ਨਵੇਂ ਬਣੇ ਖੇਤੀ ਕਨੂੰਨਾਂ ਦੇ ਵਿਰੋਧ ਵਿੱਚ ਚੱਲ ਰਹੇ ਕਿਸਾਨੀ ਸੰਘਰਸ਼ ਨੂੰ ਤਕਰੀਬਨ ਹਰ ਵਰਗ ਦਾ ਜ਼ਬਰਦਸਤ ਸਹਿਯੋਗ ਪ੍ਰਾਪਤ ਹੋਇਆ ਹੈ। ਜਦੋਂ ਸੰਘਰਸ਼ ਪੰਜਾਬ ਵਿੱਚ ਹੀ ਸੀ ਓਦੋਂ ਤੋਂ ਹੀ ਵੱਖ ਵੱਖ ਵਰਗਾਂ ਦੁਆਰਾ ਹਰ ਸੰਭਵ ਤਰੀਕੇ ਰਾਹੀਂ ਸੰਘਰਸ਼ ਵਿੱਚ ਯੋਗਦਾਨ ਪਾਇਆ ਗਿਆ। ਸਹਿਯੋਗੀ ਭਾਵਨਾਵਾਂ ਦੀ ਸ਼ੁੱਧਤਾ ਸਦਕਾ ਇਹ ਗੱਲ ਵੱਡੇ ਪੱਧਰ ਉੱਤੇ ਮਹਿਸੂਸ ਕੀਤੀ ਗਈ ਕਿ ਇਸ ਸੰਘਰਸ਼ ਦੀ ਅਗਵਾਈ ਹੁਣ ਲੋਕ ਕਰ ਰਹੇ ਹਨ ਅਤੇ ਆਗੂਆਂ ਨੂੰ ਲੋਕਾਂ ਦੀਆਂ ਭਾਵਨਾਵਾਂ ਅਨੁਸਾਰ ਫੈਸਲੇ ਲੈਣੇ ਪੈ ਰਹੇ ਹਨ। 26 ਨਵੰਬਰ ਨੂੰ ਦਿੱਲੀ ਕੂਚ ਕਰਨ ਦੇ ਵਰਤਾਰੇ ਨੇ ਇਸ ਗੱਲ ਨੂੰ ਹੋਰ ਪੱਕਾ ਕਰ ਦਿੱਤਾ। ਕਿਸਾਨ ਆਗੂਆਂ ਵੱਲੋਂ ਵੀ ਕਿੰਨੀ ਦਫ਼ਾ ਇਹ ਗੱਲ ਕਹੀ ਗਈ ਕਿ ਜੇਕਰ ਅਸੀਂ ਲੋਕਾਂ ਦੀਆਂ ਭਾਵਨਾਵਾਂ ਦੇ ਉਲਟ ਗਏ ਤਾਂ ਸਾਨੂੰ ਕਿਸੇ ਨੇ ਪੰਜਾਬ ਨਹੀਂ ਵੜਨ ਦੇਣਾ। ਕਿਸਾਨ ਆਗੂਆਂ ਦਾ ਅਮਲ ਅਤੇ ਸਹਿਯੋਗੀਆਂ ਦੀਆਂ ਭਾਵਨਾਵਾਂ ਦਾ ਤਵਾਜ਼ਨ ਹੀ ਸੀ ਜਿਸ ਸਦਕਾ ਦਿਸਦੇ ਰੂਪ ਵਿੱਚ ਭਾਵੇਂ ਕਿਸਾਨ ਆਗੂ ਅਗਵਾਈ ਕਰ ਰਹੇ ਸਨ ਪਰ ਅਸਲ ਅਗਵਾਈ ਲੋਕਾਂ ਦੀ ਸੀ।
26 ਨਵੰਬਰ ਤੋਂ ਹੁਣ ਤੱਕ ਦਿੱਲੀ ਦੀਆਂ ਹੱਦਾਂ ਉੱਤੇ ਮੋਰਚੇ ਜਾਰੀ ਹਨ। ਇਸ ਸਮੇਂ ਦੌਰਾਨ ਬਹੁਤ ਘਟਨਾਵਾਂ ਵਾਪਰੀਆਂ, ਬਹੁਤ ਕੁਝ ਹਾਂ-ਪੱਖੀ ਵੀ ਹੋਇਆ ਅਤੇ ਬਹੁਤ ਕੁਝ ਨਾ-ਪੱਖੀ ਵੀ। ਲੰਬੇ ਸੰਘਰਸ਼ ਵਿੱਚ ਇਸ ਤਰ੍ਹਾਂ ਦੇ ਉਤਰਾਅ ਚੜਾਅ ਸੁਭਾਵਿਕ ਹਨ ਪਰ ਆਗੂਆਂ ਦੇ ਅਮਲ ਅਤੇ ਲੋਕਾਂ ਦੀਆਂ ਭਾਵਨਾਵਾਂ ਵਿੱਚ ਤਵਾਜ਼ਨ ਬਰਕਰਾਰ ਰਹਿਣਾ ਲਾਜ਼ਮੀ ਹੁੰਦਾ ਹੈ। ਇਸ ਸਭ ਤੋਂ ਬਾਅਦ ਕਿਤੇ ਨਾ ਕਿਤੇ ਹੁਣ ਇਹ ਗੱਲ ਮਹਿਸੂਸ ਕੀਤੀ ਜਾ ਰਹੀ ਹੈ ਕਿ ਆਗੂਆਂ ਉੱਤੇ ਜੋ ਦਬਾਅ ਸਹਿਯੋਗੀਆਂ ਦਾ ਪਹਿਲਾਂ ਸੀ, ਉਹ ਹੁਣ ਨਹੀਂ ਰਿਹਾ ਜਿਸ ਕਰ ਕੇ ਆਗੂਆਂ ਵੱਲੋਂ ਵਾਰ-ਵਾਰ ਲੋਕਾਂ ਦੀਆਂ ਭਾਵਨਾਵਾਂ ਦੀ ਤਰਜ਼ਮਾਨੀ ਕਰਦੇ ਫੈਸਲੇ ਨਹੀਂ ਲਏ ਜਾ ਰਹੇ। ਕਿਸਾਨ ਆਗੂਆਂ ਦੇ ਪਿਛਲੇ ਕੁਝ ਅਮਲ ਇਸ ਗੱਲ ਦੀ ਗਵਾਹੀ ਭਰਦੇ ਹਨ। ਆਗੂਆਂ ਦੇ ਕੁਝ ਅਮਲਾਂ ਨੇ ਸੰਘਰਸ਼ ਦੇ ਕੁਝ ਸਹਿਯੋਗੀ ਹਿੱਸੇ ਨੂੰ ਨਿਰਾਸ਼ ਵੀ ਕੀਤਾ ਹੈ, ਸਹਿਯੋਗੀ ਧਿਰਾਂ ਦੀ ਗੱਲ ਨੂੰ ਵੀ ਸੁਣਨ ਸਮਝਣ ਦੀ ਬਹੁਤੀ ਤਰਜੀਹ ਨਹੀਂ ਦਿੱਤੀ ਗਈ ਅਤੇ ਬਿਨਾਂ ਰਾਇ ਲਏ/ਸੁਣੇ ਇਕ ਪਾਸੜ ਫਰਮਾਨ ਵੀ ਜਾਰੀ ਹੋਏ।
ਜਦੋਂ ਕੋਈ ਘਟਨਾ ਵਾਪਰਦੀ ਹੈ ਭਾਵੇਂ ਕੁਝ ਹਿੱਸਾ ਆਪਣੀ ਜਿਆਦਾ ਊਰਜਾ ਓਹੀ ਘਟਨਾ ਉੱਤੇ ਚਰਚਾ ਕਰਨ ਅਤੇ ਉਸ ਨੂੰ ਸਹੀ ਗਲਤ ਸਿੱਧ ਕਰਨ ਉੱਤੇ ਲਾ ਦਿੰਦਾ ਹੈ। ਇਸ ਤਰ੍ਹਾਂ ਕਰਨ ਨਾਲ ਵਾਪਰੀ ਘਟਨਾ ਦੇ ਪ੍ਰਭਾਵ, ਭਵਿੱਖ ਦੀ ਵਿਉਂਤਬੰਦੀ, ਓਹਦੇ ਹੱਲ, ਫੌਰੀ ਕਦਮ ਆਦਿ ਜਰੂਰੀ ਗੱਲਾਂ ਦੀ ਵਿਚਾਰ ਸਹੀ ਸਮੇਂ ਨਾਲ ਨਹੀਂ ਹੋ ਪਾਉਂਦੀ ਅਤੇ ਕਈ ਵਾਰ ਲੜਾਈ ਬਾਹਰੀ ਦੁਸ਼ਮਣ ਦੀ ਥਾਂ ਅੰਦਰੂਨੀ ਘੇਰੇ ਵਿੱਚ ਸਿਮਟ ਜਾਂਦੀ ਹੈ ਅਤੇ ਅਸਲ ਮੁੱਦੇ ਉੱਤੋਂ ਧਿਆਨ ਪਾਸੇ ਹੋ ਜਾਂਦਾ ਹੈ ਪਰ ਅਕਸਰ ਕੁਝ ਹਿੱਸਾ ਅਜਿਹਾ ਵੀ ਹੁੰਦਾ ਹੈ ਜੋ ਸੁਹਿਰਦਤਾ ਨਾਲ ਇਸ ਗੱਲ ਨੂੰ ਵਿਚਾਰ ਰਿਹਾ ਹੁੰਦਾ ਹੈ ਅਤੇ ਅਗਲੇ ਅਮਲ ਤੈਅ ਕਰ ਰਿਹਾ ਹੁੰਦਾ ਹੈ।
ਹੁਣ ਵੀ ਸਹਿਯੋਗੀ ਧਿਰਾਂ ਆਪਣੀ ਗੱਲ ਵਜ਼ਨ ਨਾਲ ਰੱਖਣ ਲਈ ਸੰਭਵ ਤਰੀਕੇ ਲੱਭ ਰਹੀਆਂ ਹਨ ਤਾਂ ਜੋ ਚੱਲ ਰਹੇ ਸੰਘਰਸ਼ ਦੀ ਸਹੀ ਤਰੀਕੇ ਪਹਿਰੇਦਾਰੀ ਕੀਤੀ ਜਾ ਸਕੇ ਅਤੇ ਕਿਸਾਨ ਆਗੂਆਂ ਨੂੰ ਵਕਤ ਸਿਰ ਲੋਕਾਂ ਦੀਆਂ ਭਾਵਨਾਵਾਂ ਤੋਂ ਜਾਣੂ ਕਰਵਾਇਆ ਜਾ ਸਕੇ। ਸਹਿਯੋਗੀ ਧਿਰਾਂ ਵਿੱਚ ਵੀ ਵੱਖ ਵੱਖ ਵੰਨਗੀਆਂ ਹਨ ਜਿੰਨਾ ਵਿਚੋਂ ਹੋ ਸਕਦਾ ਸਾਰੇ ਹੀ ਇਸ ਨੁਕਤੇ ਉੱਤੇ ਕੁਝ ਨਾ ਕੁਝ ਵਿਉਂਤ ਰਹੇ ਹੋਣ ਪਰ ਜੋ ਹੁਣ ਤੱਕ ਦੀ ਜਾਣਕਾਰੀ ਵਿੱਚ ਆਇਆ ਹੈ ਉਸ ਵਿੱਚੋਂ ਇਕ ਹਿੱਸਾ ਉਹ ਹੈ ਜੋ ਸਿੱਖੀ ਭਾਵਨਾ ਵਿੱਚੋਂ ਇਸ ਸੰਘਰਸ਼ ਦਾ ਹਿੱਸਾ ਬਣਿਆ। ਉਹ ਇਸ ਗੱਲ ਉੱਤੇ ਵਿਚਾਰ ਕਰ ਰਿਹਾ ਹੈ ਕਿ ਭਾਵੇਂ ਸਾਡਾ ਦਾਇਰਾ ਇਸ ਸੰਘਰਸ਼ ਦਾ ਸਹਿਯੋਗੀ ਹੋਣ ਦਾ ਹੈ ਅਤੇ ਇਹੀ ਰਹਿਣਾ ਹੈ ਪਰ ਜਿੱਥੇ ਇਸ ਲਈ ਹੁਣ ਤੱਕ ਨਿੱਜੀ ਰੂਪ ਵਿਚ ਜਾ ਛੋਟੇ ਛੋਟੇ ਜੱਥਿਆਂ ਦੇ ਰੂਪ ‘ਚ ਸਹਿਯੋਗ ਕੀਤਾ ਜਾ ਰਿਹਾ ਸੀ ਉੱਥੇ ਹੁਣ ਸਭ ਨੂੰ ਆਪਸੀ ਤਾਲਮੇਲ ਦੇ ਲਈ ਕੋਈ ਜੱਥਾ ਬਣਾਉਣਾ ਪੈਣਾ ਹੈ ਤਾਂ ਕਿ ਸਹਿਯੋਗ ਤਾਲਮੇਲ ਵਿੱਚ ਹੋਵੇ ਅਤੇ ਗਾਹੇ-ਬਗਾਹੇ ਜਦੋਂ ਸਿੱਖਾਂ ਦੀਆਂ ਭਾਵਨਾਵਾਂ ਜਾਹਰ ਕਰਨੀਆਂ ਪੈਂਦੀਆਂ ਹਨ (ਕਿਸਾਨ ਆਗੂਆਂ ਵੱਲੋਂ ਸਿੱਖ ਚਿੰਨ੍ਹਾਂ ਬਾਬਤ ਬਿਆਨ, ਸਿੱਖ ਸਖਸ਼ੀਅਤਾਂ ਬਾਬਤ ਬਿਆਨ ਆਦਿ ਸਮੇਂ) ਤਾਂ ਇਹ ਕਾਰਜ ਸਾਂਝੇ ਰੂਪ ਵਿੱਚ ਸਾਂਝੀ ਰਾਇ ਨਾਲ ਵੱਧ ਅਸਰਦਾਰ ਤਰੀਕੇ ਨਾਲ ਹੋਵੇ। ਇਸੇ ਤਰ੍ਹਾਂ ਕੁਝ ਹੋਰ ਸਹਿਯੋਗੀਆਂ ਵੱਲੋਂ ਨਵੀਆਂ ਯੂਨੀਅਨਾਂ ਬਣਾ ਕੇ ਕਿਸਾਨ ਆਗੂਆਂ ਵੱਲੋਂ ਲੋਕਾਂ ਦੀਆਂ ਭਾਵਨਾਵਾਂ ਦੇ ਉਲਟ ਲਏ ਜਾਣ ਵਾਲੇ ਫੈਸਲੇ ਸਮੇਂ ਸਿਰ ਪ੍ਰਭਾਵਿਤ ਕਰਨ, ਵੱਖ ਵੱਖ ਵਿਚਾਰਾਂ ਨੂੰ ਸਟੇਜ ਉੱਤੇ ਥਾਂ ਦਵਾਉਣ ਅਤੇ ਬਿੱਲ ਰੱਦ ਤੋਂ ਘੱਟ ਕੋਈ ਹੋਰ ਸਮਝੌਤਾ ਨਾ ਕਰਨ ਦੇਣ ਲਈ ਵੱਧ ਅਸਰਦਾਰ ਤਰੀਕੇ ਨਾਲ ਇਸ ਸੰਘਰਸ਼ ਵਿੱਚ ਸਹਿਯੋਗ ਕਰਨ ਲਈ ਵਿਚਾਰ ਕੀਤੇ ਜਾ ਰਹੇ ਹਨ। ਇਹ ਵੀ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਜਿੰਨਾ ਸਮਾਂ ਸੰਘਰਸ਼ ਲੋਕਾਂ ਦੀਆਂ ਭਾਵਨਾਵਾਂ ਅਨੁਸਾਰ ਲੜਿਆ ਜਾ ਰਿਹਾ ਸੀ, ਓਨਾ ਸਮਾਂ ਸਟੇਟ ਨੇ ਜੁਰਤ ਨਹੀਂ ਸੀ ਕੀਤੀ ਸਖਤੀ ਦਿਖਾਉਣ ਦੀ ਪਰ ਜਦੋਂ ਲੋਕਾਂ ਦੀਆਂ ਭਾਵਨਾਵਾਂ ਦੀ ਤਰਜ਼ਮਾਨੀ ਕਰਨੀ ਬੰਦ ਹੋਈ ਉਦੋਂ ਹੀ ਆਪਸੀ ਫੁੱਟ ਵੀ ਵਧਣ ਲੱਗੀ ਅਤੇ ਸਟੇਟ ਨੇ ਵੀ ਸਖਤੀ ਕੀਤੀ।
ਸਹਿਯੋਗੀ ਧਿਰਾਂ ਵੱਲੋਂ ਸੰਘਰਸ਼ ਦੀ ਪਹਿਰੇਦਾਰੀ ਲਈ ਕੀਤੇ ਜਾ ਰਹੇ ਵਿਚਾਰਾਂ ਨੂੰ ਕਦੋਂ ਅਤੇ ਕਿਵੇਂ ਅਮਲੀ ਜਾਮਾ ਪਹਿਨਾਉਣਾ ਹੈ ਇਹ ਬਿਨਾਂ ਸ਼ੱਕ ਬਹੁਤ ਵੱਡੀ ਜਿੰਮੇਵਾਰੀ ਹੈ ਪਰ ਅਹਿਮ ਗੱਲ ਇੱਥੇ ਇਹ ਨਹੀਂ ਕਿ ਇੰਞ ਕਰਨਾ ਕਿੰਨਾ ਸਹੀ ਜਾ ਕਿੰਨਾ ਗਲਤ ਹੈ, ਅਹਿਮ ਇਹ ਹੈ ਕਿ ਇੰਞ ਕਰਨ ਦੀ ਲੋੜ ਕਿਉਂ ਮਹਿਸੂਸ ਹੋਈ? ਸੁਭਾਵਿਕ ਹੈ ਕਿ ਤਾਕਤਾਂ ਦੇ ਕੇਂਦਰੀਕਰਨ ਵਿਰੁੱਧ ਕੀਤੀ ਜਾ ਰਹੀ ਜੰਗ ਵਿੱਚ ਵੀ ਜੇਕਰ ਤਾਕਤਾਂ ਦਾ ਕੇਂਦਰੀਕਰਨ ਹੋਵੇਗਾ ਤਾਂ ਲੋਕਾਂ ਦੀਆਂ ਭਾਵਨਾਵਾਂ ਦੀ ਇਹ ਸਹੀ ਤਰਜ਼ਮਾਨੀ ਨਹੀਂ ਹੋਵੇਗੀ। ਕਿਸਾਨ ਆਗੂਆਂ ਨੂੰ ਇਮਾਨਦਾਰੀ ਦੇ ਨਾਲ ਵਾਪਰੇ ਦੀ ਅਤੇ ਵਾਪਰ ਰਹੇ ਦੀ ਪੜਚੋਲ ਕਰ ਕੇ ਹੋਈਆਂ ਗਲਤੀਆਂ ਨੂੰ ਸਮੇਂ ਸਰ ਦਰੁਸਤ ਕਰਨ ਵੱਲ ਕਦਮ ਪੁੱਟਣੇ ਚਾਹੀਦੇ ਹਨ ਅਤੇ ਭਵਿੱਖ ਵਿੱਚ ਮੁੜ ਅਜਿਹਾ ਨਹੀਂ ਹੋਵੇਗਾ ਇਸ ਗੱਲ ਦਾ ਵੀ ਸਹਿਯੋਗੀਆਂ ਨੂੰ ਯਕੀਨ ਦਵਾਉਣਾ ਚਾਹੀਦਾ ਹੈ। ਹਰ ਵਿਚਾਰ ਨੂੰ ਬਣਦੀ ਥਾਂ ਦੇ ਕੇ ਸਹਿਯੋਗੀ ਭਾਵਨਾਵਾਂ ਅਤੇ ਅਗਵਾਈ ਦਾ ਤਵਾਜ਼ਨ ਆਪਣੇ ਅਮਲਾਂ ਰਾਹੀਂ ਮੁੜ ਬਹਾਲ ਕਰਨ ਦਾ ਯਤਨ ਕਰਨਾ ਚਾਹੀਦਾ ਹੈ।