ਬੀਤੇ ਦਿਨੀਂ ਯੂਪੀ ਦੇ ਲਖੀਮਪੁਰ ਖੀਰੀ ਵਿਖੇ ਜੋ ਖੂਨੀ ਘਟਨਾ ਵਾਪਰੀ ਉਸ ਵਿੱਚ ਕਈ ਜਾਨਾਂ ਗਈਆਂ ਅਤੇ ਕਈ ਵਿਅਕਤੀ ਜਖਮੀ ਵੀ ਹੋਏ। ਇਸ ਘਟਨਾ ਤੋਂ ਕੁਝ ਦਿਨ ਪਹਿਲਾਂ ਭਾਜਪਾ ਦੇ ਐਮ. ਪੀ ਅਜੈ ਮਿਸ਼ਰਾ ਨੇ ਕਿਸਾਨਾਂ ਨੂੰ ਚਿੱਟੇ ਨੰਗੇ ਸ਼ਬਦਾਂ ਵਿੱਚ ਧਮਕੀ ਵੀ ਦਿੱਤੀ ਸੀ ਜਿਸ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਇਹ ਸਭ ਅਚਨਚੇਤ ਨਹੀਂ ਹੋਇਆ। ਵੱਖ-ਵੱਖ ਵਿਸ਼ਲੇਸ਼ਣਾਂ ਅਤੇ ਬਿਜਲ ਸੱਥ (ਸੋਸ਼ਲ ਮੀਡੀਆ) ਉੱਤੇ ਵਾਇਰਲ ਹੋਇਆਂ ਵੀਡੀਓ ਤੋਂ ਇਹ ਗੱਲ ਸਾਫ ਹੋ ਜਾਂਦੀ ਹੈ ਕਿ ਇਹ ਸੋਚ ਸਮਝ ਕੇ ਕੀਤਾ ਗਿਆ ਕਾਰਾ ਹੈ। ਇਸ ਘਟਨਾ ਪਿੱਛੋਂ ਕਿਸਾਨ ਆਗੂਆਂ ਦਾ ਸਮੂਹਿਕ ਰੂਪ ਵਿੱਚ ਕੋਈ ਠੋਸ ਅਮਲ ਨਾ ਦਿਖਾਉਣ ਕਰਕੇ ਅਤੇ ਬਹੁਤੇ ਆਗੂਆਂ ਦੇ ਓਥੇ ਨਾ ਪਹੁੰਚਣ ਕਰਕੇ ਲੋਕਾਂ ਵੱਲੋਂ ਆਗੂਆਂ ਉੱਤੇ ਮੁੜ ਸਵਾਲ ਕੀਤੇ ਜਾ ਰਹੇ ਹਨ। ਰਿਕੇਸ਼ ਟਿਕੈਤ ਵੱਲੋਂ ਕੀਤੇ ਗਏ ਸਮਝੌਤੇ ਉੱਤੇ ਵੀ ਸੰਤੁਸ਼ਟੀ ਨਹੀਂ ਦਿਖਾਈ ਜਾ ਰਹੀ ਜਿਸ ਵਿੱਚ ਮਿਰਤਕਾਂ ਨੂੰ 45-45 ਲੱਖ ਰੁਪਏ ਅਤੇ ਪਰਿਵਾਰ ਦੇ ਇਕ ਇਕ ਜੀਅ ਨੂੰ ਨੌਕਰੀ, ਇਸ ਤੋਂ ਇਲਾਵਾ ਜਖਮੀਆਂ ਨੂੰ 10-10 ਲੱਖ ਰੁਪਏ ਅਤੇ ਦੋਸ਼ੀਆਂ ‘ਤੇ ਪਰਚੇ ਦਰਜ ਕਰਨ ਦੀ ਗੱਲ ਸ਼ਾਮਿਲ ਹੈ। ਇਹ ਘਟਨਾ ਯੂਪੀ ਦੀ ਹੋਣ ਕਰਕੇ ਇਸ ਨੂੰ ਇਸ ਦੇ ਇਤਿਹਾਸਕ ਪ੍ਰਸੰਗ ਵਿੱਚ ਵੀ ਵੇਖਿਆ ਜਾ ਰਿਹਾ ਹੈ ਜੋ ਕਿ ਬਹੁਤ ਅਹਿਮ ਹੈ ਅਤੇ ਵੇਖਣਾ ਚਾਹੀਦਾ ਵੀ ਹੈ। ਇਸ ਦੇ ਨਾਲ ਨਾਲ ਇੱਕ ਅਹਿਮ ਪੱਖ ਹੋਰ ਵੀ ਹੈ ਜੋ ਚੱਲ ਰਹੇ ਕਿਸਾਨੀ ਸੰਘਰਸ਼ ਨਾਲ ਜੁੜਿਆ ਹੈ ਜਿਸ ਦੀ ਗੱਲ ਪਿਛਲੇ ਸਾਲ ਦਸੰਬਰ ਵਿੱਚ ਲਿਖੀ ਲਿਖਤ ਵਿੱਚ ਕੀਤੀ ਸੀ ਕਿ ਇੱਕ ਵਾਰ ਫਿਰ ਇਹ ਹਉਮੈ ਦੇ ਬੁੱਤ ਟੁੱਟੇ ਨੇ ਅਤੇ ਜਦੋਂ ਇਹ ਟੁੱਟਦੇ ਨੇ ਤਾਂ ਇਹ ਚੁੱਪ ਨਹੀਂ ਬੈਠਦੇ, ਹਰਕਤ ‘ਚ ਆਉਂਦੇ ਹਨ ਅਤੇ ਜਿੰਨ੍ਹਾ ਹੰਕਾਰ ਟੁੱਟਦਾ ਹੈ ਓਨਾ ਹੀ ਕ੍ਰੋਧ ਆਉਂਦਾ ਹੈ। ਇਹ ਦੋਵੇਂ ਨੁਕਤਿਆਂ ਤੋਂ ਹੀ ਇਹ ਸਾਰੇ ਮਸਲੇ ਨੂੰ ਵੇਖਣਾ ਚਾਹੀਦਾ ਹੈ।
ਅਸੀਂ ਜਾਣਦੇ ਹਾਂ ਕਿ ਯੂਪੀ ਵਿੱਚ ਸਿੱਖ ਕਿਰਸਾਨੀ ਨੂੰ ਮੈਲੀ ਅੱਖ ਨਾਲ ਵੇਖਿਆ ਜਾਂਦਾ ਹੈ ਅਤੇ ਵੱਖ-ਵੱਖ ਮਸਲਿਆਂ ‘ਚ ਉਲਝਾ ਕੇ ਰੱਖਣ ਦੇ ਯਤਨ ਵੀ ਲਗਾਤਾਰ ਜਾਰੀ ਰਹਿੰਦੇ ਹਨ। ਅੰਗ੍ਰੇਜ਼ਾਂ ਦੇ ਜਾਣ ਤੋਂ ਫੌਰੀ ਬਾਅਦ ਯੂਪੀ ਦੇ ਇਸ ਤਰਾਈ ਇਲਾਕੇ ਨੂੰ ਵਾਹੀ ਯੋਗ ਬਣਾਉਣ ਦਾ ਅਮਲ ਸ਼ੁਰੂ ਹੋ ਗਿਆ ਸੀ ਪਰ ਕਿਸੇ ਕਿਸਮ ਦਾ ਕੋਈ ਯੋਗ ਪ੍ਰਬੰਧ ਨਾ ਹੋਣ ਕਰਕੇ ਅਤੇ ਖਤਰੇ ਬਹੁਤ ਜਿਆਦਾ ਹੋਣ ਕਰਕੇ ਪੰਜਾਬੀ ਕਿਸਾਨਾਂ (ਤਕਰੀਬਨ ਸਿੱਖ ਕਿਸਾਨ) ਤੋਂ ਬਿਨ੍ਹਾਂ ਹੋਰ ਕਿਸੇ ਨੇ ਇਹ ਹਿੰਮਤ ਨਾ ਦਿਖਾਈ ਕਿ ਉਹ ਇਹਨਾਂ ਜਮੀਨਾਂ ਨੂੰ ਆਪਣੇ ਮੁੜਕਿਆਂ ਦੀ ਮਹਿਕ ਨਾਲ ਆਬਾਦ ਕਰ ਸਕੇ। ਸਿਰਫ ਸਿੱਖ ਕਿਸਾਨਾਂ ਨੇ ਹੀ ਇਹਨਾਂ ਜ਼ਮੀਨਾਂ ਉੱਤੇ ਅਨੇਕਾਂ ਪ੍ਰਕਾਰ ਦੀਆਂ ਤੰਗੀਆਂ-ਤੁਰਛੀਆਂ ਝੱਲ ਕੇ ਆਪਣੀ ਅਣਥੱਕ ਮਿਹਨਤ ਸਦਕਾ ਯੂਪੀ ਦੇ ਇਸ ਤਰਾਈ ਇਲਾਕੇ ਨੂੰ ਆਬਾਦ ਕੀਤਾ। ਹੁਣ ਉੱਥੇ ਕਿਸਾਨ ਚੰਗੀ ਮਿਹਨਤ ਨਾਲ ਵਧੀਆ ਕਮਾਈ ਕਰ ਰਹੇ ਹਨ ਪਰ ਉਹਨਾਂ ਨਾਲ ਵਿਤਕਰਿਆਂ ਦਾ ਦੌਰ ਲਗਾਤਾਰ ਜਾਰੀ ਹੈ। ਜ਼ਮੀਨਾਂ ਦੀ ਲਿਖਤ ਪੜ੍ਹਤ ਨਾ ਹੋਣ ਕਰਕੇ ਜਾਂ ਕੋਈ ਨਾ ਕੋਈ ਹੋਰ ਕਨੂੰਨੀ ਅੜਿੱਕੇ ਡਾਹ ਕੇ ਹਕੂਮਤ ਵੱਲੋਂ ਕਿਸਾਨਾਂ ਤੋਂ ਜਮੀਨ ਖੋਹਣ ਦਾ ਲਗਾਤਾਰ ਸਿਲਸਲਾ ਜਾਰੀ ਹੈ। ਕਦੀ ਉਪਜਾਊ ਜ਼ਮੀਨਾਂ ਨੂੰ ਬੰਜਰ ਲਿਖ ਕੇ ਪਹਾੜੀਆਂ ਦੇ ਨਾਮ ਚਾੜ੍ਹ ਦਿੱਤਾ ਜਾਂਦਾ ਹੈ, ਕਦੀ ਸੱਤਾ ਦੇ ਨਸ਼ੇ ਵਿੱਚ ਗੋਲੀਆਂ ਨਾਲ ਮਾਰ ਦੇਣ ਦਾ ਅਮਲ ਹੁੰਦਾ ਹੈ, ਕਦੀ ਕਿਸਾਨਾਂ ਨੂੰ ਦੂਰ-ਦੂਰ ਦੀਆਂ ਕੋਰਟ ਕਚਿਹਰੀਆਂ ‘ਚ ਉਲਝਾ ਕੇ ਰੱਖਣ ਦਾ ਯਤਨ ਕੀਤਾ ਜਾਂਦਾ ਹੈ, ਇਸ ਤਰ੍ਹਾਂ ਲਗਾਤਾਰ ਇੱਥੋਂ ਦੀ ਸਿੱਖ ਕਿਸਾਨੀ ਹਕੂਮਤ ਦੇ ਵਿਤਕਰੇ ਦਾ ਸ਼ਿਕਾਰ ਹੁੰਦੀ ਆ ਰਹੀ ਹੈ। ਹਾਲ ਹੀ ਵਿੱਚ ਵਾਪਰੀ ਘਟਨਾ ਵੀ ਇਸੇ ਲੜੀ ਦਾ ਹੀ ਹਿੱਸਾ ਹੈ।
ਪਰ ਇਹ ਘਟਨਾ ਨਾਲ ਦੀ ਨਾਲ ਇੱਕ ਹੋਰ ਲੜੀ ਦਾ ਵੀ ਹਿੱਸਾ ਹੈ। ਅਸੀਂ ਜਾਣਦੇ ਹਾਂ ਕਿ ਤਕਰੀਬਨ ਇੱਕ ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਜਦੋਂ ਨਵੇਂ ਬਣੇ ਖੇਤੀ ਕਨੂੰਨ ਆਰਡੀਨੈਂਸ ਦੇ ਰੂਪ ਵਿੱਚ ਆਏ ਸਨ, ਉਦੋਂ ਤੋਂ ਹੀ ਵੱਖ-ਵੱਖ ਤਰੀਕਿਆਂ ਨਾਲ ਇਹਨਾਂ ਦਾ ਵਿਰੋਧ ਹੁੰਦਾ ਆ ਰਿਹਾ ਹੈ। ਹੁਣ ਪਿਛਲੇ 11 ਮਹੀਨਿਆਂ ਤੋਂ ਵੱਡੀ ਗਿਣਤੀ ਵਿੱਚ ਕਿਸਾਨ ਦਿੱਲੀ ਨੂੰ ਘੇਰ ਕੇ ਬੈਠੇ ਹੋਏ ਹਨ ਪਰ ਦਿੱਲੀ ਤਖ਼ਤ ਆਪਣੇ ਸੁਭਾਅ ਤੋਂ ਮਜ਼ਬੂਰ ਹੈ, ਉਹ ਸਾਮਰਾਜੀ ਹੈ ਜੋ ਕਿਸੇ ਵੀ ਮਸਲੇ ਵਿੱਚ ਸ਼ਹਿਰੀਆਂ ਦੀ ਕੋਈ ਸਹਿਮਤੀ ਨਹੀਂ ਲੈਂਦਾ, ਕੋਈ ਦਲੀਲ ਜਾਂ ਅਪੀਲ ਨਹੀਂ ਸੁਣਦਾ/ਮੰਨਦਾ ਸਗੋਂ ਆਪਣੀ ਜਿੱਦ ਸਿਰਫ ਤਾਕਤ ਨਾਲ ਹੀ ਹਾਸਲ ਕਰਨ ਦਾ ਹਾਮੀ ਹੈ। ਇਸੇ ਜਿੱਦ ਕਰਕੇ ਉਹ ਹੁਣ ਤੱਕ ਆਪਣੀ ਗੱਲ ਤੋਂ ਪਿੱਛੇ ਨਹੀਂ ਹਟ ਸਕਿਆ ਪਰ ਇਸ ਸਾਰੇ ਸੰਘਰਸ਼ ਦੌਰਾਨ ਓਹਦੀ ਹਉਮੈ ਨੂੰ ਬਹੁਤ ਸੱਟ ਵੱਜੀ ਹੈ, ਓਹਦੇ ਬਹੁਤ ਸਾਰੇ ਤੀਰ ਨਕਾਰਾ ਹੋਏ ਜਿਸ ਦਾ ਉਸ ਨੂੰ ਕਿਆਸ ਵੀ ਨਹੀਂ ਸੀ। ਇਸ ਲਈ ਸੁਭਾਵਿਕ ਸੀ ਕਿ ਉਸ ਨੇ ਚੁੱਪ ਨਹੀਂ ਬੈਠਣਾ ਕਿਉਂਕਿ ਓਹਦਾ ਇਤਿਹਾਸ ਇਸ ਗੱਲ ਦੀ ਪੁਸ਼ਟੀ ਕਰਦਾ ਹੈ। ਕੁਝ ਦਹਾਕੇ ਪਹਿਲਾਂ ਸੰਤ ਜਰਨੈਲ ਸਿੰਘ ਵੱਲੋਂ ਵਿੱਡੇ ਸੰਘਰਸ਼ ਵਕਤ ਦਿੱਲੀ ਤਖ਼ਤ ‘ਤੇ ਕਾਬਜ ਬਿਪਰ ਦੀ ਹਉਮੈ ਟੁੱਟੀ ਤਾਂ ਦਰਬਾਰ ਸਾਹਿਬ ਦੇ ਹਮਲੇ ਦੇ ਰੂਪ ਵਿੱਚ ਉਸਦਾ ਅਮਲ ਸਾਹਮਣੇ ਆਇਆ। ਫਿਰ ਇੰਦਰਾਂ ਗਾਂਧੀ ਦੇ ਸੋਧੇ ਨੇ ਇਸ ਦੀ ਹਉਮੈਂ ‘ਤੇ ਸੱਟ ਮਾਰੀ ਤਾਂ ਵੱਡੇ ਰੂਪ ‘ਚ ਸਿੱਖਾਂ ਦੀ ਨਸਲਕੁਸ਼ੀ ਕੀਤੀ ਗਈ। ਫਿਰ ਖਾੜਕੂ ਸਿੰਘਾਂ ਨੇ ਆਪਣੇ ਜੌਹਰ ਵਿਖਾ ਕੇ ਇਸਦਾ ਹੰਕਾਰ ਤੋੜਿਆ ਤਾਂ ਵੱਡੀ ਗਿਣਤੀ ਵਿੱਚ ਸਿੱਖ ਨੌਜਵਾਨਾਂ ਦੇ ਝੂਠੇ ਮੁਕਾਬਲੇ ਬਣਾਏ ਗਏ। ਸੋ ਉਹ ਹੁਣ ਵੀ ਆਪਣੇ ਸੁਭਾਅ ਅਨੁਸਾਰ ਹਰਕਤ ਵਿੱਚ ਆਇਆ ਹੈ। ਯੂਪੀ ਦੀ ਘਟਨਾ ਪਹਿਲੀ ਘਟਨਾ ਨਹੀਂ ਹੈ, ਇਸ ਤੋਂ ਪਹਿਲਾਂ ਵਾਪਰੀਆਂ ਘਟਨਾਵਾਂ ਨੂੰ ਵੀ ਇੱਕ ਲੜੀ ਵਿੱਚ ਹੀ ਵੇਖਣਾ ਚਾਹੀਦਾ ਹੈ। 26 ਜਨਵਰੀ ਤੋਂ ਬਾਅਦ ਗੁੰਡੇ-ਬਦਮਾਸ਼ਾਂ ਦੇ ਟੋਲਿਆਂ ਨੂੰ ਥਾਪੜਾ ਦੇ ਕੇ ਕਿਸਾਨਾਂ ਦੇ ਤੰਬੂਆਂ ਵੱਲ ਭੇਜਣਾ ਜਿੱਥੇ ਉਹਨਾਂ ਦੇ ਪਰਿਵਾਰ ਬੈਠੇ ਸਨ ਅਤੇ ਫਿਰ ਓਹਨਾ ਨੂੰ ਰੋਕਣ ਵਾਲਿਆਂ ਨਾਲ ਪੁਲਸ ਦਾ ਵਤੀਰਾ ਸਹਿਜੇ ਹੀ ਕਿੰਨਾ ਕੁਝ ਸਾਫ ਕਰ ਦਿੰਦਾ ਹੈ। ਕੁਝ ਸਮਾਂ ਪਹਿਲਾਂ ਕਰਨਾਲ ਵਿਖੇ ਵਾਪਰੀ ਘਟਨਾ ਵੀ ਇਸੇ ਲੜੀ ਦਾ ਹੀ ਹਿੱਸਾ ਸੀ ਅਤੇ ਇਹ ਲੜੀ ਹੁਣ ਯੂਪੀ ਦੇ ਲਖੀਮਪੁਰ ਖੀਰੀ ਵਾਲੀ ਘਟਨਾ ਤੱਕ ਆਣ ਪਹੁੰਚੀ ਹੈ। ਹਉਮੈਂ ਦੇ ਬੁੱਤਾਂ ਦਾ ਰੂਪ ਲਗਾਤਾਰ ਹੋਰ ਭਿਆਨਕ ਹੁੰਦਾ ਜਾ ਰਿਹਾ ਹੈ। ਗੁਰੂ ਭਲੀ ਕਰੇ, ਸਾਨੂੰ ਏਕਤਾ-ਇਤਫ਼ਾਕ ਬਖਸ਼ਿਸ਼ ਕਰੇ।