Site icon Sikh Siyasat News

ਮਾਂ ਬੋਲੀ ਦੀ ਮਹੱਤਤਾ

ਮਾਂ ਬੋਲੀ ਦਾ ਸਬੰਧ ਮਾਂ ਦੀ ਬੋਲੀ ਨਾਲ ਜੋੜਿਆ ਜਾਂਦਾ ਹੈ। ਇਸ ਦੇ ਪਿਛੇ ਇਕ ਤਰਕ ਇਹ ਵੀ ਹੈ ਕਿ ਬੱਚਾ ਆਪਣੇ ਅਰੰਭਲੇ ਸਾਲਾਂ ਵਿੱਚ ਜਿਸ ਚੁਗਿਰਦੇ ਨਾਲ ਜੁੜਦਾ ਹੈ ਉਹ ਉਸ ਦੀ ਮਾਂ ਹੀ ਹੁੰਦੀ ਹੈ। ਮਾਂ ਹੀ ਉਸ ਦੇ ਚਾਰੇ ਪਾਸੇ ਦਿਖਾਈ ਦਿੰਦੀ ਹੈ। ਉਸ ਨੂੰ ਹਰ ਖ਼ਤਰੇ ਤੋਂ ਬਚਾਉਂਦੀ ਹੈ ਤੇ ਉਸ ਨੂੰ ਹਰ ਖ਼ਤਰੇ ਬਾਰੇ ਦੱਸਦੀ ਹੈ, ਸਮਝਾਉਂਦੀ ਹੈ। ਇਸ ਲਈ ਬੱਚਾ ਆਪਣੀ ਸੁਰਖਿਅਤਾ ਲਈ ਮਾਂ ਦਾ ਆਸਰਾ ਲੈਂਦਾ ਹੈ ਤੇ ਮਾਂ ਨਾਲ ਭਾਵੁਕ ਸਾਂਝ ਪਾਉਂਦੀ ਹੈ।

ਹੋਸ਼ ਸੰਭਾਲਣ ਤੋਂ ਬਾਅਦ ਬੱਚੇ ਦੇ ਦੀ ਹਰ ਕੁਦਰਤੀ ਪ੍ਰਕ੍ਰਿਆ ਨੂੰ ਮਾਂ ਹੀ ਪਰੀਭਾਸ਼ਤ ਕਰਦੀ ਹੈ। ਇਹ ਹੱਸਦਾ ਹੈ, ਰੋਂਦਾ ਹੈ, ਕਿਉਂ ਰੋਂਦਾ ਹੈ, ਇਸ ਨੂੰ ਭੁੱਖ ਲੱਗੀ ਹੈ, ਹੁਣ ਇਸ ਨੂੰ ਪਾਣੀ ਚਾਹੀਦਾ ਹੈ, ਇਹ ਸਭ ਕੁਝ ਦਾ ਫੈਸਲਾ ਮਾਂ ਹੀ ਕਰਦੀ ਹੈ। ਗੂੰਗੇ ਦੀ ਬੋਲੀ ਵਾਂਗ ਮਾਂ ਹੀ ਬੱਚੇ ਦੀ ਬੋਲੀ ਨੂੰ ਡੀ-ਕੋਡ ਕਰਦੀ ਹੈ ਤੇ ਉਸ ਨੂੰ ਅਨੁਕਰਨ ਵਾਸਤੇ ਸ਼ਬਦ ਦੱਸਦੀ ਹੈ। ਉਹ ਬੱਚੇ ਨੂੰ ਵਰਣਮਾਲਾ ਨਹੀਂ ਸਿਖਾਉਂਦੀ ਤੇ ਨਾ ਹੀ ਕੋਈ ਵਿਆਕਰਣ ਤੇ ਸ਼ਬਦ ਜੋੜ ਦੇ ਸਬਕ ਦਿੰਦੀ ਹੈ। ਪਰ ਇਹਨਾਂ ਸਭ ਤੋਂ ਬਿਨਾਂ ਉਹ ਬੱਚੇ ਨੂੰ ਇਕ ਪੂਰੀ ਬੋਲੀ ਸਿਖਾ ਦਿੰਦੀ ਹੈ ਜਿਸ ਦੀ ਵਰਤੋਂ ਵਾਹ ਲੱਗਦੀ ਬੱਚਾ ਸਾਰੀ ਉਮਰ ਕਰਦਾ ਹੈ। ਜਿਸ ਤਰੀਕੇ ਨਾਲ ਉਹ ਇਸ ਦੀ ਵਰਤੋਂ ਕਰਦਾ ਹੈ ਉਹ ਵੀ ਬੇਮਿਸਾਲ ਹੈ।

ਮਾਂ ਹੀ ਬੱਚੇ ਦੀ ਪਹਿਲੀ ਅਧਿਆਪਕ ਹੁੰਦੀ ਹੈ ਜੋ ਉਸ ਨੂੰ ਬੋਲਣਾ, ਸਮਝਣਾ ਤੇ ਸਮਝਾਉਣਾ ਸਿਖਾਉਂਦੀ ਹੈ। ਉਸ ਨੂੰ ਇਸ ਵਾਸਤੇ ਕਿਸੇ ਖਾਸ ਸਿਖਲਾਈ ਲੋੜ ਨਹੀਂ ਹੁੰਦੀ। ਇਹ ਸਭ ਕੁਝ ਕੁਦਰਤੀ ਹੀ ਵਾਪਰਦਾ ਹੈ ਤੇ ਦੇਖਣ ਵਾਲੀ ਗੱਲ ਇਹ ਹੈ ਕਿ ਇਕ ਅਨਪੜ੍ਹ ਤੋਂ ਅਨਪੜ੍ਹ ਮਾਂ ਵੀ ਆਪਣੇ ਬੱਚੇ ਨੂੰ ਮਾਂ ਬੋਲੀ ਵਿੱਚ ਨਿਪੁੰਨ ਬਣਾ ਲੈਂਦੀ ਹੈ। ਇਸੇ ਲਈ ਜਦੋਂ ਕਿਸੇ ਬੋਲੀ ਨੂੰ ਮਾਂ ਬੋਲੀ ਕਿਹਾ ਜਾਂਦਾ ਹੈ ਤਾਂ ਮਾਂ ਦੀ ਉਸ ਘਾਲਣਾ ਪ੍ਰਤੀ ਸਤਿਕਾਰ ਪ੍ਰਗਟ ਕੀਤਾ ਜਾਂਦਾ ਹੈ ਜਿਸ ਰਾਹੀਂ ਮਾਂ ਬੱਚੇ ਦਾ ਸੰਸਾਰ ਨਾਲ ਅਰਥ ਪੂਰਣ ਰਿਸ਼ਤਾ ਗੰਢਦੀ ਹੈ।

ਜਦੋਂ ਬੱਚਾ ਹੋਸ਼ ਸੰਭਾਲਦਾ ਹੈ ਤਾਂ ਉਸ ਦਾ ਸਾਥ ਦੇਣ ਲਈ ਸਭ ਤੋਂ ਪਹਿਲਾਂ ਉਸ ਦੀ ਮਾਂ ਹਾਜ਼ਰ ਹੁੰਦੀ ਹੈ। ਮਾਂ ਹੀ ਉਸ ਨੂੰ ਉਸ ਦੀ ਬਾਕੀਆਂ ਨਾਲ ਜਾਣ ਪਛਾਣ ਕਰਾਉਂਦੀ ਹੈ। ਘਰ ਤੋਂ ਬਾਹਰ ਜਦੋਂ ਬੱਚਾ ਆਪਣੇ ਆਲੇ ਦੁਆਲੇ ਨਾਲ ਸਾਂਝ ਪਾਉਂਦਾ ਹੈ ਤਾਂ ਮਾਂ ਤੋਂ ਮਿਲੀ ਬੋਲੀ ਇਸ ਵਰਤਾਰੇ ਵਿੱਚ ਉਸ ਦੀ ਮਦਦ ਕਰਦੀ ਹੈ। ਉਹ ਆਲੇ ਦੁਆਲੇ ਤੋਂ ਆਸ ਪਾਸ ਵਾਪਰਨ ਵਾਲੀਆਂ ਸਾਰੀਆਂ ਕ੍ਰਿਆਵਾਂ ਦਾ ਗਿਆਨ ਹਾਸਲ ਕਰਦਾ ਹੈ। ਆਲੇ ਦੁਆਲੇ ਵਿੱਚ ਉਸ ਦੇ ਦੋਸਤ ਮਿੱਤਰ, ਉਸ ਦੇ ਗਲੀ ਗਵਾਂਢ ਵਿੱਚ ਰਹਿਣ ਵਾਲੇ ਵਿਅਕਤੀ, ਆਸ ਪਾਸ ਬੋਲੀ ਜਾਣ ਵਾਲੀ ਬੋਲੀ ਆਦਿ ਸ਼ਾਮਿਲ ਹੁੰਦੇ ਹਨ। ਇੰਜ ਉਸ ਦਾ ਸਾਹਮਣਾ ਇਕ ਉਸ ਬੋਲੀ ਨਾਲ ਹੁੰਦਾ ਹੈ ਜੋ ਉਸ ਦੇ ਆਲੇ ਦੁਆਲੇ ਦਾ ਹਿੱਸਾ ਹੁੰਦੀ ਹੈ। ਇਹ ਕੁਦਰਤੀ ਬੋਲੀ ਹੈ ਜਿਸ ਵਿੱਚ ਵਿਚਰ ਕੇ ਕੋਈ ਬੱਚਾ ਆਪਣੇ ਸਵੈ-ਪ੍ਰਗਟਾਵੇ ਦੀ ਪਹਿਲੀ ਪੌੜੀ ਚੜ੍ਹਦਾ ਹੈ।

ਅਸਲ ਵਿੱਚ ਕੁਦਰਤੀ ਬੋਲੀ ਹੀ ਉਸ ਦੇ ਪ੍ਰਗਟਾਵੇ ਦਾ ਸਹਿਜ ਸਾਧਨ ਬਣਦੀ ਹੈ। ਬੱਚਾ ਇਸ ਵਿੱਚ ਸੋਚਣਾ ਸ਼ੁਰੂ ਕਰਦਾ ਹੈ। ਉਹ ਆਪਣੇ ਮਨ ਵਿੱਚ ਜਿਹੜਾ ਤਰਕ ਸ਼ਾਸਤਰ ਸਿਰਜਦਾ ਹੈ ਉਸ ਵਿੱਚ ਇਸੇ ਕੁਦਰਤੀ ਬੋਲੀ ਦਾ ਹੱਥ ਹੁੰਦਾ ਹੈ। ਇਸ ਕੁਦਰਤੀ ਬੋਲੀ ਨਾਲ ਬੱਚਾ ਆਪਣੇ ਤੇ ਆਪਣੇ ਆਲੇ ਦੁਆਲੇ ਨਾਲ ਸਬੰਧ ਤੇ ਸੰਦਰਭ ਸਿਰਜਦਾ ਹੈ। ਇਹ ਸੱਭ ਕੁਝ ਕੁਦਰਤੀ ਹੀ ਹੁੰਦਾ ਹੈ। ਉਹ ਉਸੇ ਤਰ੍ਹਾਂ ਬੋਲਣ ਦੀ ਕੋਸ਼ਿਸ਼ ਕਰਦਾ ਹੈ ਜਿਵੇਂ ਉਹ ਬੋਲੀ ਸੁਣਦਾ ਹੈ। ਉਹ ਕੁਦਰਤੀ ਬੋਲੀ ਤੋਂ ਬਹੁਤ ਸਾਰੇ ਸ਼ਬਦ ਇਕੱਠੇ ਕਰਕੇ ਆਪਣਾ ਪਹਿਲਾਂ ਸ਼ਬਦ ਭੰਡਾਰ ਸਿਰਜਦਾ ਹੈ ਜਿਸ ਦੇ ਨਾਲ ਉਹ ਆਲੇ ਦੁਆਲੇ ਬਾਰੇ ਪਹਿਲਾ ਗਿਆਨ ਹਾਸਲ ਕਰਦਾ ਹੈ।

ਕਿਸੇ ਬੱਚੇ ਨੂੰ ਪੁੱਛੋ ਉਹ ਦੱਸੇਗਾ ਕਿ ਉਸ ਦਾ ਘਰ ਕਿਸ ਪਾਸੇ ਹੈ, ਬਾਜ਼ਾਰ ਕਿਸ ਪਾਸੇ ਹੈ, ਸਕੂਲ ਕਿਧਰ ਹੈ, ਉਸ ਨੇ ਕਿਥੇ ਜਾਣਾ ਹੈ. ਕੀ ਕਰਨਾ ਹੈ, ਕੀ ਖਾਣਾ ਹੈ ਤੇ ਕੀ ਪਾਉਣਾ ਹੈ, ਉਸ ਦੀ ਪਸੰਦ ਨਾ ਪਸੰਦ, ਉਸ ਦੀ ਖੇਡ ਤੇ ਖੇਡ ਪ੍ਰਕ੍ਰਿਆ ਬਾਰੇ ਗੱਲਾਂ, ਕੌਣ ਜਿੱਤਿਆ, ਕੌਣ ਹਾਰਿਆ, ਬਾਲ ਕਹਾਣੀਆਂ ਤੇ ਬਾਲ ਗੀਤ, ਇਹ ਸਾਰਾ ਕੁਝ ਉਹ ਆਪਣੀ ਕੁਦਰਤੀ ਬੋਲੀ ਤੋਂ ਹੀ ਲੈਂਦਾ ਹੈ। ਇਸ ਖੇਤਰ ਵਿੱਚ ਰਹਿਣ ਵਾਸਤੇ ਉਸ ਨੂੰ ਇਹ ਸਾਰਾ ਕੁਝ ਸਿੱਖਣਾ ਹੀ ਪੈਂਦਾ ਹੈ।

ਪਿਛਲੇ ਦਿਨੀਂ ਲੋਹੜੀ ਦੇ ਦਿਨਾਂ ਵਿੱਚ ਪਰਵਾਸੀ ਮਜ਼ਦੂਰਾਂ ਦੇ ਬਚੇ ਜਦੋਂ ਲੋਹੜੀ ਮੰਗਣ ਆਉਂਦੇ ਤਾਂ ਮੈਨੂੰ ਬੜੀ ਖਿਝ ਆਉਂਦੀ, ਉਹ ਸਿਰਫ਼ ਲੋਹੜੀ ਮੰਗਦੇ ਪਰ ਨਾ ਉਹਨਾਂ ਨੂੰ ਇਸ ਤਿਉਹਾਰ ਦਾ ਕੁਝ ਪਤਾ ਹੁੰਦਾ ਤੇ ਨਾ ਇਸ ਦੇ ਨਾਲ ਜੁੜੇ ਗੀਤਾਂ ਤੇ ਕਹਾਣੀ ਦਾ, ਸੋ ਮੈਂ ਉਹਨਾਂ ਨੂੰ ਲੋਹੜੀ ਦੇਣ ਤੋਂ ਗੁਰੇਜ਼  ਕਰਦਾ ਸਾਂ। ਪਰ ਇਸ ਸਾਲ ਲੰਘੀ ਲੋਹੜੀ ਦੇ ਦਿਨਾਂ ਵਿੱਚ ਮੈਂ ਦੇਖਿਆ ਕਿ ਉਹਨਾਂ ਹੀ ਬੱਚਿਆਂ ਨੇ ਲੋਹੜੀ ਦੇ ਗੀਤ ਸਿਖ ਲਏ ਹਨ ਤੇ ਹੁਣ ਉਹ ਗੀਤ ਗਾ ਕੇ ਲੋਹੜੀ ਮੰਗਦੇ ਦੇਖੇ ਗਏ। ਨਿਸ਼ਚੇ ਹੀ ਕੁਦਰਤੀ ਬੋਲੀ ਦਾ ਵਰਤਾਰਾ ਜ਼ਿਆਦਾ ਤਾਕਤਵਰ ਹੈ।

ਬੱਚੇ ਦੀ ਜ਼ਿੰਦਗੀ ਵਿੱਚ ਮਾਂ ਬੋਲੀ ਦਾ ਅਹਿਮ ਸਥਾਨ ਹੈ। ਉਹ ਇਸ ਬੋਲੀ ਵਿੱਚ ਹੀ ਸਿੱਖਣਾ, ਜਾਣਨਾ ਚਾਹੁੰਦਾ ਹੈ। ਇਹ ਉਸ ਦੇ ਸੰਚਾਰ ਦਾ ਮਾਧਿਅਮ ਹੈ। ਉਸ ਨੇ ਆਪਣੀ ਦੁਨੀਆ ਨੂੰ ਇਸੇ ਬੋਲੀ ਵਿੱਚ ਬੋਲਦਿਆਂ ਸੁਣਿਆ ਹੈ, ਦੇਖਿਆ ਹੈ। ਇਸੇ ਬੋਲੀ ਵਿਚ ਉਸ ਲਈ ਤਾਰੇ ਟਿਮਟਿਮਉਂਦੇ ਹਨ, ਸੂਰਜ ਅਸਮਾਨ ਵਿੱਚ ਝੂਟੇ ਲੈਂਦਾ ਹੈ, ਬੱਦਲ ਤੈਰਦੇ ਹਨ, ਚੰਨ ਬਾਤ ਪਾਉਂਦਾ ਹੈ, ਫੁਲ ਖਿੜਦੇ ਹਨ, ਚਿੜੀਆਂ ਤੇ ਪੰਛੀ ਚਹਿਚਹਾਉਂਦੇ ਹਨ, ਜਾਨਵਰ ਉਸ ਦੀ ਗੱਲ ਮੰਨਦੇ ਹਨ, ਤੇ ਉਹ ਇਸੇ ਬੋਲੀ ਨਾਲ ਉਹਨਾਂ ਰਾਜ਼ ਕਰਦਾ ਹੈ। ਇਸੇ ਬੋਲੀ ਵਿੱਚ ਉਸ ਦੀ ਬੁੱਧੀ ਵਿਕਾਸ ਦਾ ਰਾਹ ਫੜਦੀ ਹੈ। ਉਸ ਨੂੰ ਇਸੇ ਬੋਲੀ ਵਿੱਚ ਹੀ ਸਮਝ ਆਉਂਦਾ ਹੈ। ਕੋਈ ਹੋਰ ਬੋਲੀ ਇਸ ਦੀ ਥਾਂ ਨਹੀਂ ਲੈ ਸਕਦੀ। ਉਹ ਇਸੇ ਬੋਲੀ ਵਿੱਚ ਹੀ ਤਾਂ ਰੋਂਦਾ ਹੱਸਦਾ, ਗਾਹਲਾਂ ਕੱਢਦਾ, ਗੁੱਸੇ ਵਿੱਚ ਲੂਸਦਾ, ਝੂਰਦਾ, ਚੀਕਦਾ, ਜ਼ਿਦਾਂ ਕਰਦਾ ਹੈ। ਉਸ ਦੀਆਂ ਸਾਰੀਆਂ ਮੰਗਾਂ ਇਸੇ ਬੋਲੀ ਵਿੱਚ ਹੀ ਪੂਰੀਆਂ ਹੁੰਦੀਆਂ ਹਨ। ਕੋਈ ਕਾਰਨ ਨਹੀਂ ਕਿ ਉਸ ਨੂੰ ਕਿਸੇ ਹੋਰ ਬੋਲੀ ਸਿੱਖਣ ਦੀ ਲੋੜ ਪਵੇ।

ਉਸ ਦਾ ਢਿੱਡ ਦੁਖੇਗਾ, ਇਸੇ ਬੋਲੀ ਵਿੱਚ, ਉਸ ਦਾ ਗਲਾ ਖ਼ਰਾਬ ਹੋਵੇਗਾ ਤਾਂ ਇਸੇ ਬੋਲੀ ਵਿੱਚ, ਉਸ ਨੂੰ ਸੁਪਨੇ ਆਉਣਗੇ ਇਸੇ ਬੋਲੀ ਵਿੱਚ ਉਸ ਨੂੰ ਚੇਤਾ ਆਵੇਗਾ ਇਸੇ ਬੋਲੀ ਵਿੱਚ ਉਹ ਨੀਂਦ ਵਿੱਚ ਬੁੜਬੁੜਾਏਗਾ ਇਸੇ ਬੋਲੀ ਵਿੱਚ, ਫੇਰ ਉਸ ਨੂੰ ਇਸ ਤੋਂ ਦੂਰ ਕਿਵੇਂ ਕੀਤਾ ਜਾ ਸਕਦਾ ਹੈ। ਬੋਲੀ ਮਾਹੌਲ ਚੋਂ ਆਉਂਦੀ ਹੈ। ਜਿਹੋ ਜਿਹਾ ਮਾਹੌਲ ਹੋਵੇਗਾ ਬੱਚਾ ਉਹੀ ਬੋਲਣਾ ਸ਼ੁਰੂ ਕਰ ਦੇਵੇਗਾ।

ਬੋਲੀ ਸਿੱਖਣ ਲਈ ਵੀ ਜਿਹੜੀ ਪ੍ਰਕ੍ਰਿਆ ਕਾਰਗਰ ਹੈ ਉਹ ਵੀ ਉਹੀ ਤਰੀਕਾ ਹੈ ਜਿਹੜਾ ਕੁਦਰਤ ਨੇ ਉਸ ਵਾਸਤੇ ਬਣਾਇਆ ਹੈ। ਸਕੂਲਾਂ ਵਿੱਚ ਕੁਦਰਤੀ ਬੋਲੀ ਨੂੰ ਪਾਸੇ ਰੱਖ ਕੇ ਵੀਹ ਵੀਹ ਸਾਲ ਗਾਲ ਦਿੱਤੇ ਜਾਂਦੇ ਹਨ ਬੋਲੀ ਸਿੱਖਣ ਲਈ ਪਰ ਮਨੁੱਖ ਉਸ ਵਿੱਚ ਪਰਪੱਕ ਨਹੀਂ ਹੋ ਸਕਦਾ। ਪਰ ਦੂਜੇ ਪਾਸੇ ਬੱਚੇ ਅਜਿਹੇ ਵੀ ਹਨ ਜਿਹੜੇ ਬਿਨਾਂ ਕਿਸੇ ਵਿਸ਼ੇ ਹੀਲੇ ਤੇ ਸਾਧਨ ਤੋਂ ਦੂਜਿਆਂ ਭਾਸ਼ਾਵਾਂ ਸਿਖ ਜਾਂਦੇ ਹਨ।

ਪਿਛਲੇ ਦਿਨੀਂ ਦੋ ਇਕ ਅਜਿਹੇ ਬੱਚੇ ਦੇਖਣ ਨੂੰ ਮਿਲੇ ਜਿਹੜੇ ਬਹੁਤ ਹੀ ਗਰੀਬ ਪਿਛੋਕੜ ਨਾਲ ਸਬੰਧ ਰੱਖਦੇ ਹਨ ਤੇ ਉਹਨਾਂ ਨੂੰ ਪੇਟ ਵਾਸਤੇ ਕੋਈ ਨਾ ਕੋਈ ਕੰਮ ਕਰਨਾ ਪੈਂਦਾ ਹੈ। ਮੋਰ ਦੇ ਖੰਭਾਂ ਦੇ ਬਣੇ ਪੱਖੇ ਵੇਚਣ ਵਾਲਾ ਇਕ ਬੱਚਾ ਤਕਰੀਬਨ ਗਿਆਰਾਂ ਵਿਦੇਸ਼ੀ ਭਾਸ਼ਾਵਾਂ ਵਿੱਚ ਆਪਣੇ ਪੱਖੇ ਵੇਚ ਸਕਦਾ ਹੈ।

ਇਕ ਹੋਰ ਭਿਖਾਰੀ ਸ਼੍ਰੇਣੀ ਨਾਲ ਸਬੰਧ ਰੱਖਣ ਵਾਲਾ ਬੱਚਾ ਚਾਰ ਭਾਸ਼ਾਵਾਂ ਬਹੁਤ ਸਹਿਜ ਨਾਲ ਬੋਲ ਸਮਝ ਸਕਦਾ ਹੈ। ਦਸ ਮਿੰਟ ਦੀ ਗੱਲ ਬਾਤ ਉਸ ਨੇ ਇਕ ਅਮਰੀਕੀ ਚੈਨਲ ਨਾਲ ਅੰਗਰੇਜ਼ੀ ਵਿੱਚ ਕੀਤੀ। ਜਿੰਨੀ ਸਹਿਜਤਾ ਨਾਲ ਉਹ ਅੰਗਰੇਜ਼ੀ ਬੋਲ ਰਿਹਾ ਸੀ ਉਸ ਦੇ ਹਾਣ ਦਾ ਕੋਈ ਬੱਚਾ ਵੱਡੇ ਤੋਂ ਵੱਡੇ ਅੰਗਰੇਜ਼ੀ ਮਾਧਿਅਮ ਵਾਲੇ ਸਕੂਲ ਤੋਂ ਨਿਕਲ ਕੇ ਵੀ ਨਹੀਂ ਸੀ ਬੋਲ ਸਕਦਾ। ਉਸ ਨੇ ਬੱਚੇ ਨੇ ਭਾਸ਼ਾ ਸਿੱਖਣ ਲਈ ਉਸੇ ਤਰੀਕੇ ਦੀ ਵਰਤੋਂ ਕੀਤੀ ਜਿਹੜੀ ਕੁਦਰਤ ਨੇ ਉਸ ਵਾਸਤੇ ਬਣਾਇਆ ਸੀ।

ਮਾਂ ਬੋਲੀ ਸਿੱਖਿਆ ਦਾ ਮਾਧਿਅਮ ਬਣੇ, ਇਹ ਬਹੁਤ ਹੀ ਅਹਿਮ ਗੱਲ ਹੈ ਤੇ ਇਸ ਪ੍ਰਤੀ ਲੋੜੀਂਦਾ ਧਿਆਨ ਦੇਣਾ ਚਾਹੀਦਾ ਹੈ। ਮਾਂ ਬੋਲੀ ਗਿਆਨ ਨੂੰ ਉਸ ਦੀ ਸੋਚਣ ਦੀ ਪ੍ਰਕ੍ਰਿਆ ਨਾਲ ਜੋੜੇਗੀ ਤੇ ਉਸ ਦੀ ਸਿੱਖਣ ਪ੍ਰਕ੍ਰਿਆ ਸਹਿਜ ਤੇ ਸੁਖਾਲੀ ਹੋਵੇਗੀ। ਜਦ ਤੱਕ ਸੋਚ ਨੂੰ ਢੁੱਕਵੀਂ ਭਾਸ਼ਾ ਨਹੀਂ ਮਿਲੇਗੀ ਉਦੋਂ ਤੱਕ ਸਿਖਣ ਦੀ ਪ੍ਰਕ੍ਰਿਆ ਜਟਿਲ ਤੇ ਗੁੰਝਲਦਾਰ ਰਹੇਗੀ। ਇਸ ਵਾਸਤੇ ਮਾਂ ਬੋਲੀ ਦੀ ਮਹੱਤਤਾ ਨੂੰ ਪਛਾਣਨਾ ਚਾਹੀਦਾ ਹੈ ਤਾਂ ਕਿ ਬੱਚੇ ਦੀ ਸ਼ਖਸੀਅਤ ਦਾ ਢੁਕਵਾਂ ਵਿਕਾਸ ਹੋ ਸਕੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version