ਜਨਤਕ ਅੰਦੋਲਨ ਕੌਮਾਂ ਦੇ ਇਖ਼ਲਾਕ ਦਾ ਇਮਤਿਹਾਨ ਹੁੰਦੇ ਹਨ। ਜਿਨ੍ਹਾਂ ਅੰਦੋਲਨਾਂ ਵਿੱਚ ਇਨਸਾਨੀਅਤ ਅੱਖਾਂ ਮੀਟ ਲਵੇ ਉਹ ਅੰਦੋਲਨ ਮਨੁੱਖੀ ਸਲੀਕਿਆਂ ਤੋਂ ਸੱਖਣੇ ਦੁਰਾਚਾਰੀ ਧਾੜਵੀਆਂ ਦੇ ਗਰੋਹਾਂ ਦੀ ਗੁੰਡਾਗਰਦੀ ਅਖਵਾਉਂਦੇ ਹਨ, ਹੱਕ ਤੇ ਸੱਚ ਲਈ ਵਿੱਢੇ ਅੰਦੋਲਨ ਨਹੀਂ। ਜਿਨ੍ਹਾਂ ਅੰਦੋਲਨਾਂ ਦੀ ਕਮਾਂਡ ਮਜ਼ਬੂਤ ਹੱਥਾਂ ਵਿੱਚ ਨਾ ਹੋਵੇ, ਕੋਈ ਸਪਸ਼ਟ ਸਿਰ-ਪੈਰ ਨਾ ਹੋਵੇ, ਨਾ ਕੋਈ ਮੁੱਢ ਤੇ ਨਾ ਹੀ ਕੋਈ ਅਾਖੀਰ ਨਜ਼ਰ ਆਵੇ, ਅਜਿਹੀ ਬਦਇੰਤਜ਼ਾਮੀ ਦੇ ਅੰਦੋਲਨਾਂ ਵਿੱਚੋਂ ਹੀ ਅਰਾਜਕਤਾ ਜਨਮ ਲੈਂਦੀ ਹੈ।
ਏਹੋ ਸਾਰਾ ਕੁਝ ਦੁਬਾਰਾ 1526 ਈਸਵੀ ਵਿੱਚ ਬਾਬਰ ਵੱਲੋਂ ਪਾਣੀਪਤ ਦੀ ਲੜਾਈ ਜਿੱਤ ਲੈਣ ਸਮੇਂ ਵਾਪਰਿਆ ਸੀ। ਹਰਿਆਣਾ ਵਿੱਚ ਜਾਟ ਅੰਦੋਲਨ ਸਮੇਂ ਦੰਗਈਆਂ ਅਤੇ ਲੁਟੇਰਿਆਂ ਵੱਲੋਂ ਵਰਤਾਇਆ ਗਿਆ ਕਹਿਰ ਬਾਬਰ ਦੇ ਹਮਲਿਆਂ ਤੋਂ ਭਿੰਨ ਨਹੀਂ ਹੈ। ਫ਼ਰਕ ਸਿਰਫ਼ ਏਨਾ ਕੁ ਹੈ ਕਿ ਬਾਬਰ ਦੇ ਹਮਲੇ ਸਮੇਂ ਹਮਲਾਆਵਰ, ਲੁਟੇਰੇ ਤੇ ਧਾੜਵੀ ਅਫ਼ਗਾਨੀ ਸਨ ਤੇ ਅੰਦੋਲਨ ਦੀ ਆਡ਼ ਵਿੱਚ ਹਰਿਆਣਾ ਦੀ ਹਿੰਸਾ ਦੇ ਤਾਂਡਵ ਨਾਚ ਵਿੱਚ ਸ਼ਾਮਲ ਤਾਂਡਵਕਾਰੀ ਹਰਿਆਣਵੀ ਸਨ ਅਤੇ ਭਾਰਤੀ ਸਨ, ਜਿਨ੍ਹਾਂ ਦੇ ਬੇਸ਼ਰਮ, ਬੇਰਹਿਮ ਅਤੇ ਬੇਹੂਦਾ ਵਰਤਾਰਿਆਂ ਨੇ ਸਮੁੱਚੀ ਮਾਨਵਤਾ ਨੂੰ ਸ਼ਰਮਸ਼ਾਰ ਕਰ ਦਿੱਤਾ ਹੈ।
ਬਾਬਰ, ਜਿਸ ਦਾ ਅਸਲੀ ਨਾਮ ਜ਼ਹੀਰੂਦੀਨ ਮੁਹੰਮਦ ਬਾਬਰ ਸੀ ਤੇ ਮੁੱਢਲੇ ਤੌਰ ’ਤੇ ਇਹ ਖੁਰਾਸਾਨੀ, ਧਾੜਵੀਆਂ ਦਾ ਸਰਦਾਰ ਸੀ। ਇਹ ਸੋਲ੍ਹਵੀਂ ਸਦੀ ਵਿੱਚ ਭਾਰਤ ਦੀ ਦੌਲਤ ਲੁੱਟਣ ਦੇ ਮਨਸ਼ੇ ਨਾਲ ਲਗਪਗ 12,000 ਧਾੜਵੀਆਂ ਦੇ ਮੁਲਖੱਈਏ ਸਮੇਤ ਪੰਜਾਬ ਵਿੱਚ ਦਾਖ਼ਲ ਹੋਇਆ। ਉਸ ਦੇ ਧਾੜਵੀਆਂ ਨੇ ਪੁਰਅਮਨ ਹਿੰਦੋਸਤਾਨੀਆਂ ’ਤੇ ਜੋ ਅੱਤਿਆਚਾਰ, ਲੁੱਟਮਾਰ ਤੇ ਬਰਬਾਦੀ ਕੀਤੀ, ਉਸ ਦਰਿੰਦਗੀ ਦੇ ਆਲਮ ਖ਼ਿਲਾਫ਼ ਗੁਰੂ ਨਾਨਕ ਸਾਹਿਬ ਨੇ ਜ਼ੋਰਦਾਰ ਆਵਾਜ਼ ਉਠਾਈ।
ਬਾਬਰ ਦੇ ਹਮਲਿਆਂ ਦੀ ਭਿਆਨਕਤਾ ਦਾ ਉਲੇਖ ਗੁਰੂ ਨਾਨਕ ਸਾਹਿਬ ਨੇ ਬਾਬਰਵਾਣੀ ਵਿੱਚ ਬੜੇ ਵਿਆਕੁਲ ਮਨ ਨਾਲ ਕੀਤਾ ਹੈ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸੁਭਾਇਮਾਨ ਹੈ। ਜੋ ਕੁਝ ਹਰਿਆਣਾ ਦੇ ਜਾਟ ਅੰਦੋਲਨ ਵਿੱਚ ਵਾਪਰਿਆ ਹੈ ਇਹ ਬਾਬਰ ਦੇ ਹਮਲਿਆਂ ਦੀ ਦਰਿੰਦਗੀ ਤੋਂ ਕਿਸੇ ਤਰ੍ਹਾਂ ਵੀ ਘੱਟ ਨਹੀਂ। ਫ਼ਰਕ ਇਹ ਕਿ ਅੱਜ ਇਸ ਸਦੀ ਵਿੱਚ ਕੋਈ ਗੁਰੂ ਨਾਨਕ ਸਾਹਿਬ ਜੇਹੀ ਪੈਗੰਬਰੀ ਸ਼ਕਤੀ ਨਹੀਂ, ਜੋ ਮਨੁੱਖਤਾ ਦੀ ਪੀੜ ਅਤੇ ਕੁਰਲਾਹਟ ਤੇ ਮਰਹਮ-ਪੱਟੀ ਕਰ ਸਕੇ।
ਹਰਿਆਣਾ ਸੂਬੇ ਦੇ ਜਾਟ ਅੰਦੋਲਨਕਾਰੀ ਕੀ ਇਹ ਦੱਸਣਗੇ ਕਿ ਤੜਕ ਸਵੇਰੇ ਤਿੰਨ ਵਜੇ ਮੁਰਥਲ ਦੇ ਸੁਖਦੇਵ ਢਾਬੇ ’ਤੇ ਰੁਕੇ ਮੁਸਾਫ਼ਰਾਂ, ਅੌਰਤਾਂ, ਧੀਆਂ ਅਤੇ ਬੱਚਿਆਂ ਪਾਸੋਂ, ੳੁਨ੍ਹਾਂ ਦੀ ਲੁੱਟ-ਖੋਹ ਕਰਨ ਤੋਂ ਬਾਅਦ ਨਿਰਵਸਤਰ ਕਰਕੇ ਅਤੇ ਉਨ੍ਹਾਂ ਨੂੰ ਬੇਪੱਤ ਕਰਕੇ ਉਨ੍ਹਾਂ ਪਾਸੋਂ ਕਿਸ ‘ਰਾਖਵੇਂਪਣ’ ਦੀ ਮੰਗ ਕਰ ਰਹੇ ਸਨ? ਮੁਰਥਲ ਦਾ ਮਸ਼ਹੂਰ ਅਮਰੀਕ-ਸੁਖਦੇਵ ਢਾਬਾ, ਦਿੱਲੀ ਦੇ ਕੌਮਾਂਤਰੀ ਹਵਾਈ ਅੱਡੇ ਨੂੰ ਜਾਣ ਵਾਲੇ ਅਤੇ ਉਸੇ ਹਵਾਈ ਅੱਡੇ ਤੋਂ ਉਤਰ ਕੇ ਵਤਨ ਵਾਪਸੀ ਕਰ ਰਹੇ ਮੁਸਾਫ਼ਰਾਂ ਦੀ ਪਸੰਦੀਦਾ ਠਹਿਰ ਹੈ।
ਇੱਥੇ ਇੱਕ ਹੋਰ ਤੱਥ ਵੀ ਵਰਨਣਯੋਗ ਹੈ ਕਿ ਵਿਦੇਸ਼ਾਂ ਨੂੰ ਜਾਣ ਅਤੇ ਆਉਣ ਵਾਲੀਆਂ ਉਡਾਣਾਂ ਦਾ ਸਮਾਂ ਲਗਪਗ ਅੱਧੀ ਰਾਤ ਦਾ ਹੁੰਦਾ ਹੈ, ਇਸ ਲਈ ਪੰਜਾਬ ਅਤੇ ਹਿਮਾਚਲ ਦੇ ਮੁਸਾਫ਼ਿਰ ਲਗਪਗ ਤਿੰਨ ਕੁ ਵਜੇ ਸਵੇਰੇ ਚਾਹ-ਪਾਣੀ ਪੀਣ ਲਈ ਇਸ ਢਾਬੇ ’ਤੇ ਆ ਰੁਕਦੇ ਹਨ। ਸ਼ਾਇਦ ਇਸੇ ਲਈ ਹੀ ਦੰਗਈਆਂ ਅਤੇ ਲੁਟੇਰਿਆਂ ਨੇ ਇਸ ਢਾਬੇ ਨੂੰ ਆਪਣਾ ਨਿਸ਼ਾਨਾ ਬਣਾਇਆ।
ਦੰਗਈਆਂ ਨੇ ਹਜ਼ਾਰਾਂ ਬੇਕਸੂਰ ਲੋਕਾਂ ਦੇ ਘਰ ਜਲਾਏ, ਦੁਕਾਨਾਂ ਅਤੇ ਕਾਰੋਬਾਰਾਂ ਦੀ ਅੰਨ੍ਹੀ ਲੁੱਟਮਾਰ ਕਰਨ ਤੋਂ ਬਾਅਦ ਅਗਨੀ ਭੇਂਟ ਕਰ ਦਿੱਤੇ। ਹਜ਼ਾਰਾਂ ਦੀ ਗਿਣਤੀ ਵਿੱਚ ਵਾਹਨ ਸਾੜ ਦਿੱਤੇ। ਸਕੂਲ, ਹਸਪਤਾਲ ਤੇ ਸਰਕਾਰੀ ਇਮਾਰਤਾਂ ਨੂੰ ਵੀ ਸਾਡ਼ ਦਿੱਤਾ ਗਿਆ। ਇਸ ਹਿੰਸਾ ਵਿੱਚ ਅਣਗਿਣਤ ਲੋਕ ਜ਼ਖ਼ਮੀ ਹੋ ਗਏ ਦਰਜਨਾਂ ਮਾਰੇ ਵੀ ਗਏ। ਇਸ ਚੀਖੋ-ਪੁਕਾਰ ਨੂੰ ਹਰਿਆਣਾ ਪੁਲੀਸ ਦੇ ਕਰਮਚਾਰੀ ਅਤੇ ਸੁਰੱਖਿਆ ਬਲਾਂ ਦੇ ਹਥਿਆਰਬੰਦ ਦਸਤੇ ਮੂਕ ਦਰਸ਼ਕ ਬਣੇ, ਤਮਾਸ਼ਾ ਦੇਖਦੇ ਰਹੇ।
ਹਰਿਆਣਾ ਵਿੱਚ ਸਰਕਾਰ ਨਾਮ ਦੀ ਕੋਈ ਚੀਜ਼ ਨਜ਼ਰ ਨਹੀਂ ਆਈ। ਲੁਟੇਰਿਆਂ ਦੇ ਜੋ ਮਨ ਵਿੱਚ ਆਇਆ ਉਨ੍ਹਾਂ ਨੇ ਓਹੀ ਕੀਤਾ। ਜੇ ਭਾਰਤੀ ਫ਼ੌਜ ਆ ਕੇ ਠੱਲ੍ਹ ਨਾ ਪਾਉਂਦੀ ਤਾਂ ਸਾਰਾ ਹਰਿਆਣਾ ਸੜ ਕੇ ਸਵਾਹ ਹੋ ਜਾਣਾ ਸੀ। ਜਿਨ੍ਹਾਂ ਪਰਿਵਾਰਾਂ ਦੀਆਂ ਅੌਰਤਾਂ ਤੇ ਬੱਚੀਆਂ ਦੀਆਂ ਅਸਮਤਾਂ ਲੁੱਟੀਆਂ ਗਈਆਂ ਉਨ੍ਹਾਂ ਦੀ ਭਰਪਾਈ ਹੁਣ ਕਿਵੇਂ ਹੋ ਸਕਦੀ ਹੈ? ਕੀ ਮਜਰੂਹ ਹੋਈਆਂ ਆਬਰੂਆਂ ਤੇ ਸਰ੍ਹੇ ਬਾਜ਼ਾਰ ਮਿੱਧੀਆਂ ਇੱਜ਼ਤਾਂ ਦਾ ਵੀ ਕੋਈ ਮੁਆਵਜ਼ਾ ਹੋ ਸਕਦਾ ਹੈ? ਕੀ ਲਹੂ ਦੇ ਹੰਝੂਆਂ ਨੂੰ ਇਵਜ਼ਾਨਿਆ ਦੇ ਠੁੰਮ੍ਹਣਿਆਂ ਨਾਲ ਪੂੰਝਿਆ ਜਾ ਸਕਦਾ ਹੈ? ਇਨ੍ਹਾਂ ਸਵਾਲਾਂ ਦੇ ਜਵਾਬ ਹੁਣ ਕੌਣ ਦੇਵੇਗਾ? ਪਰ ਮੁਸੀਬਤ ਇਹ ਹੈ ਕਿ;
‘ਹਰੇਕ ਚਾਰਾਗਰ ਕੋ ਚਾਰਾਗਰੀ ਸੇ ਗੁਰੇਜ਼ ਥਾ,
ਵਰਨਾ ਹਮੇਂ ਜੋ ਦੁੱਖ ਥੇ, ਬਹੁਤ ਲਾ ਦਵਾ ਨ ਥੇ’
ਜਨਤਕ ਅੰਦੋਲਨ ਕੌਮਾਂ ਦੇ ਇਖ਼ਲਾਕ ਦਾ ਇਮਤਿਹਾਨ ਹੁੰਦੇ ਹਨ। ਜਿਨ੍ਹਾਂ ਅੰਦੋਲਨਾਂ ਵਿੱਚ ਇਨਸਾਨੀਅਤ ਅੱਖਾਂ ਮੀਟ ਲਵੇ ਉਹ ਅੰਦੋਲਨ ਮਨੁੱਖੀ ਸਲੀਕਿਆਂ ਤੋਂ ਸੱਖਣੇ ਦੁਰਾਚਾਰੀ ਧਾੜਵੀਆਂ ਦੇ ਗਰੋਹਾਂ ਦੀ ਗੁੰਡਾਗਰਦੀ ਅਖਵਾਉਂਦੇ ਹਨ, ਹੱਕ ਤੇ ਸੱਚ ਲਈ ਵਿੱਢੇ ਅੰਦੋਲਨ ਨਹੀਂ। ਜਿਨ੍ਹਾਂ ਅੰਦੋਲਨਾਂ ਦੀ ਕਮਾਂਡ ਮਜ਼ਬੂਤ ਹੱਥਾਂ ਵਿੱਚ ਨਾ ਹੋਵੇ, ਕੋਈ ਸਪਸ਼ਟ ਸਿਰ-ਪੈਰ ਨਾ ਹੋਵੇ, ਨਾ ਕੋਈ ਮੁੱਢ ਤੇ ਨਾ ਹੀ ਕੋਈ ਅਾਖੀਰ ਨਜ਼ਰ ਆਵੇ, ਅਜਿਹੀ ਬਦਇੰਤਜ਼ਾਮੀ ਦੇ ਅੰਦੋਲਨਾਂ ਵਿੱਚੋਂ ਹੀ ਅਰਾਜਕਤਾ ਜਨਮ ਲੈਂਦੀ ਹੈ। ਹਰਿਆਣਾ ਦੇ ਜਾਟ ਅੰਦੋਲਨ ਦੀ ਮਿਸਾਲ ਸਾਡੇ ਸਾਹਮਣੇ ਹੈ।
ਮਿਸਾਲ ਵਜੋਂ ਜੇ ਸਿੱਖ ਕੌਮ ਦੇ ਅੰਦੋਲਨਾਂ ਤੇ ਅਕਾਲੀ ਮੋਰਚਿਆਂ ਦੇ ਇਤਿਹਾਸ ਵੱਲ ਸਰਸਰੀ ਨਜ਼ਰ ਮਾਰੀਏ ਤਾਂ ਨਨਕਾਣਾ ਸਾਹਿਬ ਦੇ ਮੋਰਚੇ (ਸਾਲ 1920) ਤੋਂ ਲੈ ਕੇ ਭਾਰਤ ਦੀ ਐਮਰਜੈਂਸੀ ਵਿਰੁੱਧ ਲਾਏ ਗਏ ਜਨਤਕ ਮੋਰਚੇ ਤਕ, ਹਰਿਆਣਾ ਦੇ ਜਾਟਾਂ ਦੇ ਅੰਦੋਲਨ ਜੇਹੀ ਵਿਭਚਾਰੀ ਹਿੰਸਾ ਜਾਂ ਜਨਤਕ ਲੁੱਟ ਦੀ ਇੱਕ ਵੀ ਮਿਸਾਲ ਸਾਰੇ ਇਤਿਹਾਸ ਵਿੱਚ ਨਜ਼ਰ ਮਾਰਿਆਂ ਕਿਧਰੇ ਨਹੀਂ ਮਿਲਦੀ। ਕੌਮਾਂ ਦੇ ਸਦਾਚਾਰਕ ਕਿਰਦਾਰ ਅਤੇ ਸਮੂਹਿਕ ਸੱਭਿਆਚਾਰ ਦਾ ਸਮੁੱਚਤਾ ਵਿੱਚ ਵੀ ਨਜ਼ਰ ਆਉਣਾ ਜ਼ਰੂਰੀ ਹੈ।
ਹਰਿਆਣੇ ਦੇ ਭਿਆਨਕ ਮੰਜ਼ਰ ਤੇ ਭਾਰਤ ਦੀ ਸਮੁੱਚੀ ਰਾਜਨੀਤਕ ਸ਼੍ਰੇਣੀ ਦਾ ਰਵੱਈਆ ਵੀ ਪਾਰਦਰਸ਼ਤਾ ਦੀ ਕਸਵੱਟੀ ’ਤੇ ਟਿੱਪਣੀ ਸਾਹਿਤ ਵਿਚਾਰਨ ਯੋਗ ਹੈ। ਨਰਿੰਦਰ ਮੋਦੀ ਦੀ ਜ਼ੇਰ-ਏ-ਕਿਆਦਤ, ਦਿੱਲੀ ਦੇ ਤਖ਼ਤ ’ਤੇ ਬਿਰਾਜਮਾਨ ਐਨ.ਡੀ.ਏ ਦੀ ਸਰਕਾਰ ਨੇ, ਅਰੁਨਾਚਲ ਪ੍ਰਦੇਸ਼ ਦੀ ਵਿਧਾਨ ਸਭਾ ਦੇ ਮਾਮੂਲੀ ਜਿਹੇ ਸੰਵਿਧਾਨਿਕ ਅੜਿੱਕੇ ਦਾ ਸਹਾਰਾ ਲੈ ਕੇ, ਉਸ ਸੂਬੇ ਵਿੱਚ ਗਵਰਨਰ ਰਾਜ ਲਾਗੂ ਕਰਨ ਲਈ ਕੋਈ ਘੌਲ ਨਹੀਂ ਦਿਖਾਈ ਤੇ ਝੱਟ ਹੀ ਗਵਰਨਰ ਰਾਜ ਨਾਫ਼ਜ਼ ਕਰ ਦਿੱਤਾ। ਪਰ ਜੋ ਕੁਝ ਹਰਿਆਣਾ ਵਿੱਚ ਵਾਪਰਿਆ ਉਸ ਦਾ ਨੋਟਿਸ ਲੈਣਾ ਵੀ ਪਸੰਦ ਨਹੀਂ ਕੀਤਾ ਤੇ ਨਾ ਹੀ ਹਰਿਆਣਾ ਦੇ ਗਵਰਨਰ ਪਾਸੋਂ, ਸਮੁੱਚੇ ਹਰਿਆਣਾ ਸੂਬੇ ਵਿੱਚ ਪਸਰੀ ਅਰਾਜਕਤਾ ਬਾਰੇ ਕੋਈ ਰਿਪੋਰਟ ਹੀ ਤਲਬ ਕੀਤੀ ਹੈ। ਹਾਲਾਂਕਿ ਅਰਾਜਕਤਾ ਦੇ ਮਾਹੌਲ ਦੀ ਦ੍ਰਿਸ਼ਟੀ ਵਿੱਚ, ਹਰਿਆਣਾ ਦੇ ਰਾਜਪਾਲ ਵੱਲੋਂ, ਆਪਣੇ ਆਪ ਹੀ ਗ੍ਰਹਿ ਮੰਤਰਾਲੇ ਨੂੰ ਵਿਸਥਾਰਪੂਰਵਕ ਰਿਪੋਟ ਭੇਜਣੀ ਬਣਦੀ ਸੀ, ਪਰ ‘ਕੌਣ ਕਹੇ ਰਾਣੀ ਅੱਗਾ ਢਕ।’
ਇਸ ਤੋਂ ਵੀ ਵੱਧ ਵਿਡੰਬਨਾ ਵਾਲੀ ਗੱਲ ਇਹ ਕਿ ਦੇਸ਼ ਦੀ ਪਾਰਲੀਮੈਂਟ ਦੇ ਦੋਵਾਂ ਸਦਨਾਂ ਵਿੱਚ, ਜਵਾਹਰ ਲਾਲ ਨਹਿਰੂ ਵਿਸ਼ਵ ਵਿਦਿਆਲਿਆ ਨਾਲ ਜੁੜੇ ਵਿਵਾਦਤ ਮਾਮਲੇ ਅਤੇ ਹੈਦਰਾਬਾਦ ਯੂਨੀਵਰਸਿਟੀ ਦੇ ਵਿਦਿਆਰਥੀ ਰੋਹਿਤ ਵੇਮੁਲਾ ਦੀ ਆਤਮਹੱਤਿਆ ਦੇ ਵਿਵਾਦਤ ਮਾਮਲੇ ਤਾਂ ਹਰ ਰੋਜ਼ ਪਰਸਪਰ ਬਹਿਸ-ਮੁਬਾਹਿਸਾ ਦਾ ਵਿਸ਼ਾ ਬਣ ਰਹੇ ਹਨ, ਪਰ ਹਰਿਆਣਾ ਵਿੱਚ ਪਸਰੀ ਅਰਾਜਕਤਾ ਦੇ ਪੰਦਰਵਾੜੇ ’ਤੇ ਕਿਸੇ ਵੀ ਰਾਜਨੀਤਕ ਪਾਰਟੀ ਨੇ ਮੂੰਹ ਖੋਲ੍ਹਣ ਦੀ ਜੁਰਅੱਤ ਨਹੀਂ ਕੀਤੀ।
ਵੋਟਾਂ ਬਟੋਰਨ ਦੇ ਲਾਹਿਆਂ ਵਿੱਚ ਉਲਝੀ ਭਾਰਤ ਦੀ ਸਮੁੱਚੀ ਰਾਜ ਵਿਵਸਥਾ ਦੀ ਰਾਜਨੀਤਕ ਪ੍ਰਣਾਲੀ, ਹਰਿਆਣੇ ਦੇ ਵਰਤਾਰੇ ਨੂੰ ਕਾਣੀ ਅੱਖ ਨਾਲ ਵੇਖ ਰਹੀ ਹੈ। ਇਸੇ ਕਾਰਨ ਇਸ ਸਮੁੱਚੇ ਘਟਨਾਕ੍ਰਮ ਦੀ ਸਮੀਖਿਆ ਵੀ ਉਸੇ ਦ੍ਰਿਸ਼ਟੀ ਅਨੁਸਾਰ ਹੋ ਰਹੀ ਹੈ।
ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਨੂੰ ਇਸ ਸਵਾਲ ਦਾ ਜੁਆਬ ਦੇਣਾ ਚਾਹੀਦਾ ਹੈ ਕਿ ਸੂਬੇ ਵਿੱਚ ਕੌਮੀ ਸ਼ਾਹਰਾਹਾਂ ’ਤੇ ਜੇ.ਸੀ.ਬੀ ਮਸ਼ੀਨਾਂ ਨਾਲ ਖੱਡੇ ਖੋਦ ਦਿੱਤੇ ਗਏ ਹੋਣ, ਰੇਲ ਮਾਰਗਾਂ ਦੀਆਂ ਪਟੜੀਆਂ ਉਖਾੜ ਦਿੱਤੀਆਂ ਗਈਆਂ ਹੋਣ, ਸਾੜਫੂਕ ਅਤੇ ਲੁੱਟਾਂ-ਖੋਹਾਂ ਦੀਆਂ ਵਿਆਪਕ ਘਟਨਾਵਾਂ ਵਿੱਚ, ਸਰਕਾਰ ਦੇ ਅਨੁਮਾਨ ਅਨੁਸਾਰ 25,000 ਕਰੋੜ ਰੁਪਏ ਤੋਂ ਵੱਧ ਦੀ ਸਰਕਾਰੀ ਅਤੇ ਗ਼ੌਰ-ਸਰਕਾਰੀ ਸੰਪਤੀ ਬਰਬਾਦ ਕਰ ਦਿੱਤੀ ਗਈ ਹੋਵੇੇ; ਇੱਕ ਹਫ਼ਤੇ ਲਈ, ਕੌਮੀ ਸ਼ਾਹਰਾਹਾਂ ’ਤੇ ਰੇਲ ਮਾਰਗਾਂ ਤੇ ਆਵਾਜਾਈ ਮੁਕੰਮਲ ਤੌਰ ’ਤੇ ਠੱਪ ਹੋ ਗਈ ਹੋਵੇ ਅਤੇ ਰਾਜ ਵਿੱਚ ਅਮਨ ਕਾਨੂੰਨ ਦੀ ਵਿਵਸਥਾ ਨੂੰ ਲਾਗੂ ਕਰਨ ਵਾਲੀ ਸਮੁੱਚੀ ਮਸ਼ੀਨਰੀ ਮੁਕੰਮਲ ਤੌਰ ’ਤੇ ਨਸ਼ਟ ਹੋ ਜਾਵੇ, ਬੇਆਸਰਾ ਨਿਹੱਥੀਆਂ ਅੌਰਤਾਂ ਦੀਆਂ ਬੇਪਤੀਆਂ, ਪੁਰਅਮਨ ਮੁਸਾਫ਼ਰਾਂ ਦੀ ਲੁੱਟ ਹੋਈ ਹੋਵੇ, ਗੱਡੀਆਂ ਦੀ ਸਾੜ-ਫੂਕ ਦੇ ਭਿਆਨਕ ਤੇ ਦਿਲ ਕੰਬਾਊ ਮੰਜ਼ਰਾਂ ਦੇ ਗਵਾਹ ਹੋਣ ਦੇ ਬਾਵਜੂਦ ਹਰਿਆਣਾ ਸੂਬੇ ਵਿੱਚ ਹੁਣ ਤਕ ਰਾਸ਼ਟਰਪਤੀ ਰਾਜ ਲਾਗੂ ਕਿਉਂ ਨਹੀ ਕੀਤਾ ਗਿਆ?
ਭਾਰਤ ਦੀ ਪਾਰਲੀਮੈਂਟ ਦੇ ਦੋਵ੍ਹਾਂ ਸਦਨਾਂ ਵਿੱਚ ਹਾਲੇ ਤਕ ਇਹ ਸਾਰਾ ਮਾਮਲਾ ਕਿਸੇ ਵੀ ਪਾਰਟੀ ਨੇ ਕੰਮ ਰੋਕੂ ਪ੍ਰਸਤਾਵ ਰਾਹੀਂ ਕਿਉਂ ਨਹੀਂ ਉਠਾਇਆ? ਕੀ ਰਾਜਨੀਤਕ ਨੇਤਾਵਾਂ ਦੀ ਸੰਵੇਦਨਸ਼ੀਲਤਾ ਇਸ ਮਾਮਲੇ ’ਚ ਉੱਕਾ ਹੀ ਸੁੰਨ ਹੋ ਗਈ ਹੈ? ਕੀ ਸਭਨਾ ਦੇ ਹੀ ਲਹੂ ਸਫੈਦ ਹੋ ਗਏ ਹਨ? ਕੀ ਹਰਿਆਣਾ ਭਾਰਤ ਦਾ ਹਿੱਸਾ ਨਹੀਂ ਹੈ? ਕੀ ਇਹ ਸਭ ਕੁਝ ਭਾਰਤ ਸਰਕਾਰ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਚਾਰਨ ਯੋਗ ਉਚਿਤ ਮਾਮਲਾ ਨਹੀਂ ਹੈ?
ਲੇਖਕ ਪੰਜਾਬ ਦੇ ਸਿਆਸਤਦਾਨ ਹਨ ਅਤੇ ਪੰਜਾਬ ਅਤੇ ਹੋਰ ਲੋਕ ਪੱਖੀ ਮਾਮਲਿਆਂ ‘ਤੇ ਆਪਣੇ ਵਿਚਾਰ ਲੇਖਾਂ ਰਾਹੀ ਪ੍ਰਗਟ ਕਰਦੇ ਰਹਿੰਦੇ ਹਨ।ਉਪਰੋਕਤ ਲੇਖ ਪੰਜਾਬੀ ਟ੍ਰਿਬਿਉਨ ਅਖਬਾਰ ਦੇ 2 ਮਾਰਚ 2016 ਦੇ ਅੰਕ ਵਿੱਚ ਛਪਿਆ ਹੈ। ਇੱਥੇ ਅਸੀਂ ਸਿੱਖ ਸਿਆਸਤ ਦੇ ਪਾਠਕਾਂ ਲਈ ਛਾਪਣ ਦੀ ਖੁਸ਼ੀ ਲਏ ੲਹੇ ਹਾਂ।
*ਸਾਬਕਾ ਡਿਪਟੀ ਸਪੀਕਰ, ਪੰਜਾਬ
ਸੰਪਰਕ : 9814033362