਰ ਸਦਗੁਣਾਂ ਨੂੰ ਧਾਰਨ ਕਰਨ ਦਾ ਪ੍ਰੋਗਰਾਮ ਦਿੱਤਾ ਹੈ ਜਿਸਨੂੰ ਅਪਣਾ ਕੇ ਚੱਲਣ ਨਾਲ ਦੁਨੀਆਈ ਕਿਸੇ ਆਗੂ ਦਾ ਲੋਹਾ ਮੰਨਦੀ ਹੈ।ਕੀ ਸਾਡੀ ਪੰਥਕ ਲੀਡਰਸ਼ਿਪ ਵਿਚ ਸਾਰੇ ਗੁਣ ਜਾਂ ਗੁਣਾਂ ਨੂੰ ਧਾਰਨ ਕਰਨ ਦੀ ਕੋਸ਼ਿਸ਼ ਹੈ?
ਆਓ! ਸਤਿਗੁਰ ਪਾਤਸ਼ਾਹ ਵਲੋਂ ਸਿੱਖ ਲਈ ਦਰਸਾਏ ਸਦਗੁਣਾਂ ਨੂੰ ਧਾਰਨ ਕਰਕੇ ਨੀਲੇ ਦੇ ਸ਼ਾਹ ਅਸਵਾਰ ਪਾਸੋਂ ਪੰਥ ਦੀ ਬਹੁੜੀ ਲਈ ਅਰਜ਼ੋਈ ਕਰੀਏ।
ਅਕਾਲ ਸਹਾਇ॥
-੦-
– ਜਿਲ੍ਹਾ ਕਚਹਿਰੀਆਂ, ਲੁਧਿਆਣਾ 98554-01843
ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: