ਜਦੋਂ ਅਜ਼ਾਦਨਾਮਾ ਕਿਤਾਬ ਲਈ ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ ਅਤੇ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਦੀਆਂ ਜੇਲ੍ਹ ਚਿੱਠੀਆਂ ਇਕੱਤਰ ਕਰਨੀਆਂ ਸ਼ੁਰੂ ਕੀਤੀਆਂ ਤਾਂ ਸਬੱਬ ਨਾਲ ਪਹਿਲੀ ਮੁਲਾਕਾਤ ਮਾਤਾ ਸੁਰਜੀਤ ਕੌਰ, ਸ਼ਹੀਦ ਭਾਈ ਬਲਜਿੰਦਰ ਸਿੰਘ ਰਾਜੂ ਦੇ ਮਾਤਾ ਜੀ ਨਾਲ ਅੰਮ੍ਰਿਤਸਰ ਵਿਖੇ ਹੋਈ। ਮਾਤਾ ਜੀ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਦੇ ਮਾਮੀ ਜੀ ਹਨ। ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ ਦਾ ਇਹਨਾ ਨਾਲ ਬਹੁਤ ਸਨੇਹ ਸੀ ਤੇ ਉਹ ਮਾਤਾ ਜੀ ਨੂੰ ਬੀਜੀ ਕਹਿੰਦੇ ਸਨ।
ਜਦੋਂ ਅਸੀਂ ਮਾਤਾ ਜੀ ਦੇ ਘਰ ਪਹੁੰਚੇ ਤਾਂ ਉਹ ਬਹੁਤ ਅਪਣੱਤ ਨਾਲ ਮਿਲੇ। ਉਹਨਾ ਨੂੰ ਸਾਡੇ ਆਉਣ ਬਾਰੇ ਪਹਿਲਾਂ ਹੀ ਪਤਾ ਸੀ। ਮਾਤਾ ਜੀ ਨੇ ਉਸ ਦਿਨ ਦੀ ਗੱਲ ਸੁਣਾਉਣੀ ਸ਼ੁਰੂ ਕੀਤੀ ਜਿਸ ਦਿਨ ਸ਼ਹੀਦ ਭਾਈ ਸੁੱਖਾ-ਜਿੰਦਾ ਤੇ ਸ਼ਹੀਦ ਭਾਈ ਰਾਜੂ ਸੰਘਰਸ਼ ਦੇ ਰਸਤੇ ਉੱਤੇ ਘਰਾਂ ਨੂੰ ਅਲਵਿਦਾ ਆਖ ਕੇ ਤੁਰੇ ਸਨ। ਮਾਤਾ ਜੀ ਇੰਨੀ ਭਾਵਨਾ ਨਾਲ ਉਸ ਵੇਲੇ ਨੂੰ ਬਿਆਨ ਕਰ ਰਹੇ ਸਨ ਕਿ ਸਾਡੇ ਮਨਾਂ ਵਿਚ ਵੀ ਉਸ ਵੇਲੇ ਖਿਆਲ ਦ੍ਰਿਸ਼ ਬਣਕੇ ਚੱਲਣ ਲੱਗ ਪਏ।
ਉਹਨਾ ਦੱਸਿਆ ਕਿ ਕਿਵੇਂ ਭਾਈ ਸਾਹਿਬਾਨ ਉਹਨਾ ਦੇ ਘਰ ਰਾਜਸਥਾਨ ਪਹੁੰਚੇ।
ਮਾਤਾ ਜੀ ਨੇ ਕਹਾ “ਉਹ ਮੈਨੂੰ ਕੁਝ ਦੱਸ ਨਹੀਂ ਸੀ ਰਹੇ ਪਰ ਜਿਵੇਂ ਉਹ ਲੀੜੇ ਬਦਲ ਰਹੇ ਸਨ ਤੇ ਅੰਦਰ-ਬਾਹਰ ਹੋ ਰਹੇ ਸਨ, ਮੈਨੂੰ ਸੁੱਝ ਗਿਆ ਸੀ ਕਿ ਇਹ ਕੀ ਕਰ ਰਹੇ ਹਨ ਤੇ ਕਿਉਂ”।
ਭਾਈ ਸਾਹਿਬਾਨ ਨੇ ਮਾਤਾ ਜੀ ਨੂੰ ਸਵੇਰੇ ਛੇਤੀ ਉਠਾ ਦੇਣ ਤੇ ਉਹਨਾ ਲਈ ਵਾਕ (ਹੁਕਮਨਾਮਾ ਸਾਹਿਬ) ਲੈਣ ਲਈ ਕਿਹਾ।
ਮਾਤਾ ਜੀ ਨੇ ਦੱਸਿਆ ਕਿ “ਮੈਂ ਸਵੇਰੇ ਅੰਮ੍ਰਿਤਵੇਲੇ ਉੱਠ ਕੇ ਇਹਨਾ ਨੂੰ ਉਠਾ ਦਿੱਤਾ। ਫਿਰ ਇਸ਼ਨਾਨ ਕਰਕੇ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਕੀਤੇ। ਅਰਦਾਸ ਕੀਤੀ ਤੇ ਹੁਕਮਨਾਮਾ ਲਿਆ। ਫਿਰ ਮੈਂ ਇਹਨਾ ਨੂੰ ਕਿਹਾ ਕਿ ਹੁਕਮਨਾਮੇ ਮੁਤਾਬਿਕ ਦੱਸੋ ਹੁਣ ਤੁਹਾਡੇ ਵਿਚੋਂ ਹੰਸ ਕਿਹੜੇ-੨ ਹਨ ਤੇ ਬਗਲੇ ਕਿਹੜੇ ਹਨ। ਇਹ ਕੁਝ ਨਹੀਂ ਬੋਲੇ ਬੱਸ ਮੁਸਕਿਰਾਉਂਦੇ ਰਹੇ।”
“ਇਹਨਾ ਦੇ ਘਰੋਂ ਚਲੇ ਜਾਣ ਤੋਂ ਬਾਅਦ ਮੈਂ ਸਾਰੇ ਵਿਹੜੇ ਵਿਚ ਪਾਣੀ ਦਾ ਛੱਟਾ ਦੇ ਕੇ ਝਾੜੂ ਲਾ ਦਿੱਤਾ। ਇਸੇ ਤਰ੍ਹਾਂ ਇਕ ਰੁੱਖ ਦਾ ਛਾਪਾ ਲੈ ਕੇ ਘਰ ਦੇ ਆਸੇ ਪਾਸੇ ਤੇ ਰਾਹ ਉੱਤੇ ਦੂਰ ਤੱਕ ਫੇਰ ਕੇ ਇਹਨਾ ਦੀਆਂ ਪੈੜਾਂ ਮਿਟਾ ਦਿੱਤੀਆਂ। ਮੈਨੂੰ ਸੁੱਝ ਰਹੀ ਸੀ ਕਿ ਪੁਲਿਸ ਕਿਸੇ ਵੀ ਵੇਲੇ ਆ ਜਾਵੇਗੀ ਤੇ ਉਹਨਾ ਨੂੰ ਇਹਨਾ ਦੀ ਪੈੜ ਨਹੀਂ ਮਿਲਣੀ ਚਾਹੀਦੀ।”
ਮਾਤਾ ਸੁਰਜੀਤ ਕੌਰ ਅਰਦਾਸ ਕਰਕੇ ਪੁੱਤਰਾਂ ਨੂੰ ਆਪਣੇ ਹੱਥੀਂ ਜੰਗ ਤੇ ਸ਼ਹਾਦਤ ਦੇ ਰਾਹ ਤੌਰਨ ਦੀ ਗੱਲ ਜਿਸ ਭਾਵਨਾ ਨਾਲ ਸੁਣਾ ਰਹੇ ਸਨ ਕਿ ਸੁਣ ਕੇ ਮਨ ਸੁੰਨ ਹੋ ਰਿਹਾ ਸੀ।
ਮਾਤਾ ਜੀ ਨੇ ਸ਼ਹੀਦਾਂ ਦੀਆਂ ਬਹੁਤ ਗੱਲਾਂ ਸੁਣਾਈਆਂ। ਉਹਨਾ ਗੱਲ ਅਹਿਜੇ ਸਹਿਜ ਵਿਚ ਸ਼ੁਰੂ ਕੀਤੀ ਸੀ ਕਿ ਸੁਣਦੇ-੨ ਅਸੀਂ ਇੰਨਾ ਖੁਭ ਗਏ ਉਸ ਵੇਲੇ ਇਹ ਸੁੱਝਿਆ ਹੀ ਨਾ ਕਿ ਇਹ ਗੱਲਬਾਤ ਭਰ ਲਈ ਜਾਵੇ। ਬਾਅਦ ਵਿਚ ਸਾਨੂੰ ਲੱਗਾ ਕਿ ਹੋਰ ਨਹੀਂ ਤਾਂ ਮਾਤਾ ਜੀ ਦੀ ਆਵਾਜ਼ ਫੋਨ ਵਿਚ ਹੀ ਭਰ ਲੈਣੀ ਚਾਹੀਦੀ ਸੀ। ਹੁਣ ਅੱਗੇ ਕੋਸ਼ਿਸ਼ ਕਰਾਂਗੇ ਕਿ ਮਾਤਾ ਜੀ ਨਾਲ ਖੁੱਲ੍ਹੀ ਗੱਲਬਾਤ ਭਰ ਲਈ ਜਾਵੇ।
ਮਾਤਾ ਜੀ ਨੇ ਚਿੱਠੀਆਂ ਦਾ ਸਾਰਾ ਪੁਲੰਦਾ ਜੋ ਉਹਨਾ ਕੋਲ ਸੀ ਸਾਨੂੰ ਦੇ ਦਿੱਤਾ। ਇਸ ਵਿਚ ਜਿਆਦਾ ਚਿੱਠੀਆਂ ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ ਦੀਆਂ ਸਨ। ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਦੀਆਂ ਵੀ ਕੁਝ ਚਿੱਠੀਆਂ ਸਨ। ਭਾਈ ਸਾਹਿਬਾਨ ਵੱਲੋਂ ਜੇਲ੍ਹ ਵਿਚੋਂ ਲਿਖੀ ਆਤਮ-ਬਿਆਨੀ ਦੀਆਂ ਨਕਲਾਂ ਵੀ ਇਸ ਵਿਚ ਸਨ। ਮਾਤਾ ਜੀ ਨੇ ਕਿਹਾ ਕਿ ਇਹਨਾ ਨਕਲਾਂ ਦੀ ਅਸਲ ਤੁਹਾਨੂੰ ਮੰਡਿਆਲੇ ਵਾਲਿਆਂ (ਭੈਣਜੀ ਬਲਵਿੰਦਰ ਕੌਰ) ਕੋਲੋਂ ਮਿਲ ਜਾਵੇਗੀ। ਇਸ ਪੁਲੰਦੇ ਵਿਚ ਇੰਗਲੈਂਡ ਦੀ ਜੇਲ੍ਹ ਵਿਚ ਕੈਦ ਰਹੇ ਭਾਈ ਰਾਜਿੰਦਰ ਸਿੰਘ ਮੁਗਲਵਾਲ ਅਤੇ ਭਾਈ ਮਨਜੀਤ ਸਿੰਘ ਖਾਨੋਵਾਲ ਵੱਲੋਂ ਮਾਤਾ ਸੁਰਜੀਤ ਕੌਰ ਜੀ ਨੂੰ ਲਿਖੀਆਂ ਦੋ ਚੜ੍ਹਦੀ ਕਲਾ ਵਾਲੀਆਂ ਚਿੱਠੀਆਂ ਵੀ ਮਿਲਿਆਂ। ਇਹ ਚਿੱਠੀਆਂ ਵੀ ਅਜ਼ਾਦਨਾਮਾ ਕਿਤਾਬ ਵਿਚ ਅੰਤਿਕਾਵਾਂ ਵਿਚ ਸ਼ਾਮਿਲ ਕੀਤੀਆਂ ਹਨ।
ਮਾਤਾ ਸੁਰਜੀਤ ਕੌਰ ਜਿਹੀਆਂ ਮਾਵਾਂ ਦਾ ਸਿਦਕ, ਸਿਰੜ, ਦ੍ਰਿੜਤਾ ਅਤੇ ਖਾਲਸਾ ਪੰਥ ਨੂੰ ਸਮਰਪਣ ਵੇਖ ਕੇ ਉਹਨਾ ਦੇ ਸਤਿਕਾਰ ਵਿਚ ਸਿਰ ਸਦਾ ਨਿਵਦਾ ਹੈ।
ਵੀਰ ਰਣਜੀਤ ਸਿੰਘ ਨੇ ੯ ਅਕਤੂਬਰ ੨੦੨੩ ਨੂੰ ਸ਼ਹੀਦ ਭਾਈ ਸੁੱਖਾ-ਜਿੰਦਾ ਦੇ ਸ਼ਹੀਦੀ ਦਿਹਾੜੇ ਮੌਕੇ ਕਿਤਾਬ ਦੀ ਮੁੱਢਲੀ ਛਾਪ ਮਾਤਾ ਜੀ ਨੂੰ ਭੇਟ ਕੀਤੀ ਸੀ। ਉਹਨਾ ਕਿਤਾਬ ਵੇਖੀ ਤੇ ਬਹੁਤ ਪਿਆਰ ਨਾਲ ਅਸ਼ੀਰਵਾਦ ਦਿੱਤਾ।
ਹੁਣ ਕਿਤਾਬ ਛਪ ਕੇ ਆ ਚੁੱਕੀ ਹੈ। ਤੁਸੀਂ ਇਹ ਕਿਤਾਬ ਦੁਨੀਆ ਭਰ ਵਿਚ ਕਿਤੇ ਵੀ ਮੰਗਵਾ ਸਕਦੇ ਹੋ। ਕਿਤਾਬ ਵਿਚ ਬਹੁਤਾਤ ਚਿੱਠੀਆਂ ਪਹਿਲੀ ਵਾਰ ਛਪੀਆਂ ਹਨ।