Site icon Sikh Siyasat News

ਦ੍ਵਾਰਿਕਾ ਨਗਰੀ ਕਾਹੇ ਕੇ ਮਗੋਲ … (ਲੇਖਕ: ਪ੍ਰਿੰਸੀਪਲ ਸਤਿਬੀਰ ਸਿੰਘ)

 

 

ਜੂਨ 1984 ਦੇ ਘੱਲੂਘਾਰੇ ਬਾਰੇ ਸਿੱਖ ਸਿਆਸਤ ਵੱਲੋਂ ਸਾਂਝੀਆਂ ਕੀਤੀਆਂ ਜਾ ਰਹੀਆਂ ਲਿਖਤਾਂ ਦੀ ਲੜੀ ਤਹਿਤ ਅੱਜ ਅਸੀਂ ਪ੍ਰਿੰਸੀਪਲ ਸਤਿਬੀਰ ਸਿੰਘ ਦੀ ਲਿਖਤ ‘ਦ੍ਵਾਰਿਕਾ ਨਗਰੀ ਕਾਹੇ ਕੇ ਮਗੋਲ’ ਸਾਂਝੀ ਕਰਨ ਜਾ ਰਹੇ ਹਾਂ। ਇਹ ਲੇਖ ਦਰਬਾਰ ਸਾਹਿਬ ਉੱਤੇ ਭਾਰਤੀ ਫੋਜ ਵੱਲੋਂ ਕੀਤੇ ਗਏ ਹਮਲੇ ਤੋਂ ਕੁਝ ਸਮਾਂ ਬਾਅਦ ਲਿਿਖਆ ਗਿਆ ਸੀ।

ਦ੍ਵਾਰਿਕਾ ਨਗਰੀ ਕਾਹੇ ਕੇ ਮਗੋਲ

ਲੇਖਕ: ਪ੍ਰਿੰਸੀਪਲ ਸਤਿਬੀਰ ਸਿੰਘ

ਅੰਬਾਲੇ ਜੇਲ੍ਹ ਤੋਂ ਰਿਹਾ ਹੋਣ ਪਿੱਛੋਂ ਸ੍ਰੀ ਅੰਮ੍ਰਿਤਸਰ ਦੇ ਦਰਸ਼ਨਾਂ ਨੂੰ ਸ਼ਾਨ-ਏ-ਪੰਜਾਬ ’ਤੇ ਸਵਾਰ ਹੋਣ ਲੱਗਾ ਤਾਂ ਪਹਿਲੀ ਗੱਲ ਮੰੂਹੋਂ ਨਿੱਕਲੀ: “ਕਿੱਥੇ ਹੈ ਪੰਜਾਬ ਦੀ ਸ਼ਾਨ?”

ਇਹ ਤਾਂ ਦਿੱਲੀ ਨੂੰ ਇੱਕ ਅੱਖ ਨਹੀਂ ਭਾਈ। ਇਹ ਆਨ-ਸ਼ਾਨ ਹੀ ਤਾਂ ਦਿੱਲੀ ਦੀ ਅੱਖ ਵਿੱਚ ਤੀਲ੍ਹੇ ਵਾਂਙ ਰੜਕਦੀ ਸੀ। ਜਦ ਅਸੀਂ ਕਹਿੰਦੇ ਸਾਂ, ਗਿਣਤੀ ਤੋਂ ਕਿਤੇ ਵੱਧ ਅਸਾਂ ਕੁਰਬਾਨੀਆਂ ਦੇ ਕੇ ਹਿੰਦੁਸਤਾਨ ਆਜ਼ਾਦ ਕਰਵਾਇਆ ਤਾਂ ਫੱਟ ਇੰਦਰਾ ਗਾਂਧੀ ਕਹਿੰਦੀ ਸੀ ਕਿ “ਸਾਡੇ ਯੂ.ਪੀ. ਦੀ ਘਾਲ ਘੱਟ ਨਹੀਂ।”

ਅਸੀਂ ਜਦ ਦੱਸਦੇ ਹਾਂ ਕਿ ਹੁਣ ਭੱੁਖੇ ਹਿੰਦੁਸਤਾਨ ਨੂੰ ਅੰਨ ਪਹੁੰਚਾ ਰਹੇ ਹਾਂ, ਤਾਂ ਜੁਆਬ ਮਿਲਦਾ ਹੈ ਕਿ ਪਾਣੀ, ਬਿਜਲੀ ਸਾਡੀ ਕਰ ਕੇ ਇਹ ਚਮਤਕਾਰ ਹੋਇਆ ਹੈ। ਪਾਣੀ, ਬਿਜਲੀ ਖੋਹ ਕੇ ਬੰਜਰ ਬਣਾ ਸਕਦੀ ਹਾਂ, ਇਸ ਪੰਜਾਬ ਨੂੰ।

ਅਸੀਂ ਬੋਲਦੇ ਹਾਂ ਕਿ ਪੰਜਾਬ ਹਿੰਦੁਸਤਾਨ ਦੀ ਰੱਖਿਆ ਦੇ ਬਾਜੂ ਹਨ ਤਾਂ ਇਹ ਕਹਿੰਦੀ ਹੈ ਕਿ ਹੁਣ ਜਵਾਨਾਂ ਦੀ ਲੋੜ ਨਹੀਂ, ਜੰਗ ਤਕਨੀਕੀ ਹੋ ਗਈ ਹੈ।

ਮੈਨੂੰ ਯਕਦਮ ਚੇਤਾ ਆਇਆ। 15 ਅਪ੍ਰੈਲ, 1984 ਦੀ ਉਹ ਘਟਨਾ ਜਦ ਮਿਸੇਜ਼ ਫਿਰੋਜ਼ ਗਾਂਧੀ ਚੰਡੀਗੜ੍ਹ ਹਵਾਈ ਅੱਡੇ ’ਤੇ ਕੁੱਝ ਪਲਾਂ ਲਈ ਰੁਕੀ ਸੀ। ਉਸ ਵੇਲੇ ਦੇ ਗਵਰਨਰ ਪਾਂਡੇ ਨੇ ਸਵਾਗਤ ਕਰਦੇ ਹੋਏ ਚੰਮੇਲੀ ਦੇ ਫੁੱਲਾਂ ਦਾ ਹਾਰ ਪੇਸ਼ ਕੀਤਾ ਤਾਂ ਉਸ ਨਾਲ ਟੁਰਦੇ ਟਾਰਮੈਕ ਤੇ ਗੱਲਾਂ ਕਰਦੇ ਤੋੜ-ਤੋੜ ਹਰ ਫੁੱਲ ਨੂੰ ਮਸਲੀ ਸੁਟੀ ਗਈ:

‘ਜੋ ਜੀਇ ਹੋਇ ਸੁ ਉਗਵੈ’।

ਉਹ ਤਾਂ ਸਾਨੂੰ ਕੁੱਚਲਣ ਦੇ ਮਨਸੂਬੇ ਬਣਾ ਚੁੱਕੀ ਸੀ। ਬਾਕੀ ਤਾਂ ਬਾਤਾਂ ਹੀ ਬਾਤਾਂ ਸਨ।

ਦੋ ਜੂਨ ਦੀ ਰਾਤ ਨੂੰ ਟੀ.ਵੀ. ’ਤੇ ਕਹਿ ਰਹੀ ਸੀ ਕਿ ਖੂਨ ਨ ਵਗਾਉ, ਨਫਰਤ ਗਵਾਓ, ਪਰ ਤਿੰਨ ਜੂਨ ਦੀ ਸਵੇਰ ਨੂੰ ਸਾਰੇ ਪੰਜਾਬ ਨੂੰ ਬੰਦੀ ਪਾ, ਸਾਰੇ ਹਿੰਦੁਸਤਾਨ ਵਿੱਚ ਘਿਰਣਾ ਦਾ ਪ੍ਰਚਾਰ ਕਰ, ਦਰਬਾਰ ਸਾਹਿਬ ਖੂਨ ਦੀ ਨਦੀ ਵਗਾਉਣ ਤੁਰ ਪਈ ਸੀ। ਅਸੀਂ ਹੀ ਸਾਂ ਜੋ ਭੁਲੇਖੇ ਵਿੱਚ ਬੈਠੇ ਸਾਂ ਕਿ ਦਰਬਾਰ ਸਾਹਿਬ ਫੌਜਾਂ ਲੈ ਕੇ ਨਹੀਂ ਆਵੇਗੀ। ਸ਼ਰਾਰਤੀਆਂ ਨੇ ਜਦ ਅੰਮ੍ਰਿਤਸਰ ਸਟੇਸ਼ਨ ’ਤੇ ਸ੍ਰੀ ਦਰਬਾਰ ਸਾਹਿਬ ਦਾ ਸੋਨੇ ਦਾ ਬਣਿਆ ਮਾਡਲ ਤੋੜਿਆ, ਤਾਂ ਭਾਵਨਾ ਸਮਝ ਲੈਣੀ ਚਾਹੀਦੀ ਸੀ ਕਿ ਹਕੂਮਤ ਲਈ ਦਰਬਾਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਇੱਕ ਇਮਾਰਤ ਤੋਂ ਵੱਧ ਕੁੱਝ ਨਹੀਂ, ਤੁਹਾਡੇ ਲਈ ਬੇਸ਼ੱਕ ਇਹ ਖ਼ੁਦਾ ਦਾ ਘਰ ਹੋਵੇ, ਜਾਂ ਅਕਾਲ ਦਾ ਤਖ਼ਤ।

ਸ੍ਰੀ ਅੰਮ੍ਰਿਤਸਰ ਪੁੱਜਾ ਤਾਂ ਇੰਜ ਲੱਗੇ ਜਿਵੇਂ ਅਣਪਛਾਤੀ ਨਗਰੀ ਆ ਗਿਆ ਹਾਂ। ਹਰ ਥਾਂ ਮਿਲਟਰੀ, ਥਾਂ-ਥਾਂ ਬੰਦੂਕਾਂ, ਸਟੇਨ ਗੰਨਾਂ, ਰਾਈਫਲਾਂ ਤਣੀਆਂ। ਚੱਪੇ-ਚੱਪੇ ਤੇ ਪਹਿਰਾ ਫੌਜੀਆਂ ਦੀ ਘੂਰਦੀ ਕੈਰੀ ਅੱਖ। ਜ਼ਰਹ ਬਖ਼ਤਰ ਗੱਡੀਆਂ ਦੀ ਆਵਾਜਾਈ। ਘੁੰਮਦੀਆਂ ਹਰੀਆਂ ਗੱਡੀਆਂ ਦੇਖ ਨਾਮਦੇਵ ਜੀ ਦੀ ਤੁਕ ਮੰੂਹੋਂ ਨਿਕਲੀ:-

ਦ੍ਵਾਰਿਕਾ ਨਗਰੀ ਕਾਹੇ ਕੇ ਮਗੋਲ॥

ਉਫ! ਗੁਰੂ ਕੀ ਨਗਰੀ ਹਿੰਦੁਸਤਾਨੀ ਫੌਜ, ਨਿਰੀ ਆਈ ਹੀ ਨਹੀਂ, ਹਮਲਾਵਰ ਹੋਈ। ਜਿਸ ਅੰਮ੍ਰਿਤਸਰ ਵਿੱਚ ਸੰਨ 1733 ਤਕ ਥਾਣਾ ਨਹੀਂ ਸੀ। ਜਿਸ ਅੰਮ੍ਰਿਤਸਰ ਵਿੱਚ ਸੁਖ ਸਹਜ ਸ਼ਾਂਤ ਦੇ ਥਾਟ ਸਨ। ਸ਼ਾਹ ਵਪਾਰੀ ਏਕੈ ਥਾਟ ਸਨ। ਜੋ ਅੰਮ੍ਰਿਤਸਰ ਸਿਫਤੀ ਦਾ ਘਰ ਸੀ, ਜਿਸ ਨੂੰ ਪੁਰਖ ਬਿਧਾਤੇ ਆਪ ਬੱਧਾ ਸੀ। ਨਾ ਕਰ ਸੀ, ਨਾ ਜਜ਼ੀਆ। ਸਭ ਅਜ਼ਾਦ। ਅੱਜ ਫੌਜੀ ਬੂਟਾਂ ਹੇਠ ਲਿਤਾੜ ਦਿੱਤਾ ਗਿਆ। ਕੋਈ ਆਜ਼ਾਦੀ ਨਾਲ ਫਿਰ ਨਹੀਂ ਸਕਦਾ। ਕੋਈ ਭਾਸਰ ਨਹੀਂ ਸਕਦਾ। ਕੀ ਕਹਿਰ ਵਰਤਾਇਆ। ਕੈਸੀ ਅਨ੍ਹੇਰੀ ਚੱਲੀ।

ਘੰਟਾ ਘਰ ਪੁੱਜਿਆ, ਇਨਫਰਮੇਸ਼ਨ ਦਫਤਰ ਸਮਾਨ ਰੱਖਿਆ ਤਾਂ ਸਰਦਾਰ ਭਾਨ ਸਿੰਘ ਜੀ ਤੇ ਸਰਦਾਰ ਅਬਿਨਾਸ਼ੀ ਸਿੰਘ ਜੀ ਨੂੰ ਉੱਥੇ ਬੈਠਾ ਦੇਖ ਧਾਹ ਮਿਿਲਆ। ਜ਼ੁਬਾਨ ਦਾ ਕੰਮ ਅੱਖਾਂ ਨੇ ਕੀਤਾ। ਵਹਿ ਹੀ ਤੁਰੀਆਂ ਅੱਖਾਂ। ਉਨ੍ਹਾਂ ਸਾਕਾ ਅੱਖੀਂ ਡਿੱਠਾ ਸੀ। ਅਸੀਂ ਤਾਂ ਦੂਜੇ ਤੀਜੇ ਥਾਵੇਂ ਸੁਣਿਆ ਸੀ ਤੇ ਜੀਅ ਨਹੀਂ ਸੀ ਠਹਿਰਦਾ, ਉਨ੍ਹਾਂ ਤਾਂ ਲਾਸ਼ਾ ਦੇ ਢੇਰ ਦੇਖੇ ਸਨ। ਗੁਰਪੁਰੀ ਨੂੰ ਮਾਸਪੁਰੀ ਦੇ ਰੂਪ ਵਿੱਚ ਡਿੱਠਾ ਸੀ।

ਜਦ ਜਾ ਪ੍ਰੀਕਰਮਾ ਦੀ ਇੱਕ ਸਿਲ ’ਤੇ ਮੱਥਾ ਟੇਕਿਆ, ਧੂੜ ਮੱਥੇ ਲਗਾਉਣ ਲੱਗਾ ਤਾਂ ਲਹੂ ਦਾ ਟਿੱਕਾ ਲੱਗ ਗਿਆ। ਸਭ ਕੁੱਝ ਧੋ ਦਿੱਤਾ ਸੀ। ਪਰ ਜੋ ਖੂਨ ਦਰਜਾਂ ਵਿੱਚ ਵੜ ਗਿਆ, ਉਸ ਨੂੰ ਉਹ ਲੱਖ ਜਤਨ ਕਰ ਕੱਢ ਨਾ ਸਕੇ।

ਦੱਸਦੇ ਹਨ ਕਿ ਹਰ ਸੰਗਮਰਮਰ ਦੀ ਸਿਲ ਲਾਲ ਹੋ ਗਈ ਸੀ, ਕਾਲੀ ਭੂਰੀ ਚਿੱਟੀ ਮਿੱਝ ਨਾਲ। ਬ੍ਰਹਮ ਬੂਟੇ ਦੇ ਥੜ੍ਹੇ ਚੜ੍ਹੀ ਫੌਜ ਅਜੇ ਵੀ ਦਰਬਾਰ ਸਾਹਿਬ ਵੱਲ ਬੰਦੂਕਾਂ ਕਰੀ ਖੜੀ ਸੀ। ਦੁੱਖ ਭੰਜਨੀ ਦਾ ਜਲ ਬਹੁਤ ਹੇਠਾਂ ਲਹਿ ਚੁੱਕਾ ਸੀ। ਬਾਬਾ ਦੀਪ ਸਿੰਘ ਜੀ ਦੀ ਸਮਾਧ ਪਾਸ ਕਈ ਖੜੇ ਸ਼ਰਧਾਲੂ ਦੱਸ ਰਹੇ ਸਨ ਕਿ ਇੱਥੇ ਜ਼ਾਹਰਾ ਕਰਾਮਾਤ ਹੋਈ ਸੀ ਤੇ ਟੈਂਕ ਅੱਗੇ ਨਹੀਂ ਸਨ ਜਾ ਸਕੇ। ਉੱਥੋਂ ਹੀ ਨਿਸ਼ਾਨਾ ਅਕਾਲ ਤਖ਼ਤ ਵੱਲ ਮਾਰਦੇ ਸਨ। ਤੋਸ਼ਾਖਾਨਾ ਦੀ ਇੱਕ ਦੀਵਾਰ ਵਿੱਚ ਇੱਥੋਂ ਹੀ ਚੱਲੇ ਤੋਪ ਦੇ ਗੋਲੇ ਨਾਲ ਮਘੋਰ ਹੋਇਆ ਸੀ ਤੇ ਚਾਨਣੀ ਸੜ ਕੇ ਸੁਆਹ ਹੋਈ ਸੀ। ਸੋਨੇ ਦੀ ਪਾਵਨ ਬੀੜ ਦੇ ਇੱਕ ਪਾਵੇ ਦੇ ਹੀਰੇ ਕੋਲਾ ਹੋ ਰਾਖ ਹੋਏ ਸਨ। ਸੁਨਹਿਰੀ ਮੁਕਟ ਝੁਲਸ ਗਿਆ ਸੀ। ਸ਼ਹੀਦੀ ਬੀੜ ਧਮਾਕੇ ਨਾਲ ਭੁੰਜੇ ਗਿਰ ਗਈ ਸੀ। ਉਸ ਨੇ ਪਹਿਲਾਂ ਨਨਕਾਣਾ ਸਾਹਿਬ ਦਾ ਸਾਕਾ ਅੱਖੀਂ ਦੇਖਿਆ ਸੀ। ਹੁਣ ਦਰਬਾਰ ਸਾਹਿਬ ਵਿੱਚ ਹੋਏ ਅੱਤਿਆਚਾਰ ਦੀ ਗਵਾਹ ਸੀ। ਨਨਕਾਣਾ ਸਾਹਿਬ ਵਿੱਚ ਹੋਏ ਅਤਿਆਚਾਰ ਨੂੰ ਗਾਂਧੀ ਜੀ ਨੇ ਮੌਲਾਨਾਂ ਸ਼ੌਕਤ ਅਲੀ ਨਾਲ ਦੇਖਣ ਪਿਛੋਂ ਕਿਹਾ ਸੀ:

“ਜੋ ਕੁੱਝ ਮੈਂ ਤੱਕਿਆਂ ਤੇ ਸੁਣਿਆ, ਉਹ ਦਰਸਾਂਦਾ ਹੈ ਕਿ ਇਹ ਡਾਇਰਜ਼ਮ ਦਾ ਦੂਜਾ ਐਡੀਸ਼ਨ ਹੈ। ਮੇਰੀ ਜਾਚੇ ਤਾਂ ਉਸ ਨਾਲੋਂ ਕਿਤੇ ਵੱਧ ਜ਼ਾਲਮਾਨਾ ਮਨਸੂਬਾ ਬਣਾ ਅਤਿਆਚਾਰ ਕੀਤੇ ਨੇ ਅਤੇ ਜਲ੍ਹਿਆਂਵਾਲੇ ਦੇ ਡਾਇਰ ਦੇ ਸ਼ੈਤਾਨੀ ਰਾਖਸ਼ਸ਼ ਕਰਮ ਨਾਲੋਂ ਵੀ ਅੱਗੇ ਲੰਘ ਗਿਆ ਹੈ।”

Everything I saw & heard points to second edition of Dyerism. More barbarous, more calculated & more fiendish than the Dyerism of Jallianwalla (Collected work of Gandhi Vol. XIX P.P. 399)

ਇੱਥੇ ਤਾਂ ਉੱਤੋੜਤੀ ਜਲ੍ਹਿਆਂਵਾਲੇ ਬਾਗ ਦੇ ਡਾਇਰਾਂ ਨੇ ਕਿਤਨੇ ਹੀ ਐਡੀਸ਼ਨ ਤਿੰਨਾਂ ਦਿਨਾਂ ਵਿੱਚ ਕੱਢ ਦਿੱਤੇ ਸਨ। ਚੰਦਨ ਦੇ ਚੌਰ ਦੀਆਂ ਤਾਰਾਂ ਤਾਰ-ਤਾਰ ਹੋ ਗਈਆਂ ਸਨ। ਸੋਨੇ ਦੇ ਦਵਾਰ ਛਲਨੀ ਹੋ ਗਏ ਸਨ।

ਅੱਗੋਂ ਸਿੱਖ ਰੈਫਰੈਂਸ ਲਾਇਬਰੇਰੀ ਦੀਆਂ ਪੌੜੀਆਂ ਚੜ੍ਹਨ ਹੀ ਲੱਗਾ ਸਾਂ ਤਾਂ ਬਾਹਰ ਹੀ ਸਟੀਲ ਦੀਆਂ ਪਈਆਂ ਅਲਮਾਰੀਆਂ ਦੀ ਦੁਰਦਸ਼ਾ ਪਈ ਦਸਦੀ ਸੀ ਕਿ ਕੋਈ ਕਿਤਾਬ ਫੌਜੀਆਂ ਦੇ ਅਤਾਬ ਤੋਂ ਨਹੀਂ ਬਚੀ ਹੋਣੀ।

ਇਹ ਕੀ ਕੀਤਾ ਹਤਿਆਰਿਆਂ ਨੇ? ਪਿਛੋਂ 9 ਜੂਨ ਨੂੰ ਸਾੜਿਆ! ਸੈਂਕੜੇ ਸਾਲਾਂ ਦਾ ਅਮੁੱਲ ਖਜ਼ਾਨਾ ਭਸਮ ਕਰ ਦਿੱਤਾ। 2200 ਤਾਂ ਹੱਥ ਲਿਖਤਾਂ, ਹੁਕਮਨਾਮੇ, ਕੀਮਤੀ ਨੁਸਖੇ, ਪੁਰਾਤਨ ਸੋਮੇ, ਦੁਰਲੱਭ ਸਾਹਿਤ, ਪੁਰਾਣਾ ਰਿਕਾਰਡ, ਅਖ਼ਬਾਰਾਂ ਸਮੇਤ ਬਾਰੂਦ ਨਾਲ ਉਡਾ ਦਿੱਤਾ। 22,000 ਦੇ ਕਰੀਬ ਪੁਸਤਕਾਂ ਸਨ ਜਿਨ੍ਹਾਂ ਦਾ ਥਹੁ- ਪਤਾ ਨਹੀਂ, ਇੱਕ ਨਾ ਛੱਡੀ ਹਤਿਆਰਿਆਂ ਨੇ। ਸੁਨਹਿਰੀ ਜਿਲਦਾਂ ਵਿੱਚ ਜੜ੍ਹੇ ਜੋ ਗੁਰੂ ਪਾਤਸ਼ਾਹਾਂ ਦਾ ਇਤਿਹਾਸ ਦਸ ਜਿਲਦਾਂ ਵਿੱਚ ਮੈਂ ਹਰਿ ਕੀ ਪਉੜੀ ਭੇਂਟ ਕੀਤਾ ਸੀ, ਉਹ ਵੀ ਨਜ਼ਰੀਂ ਨਾ ਆਇਆ।
ਜਾਹਨ ਸਟੈਨ ਬੈੱਕ ਨੇ ਇਕ ਵਾਰੀ ਕਿਹਾ:

“ਡਿਕਟੇਟਰ ਕਤਲ ਕਰਦਾ ਹੈ, ਘਾਇਲ ਕਰ ਮਨੁੱਖਾਂ ਨੂੰ ਅਪਾਹਜ ਵੀ ਬਣਾ ਦਿੰਦਾ ਹੈ, ਤਸੀਹੇ ਵੀ ਦੇਂਦਾ ਹੈ ਅਤੇ ਇਹਨਾਂ ਕਾਰਿਆਂ ਕਰਕੇ ਲੋਕੀਂ ਘਿਰਣਾ ਵੀ ਕਰਦੇ ਹਨ। ਰੋਹ ਵਿੱਚ ਆਉਂਦੇ ਹਨ। ਪਰ ਜਦੋਂ ਅਤਿਆਚਾਰੀ ਪੁਸਤਕਾਂ ਨੂੰ ਸਾੜਦਾ ਹੈ ਤਾਂ ਜ਼ੁਲਮ ਦੀ ਇੰਤਹਾ ਹੋ ਗਈ ਜਾਣੋ। ਇਹ ਖਿਮਾਂ ਕਰਨ ਯੋਗ ਨਹੀਂ।”

(But when books are burnt, the ultimate in tyrannay has happened. This we cannot forgive.)

ਜਦ ਉੱਤੋਂ ਹੇਠਾਂ ਆਇਆਂ ਤੇ ਪਰਕਰਮਾ ਦਾ ਆਖਰੀ ਮੋੜ ਮੁੜਿਆ ਤਾਂ ਲਾਚੀ ਬੇਰੀ ਝੜੀ ਹੋਈ ਡਿੱਠੀ। ਇੱਥੇ ਹੀ ਮੱਸਾ ਰੰਘੜ ਦਾ ਸਿਰ ਉਤਾਰਨ ਲਈ ਘੋੜੇ ਭਾਈ ਸੁੱਖਾ ਸਿੰਘ ਜੀ ਤੇ ਭਾਈ ਮਹਿਤਾਬ ਸਿੰਘ ਨੇ ਬੰਨ੍ਹੇ ਸਨ। ਉੱਥੇ ਸਭ ਕੁੱਝ ਤਾਜ਼ਾ-ਤਾਜ਼ਾ ਸੀ, ਸਮੇਤ ਪੇਂਟ ਦੇ।

ਅਕਾਲ ਤਖ਼ਤ ਵੱਲ ਸਿਰ ਨਿਵਾ ਜਦ ਸਿਰ ਚੁੱਕਿਆ ਤਾਂ ਸਿਰ ਨੀਵਾਂ ਹੋ ਗਿਆ। ਇਹ ਕੀ ਸ਼ਕਲ ਬਣਾ ਦਿੱਤੀ ਇਹਨਾਂ ਨੇ, ਰੂਪ ਹੀ ਵਿਗਾੜ ਸੁੱਟਿਆ। ਸਭ ਕੁੱਝ ਬਨਾਵਟੀ।

ਪਰ ਪਹਿਲਾਂ ਮਰਯਾਦਾ ਅਨੁਸਾਰ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਨੂੰ ਜਾਣਾ ਬਣਦਾ ਸੀ। ਦਰਸ਼ਨੀ ਡਿਉਢੀ ਦੀ ਦਲ੍ਹੀਜ਼ ਪਾਸ ਪਾਣੀ ਗਿੱਟੇ-ਗਿੱਟੇ ਰੁਕਿਆ ਹੋਇਆ ਸੀ। ਮੈਂ ਪੁੱਛਣ ਹੀ ਲੱਗਾ ਸਾਂ ਕਿ ਇਹ ਕੀ? ਤਾਂ ਚੋਬਦਾਰ ਨੇ ਦੱਸਿਆ, ਇੱਥੋਂ ਤਕ ਜ਼ਰਹ ਬਖ਼ਤਰ ਗੱਡੀਆਂ ਆ ਗਈਆਂ ਸਨ ਤੇ ਜੰਮ ਕੇ ਇੱਥੇ ਹੀ ਲੜਾਈ ਹੋਈ ਸੀ, ਥਾਂ ਦੱਬ ਗਈ ਸੀ।

ਭਾਈ ਸਾਹਿਬ ਸਿੰਘ ਜੀ ਹੈੱਡ ਗੰ੍ਰਥੀ ਸ੍ਰੀ ਦਰਬਾਰ ਸਾਹਿਬ ਨੇ ਦੱਸਿਆ, ਕਿ ਗਿੱਟੇ-ਗਿੱਟੇ ਖੂਨ ਹੋ ਗਿਆ ਸੀ ਉੱਥੇ। ਅਕਾਲ ਤਖ਼ਤ ਸਾਹਿਬ ਨੂੰ ਜਦ ਉੜਾਂਦੇ ਸਨ ਤਾਂ ਮਲਬਾ ਵੀ ਇੱਥੇ ਹੀ ਡਿੱਗਦਾ ਸੀ। ਜਦ ਜੇਠ ਦੀ ਛੇ ਸੁਦੀ ਰਾਤ ਨੂੰ ਚਾਨਣ ਦਾ ਗੋਲਾ ਸੁਟਿਆ ਸੀ ਤਾਂ ਸੈਂਕੜੇ ਲਾਸ਼ਾਂ ਇੱਥੇ ਦਿਸੀਆਂ ਸਨ।

ਦਰਬਾਰ ਸਾਹਿਬ ਦਰਸ਼ਨ ਕਰ ਜਦ ਨੁੱਕਰ ਵਿੱਚ ਬੈਠਾ ਤਾਂ ਉਥੇ ਅਕਾਸ਼ਵਾਣੀ ਦੀ ਫੱਟੀ ਲੱਗੀ ਹੋਈ ਸੀ। ਇਹ ਕਿਸ ਲਗਾਉਣ ਦਿੱਤੀ? ਅੰਦਰ ਤਾਂ ਕਿਸੇ ਦਾ ਜ਼ਿਕਰ ਤੱਕ ਨਹੀਂ ਹੋ ਸਕਦਾ। ਇਹ ਫੱਟੀਆਂ ਲਗਾਈ ਫਿਰ ਰਹੇ ਹਨ।

ਭਾਈ ਮੋਹਨ ਸਿੰਘ ਜੀ ਨੇ ਦੱਸਿਆ, ਕਿ ਉਹ ਤਿੰਨ ਦਿਨ ਤੇ ਤਿੰਨ ਰਾਤਾਂ ਬਗੈਰ ਖਾਧੇ-ਪੀਤੇ ਮਹਾਰਾਜ ਦੀ ਤਾਬਿਆ ਦਰਬਾਰ ਸਾਹਿਬ ਰਹੇ ਸਨ। ਹਿੰਦੁਸਤਾਨੀ ਮੀਡੀਆ ਕਹਿੰਦਿਆਂ ਨਹੀਂ ਸੀ ਥੱਕਦਾ, ਕਿ ਕੋਈ ਗੋਲੀ ਦਰਬਾਰ ਸਾਹਿਬ ਵੱਲ ਨਹੀਂ ਚਲਾਈ। ਪਰ, ਦਰਬਾਰ ਸਾਹਿਬ ਵੱਲ ਹੀ ਨਹੀਂ, ਗੁਰੂ ਗੰ੍ਰਥ ਸਾਹਿਬ ਦੇ ਪੀੜ੍ਹੇ, ਜਿਲਦ ਤੇ ਪੱਤਰਿਆਂ ਨੂੰ ਚੀਰ ਕੇ ਸੁਖਮਨੀ ਸਾਹਿਬ ਦੀ ਬਾਣੀ ’ਤੇ ਜਾ ਠੰਡੀ ਹੋਈ ਸੀ ਇੱਕ ਗੋਲੀ।

ਮੁਗਲਾਂ ਦੀ ਔਲਾਦ ਨੇ ਤਾਂ ਭਾਈ ਅਮਰੀਕ ਸਿੰਘ ਹਜ਼ੂਰੀ ਰਾਗੀ ਨੂੰ, ਜੋ ਨੇਤਰਹੀਣ ਸਨ, ਗੋਲੀ ਨਾਲ ਮਾਰ ਮੁਕਾਇਆ ਸੀ। ਉਪਰਲੀ ਮੰਜ਼ਿਲ ਤੱਕ ਗੋਲੀਆਂ ਨਾਲ ਛਲਣੀ-ਛਲਣੀ ਹੋਈ ਪਈ ਸੀ। ਸਭ ਥਾਂ ਟਾਂਕੇ ਲੱਗੇ ਹੋਏ ਸਨ। ਇਹ ਸੱਚ, ਦੱਸ ਰਹੇ ਸਨ ਕਿ ਪਾਪੀਆਂ ਕਿਤਨੇ ਪਾਪ ਕਮਾਏ।

ਅਕਾਲ ਤਖ਼ਤ ਸਾਹਿਬ ਦੀਆਂ ਪਉੜੀਆਂ ਚੜ੍ਹ, ਗੁਰੂ ਗੰ੍ਰਥ ਸਾਹਿਬ ਅੱਗੇ ਸਿਰ ਝੁਕਾਇਆ ਅਤੇ ਉਹਨਾਂ ਸਭ ਸ਼ਹੀਦਾਂ ਨੂੰ ਯਾਦ ਕਰ ਅਰਦਾਸ ਕੀਤੀ, ਜਿਹਨਾਂ ਅਕਾਲ ਤਖ਼ਤ ਸਾਹਿਬ ਦੀ ਰੱਖਿਆ ਕਰਦੇ ਸ਼ਹੀਦੀਆਂ ਪਾਈਆਂ।

ਧੰਨ ਜਣੇਦੀ ਮਾਉ ਜੋਧਾ ਜੋਧੀਐ।

ਕਿਤਨੇ ਕੁ ਅਕਾਰ ਦਾ ਹੈ ਅਕਾਲ ਤਖ਼ਤ, ਜਿਥੇ ਕਹਿੰਦੇ ਨੇ ਅਸਲੇ ਦਾ ਭੰਡਾਰ ਮਿਿਲਆ ਸੀ। ਕੁਲ ਰਕਬਾ 444 ਫੁੱਟ ਦਾ ਹੈ। ਵਿੱਚੇ ਕੋਠਾ ਸਾਹਿਬ, ਘੁਰਨਾ ਸਾਹਿਬ, ਪ੍ਰਕਾਸ਼ ਅਸਥਾਨ, ਸ਼ਸਤਰ ਸਜੇ ਤਖ਼ਤ ਇਹ ਸਭ ਦੇਖ ਹੀ ਤਾਂ ਇੰਡੀਆ ਟੂਡੇ ਨੇ ਲਿਿਖਆ ਸੀ ਕਿ:

“ਅਕਾਲ ਤਖ਼ਤ ਵਿੱਚ ਕੇਵਲ 34 ਸਿੰਘ ਸਨ, ਜਿਨ੍ਹਾਂ ਸਾਰੀ ਹਿੰਦੁਸਤਾਨ ਦੀ ਫੌਜ ਨੂੰ ਤਿੰਨ ਦਿਨ ਰੋਕੀ ਰੱਖਿਆ।”

ਸਰਦਾਰ ਅਜੀਤ ਸਿੰਘ (ਬੰਗਲਾਦੇਸ਼ ਜਿੱਤਣ ਵਾਲੇ) ਨੇ ਬੜੇ ਪਤੇ ਦੀ ਗੱਲ ਲਿਖੀ ਹੈ ਕਿ:

“ਜਿਹੜੇ ਝੂਠੇ ਮੂਠੇ ਹਥਿਆਰ ਤੁਸਾਂ ਦਰਬਾਰ ਸਾਹਿਬ ਤੋਂ ਪ੍ਰਾਪਤ ਦਿਖਾਏ ਹਨ, ਉਨ੍ਹਾਂ ਨੂੰ 250 ਤੋਂ ਘੱਟ ਆਦਮੀ ਵਰਤ ਹੀ ਨਹੀਂ ਸਕਦੇ।
ਸਵਾ ਲਾਖ ਸਿਉਂ ਇੱਕ-ਇੱਕ ਲੜਿਆ ਹੈ। ਮਾਰੇ ਤਾਂ ਦਰਸ਼ਨ ਇਸ਼ਨਾਨ ਕਰਦੇ ਭਗਤ, ਕੀਰਤਨ ਕਰਦੇ ਕੀਰਤਨੀਏ, ਪਾਠ ਕਰਦੇ ਪਾਠੀ, ਸੇਵਾ ਕਰਦੇ ਸੇਵਾਦਾਰ, ਸ਼ੋ੍ਰਮਣੀ ਕਮੇਟੀ ਵਿਚ ਕੰਮ ਕਰਦੇ ਕਰਮਚਾਰੀ, ਸਮਾਧੀ ਸਥਿੱਤ ਹੋਏ ਸਾਧੂ, ਗੁਰੂ ਰਾਮਦਾਸ ਸਰਾਂ ਵਿੱਚ ਅਰਾਮ ਕਰਦੇ ਦਰਸ਼ਨਾਂ ਨੂੰ ਆਏ ਯਾਤਰੂ। ਤਿੰਨ ਹਜ਼ਾਰ ਤਾਂ ਜੋੜੇ ਹੀ ਇਕੋ ਜੋੜਾ ਘਰੋਂ ਮਿਲੇ। ਭਲਾ ਕੋਈ ਦਸੇ ਕਿ ਗਿਆਨੀ ਅਮੀਰ ਸਿੰਘ ਜੀ ਦੀ ਟਕਸਾਲ ਦੇ ਪਾਠ ਸੰਥਿਆ ਸਿੱਖਦੇ ਸਿੱਖਾਂ ਦਾ ਕੀ ਕਸੂਰ ਸੀ ਕਿ ਆਖਰੀ ਪਾਠੀ ਤੱਕ ਭੁੰਨ ਸੁਟਿਆ? ਬਾਬਾ ਖੜਕ ਸਿੰਘ ਜੀ ਦੇ ਨਿਸ਼ਕਾਮ ਸੇਵਾਦਾਰਾਂ ਦਾ ਕੀ ਕਸੂਰ ਸੀ ਕਿ ਥਾਂ ਹੀ ਮਾਰ ਦਿੱਤੇ? ਤੇਜਾ ਸਿੰਘ ਸਮੁੰਦਰੀ ਹਾਲ ਦੀ ਬਿਲਡਿੰਗ ਨੂੰ ਅੱਗ ਲਗਾ ਕੇ ਹਮਲੇ ਪਿੱਛੋਂ ਕਿਉਂ ਸਾੜਿਆ? ਹੁਕਮ ਸੀ ਕਿ ਇਤਨਾ ਜ਼ਬਰ ਕਰੋ ਕਿ ‘ਯਾਦ ਕਰੇਗਾ ਖਾਲਸਾ’। ਭਲੇ ਲੋਕੋ! ਸਾਡੀ ਨਿਤ ਦੀ ਅਰਦਾਸ ਤਾਂ ਹੈ ਹੀ ਯਾਦਾਂ ਦਾ ਇਤਿਹਾਸ। ਜਿਨ੍ਹਾਂ ਬੰਦ-ਬੰਦ ਕਟਵਾਏ, ਖੋਪਰ ਲੁਹਾਏ, ਚਰਖੜੀਆਂ ਤੇ ਚੜ੍ਹੇ ਤੇ ਖ਼ਾਲਸਾ ਕਹਿਆ ਕਰੇਗਾ, ਉਨ੍ਹਾਂ ਨਾਲ ਰਲਾ, ਜਿਨ੍ਹਾਂ ਨੂੰ ਟੈਂਕਾਂ ਥਲ੍ਹੇ ਲਿਤਾੜ ਸ਼ਹੀਦ ਕੀਤਾ, ਅਕਾਲ ਤਖ਼ਤ ਸਾਹਿਬ ਦਰਬਾਰ ਸਾਹਿਬ ਦੀ ਰੱਖਿਆ ਲਈ ਸ਼ਹੀਦੀਆਂ ਪਾਈਆਂ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ, ਵਾਹਿਗੁਰੂ!
ਅਕਾਲ ਤਖ਼ਤ ਤੋਂ ਅਕਾਲਸਰ ਬਾਹਰ ਵਿਹੜੇ ਵਿੱਚ ਇੰਜ ਕੱਢ ਦਿੱਤਾ ਜਿਵੇਂ ਹਿੱਸਾ ਚੀਨ ਹੋਵੇ। ਸ਼ਰਾਰਤੀ ਦਿਮਾਗ ਨੇ ਅਕਾਲ ਤਖ਼ਤ ਦੀ ਪ੍ਰੀਕਰਮਾ ਬਣਾ ਦਿੱਤੀ ਤਾਂ ਕਿ ਇਹ ਤਖ਼ਤ ਨਾ ਹੋ ਕੇ ਕੋਈ ਪੂਜਾ ਸਥਾਨ ਲੱਗੇ। ਤਖ਼ਤ ਕੋਈ ਪੂਜਾ ਦਾ ਅਸਥਾਨ ਨਹੀਂ, ਇਹ ਸਾਰੇ ਪੰਥ ’ਤੇ ਕੁੰਡਾ ਹੈ। ਇਸੇ ਲਈ ਜਥੇਦਾਰ ਗਿਆਨੀ ਕਿਰਪਾਲ ਸਿੰਘ ਜੀ ਨੇ ਕਿਹਾ ਹੈ ਸਾਨੂੰ ਤੁਹਾਡਾ ਠੇਕੇ ’ਤੇ ਬਣਾਇਆ ਅਕਾਲ ਤਖ਼ਤ ਮਨਜ਼ੂਰ ਨਹੀਂ।

“ਪਾਵਨ ਸ਼ਸਤਰਾਂ ਨਾਲ ਕੀ ਬੀਤੀ!” ਗਰੰਥੀ ਸਿੰਘ ਜੀ ਨੇ ਦੱਸਿਆ ਕਿ ਸਾਰੇ ਹੀ ਮਰੁੰਡ, ਵਿਗੜ ਕੇ ਕਾਲੇ ਸਿਆਹ ਹੋ ਗਏ ਹਨ। ਦੋ ਤਾਂ ਲੱਭੇ ਹੀ ਨਹੀਂ। ਬਾਕੀਆਂ ਨੂੰ ਪਾਲਿਸ਼ ਕਰ ਰਖਿਆ ਹੈ। ਸਭ ਪੁਰਾਤਨਤਾ ਮਿਟਾ ਦਿੱਤੀ ਏ। ਅਕਾਲ ਤਖ਼ਤ ’ਤੇ ਭਿੱਤੀ ਚਿੱਤਰਾਂ ਦੀ ਥਾਂ ਰੰਗੀਨ ਪੇਪਰ ਲਗਾ ਦਿੱਤੇ ਨੇ, ਪਰ ਸ਼ਰਧਾਲੂਆਂ ਉਖਾੜ ਪਰ੍ਹਾਂ ਸੁਟਿਆ।

ਬਾਬਾ ਗੁਰਬਖਸ਼ ਸਿੰਘ ਜੀ ਸ਼ਹੀਦ ਦੀ ਸਮਾਧ ਮੱਥਾ ਟੇਕਦੇ ਉਨ੍ਹਾਂ ਦੇ ਬਚਨ ਯਾਦ ਆਏ ਜੋ ਉਨ੍ਹਾਂ ਸ਼ਹੀਦੀ ਪ੍ਰਾਪਤ ਕਰਨ ਵੇਲੇ ਕਹੇ ਸਨ, ਕਿ: ਕੀ ਕਲਗੀਆਂ ਵਾਲਿਆ ਇਹ ਪੰਥ ਤੁਸਾਂ ਬੁਚੜਾਂ ਹੱਥੋਂ ਖੁਹਾਏ ਜਾਣ ਲਈ ਸਾਜਿਆ ਸੀ?
ਪੰਜਾਬ ਦੌਲਤ ਯਾਹੀ ਤੇ ਸਿੰਘ ਖਾਹਿ॥

ਦੱਖਣੀ ਪਛਮੀ ਕਿਮ ਲੈ ਜਾਹਿ। (ਪ੍ਰਾਚੀਨ ਪੰਥ ਪ੍ਰਕਾਸ਼)

ਮਲਬਾ ਉਲੰਘ ਮੁੜ ਪਰਕਰਮਾ ਵਿਚ ਆਇਆ ਤਾਂ ਇੱਕ ਹੀ ਸਵਾਲ ਹਰ ਜ਼ਬਾਨ ਤੇ ਸੀ ਕਿ ਕੀ ਸੰਤ ਜਰਨੈਲ ਸਿੰਘ ਸ਼ਹੀਦ ਹੋਏ ਹਨ ਕਿ ਬਚ-ਬਚਾ ਕੇ ਨਿਕਲ ਗਏ? ਜਦ ਵਾਰ-ਵਾਰ ਬਹੁਤਿਆਂ ਨੇ ਪੁੱਛਿਆ ਤਾਂ ਮੈਂ ਇਤਨਾ ਕਿਹਾ ਕਿ ਸੰਤਾਂ ਮਰਨਾ ਮੰਡ ਲਿਆ ਸੀ, ਉਹ ਸਨਮੁੱਖ ਸ਼ਹੀਦ ਹੋਏ ਹਨ। ਬੜੇ ਅਜੀਬ ਹੋ ਤੁਸੀਂ! ਜੋ ਸ਼ਹੀਦ ਹੋ ਗਏ, ਉਹ ਤਾ ਜ਼ਿੰਦਾ ਹਨ ਤੇ ਜੋ ਜ਼ਿੰਦਾ ਆਗੂ ਜੇਲ੍ਹੀਂ ਤਸੀਹੇ ਝੱਲ ਰਹੇ ਹਨ, ਉਹ ਤੁਸੀਂ ਮਾਰਨਾ ਲੋੜਦੇ ਹੋ। ਇਹ ਚਾਲ ਹੈ, ਕੌਮ ਨੂੰ ਬਹੁਤੀ ਦੇਰ ਤਕ ਆਗੂ ਰਹਿਤ ਰੱਖਣ ਦੀ। ਵਾਈਟ ਪੇਪਰ ਦੇ 197 ਸਫੇ ਤੇ 17 ਲਾਈਨਾਂ ਝੂਠੀਆਂ ਪਰ ਉਨ੍ਹਾਂ ਝੂਠਿਆਂ ਦੀ, ਇਹ ਸੱਤਰ ਕਿ ਸੰਤ ਹਰਚੰਦ ਸਿੰਘ ਜੀ ਲੌਂਗੋਵਾਲ ਤੇ ਸਰਦਾਰ ਗੁਰਚਰਨ ਸਿੰਘ ਟੌਹੜਾ ਨੇ ਆਪਣੇ ਆਪ ਨੂੰ ਹਵਾਲੇ (ਸਰੰਡਰ) ਕਰ ਦਿੱਤਾ। ਕਿਸੇ ਹਵਾਲੇ ਨਹੀਂ ਕੀਤਾ, ਫੌਜ ਨੇ ਕਬਜ਼ਾ (ਕੈਪਚਰਚ) ਕੀਤਾ, ਜਿਵੇਂ ਹਮਲੇ ਤੋਂ ਬਾਅਦ ਫੌਜਾਂ ਕਰਦੀਆਂ ਹਨ। ਇੰਦਰਜੀਤ ਜਰਨਲਿਸਟ ਨੇ ਆਪਣੀ ਡਾਇਰੀ ਵਿੱਚ ਠੀਕ ਲਿਿਖਆ ਸੀ ਕਿ ਇਹ ਵਾਈਟ ਪੇਪਰ ਭੱਦੀ ਤਰ੍ਹਾਂ ਤਿਆਰ ਕੀਤਾ ਇਕ ਨਿਕੰਮਾ ਸਰਕਾਰੀ ਦਸਤਾਵੇਜ਼ ਹੈ ਜਿਸ ਵਿੱਚ ਸਭ ਕੁਝ ਕੂੜ ਹੈ, ਕੂੜਾ ਹੈ।

ਅਜਾਇਬ ਘਰ ਜਾ ਕੇ ਤਾਂ ਬੜੀ ਹੀ ਹੈਰਾਨੀ ਹੋਈ ਕਿ ਹਰ ਦੀਵਾਰ ਗੋਲੀਆਂ ਨਾਲ ਛਲਣੀ। 132 ਕੀਮਤੀ ਚਿਤ੍ਰ ਛਲਣੀ-ਛਲਣੀ ਕਰ ਸੁੱਟੇ। ਦੋ ਕੀਮਤੀ ਨੁਸਖੇ ਸਾੜ ਸੁੱਟੇ।

ਇੱਕ ਹੀ ਖਿਆਲ ਰਹਿ-ਰਹਿ ਸਤਾਏ ਕਿ ਜੰਗ ਨੂੰ ਨਾਂ ਕੀ ਦੇਵੀਏ? ਤੀਜਾ ਘੱਲੂਘਾਰਾ ਕਹਿ ਨਹੀਂ ਸਕਦੇ ਕਿਉਂਕਿ ਘੱਲੂਘਾਰੇ ਵਿੱਚ ਮਾਰਦੇ ਮਰਦੇ ਸਾਂ। ਸਾਵੇਂ ਹਥਿਆਰ ਸਨ। ਅੰਗਰੇਜ਼ਾਂ ਸਿੱਖਾਂ ਦੀਆਂ ਲੜਾਈਆਂ ਨੂੰ ਸ਼ਾਹ ਮੁਹੰਮਦ ਨੇ “ਜੰਗ ਹਿੰਦ ਪੰਜਾਬ” ਦਾ ਕਹਿ ਕੇ ਸਭ ਪੰਜਾਬੀਆਂ ਦੇ ਭਾਵ ਦਰਸਾ ਦਿੱਤੇ ਸਨ। ਇੱਥੇ ਤਾਂ ਅੰਮ੍ਰਿਤਸਰ ਦਾ ਇੱਕ ਵਰਗ ਫੌਜੀਆਂ ਨੂੰ ਦੁੱਧ, ਮਠਿਆਈਆਂ, ਸ਼ਰਦਾਈ ਤੇ ਥਿੰਧਾਈ ਪਿਲਾ ਰਿਹਾ ਸੀ, ਸਲੂਣੇ ਪਕਵਾਨ ਪੇਸ਼ ਕਰ ਰਿਹਾ ਸੀ। ਖ਼ੁਸ਼ੀਆਂ ਮਨਾ ਰਿਹਾ ਸੀ। ਇਸ ਨੂੰ ‘ਅਕਾਲ ਤਖ਼ਤ ਦੀ ਜੰਗ’ ਕਹਿਣਾ ਸ਼ੋਭਦਾ ਹੈ। ਕਿਉਂਕਿ ਵਾਰ-ਵਾਰ ਹਿੰਦੁਸਤਾਨ ਦੇ ਹੁਕਮਰਾਨ ਕਹਿ ਰਹੇ ਸਨ ਕਿ ਅਸਾਂ ਦਰਬਾਰ ਸਾਹਿਬ ਗੋਲੀ ਨਹੀਂ ਚਲਾਈ ਪਰ ਅਕਾਲ ਤਖ਼ਤ ਉੜਾਉਣਾ ਹੈ। ਰਾਜਿੰਦਰ ਯਾਦਵ ਨੇ ਪੱਕੇ ਹਵਾਲੇ ਨਾਲ ਲਿਿਖਆ ਹੈ ਕਿ ਜਦ ਫੌਜ ਦੇ ਭੇਜੇ ਪਹਿਲੇ ਦਸਤੇ ਮਾਰੇ ਗਏ ਤਾਂ ਜਨਰਲ ਸੁੰਦਰਜੀ ਨੇ ਦਰਬਾਰ ਸਾਹਿਬ ਤੋਂ ਸਿੱਧਾ ਸੰਪਰਕ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨਾਲ ਕਾਇਮ ਕਰਕੇ ਪੁੱਛਿਆ ਹੁਣ ਕੀ ਕਰੀਏ, ਅਕਾਲ ਤਖ਼ਤ ਦੀ ਘੱਟ ਤੋਂ ਘੱਟ ਤਬਾਹੀ ਹੋਵੇ (ਸੈਂਕਸ਼ਨਡ। ਡੈਮਿਜ ਟੂ ਅਕਾਲ ਤਖ਼ਤ ਮਸਟ ਬੀ ਮਿਨੀਮਮ) ਪਰ ਆਗਿਆ ਹੈ ਦਾ ਹੁਕਮ ਪਾ ਕੇ ਫੌਜੀਆਂ ਅਤਿਆਚਾਰ ਦੀ ਅਤਿ ਕਰ ਦਿੱਤੀ। ਅਕਾਲ ਤਖ਼ਤ ਖੰਡਰਾਤ ਬਣਾ ਦਿੱਤਾ। ਅਣਖ ਦੀ ਲੜਾਈ ਵਿੱਚ ਅਣਖੀਆਂ ਨੇ ਅਣਖ ਪਾਲੀ। ਇੱਕ ਅਮਰੀਕਨ ਈਸਾਈ ਨੇ ਅਮਰੀਕਾ ਵੱਸਦੇ ਇੱਕ ਸਿੱਖ ਨੂੰ ਪੁੱਛਿਆ ਕਿ ਤੁਸੀਂ ਇੱਥੇ ਬੈਠੇ ਇਤਨਾ ਕਿਉਂ ਤੜਪ ਰਹੇ ਹੋ ਤਾਂ ਸਿੱਖ ਨੇ ਕਿਹਾ, “ਤੁਸੀਂ ਉਤਨੀ ਦੇਰ ਤੱਕ ਸਾਡੇ ’ਤੇ ਬੀਤੀ ਦਾ ਅੰਦਾਜ਼ਾ ਨਹੀਂ ਲਗਾ ਸਕਦੇ ਜਦ ਤੱਕ ਤੁਸੀਂ ਇਹ ਨ ਚਿਤਵੋ ਕਿ ਕੋਈ ਤੁਹਾਡੇ ਵੈਟੀਕਨ (ਰੋਮ) ਨੂੰ ਦੁਸ਼ਮਣ ਦੇਸ਼ ਦੀ ਫੌਜ ਢਾਹ ਢੇਰੀ ਕਰ ਮਲੀਆਮੇਟ ਨ ਕਰ ਦੇਵੇ।”

ਕੌਮ ਦਾ ਅੰਦਰਲਾ ਮਾਰਨ ਦੀ ਕੋਸ਼ਿਸ਼ ਕੀਤੀ, ਪਰ ਸੰਗਤਾਂ ਦੇ ਉਤਸ਼ਾਹ, ਕਾਰ ਸੇਵਾ ਵਿੱਚ ਜੁਟੇ ਲੱਖਾਂ ਹੱਥਾਂ, ਖੁੱਲੀਆਂ ਗੱਲਾਂ, ਸਿੱਧੇ ਸਵਾਲ, ਤਿੱਖੇ ਬਚਨ, ਚੜ੍ਹੇ ਰੋਹ, ਤਣੀਆਂ ਭਵਾਂ ਦੇਖ ਕਤੀਲ ਸ਼ੈਫਾਈ ਦਾ ਸ਼ਿਅਰ ਯਾਦ ਆਇਆ:

ਹਮ ਨੇ ਬਨਾ ਲੀਆ ਹੈ ਨਯਾ ਫਿਰ ਸੇ ਆਸ਼ਯਾਂ,
ਜਾਉ ਯਹਿ ਬਾਤ ਫਿਰ ਸੇ ਕਿਸੀ ਤੂਫਾਂ ਸੇ ਕਹੋ।

ਕਰਨ ਯੋਗ ਕਾਰਜ:

ਪਹਿਲੀ ਗੱਲ ਚੰਗੀ ਤਰ੍ਹਾਂ ਸਮਝ ਲੈਣੀ ਚਾਹੀਦੀ ਹੈ ਕਿ ਅਸੀਂ ਉਸ ਸਮੇਂ ਵਿੱਚੋਂ ਗੁਜ਼ਰ ਰਹੇ ਹਾਂ ਜੋ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਦਾ ਸੀ। ਉਸ ਸਮੇਂ ਮਾਤਾ ਸੁੰਦਰੀ ਜੀ ਤੇ ਭਾਈ ਮਨੀ ਸਿੰਘ ਜੀ ਨੇ ਲੋੜੀਂਦੀ ਤੇ ਸੁਚੱਜੀ ਅਗਵਾਈ ਦੇ ਕੇ ਪੰਥ ਵਿੱਚ ਸਾਹਸ ਭਰੀ ਰੱਖਿਆ। ਇਸ ਵੇਲੇ ਪੰਜ ਸਿੰਘ ਸਾਹਿਬਾਨ ਨੇ ਮੌਕਾ ਸੰਭਾਲ ਕੇ ਹਾਈਜੈਕ ਕੀਤੇ ਦਰਬਾਰ ਸਾਹਿਬ ਨੂੰ ਨੁਮਾਇੰਦਾ ਜਥੇਬੰਦੀ ਹੱਥ ਕਰਾਇਆ ਹੈ ਅਤੇ ਪੰਥ ਤੋਂ ਛੇਕਿਆਂ ਹੱਥੀਂ ਨਹੀਂ ਜਾਣ ਦਿੱਤਾ। ਮਾਤਾ ਸੁੰਦਰੀ ਜੀ ਦੇ ਕਰਤੱਵ ਨੂੰ ਦਿੱਲੀ ਤੇ ਬਾਹਰ ਦੇ ਸਿੰਘਾਂ ਨੇ ਨਿਭਾਇਆ ਹੈ। ਮਾਤਾ ਸੁੰਦਰੀ ਜੀ ਨੇ ਇਕ ਹੁਕਮਨਾਮੇ ਵਿੱਚ ਲਿਿਖਆ ਸੀ ਕਿ ਉਨ੍ਹਾਂ ਨੂੰ ਮੱਥੇ ਨਹੀਂ ਲਗਾਉਣਾ ਜੋ ਗੁਰੂ ਗੰ੍ਰਥ ਸਾਹਿਬ ਤੋਂ ਬੇ-ਮੁੱਖ ਹੋਏ ਹਨ ਅਤੇ ਨਾਲ ਲਿਿਖਆ ਸੀ ਕਿ ਹੁਣ ਕੋਈ ਕਾਰ ਭੇਟ ਉਗ੍ਰਾਹੀ ਦੀ ਰਕਮ ਉਨ੍ਹਾਂ ਪਾਸ ਦਿੱਲੀ ਨਾ ਭੇਜੋ ਲੋੜ ਅੰਮ੍ਰਿਤਸਰ ਹੈ।

ਸੋ, ਹਰ ਸੰਸਥਾ, ਸਿੰਘ ਸਭਾ, ਜਥੇਬੰਦੀ, ਸਰਦਾ-ਪੁੱਜਦਾ ਸਿੱਖ ਕਿਰਤੀ ਤੇ ਚਾਕਰੀ ਕਰਦਾ ਜਾਂ ਵਪਾਰੀ ਸਿੱਖ ਇਹ ਮਨ ਬਣਾ ਲਵੇ ਕਿ ਉਹ ਇੱਕ ਵੇਲੇ ਦੀ ਖਾ ਗੁਜ਼ਾਰਾ ਕਰ ਲਵੇਗਾ ਪਰ ਸ਼ਹੀਦਾਂ ਦੇ ਪਰਵਾਰ ਨੂੰ ਹਰ ਪ੍ਰਕਾਰ ਦੀ ਸਹਾਇਤਾ ਪਹੁੰਚਾਏਗਾ। ਸ਼ਹੀਦਾਂ ਦੇ ਪਰਵਾਰਾਂ ਨੂੰ ਜਦ ਇਹ ਪਤਾ ਲੱਗੇਗਾ ਕਿ ਸਾਰਾ ਪੰਥ ਉਨ੍ਹਾਂ ਦੀ ਪਿੱਠ ’ਤੇ ਹੈ ਤਾਂ ਸ਼ਹੀਦੀ ਦਾ ਚਾਅ ਪੰਥ ਵਿੱਚ ਮੱਠਾ ਨਹੀਂ ਪੈਣ ਲੱਗਾ। ਅਜੇ ਕਿਹੜੀ ਬਸ ਹੋ ਗਈ ਹੈ। ਹਰ ਜ਼ਬਾਨ ’ਤੇ ਹੈ, ਹੋਰ ਬੁਰਾ ਹੋਣ ਵਾਲਾ ਹੈ (ਵਰਸਟ ਟੁ ਕਮ)। ਸ਼ਹੀਦੀ ਫੰਡ ਵਿੱਚ ਇਤਨੀ ਚੋਖੀ ਰਕਮ ਕਰ ਦਿੱਤੀ ਜਾਵੇ ਕਿ ਪੰਥਕ ਪਰਿਵਾਰਾਂ ਦੀ ਪਾਲਣਾ ਕੀਤਾ ਜਾ ਸਕੇ। ਜਿਨ੍ਹਾਂ ਦੇ ਬੱਚੇ ਬੰਦੂਕਾਂ ਦੀਆਂ ਨੋਕਾਂ ਮਾਰ ਕੇ ਮਾਰੇ ਗਏ, ਟੈਂਕਾਂ ਹੇਠ ਲਿਤਾੜੇ ਗਏ, ਉਨ੍ਹਾਂ ਨੂੰ ਜਾ ਕੇ ਕਹਿਣਾ ਹੈ ਕਿ ਕੌਮਾਂ ਦੀਆਂ ਕਿਸਮਤਾਂ ਦਾ ਮਹਿਲ ਉਸਾਰਨ ਵੇਲੇ ਸ਼ਹੀਦਾਂ ਦੇ ਹੀ ਸਿਰਾਂ ਦੀ ਰੋੜੀ ਕੁੱਟੀ ਜਾਂਦੀ ਹੈ। ਗੁਰੂ ਤੇਗ਼ ਬਹਾਦਰ ਜੀ ਦਾ ਪਾਵਨ ਸਰੀਰ ਜੋ ਠੀਕਰਾ ਸੀ, ਜੋ ਦਿੱਲੀ ਦੀ ਦਲ੍ਹੀਜ਼ ’ਤੇ ਦੂਜੇ ਦੇ ਧਰਮ ਦੀ ਰੱਖਿਆ ਕਰਦੇ ਫੋੜਿਆ ਗਿਆ, ਤੁਸੀਂ ਤਾਂ ਕਰਮਾਂ ਵਾਲੇ ਹੋ ਜਿਨ੍ਹਾਂ ਦੇ ਠੀਕਰੇ ‘ਹਰਿ ਕੇ ਦੁਆਰ’ ਟੁੱਟੇ ਤੇ ਪਰਵਾਨ ਹੋਏ।

ਦੂਜਾ-ਪੰਜ ਪਿਆਰਿਆਂ ਦੇ ਕੀਤੇ ’ਤੇ ਕਦੇ ਕਿੰਤੂ ਨਹੀਂ ਕਰਨਾ। ਐਸੀ ਚਾਲ ਸਰਕਾਰ ਚਲ ਰਹੀ ਹੈ ਕਿ ਸਾਡੀ ਹਰ ਮਰਯਾਦਾ ਨੂੰ ਸ਼ੱਕੀ ਕਰ ਦਿੱਤਾ ਜਾਏ ਅਤੇ ਸੰਸਥਾ ਨੂੰ ਨਕਾਰਾ ਬਣਾ ਦਿੱਤਾ ਜਾਏ। ਪੰਜਾਂ ਪਿਆਰਿਆਂ ਦੀ ਇੱਕ ਐਸੀ ਉੱਚ ਸੰਸਥਾ ਗੁਰੂ ਪੰਥ ਪਾਸ ਹੈ। ਜੇ ਇਸੇ ਨੂੰ ਕਿੰਤੂ ਦਾ ਨਿਸ਼ਾਨਾ ਬਣਾ ਕੇ ਖੇਰੰੂ-ਖੇਰੰੂ ਕਰ ਦਿੱਤਾ ਤਾਂ ਬਿਖੜੇ ਸਮੇਂ ਅਗਵਾਈ ਕੌਣ ਦੇਵੇਗਾ? ਇਕੱਲਾ ਕਮਜ਼ੋਰੀ ਵੀ ਦਿਖਲਾ ਸਕਦਾ ਹੈ, ਪਰ ਪੰਜਾਂ ਵਿੱਚ ਉਹ ਆਪ ਵਰਤਦਾ ਹੈ।

ਪੰਚਾ ਕਾ ਗੁਰੁ ਏਕੁ ਧਿਆਨੁ॥

ਕਲਗੀਧਰ ਨੇ ਆਪੰੂ ਇੱਕ ਵਾਰੀ ਬਚਨ ਕੀਤੇ ਸਨ:

ਪੰਜ ਮੁਕਤੇ ਮੇਰੇ ਪਾਨ।। ਜੋ ਕਰੇ ਸੋ ਪਰਵਾਨ।।

ਤੀਜੀ-ਵੱਡੀ ਲੋੜ ਪੰਜਾਬ ਤੇ ਸ੍ਰੀ ਅੰਮ੍ਰਿਤਸਰ ਵਿਖੇ ਹੋਏ ਸਾਕੇ ਦੀ ਨਿਰਪੱਖ ਪੜਤਾਲ ਕਰਾਉਣ ਦੀ ਹੈ। ਸੰਸਾਰ ਭਰ ਵਿੱਚ ਐਸਾ ਵਾਤਾਵਰਨ ਬਣਾਇਆ ਜਾਵੇ ਕਿ ਇਥੇ ਸੱਚ ਉਘੜ ਕੇ ਬਾਹਰ ਆਵੇ। ਹੋਏ ਜ਼ੁਲਮਾਂ ਤੇ ਕੀਤੇ ਗਏ ਅੱਤਿਆਚਾਰਾਂ ਦਾ ਪਤਾ ਤਾਂ ਹੀ ਸਭ ਨੂੰ ਲੱਗ ਸਕੇਗਾ। ਅਜੇ ਤੱਕ ਤਾਂ ਸ਼ਹੀਦ ਹੋਏ ਸਿੰਘਾਂ ਦੇ ਨਾਮ ਤਕ ਦਾ ਪਤਾ ਨਹੀਂ ਲੱਗਾ। ਪੜਤਾਲੀਆ ਕਮੇਟੀ ਬਣਦੇ ਸਾਰ ਲੋਕੀਂ ਹਾਲਾਤ ਲਿਖਣ ਲੱਗ ਪੈਣਗੇ। ਪੂਰੀ ਅਦਾਲਤ ਲਗਾ ਕੇ ਬੈਠਣਾ ਚਾਹੀਦਾ ਹੈ। ਬੀਬੀ ਜੀ (ਹਿੰਦੁਸਤਾਨੀ ਰੇਡੀਓ ਤੇ ਟੀ.ਵੀ.) ਦੀ ਹਾ-ਹੂ ਵਿੱਚ ਸੱਚ ਦੱਬ ਕੇ ਨਾ ਰਹਿ ਜਾਏ। ‘ਆਦਿ ਸੱਚ’ ਦਾ ਹੋਕਾ ਤਾਂ ਹੀ ਦਿੱਤਾ ਜਾ ਸਕੇਗਾ ਜੇ ਤੱਥ ਪਾਸ ਹੋਣਗੇ।

ਲੋਕਾ ਮਤ ਕੋ ਫਕੜਿ ਪਾਇ (ਪੰਨਾ 358) ਦੀ ਆਵਾਜ਼ ਦੇਣੀ ਹੈ ਕਿ ਅਖ਼ਬਾਰਾਂ, ਦੂਰ-ਦਰਸ਼ਨ ਤੇ ਰੇਡਿਓ ਤੇ ਫੱਕੜ ਤੋਲ-ਤੋਲ ਕਿਵੇਂ ਬਚ ਨਿਕਲੇਂਗੀ? ਇਸ ਦੀਬਾਨੋਂ, ਜੇ ਝੂਠ ਬੋਲ-ਬੋਲ ਬਚ ਵੀ ਗਈ ਤਾਂ ਹਰਿ ਕੇ ਦੀਬਾਨੋਂ ਕਿਵੇਂ ਨਿਕਲ ਸਕੇਗੀ?
ਹਰਿ ਕੀ ਵਡਿਆਈ ਵਡੀ ਹੈ

ਜਾ ਨਿਆਉ ਹੈ ਧਰਮ ਕਾ॥

ਵਿਰੋਧੀ ਪਾਰਟੀਆਂ ਨੂੰ ਸਮਝਾਉਣਾ ਹੈ ਕਿ ਉਹਨਾਂ, ਇੰਦਰਾ ਜਾਲ ਵਿੱਚ ਫਸ ਕੇ ਕੌਮ ਨੂੰ ਜ਼ਖ਼ਮੀ ਕਰਨ ਵਿੱਚ ਸਹਾਇਤਾ ਪਹੁੰਚਾਈ ਹੈ। ਹੁਣ ਨਾਂ ਅਜਿਹੀ ਚਾਲ ਵਿੱਚ ਆਉਣਾ। ਜਿਹੜੇ ਉਸ ਦੀ ਭਾਵਨਾ ਤਾੜ ਗਏ ਹਨ, ਉਹਨ੍ਹਾਂ ਨੂੰ ਨਾਲ ਲੈ ਕੇ ਟੁਰਨਾ ਹੈ।

ਚੌਥੇ-ਉਹਨਾਂ ਧਰਮੀ ਜਿਉੜਿਆਂ, ਜਿਨ੍ਹਾਂ ਧਰਮ ਦੀ ਹੋਈ ਹਾਨੀ ਸੁਣ ਕੇ, ਸੀਸ ਤਲੀ ’ਤੇ ਲੈ ਕੇ ਫੌਜਾਂ ਵਿੱਚੋਂ ਸ੍ਰੀ ਅੰਮ੍ਰਿਤਸਰ ਵੱਲ ਭੱਜ ਉੱਠੇ, ਉਹਨਾਂ ਨੂੰ ਭਗੌੜੇ ਜਾਂ ਡਿਜ਼ਰਟਰ ਨਹੀਂ ਰਹਿਣ ਦੇਣਾ। ਜਿਸ ਧਾਰਮਿਕ ਜਜ਼ਬੇ ਤਹਿਤ ਉਹ ਦੇਸ਼ ਦੀ ਰਖਿਆ ਲਈ ਜੂਝਦੇ ਸਨ, ਉਹ ਹੀ ਕੁਚਲਿਆ ਜਾਣਾ ਸੁਣ, ਉਹ ਕਿਉਂ ਰੁਕਦੇ? ਇਹ ਕਿਵੇਂ ਹੋ ਸਕਦਾ ਹੈ ਕਿ ਉਹਨਾਂ ਦਾ ‘ਮੱਕਾ’ ਢਾਹਿਆ ਜਾ ਰਹਿਆ ਹੋਵੇ, ਉਹ ਚੁਪ ਕੀਤੇ ਬੈਠਕਾਂ ਵਿੱਚ ਬੈਠੇ ਰਹਿਣ। ਉਹ ਧਰਮੀ ਜੀਊੜੇ ਆਪਣੇ ਆਪ ਨੂੰ ਫੌਜ ਦਾ ਅੰਗ ਕਿਵੇਂ ਕਹਿ ਸਕਦੇ ਸਨ। ਜੋ ਫੌਜ ਅੱਗੇ ਹੋ ਅਕਾਲ ਤਖ਼ਤ ਸ਼ਹੀਦੀ ਪੂਰਬ ਵਾਲੇ ਦਿਨ ਗਿਰਾ ਰਹੀ ਸੀ। ਉਹਨਾਂ ਸਭਨਾਂ ਦੀ ਰੱਖਿਆ ਰਿਆਇਤ ਲਈ ਮੈਦਾਨ ਤਿਆਰ ਕਰਨਾ ਹੈ। ਕਾਨੂੰਨੀ, ਇਖ਼ਲਾਕੀ ਤੇ ਪ੍ਰਬੰਧਕੀ ਸਹਾਇਤਾ ਪਹੁੰਚਾਉਣੀ ਹੈ।
ਪੰਜਵੇਂ-ਜਿਨ੍ਹਾਂ ’ਤੇ ਸਪੈਸ਼ਲ ਕੋਰਟਾਂ ਵਿੱਚ ਬਗੈਰ ਸੁਣੇ, ਸਜ਼ਾਵਾਂ ਦੇਣ ਦਾ ਮਨਸੂਬਾ ਬਣਾਇਆ ਹੈ, ਉਨ੍ਹਾਂ ਨੌਜਵਾਨਾਂ ਨੂੰ ਸੰਭਾਲਣਾ ਚਾਹੀਦਾ ਹੈ। ਦੇਵਨੇਤ ਨਾਲ ਸਭ ਹੱਥ ਲਿਖਤਾਂ ਦੀ ਸੂਚੀ ਸਾਡੇ ਪਾਸ ਹੈ। ਉਸ ਮੁਤਾਬਿਕ ਜਿੱਥੋਂ-ਜਿੱਥੋਂ ਹੱਥ-ਲਿਖਤਾਂ ਮਿਲਣ ਜਾਂ ਪਤਾ ਲੱਗਣ ਤੇ ਉਹਨਾਂ ਦੇ ਜ਼ੀਰੋਕਸ ਜਾਂ ਕਾਪੀਆਂ ਕਰਵਾ ਕੇ ਲਾਇਬਰੇਰੀ ਅਸਥਾਪਨ ਕਰਨੀ ਚਾਹੀਦੀ ਹੈ। ਬਾਕੀ ਪੁਸਤਕਾਂ ਲਈ ਸਭ ਪਾਸ ਅਪੀਲ ਹੋਵੇ ਤੇ ਉਹ ਸ੍ਰੀ ਅੰਮ੍ਰਿਤਸਰ ਪਹੁੰਚਾਉਣ। ਹੱਥ-ਲਿਖਤ ਬੀੜ, ਚੰਗੇ ਖੁਸ਼ਨਸੀਬ ਕੋਲੋਂ ਲਿਖਵਾ ਕੇ ਸ੍ਰੀ ਦਰਬਾਰ ਸਾਹਿਬ ਪ੍ਰਕਾਸ਼ ਹੋਵੇ।

ਸੱਤਵੇਂ-ਇਹ ਨਹੀਂ ਭੁੱਲ ਜਾਣਾ ਕਿ ਇਹ ਧਰਮ ਯੁੱਧ ਦਾ ਮੋਰਚਾ ਸ਼ੁਰੂ ਹੋਇਆ ਸੀ ਆਪਣੇ ਹੱਕ ਲੈਣ ਲਈ ਅਤੇ ਕਹਿੰਦੀ ਨਹੀਂ ਥੱਕਦੀ ਸੀ ਸ੍ਰੀਮਤੀ ਫਿਰੋਜ਼ ਗਾਂਧੀ ਕਿ ਬੰਦੂਕ ਦੀ ਨਾਲੀ ਉਸ ਦੇ ਸਿਰ ਤੇ ਰੱਖ ਗੱਲ ਨਹੀਂ ਹੋ ਸਕਦੀ। ਉਸ ਨੇ ਸਾਡੀਆਂ ਛਾਤੀਆਂ ’ਤੇ ਟੈਂਕ ਚਾੜ੍ਹ ਮੁਕਾਉਣ ਦੀ ਗੱਲ ਕੀਤੀ ਹੈ। ਇਹ ਕੌਮ ਨੂੰ ਸਮਝਾਉਣਾ ਹੈ। ਇਹ ਵੀ ਦ੍ਰਿੜ੍ਹ ਕਰਾਉਣਾ ਹੈ ਕਿ ਜੇ ‘ਇਕੁ ਹੋਇ ਤਾਂ ਉਗਵੈ’॥ ਇਕ ਰਹੋਗੇ ਤਾਂ ਹਰ ਚੀਜ਼ ਪਾ ਲਵੋਗੇ। ਦੁਫਾੜ ਹੋਇਆਂ ਗ਼ੈਰਾਂ ਨੇ ਹੀ ਸਿਰ ਚੜ੍ਹਨਾ ਹੈ।

ਵਕਤ ਦੇ ਹਾਕਮਾਂ ਨੂੰ ਵੀ ਕਹਿ ਦੇਵੋ ਕਿ:

ਸੁਲਗ ਉਠੇਗਾ ਯਹ ਮਕਤਲ, ਪਿਘਲ ਜਾਇਗੀ ਯਹ ਜ਼ੰਜੀਰੇਂ।
ਅਭੀ ਵਾਕਿਫ ਨਹੀਂ ਤੁਮ, ਗਰਮੀਏ ਖ਼ੂਨਿ ਸ਼ਹੀਦੋਂ ਸੇ।

ਅੰਤ ਵਿੱਚ ਸੰਸਾਰ ਪ੍ਰਸਿੱਧ ਇਤਿਹਾਸਕਾਰ ਚਾਰਲਸ ਬੀਯਰਡ ਦੀਆਂ ਉਹ ਚਾਰ ਸੱਤਰਾਂ ਲਿਖੀਆਂ ਹਨ ਜੋ ਉਸ ਨੇ ਸਮੁੱਚੇ ਇਤਿਹਾਸ ਨੂੰ ਵਰਣਨ ਕਰਦੇ ਲਿਖੀਆਂ ਸਨ। ਉਸ ਦਾ ਕਹਿਣਾ ਸੀ:

1. ਜਿਸ ਨੂੰ ਵਾਹਿਗੁਰੂ ਨੇ ਤਬਾਹ ਕਰਨਾ ਹੁੰਦਾ ਹੈ ਉਸ ਨੂੁੰ ਪਹਿਲਾਂ ਤਾਕਤ ਦੇ ਨਸ਼ੇ ਵਿੱਚ ਪਾਗਲ ਬਣਾ ਦੇਂਦਾ ਹੈ।

2. ਵਾਹਿਗੁਰੂ ਦੀ ਚੱਕੀ ਚਲਦੀ ਬੜੀ ਆਹਿਸਤਾ-ਆਹਿਸਤਾ ਹੈ, ਪਰ ਪੀਸਦੀ ਬੜਾ ਬਾਰੀਕ ਹੈ।

3. ਸ਼ਹਿਦ ਦੀ ਮੱਖੀ ਜਿਸ ਫੁੱਲ ਦਾ ਰਸ ਚੂਸਦੀ ਹੈ ਉਸ ਦੇ ਪਰਾਗ (ਫੁੱਲ ਧੂੜ) ਨੂੰ ਆਪਣੇ ਖੰਭਾਂ ਵਿੱਚ ਸਮੋ ਦੂਰ-ਦੂਰ ਤੱਕ ਹੋਰ ਅਨੇਕਾਂ ਫੁੱਲ ਪੈਦਾ ਕਰਨ ਲਈ ਧਰਤੀ ’ਤੇ ਖਲੇਰ ਦੇਂਦੀ ਹੈ।

4. ਜਦ ਰਾਤ ਘੁੱਪ ਅਨ੍ਹੇਰੀ ਹੋ ਜਾਏ ਤਾਂ ਤਾਰਿਆਂ ਦੀ ਰੌਸ਼ਨੀ ਜ਼ਿਆਦਾ ਹੋ ਚਮਕਣ ਲੱਗ ਪੈਂਦੀ ਹੈ।

‐ 0 ‐

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version