ਲੇਖ

ਕਿਸਾਨੀ ਸੰਘਰਸ਼: ਮਾਨਸਿਕ ਹਮਲੇ, ਜਮੀਨੀ ਤੇ ਬਿਜਲਈ ਸੰਸਾਰ ਦਾ ਫਰਕ

By ਸਿੱਖ ਸਿਆਸਤ ਬਿਊਰੋ

February 10, 2021

ਕਿਸਾਨੀ ਸੰਘਰਸ਼ ਦੌਰਾਨ 26 ਜਨਵਰੀ ਤੋਂ ਅਗਲੇ 3-4 ਦਿਨ ਅਸਲ ਮਾਅਨੇ ਵਿੱਚ ਸੰਘਰਸ਼ ਦਾ ਦੌਰ ਸੀ। 26 ਤਰੀਕ ਦੇ ਘਟਨਾਕ੍ਰਮ ਤੋਂ ਬਾਅਦ ਸਰਕਾਰ ਨੇ ਕਿਸਾਨਾਂ ਦੇ ਲਾਲ ਕਿਲੇ ‘ਚ ਦਾਖਲੇ, ਕੇਸਰੀ ਨਿਸ਼ਾਨ ਤੇ ਕਿਸਾਨੀ ਝੰਡਾ ਝੁਲਾਉਣ ਅਤੇ ਤਿਰੰਗੇ ਦੇ ਕਥਿਤ ਅਪਮਾਨ ਦੇ ਹਵਾਲੇ ਨਾਲ ਗੋਦੀ ਮੀਡੀਏ ਰਾਹੀਂ ਮਨੋਵਿਗਿਆਨਿਕ ਹਮਲਾ ਵਿੱਢਿਆ।

ਕਿਸਾਨ ਆਗੂ, ਸੋਸ਼ਲ ਮੀਡੀਆ ਉੱਪਰਲੇ ਕਿਸਾਨੀ ਸੰਘਰਸ਼ ਦੇ ਹਿਮਾਇਤੀ ਅਤੇ ਇਨ੍ਹਾਂ ਰਾਹੀਂ ਆਮ ਲੋਕ ਵੀ ਇਸ ਮਨੋਵਿਗਿਆਨਿਕ ਹਮਲੇ ਦੀ ਮਾਰ ਹੇਠ ਆਏ। ਆਗੂਆਂ ਨੇ ਇਸ ਮਨੋਵਿਗਿਆਨਿਕ ਹਮਲੇ ਦੇ ਅਸਰ ਹੇਠ ਅੰਦੋਲਨ ਨੂੰ ਅਖੌਤੀ ਤੌਰ ਉੱਤੇ ਨਕਾਮ ਕਰਨ ਦੇ ਦੋਸ਼ ਤੇ ਗੱਦਾਰੀਆਂ ਦੇ ਫਤਵੇ ਜਾਰੀ ਕਰਨੇ ਸ਼ੁਰੂ ਕਰ ਦਿੱਤੇ। ਸੋਸ਼ਲ ਮੀਡੀਆ ਤੇ ਕਿਸਾਨੀ ਸੰਘਰਸ਼ ਦੇ ਹਿਮਾਇਤੀ ਕਿਸੇ ਦੇ ਹੱਕ-ਵਿਰੋਧ ਵਿੱਚ ਪੂਰੀ ਤਰ੍ਹਾਂ ਵੰਡੇ ਗਏ ਤੇ ਆਪਸ ਵਿੱਚ ਹੀ ਉਲਝਦੇ ਰਹੇ। ਕਿਸਾਨੀ ਸੰਘਰਸ਼ ਵਿਚਲੇ ਆਮ ਲੋਕ ਇੰਟਰਨੈਟ ਬੰਦ ਹੋਣ, ਤਣਾਅ ਸਿਖਰਾਂ ਵੱਲ ਜਾਣ ਅਤੇ ਆਗੂਆਂ ਦੀ ਨਾਕਾਰਾਤਮਿਕ ਬਿਆਨਬਾਜ਼ੀ ਕਰਕੇ ਢਹਿੰਦੀ ਕਲਾ ਦੇ ਅਸਰ ਹੇਠ ਆਏ।

26 ਜਨਵਰੀ ਦੀ ਸ਼ਾਮ ਤੱਕ ਮੋਰਚੇ ਵਿੱਚ ਚੜ੍ਹਦੀਕਲਾ ਵਾਲਾ ਮਹੌਲ ਸੀ ਜੋ ਕਿ 27 ਤਰੀਕ ਨੂੰ ਸਰਕਾਰ ਦੇ ਮਨੋਵਿਗਿਆਨਕ ਹਮਲੇ ਦੇ ਅਸਰ ਹੇਠ ਸਟੇਜ ਤੋਂ ਹੋਈਆਂ ਤਕਰੀਰਾਂ ਤੇ ਮੋਰਚੇ ਤੋਂ ਬਾਹਰੋਂ ਜਾਣਕਾਰਾਂ ਵੱਲੋਂ ਫੋਨਾਂ ਉੱਤੇ ਵਰਤਾਈਆਂ ਜਾ ਰਹੀਆਂ ਖਬਰਾਂ ਕਰਕੇ ਨਿਰਾਸਾ ਦੇ ਆਲਮ ਵਿੱਚ ਬਦਲ ਗਿਆ। ਜਦੋਂ ਮੋਰਚਾ ਇਹ ਮਾਨਸਿਕ ਹਮਲੇ ਦੀ ਜਕੜ ਦੇ ਅਸਰ ਹੇਠ ਆ ਗਿਆ ਤਾਂ ਫਿਰ ਸਰਕਾਰੀ ਸ਼ਹਿ ਹੇਠ ਮੋਰਚੇ ਉੱਤੇ ਸਰੀਰਕ ਹਮਲੇ ਸ਼ੁਰੂ ਹੋਏ। ਭਾਜਪਾ ਵੱਲੋਂ ਉਕਸਾਏ ਕੁਝ ਗਿਰੋਹਾਂ ਨੇ ਪੰਜਾਬ ਵੱਲ ਵਾਪਿਸ ਪਰਤ ਰਹੇ ਕਿਸਾਨਾਂ ਨੂੰ ਰਾਹ ਵਿੱਚ ਰੋਕ ਕੇ ਜਲੀਲ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ। ਕੁਝ ਵਾਰ ਗੱਲ ਸਰੀਰਕ ਹਮਲੇ ਨੇੜੇ ਪੁੱਜ ਜਾਂਦੀ ਰਹੀ। ਉੱਧਰ ਮੋਰਚੇ ਵਿਖੇ ਸਰਕਾਰੀ ਸਖਤੀ ਵਧਾ ਕੇ ਬਦਮਾਸ਼ਾਂ ਦੇ ਗਿਰੋਹਾਂ ਰਾਹੀਂ ਹਮਲੇ ਕਰਵਾਏ ਗਏ। ਇੰਟਰਨੈਟ ਬੰਦ ਹੋਣ ਕਾਰਨ ਸਹੀ ਤੇ ਵੇਲੇ ਸਿਰ ਗੱਲ ਬਾਹਰ ਨਹੀਂ ਸੀ ਪੁੱਜ ਰਹੀ। ਜਦੋਂ ਮੋਰਚੇ ਵਿੱਚ ਪਲ-ਪਲ ਸਥਿਤੀ ਬਦਲ ਰਹੀ ਸੀ ਉਦੋਂ ਲੀਡਰਸ਼ਿੱਪ ਅਤੇ ਸੋਸ਼ਲ ਮੀਡੀਆ ਵਾਲਾ ਸਮਰਥਕ ਹਿੱਸਾ 26 ਜਨਵਰੀ ਦੇ ਘਟਨਾਕ੍ਰਮ ਉੱਤੇ ਹੀ ਅੜਿਆ ਖੜ੍ਹਾ ਸੀ ਤੇ ਸਾਰੀ ਬਹਿਸਬਾਜੀ ਉਸ ਘਟਨਾਕ੍ਰਮ ਦੇ ਸਹੀ-ਗਲਤ ਦੁਆਲੇ ਘੁੰਮਦੀ ਰਹੀ। ਇਹ ਗੱਲ ਧਿਆਨ ਦੇਣ ਵਾਲੀ ਹੈ ਕਿ 31 ਜਨਵਰੀ ਤੋਂ ਬਾਅਦ ਜਦੋਂ ਹਾਲਾਤ ਮੁੜ ਸੁਖਾਵੇਂ ਹੋਣੇ ਸ਼ੁਰੂ ਹੋਰੇ ਤਾਂ ਇਸ ਵਾਰ ਚਰਚਾ ਫਰਵਰੀ ਚ ਵਾਪਰਨ ਵਾਲੀਆਂ ਗੱਲਾਂ, ਗਾਜ਼ੀਪੁਰ ਦੀ ਚੜ੍ਹਤ ਤੇ ਹੋਰ ਰੋਜ਼ਮਰ੍ਹਾ ਦੀਆਂ ਘਟਨਾਵਾਂ ਬਾਰੇ ਚੱਲਣ ਲੱਗ ਪਈ। ਸਾਰੀ ਹਾਲਤ ਵੇਖ ਕੇ ਲੱਗਦਾ ਹੈ ਕਿ ਸ਼ਾਇਦ ਮੋਰਚੇ ਵਿੱਚ 27-31 ਜਨਵਰੀ ਦੇ ਦਿਨ ਵਾਪਰੇ ਹੀ ਨਾ ਹੋਣ।

ਹੁਣ ਜਦੋਂ ਪੱਤਰਕਾਰਾਂ ਦੀ ਮੋਰਚੇ ਵਿੱਚ ਵਾਪਸੀ ਹੋਈ ਹੈ ਅਤੇ ਇੰਟਰਨੈਟ ਵੀ ਮੁੜ ਬਹਾਲ ਹੋ ਗਿਆ ਹੈ ਤਾਂ ਵੀ ਬਹੁਤੇ ਹਿੱਸੇ ਵਿੱਚ ਉਹਨਾਂ ਦਿਨਾਂ ਦੇ ਸੰਘਰਸ਼ ਨੂੰ ਜਾਨਣ ਦੀ ਰੁਚੀ ਆਪਣੇ ਆਪ ਪਰਗਟ ਨਹੀਂ ਹੋਈ ਜਿਹਨਾਂ ਦਿਨਾਂ ਦੌਰਾਨ ਮੋਰਚੇ ਵਿੱਚ ਆਮ ਦਿਨਾਂ ਦੇ ਮੁਕਾਬਲੇ ਗਿਣਤੀ ਦੇ ਜੀਅ ਹੀ ਰਹਿ ਗਏ ਸਨ, ਜਦੋਂ ਵਿਅਸਤ ਰਹਿਣ ਵਾਲੇ ਖੇਮੇ ਵੀ ਖਾਲੀ ਹੋ ਗਏ ਸਨ ਅਤੇ ਜਦੋਂ ਮੋਰਚੇ ਨੂੰ ਖਦੇੜਨ ਲਈ ਸਰਕਾਰੀ ਬਦਮਾਸ਼ਾਂ ਦੇ ਟੋਲੇ ਹੱਲੇ ਕਰ ਰਹੇ ਸਨ। ਹੁਣ ਜਦੋਂ ਇਹ ਗੱਲਾਂ ਲਿਖ ਰਹੇ ਹਾਂ ਤਾਂ ਕੁਝ ਹੋਰ ਨਵੇਂ ਮਸਲੇ ਉੱਭਰ ਚੁੱਕੇ ਹਨ ਜਿਨ੍ਹਾਂ ਉੱਤੇ ਭਖਵੀਆਂ ਤੇ ਜਜਬਾਤੀ ਚਰਚਾਵਾਂ ਜੋਰਾਂ ਉੱਤੇ ਹਨ। ਅਜਿਹੇ ਵਿੱਚ ਸ਼ਾਇਦ ਇਸ ਲਿਖਤ ਅਤੇ 27-31 ਦੇ ਮਹੌਲ ਬਾਰੇ ਕੁਝ ਖਬਰ ਅਦਾਰਿਆਂ ਨਾਲ ਲੋਕਾਂ ਵੱਲੋਂ ਕੀਤੀ ਗੱਲਬਾਤ ਵੱਲ ਕਿਸੇ ਦਾ ਬਹੁਤਾ ਧਿਆਨ ਨਾ ਜਾਵੇ ਪਰ ਫਿਰ ਵੀ ਆਪਣਾ ਫਰਜ਼ ਜਾਣ ਕੇ ਇਸ ਬਾਰੇ ਹੋਕਾ ਜਰੂਰ ਦੇ ਰਹੇ ਹਾਂ ਕਿ:-

੧. ਜਮੀਨੀ ਹਾਲਾਤ ਜਮੀਨ ਉੱਤੇ ਖੜ੍ਹ ਕੇ ਵੱਧ ਜਾਣੇ ਤੇ ਮਹਿਸੂਸ ਕੀਤੇ ਜਾ ਸਕਦੇ ਹਨ। ਬਿਜਲ-ਜਗਤ ਰਾਹੀਂ ਪੂਰੀ ਜਮੀਨੀ ਹਕੀਕਤ ਦਾ ਪਤਾ ਨਹੀਂ ਲੱਗਦਾ।

੨. ਲੋੜਾਂ ਤੇ ਸੰਭਾਵਨਾਵਾਂ ਬਾਰੇ ਵੀ ਅਸਲ ਵਿੱਚ ਜਮੀਨੀ ਹਾਲਾਤ ਦੇ ਅਜਿਸਾਸ ਨਾਲ ਹੀ ਪਤਾ ਲੱਗਦਾ ਹੈ, ਨਹੀਂ ਤਾਂ ਜੋ ਨੁਕਤਾ ਬਿਜਲ-ਜਗਤ ਉੱਤੇ ਨਸ਼ਰ ਹੋ ਜਾਵੇ ਸਭ ਉਸੇ ਵੱਲ ਹੋ ਜਾਂਦੇ ਹਨ ਤੇ ਦੂਜੇ ਬਰਾਬਰ ਦੇ ਜਾਂ ਵੱਧ ਅਹਿਮ ਨੁਕਤੇ ਅੱਖੋਂ ਪਰੋਖੇ ਹੀ ਰਹਿ ਜਾਂਦੇ ਹਨ।

੩. ਸੋਸ਼ਲ ਮੀਡੀਆ ਦੇ ਹਿੱਸੇ ਦੀ ਹਿਮਾਇਤ ਬਹੁਤ ਹੀ ਅਹਿਮ ਹੈ ਪਰ ਉਹ ਕਾਰਗਰ ਤਾਂ ਹੀ ਹੋ ਸਕਦੀ ਹੈ ਜੇਕਰ ਉਹ ਜਮੀਨੀ ਹਾਲਾਤ ਨਾਲ ਜੁੜੀ ਹੋਵੇ।

੪. ਜਮੀਨੀ ਹਾਲਾਤ ਤੋਂ ਟੁੱਟੀ ਬਿਜਲ-ਹਿਮਾਇਤ ਇੱਕ ਵੱਖਰਾ ਸੰਸਾਰ ਹੀ ਬਣ ਜਾਂਦੀ ਹੈ ਤੇ 27-31 ਜਨਵਰੀ ਦਾ ਘਟਨਾਕ੍ਰਮ ਦਰਸਾਉਂਦਾ ਹੈ ਕਿ ਖਿਆਲੀ ਜਗਤ ਦੇ ਮਾਨਸਿਕ ਹਮਲੇ ਦੇ ਅਸਰ ਹੇਠ ਆਉਣ ਦੀ ਵੱਧ ਸੰਭਾਵਨਾ ਹੁੰਦੀ ਹੈ; ਕਿਉਂਕਿ ਉਹਨਾਂ ਦਿਨਾਂ ਦੌਰਾਨ ਜਮੀਨ ਉੱਤੇ ਰਹੇ ਲੋਕ ਸਰੀਰਕ ਹਮਲੇ ਹੋਣ ਨਾਲ ਮਾਨਸਿਕ ਹਮਲੇ ਦੇ ਅਸਰ ਹੇਠੋਂ ਬਹੁਤ ਪਹਿਲਾਂ ਬਾਹਰ ਨਿੱਕਲ ਆਏ ਸਨ।

੫. ਸੋਸ਼ਲ ਮੀਡੀਆ ਉੱਤੇ ਚਰਚਾ ਸਹੀ-ਗਲਤ ਅਤੇ ਹੱਕ-ਵਿਰੋਧ ਦੇ ਵੱਖ-ਵੱਖ ਤੇ ਪੱਕੇ ਦਾਇਰਿਆਂ ਵਿੱਚ ਚੱਲਦੀ ਹੈ ਜਦਕਿ ਹਕੀਕਤ ਵਿੱਚ ਬਹੁਤੀ ਵਾਰ ਇਹ ਦਾਇਰੇ ਨਾ ਤਾਂ ਬਹੁਤੇ ਵੱਖੋ-ਵੱਖ ਹੁੰਦੇ ਹਨ ਅਤੇ ਨਾਂ ਹੀ ਬਹੁਤੇ ਪੱਕੇ ਹੁੰਦੇ ਹਨ।

੬. ਜੇਕਰ ਅਸੀਂ ਘਟਨਾਕ੍ਰਮਾਂ, ਵਰਤਾਰਿਆਂ ਅਤੇ ਆਪਣੇ ਵਿਹਾਰ ਦੀ ਪੜਚੋਲ ਨਹੀਂ ਕਰਦੇ ਤਾਂ ਸਾਨੂੰ ਆਪਣੀਆਂ ਘਾਟਾਂ-ਕਮਜੋਰੀਆਂ ਦਾ ਪਤਾ ਨਹੀਂ ਲੱਗਦਾ। ਬਿਨਾ ਘਾਟਾਂ-ਕਮਜੋਰੀਆਂ ਨੂੰ ਦੂਰ ਕੀਤਿਆਂ ਪਹਿਲਾਂ ਵਾਪਰ ਰਹੇ ਨਾਲੋਂ ਵੱਖਰੇ ਤੇ ਬਿਹਤਰ ਨਤੀਜੇ ਹਾਸਿਲ ਨਹੀਂ ਕੀਤੇ ਜਾ ਸਕਦੇ।

ਆਸ ਹੈ ਕਿ ਕਿਸਾਨੀ ਸੰਘਰਸ਼ ਦਾ ਸੁਹਿਰਦ ਹਿਮਾਇਤੀ ਹਿੱਸਾ ਇਹਨਾਂ ਬੇਨਤੀਆਂ ਵੱਲ ਗੌਰ ਕਰੇਗਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: