ਸਿੱਖ ਲਈ ਗੁਰੂ ਤੋਂ ਪਰੇ ਕੁਝ ਨਹੀਂ, ਗੁਰੂ ਦੇ ਰਾਹ ਉੱਤੇ ਸਿੱਖ ਸਭ ਹਿਸਾਬ ਕਿਤਾਬ ਪਿੱਛੇ ਛੱਡ ਕੇ ਤੁਰਦਾ ਹੈ। ਗੁਰੂ ਦੇ ਅਦਬ ਲਈ ਗੁਰੂ ਦੇ ਸਿੱਖ ਆਪਾ ਕੁਰਬਾਨ ਕਰਦੇ ਆਏ ਹਨ, ਕਰ ਰਹੇ ਹਨ ਅਤੇ ਹਮੇਸ਼ਾ ਕਰਦੇ ਰਹਿਣਗੇ। ਸੱਚ ਅਤੇ ਝੂਠ ਦੀ ਇਹ ਟੱਕਰ ਨਾ ਕਦੀ ਮੁੱਕੀ ਹੈ ਅਤੇ ਨਾ ਹੀ ਕਦੇ ਮੁੱਕਣੀ ਹੈ। ਜਾਬਰ ਨੇ ਆਪਣੀ ਤਾਕਤ ਦੇ ਨਸ਼ੇ ਵਿੱਚ ਹੱਕ ਸੱਚ ਦੇ ਰਾਹ ਉੱਤੇ ਚੱਲਣ ਵਾਲਿਆਂ ਉੱਤੇ ਜ਼ੁਲਮ ਕਰਦੇ ਹੀ ਰਹਿਣਾ ਹੈ। ਅੱਜ ਤੋਂ 35 ਵਰ੍ਹੇ ਪਹਿਲਾਂ ਵੀ ਗੁਰੂ ਦੇ ਅਦਬ ਵਿੱਚ ਜਦੋਂ ਗੁਰੂ ਦੇ ਸਿੱਖਾਂ ਨੇ ਆਪਣੇ ਗੁਰੂ ਵੱਲ ਮੂੰਹ ਕੀਤਾ ਤਾਂ ਜਾਬਰ ਤੋਂ ਸਹਿ ਨਾ ਹੋਇਆ ਅਤੇ ਓਹਨੇ ਆਪਣੀ ਤਾਕਤ ਦੇ ਨਸ਼ੇ ਵਿੱਚ ਉਹਨਾਂ ਕਦਮਾਂ ਨੂੰ ਜੋ ਆਪਣੇ ਗੁਰੂ ਵੱਲ ਵਧ ਰਹੇ ਸੀ, ਖਤਮ ਕਰਨ ਦਾ ਯਤਨ ਕੀਤਾ। ਚਾਰ ਸਿੰਘਾਂ ਨੂੰ ਗੁਰੂ ਦੀ ਕਿਰਪਾ ਨਾਲ ਸ਼ਹੀਦੀ ਦੀ ਦਾਤ ਪ੍ਰਾਪਤ ਹੋਈ ਅਤੇ ਉਹ ਸਦਾ ਲਈ ਹੀ ਜਿਉਂਦੇ ਹੋ ਗਏ। ਆਪਣੇ ਸੁਭਾਅ ਤੋਂ ਮਜ਼ਬੂਰ ਜਾਬਰ ਹਾਲੇ ਤੀਕ ਅਨਿਆਂ ਅਤੇ ਫਰੇਬ ਦੇ ਰਸਤੇ ‘ਤੇ ਚੱਲ ਰਿਹਾ ਹੈ ਅਤੇ ਸੱਚ ਨੂੰ ਦੱਬਣ ਦਾ ਹਰ ਸੰਭਵ ਯਤਨ ਕਰ ਰਿਹਾ ਹੈ।
2 ਫਰਵਰੀ 1986 ਨੂੰ ਨਕੋਦਰ ਵਿੱਚ ਗੁਰਦੁਆਰਾ ਗੁਰੂ ਅਰਜਨ ਸਾਹਿਬ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਜਿਸ ਵਿੱਚ 5 ਸਰੂਪ ਅਗਨ ਭੇਟ ਹੋਏ। 4 ਫਰਵਰੀ ਨੂੰ ਸਿੱਖ ਸੰਗਤਾਂ ਸ਼ਾਂਤਮਈ ਢੰਗ ਨਾਲ ਗੁਰਦੁਆਰਾ ਗੁਰੂ ਅਰਜਨ ਸਾਹਿਬ ਵਿਖੇ ਸਰੂਪਾਂ ਦੀ ਸੰਭਾਲ ਲਈ ਜਾ ਰਹੀਆਂ ਸਨ ਜਿੰਨ੍ਹਾ ਉੱਤੇ ਪੁਲਸ ਨੇ ਬਿਨਾਂ ਚੇਤਾਵਨੀ ਦਿੱਤਿਆਂ ਗੋਲੀ ਚਲਾ ਦਿੱਤੀ। ਅਜਿਹੇ ਮੌਕਿਆਂ ਉੱਤੇ ਕਨੂੰਨੀ ਨਿਯਮਾਂ ਅਨੁਸਾਰ ਪੁਲਸ ਦੀ ਜੋ ਕਾਰਵਾਈ ਹੋਣੀ ਚਾਹੀਦੀ ਸੀ ਸਮੇਤ ਗੋਲੀ ਚਲਾਉਣ ਦੇ, ਉਹ ਨਹੀਂ ਹੋਈ ਸਗੋਂ ਉਸ ਦੇ ਬਿਲਕੁਲ ਉਲਟ ਹੋਇਆ ਜਿਸ ਦੇ ਨਤੀਜੇ ਵਜੋਂ 4 ਸਿੰਘ (ਭਾਈ ਰਵਿੰਦਰ ਸਿੰਘ, ਭਾਈ ਹਰਮਿੰਦਰ ਸਿੰਘ, ਭਾਈ ਬਲਧੀਰ ਸਿੰਘ ਅਤੇ ਭਾਈ ਝਿਲਮਣ ਸਿੰਘ) ਸ਼ਹੀਦ ਹੋਏ ਅਤੇ ਕਈ ਸਿੰਘ ਜਖਮੀ ਹੋਏ। ਪੋਸਟ ਮਾਰਟਮਾਂ ਦੀਆਂ ਰਿਪੋਰਟਾਂ ਤੋਂ ਪਤਾ ਚੱਲਦਾ ਹੈ ਕਿ ਗੋਲੀਆਂ ਦਾ ਨਿਸ਼ਾਨਾ ਸ਼ਰੀਰ ਦੇ ਹੇਠਲੇ ਹਿੱਸੇ ‘ਤੇ ਨਹੀਂ ਸੀ ਸੇਧਿਆ ਗਿਆ। ਗੁਰੂ ਸਾਹਿਬ ਦੇ ਅਦਬ ਸਤਿਕਾਰ ਲਈ ਗੁਰੂ ਦੇ ਸਿੱਖਾਂ ਨੇ ਆਪਣੇ ਸ਼ਰੀਰ ਦਾ ਠੀਕਰਾ ਭੰਨ ਦਿੱਤਾ ਅਤੇ ਦੱਸ ਦਿੱਤਾ ਕਿ ਦੁਨੀਆਂ ਵਿੱਚ ਹਜੇ ਸੱਚ ਖਤਮ ਨਹੀਂ ਹੋਇਆ। ਸ਼ਹੀਦ ਸਿੰਘਾਂ ਦੇ ਸਸਕਾਰ ਵੀ ਉਹਨਾਂ ਦੇ ਪਰਿਵਾਰਾਂ ਤੋਂ ਪੁੱਛੇ ਬਿਨ੍ਹਾਂ ਕੀਤੇ ਗਏ ਅਤੇ ਬਾਅਦ ਵਿੱਚ ਇਸ ਗੱਲ ਤੋਂ ਮੁਕਰਿਆ ਵੀ ਗਿਆ ਕਿ ਅਸੀਂ ਕਿਸੇ ਨੂੰ ਅਣਪਛਾਤਾ/ਲਵਾਰਿਸ ਕਹਿ ਕੇ ਸਸਕਾਰ ਨਹੀਂ ਕਰਿਆ। ਸਿੱਖਾਂ ਦੇ ਦਬਾਅ ਅੱਗੇ ਉਸ ਸਮੇਂ ਦੀ ਬਰਨਾਲਾ ਸਰਕਾਰ ਨੇ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਬਣਾਇਆ ਜਿਸ ਨੇ ਜਾਂਚ ਕਰ ਕੇ ਆਪਣਾ ਲੇਖਾ 31 ਅਕਤੂਬਰ 1986 ਨੂੰ ਪੰਜਾਬ ਸਰਕਾਰ ਨੂੰ ਸੌਂਪ ਦਿੱਤਾ ਪਰ ਕਿੰਨੇ ਸਾਲ ਇਹ ਲੇਖਾ ਦੱਬ ਕੇ ਰੱਖਿਆ ਗਿਆ ਜਨਤਕ ਨਹੀਂ ਕੀਤਾ ਗਿਆ। ਹੁਣ ਵੀ ਸਿਰਫ ਇਹਦਾ ਇਕ ਭਾਗ ਹੀ ਜਨਤਕ ਹੋਇਆ ਹੈ ਦੂਸਰਾ ਹਾਲੇ ਵੀ ਦੱਬ ਕੇ ਰੱਖਿਆ ਹੋਇਆ ਹੈ ਜਿਸ ਵਿੱਚ ਹਲਫੀਆ ਬਿਆਨ ਫਾਈਲ, ਸਬੂਤਾਂ ਦੀ ਫਾਈਲ ਅਤੇ ਦਸਤਾਵੇਜ਼ ਫਾਈਲ ਹੈ। ਸਾਕਾ ਨਕੋਦਰ ਦੇ ਦੋਸ਼ੀਆਂ ਨੂੰ ਸਿਆਸੀ ਥਾਪੜੇ ਅਤੇ ਵੱਡੇ ਅਹੁਦੇ ਮਿਲਦੇ ਰਹੇ ਹਨ। ਦੋਸ਼ੀਆਂ ਨੂੰ ਬਚਾਉਣ ਵਾਲੇ ਸਿਆਸੀ ਬੰਦੇ ਤਾਂ ਇਹ ਵੀ ਕਹਿੰਦੇ ਰਹੇ ਕਿ ਨਕੋਦਰ ਵਰਗੇ ਕਾਂਡ ਤਾਂ ਹੁੰਦੇ ਹੀ ਰਹਿੰਦੇ ਨੇ। ਸਿਰਫ ਇਹੀ ਨਹੀਂ ਸਗੋਂ ਇਸ ਸਾਕੇ ਤੋਂ ਮੁਨਕਰ ਵੀ ਹੁੰਦੇ ਰਹੇ ਅਤੇ ਕਹਿੰਦੇ ਰਹੇ ਕਿ ਮੈਨੂੰ ਪਤਾ ਹੀ ਨਹੀਂ ਕਿ ਕੋਈ ਨਕੋਦਰ ਕਾਂਡ ਵੀ ਹੋਇਆ ਸੀ। ਭਾਵੇਂ ਹੱਕ ਸੱਚ ਦੇ ਰਾਹ ਉੱਤੇ ਤੁਰਨ ਵਾਲਿਆਂ ਲਈ ਦੁਨਿਆਵੀ ਅਦਾਲਤਾਂ ਕੋਈ ਮਾਇਨੇ ਨਹੀਂ ਰੱਖਦੀਆਂ ਹੁੰਦੀਆਂ ਪਰ ਜੇਕਰ ਵੇਖਿਆ ਜਾਵੇ ਤਾਂ 1986 ਤੋਂ ਹੁਣ ਤੱਕ ਵੱਖ ਵੱਖ ਪਾਰਟੀਆਂ ਸੱਤਾ ‘ਤੇ ਕਾਬਜ ਰਹੀਆਂ ਪਰ ਕਿਸੇ ਨੇ ਵੀ ਨਕੋਦਰ ਸਾਕੇ ਸਬੰਧੀ ਇਨਸਾਫ ਕਰਦਿਆਂ ਦੋਸ਼ੀਆਂ ਨੂੰ ਬਣਦੀ ਸਜਾ ਨਹੀਂ ਕਰਵਾਈ। ਇਸ ਸਭ ਤੋਂ ਇਕ ਗੱਲ ਤਾਂ ਸਾਫ ਹੋ ਜਾਂਦੀ ਹੈ ਕਿ ਮਸਲਾ ਜਾ ਕਸੂਰ ਪਾਰਟੀਆਂ ਦਾ ਨਹੀਂ ਹੈ ਸਗੋਂ ਇਹ ਢਾਂਚੇ ਦੀਆਂ ਨੀਹਾਂ ਹੀ ਨਿਆਂ ਉੱਤੇ ਨਹੀਂ ਟਿਕੀਆਂ ਹੋਈਆਂ। ਇਹ ਢਾਂਚੇ ਵਿੱਚ ਬਰਾਬਰਤਾ ਅਤੇ ਸਰਬੱਤ ਦੇ ਭਲੇ ਦੀ ਅਣਹੋਂਦ ਹੈ। 4 ਫਰਵਰੀ 1986 ਨੂੰ ਜੋ ਵਾਪਰਿਆ ਉਸ ਵਿੱਚ ਕੋਈ ਬਹੁਤੀ ਵੱਡੀ ਉਲਝਣਤਾਣੀ ਨਹੀਂ ਹੈ ਜੋ ਸਲਝਾਉਣੀ ਔਖੀ ਸੀ ਸਗੋਂ ਅਸਲ ਮਸਲਾ ਤਾਂ ਨੀਅਤ ਦਾ ਹੈ। 4 ਫਰਵਰੀ ਨੂੰ ਗੋਲੀ ਚਲਾਉਣਾ ਕਿੰਨਾ ਕੁ ਠੀਕ ਸੀ ਇਸ ਬਾਬਤ ਜਸਟਿਸ ਗੁਰਨਾਮ ਸਿੰਘ ਆਪਣੇ ਜਾਂਚ ਲੇਖੇ ਦੇ ਪਹਿਲੇ ਭਾਗ ਵਿੱਚ ਲਿਖਦੇ ਹਨ ਕਿ “ਜੇਕਰ ਸਥਿਤੀ ਨਾਲ ਸਹੀ ਢੰਗ ਨਾਲ ਨਜਿੱਠਿਆ ਜਾਂਦਾ ਤਾਂ ਗੋਲੀਆਂ ਚਲਾਉਣ ਦਾ ਹੀਲਾ ਕਰਨ ਦੀ ਜਰੂਰਤ ਹੀ ਨਹੀਂ ਪੈਣੀ ਸੀ।” ਉਹ ਅੱਗੇ ਇਹ ਵੀ ਲਿਖਦੇ ਹਨ ਕਿ “4 ਫਰਵਰੀ 1986 ਨੂੰ ਨਕੋਦਰ ਵਿਖੇ ਪੁਲਸ ਦੁਆਰਾ ਗੋਲੀ ਚਲਾਉਣੀ ਉਚਿਤ ਨਹੀਂ ਸੀ ਅਤੇ ਇਹ ਟਾਲੀ ਜਾ ਸਕਦੀ ਸੀ।”
ਤਾਕਤ ਦੇ ਨਸ਼ੇ ਵਿੱਚ ਆਪਣੀਆਂ ਅਦਾਲਤਾਂ ਰਾਹੀਂ ਇਨਸਾਫ ਨੂੰ ਲਮਕਾਇਆ ਜਾ ਸਕਦਾ ਹੈ, ਦੱਬਿਆ ਜਾ ਸਕਦਾ ਹੈ, ਲੋਕਾਂ ਨੂੰ ਅਣਗੌਲਿਆਂ ਕੀਤਾ ਜਾ ਸਕਦਾ ਹੈ ਪਰ ਇਹ ਗੱਲਾਂ ਸਿਰਫ ਇੱਥੇ ਤਾਂ ਰਹਿ ਨਹੀਂ ਜਾਣੀਆਂ ਹੁੰਦੀਆਂ ਇਹ ਹਿਸਾਬ ਕਿਤਾਬ ਦਰਗਾਹ ਵਿੱਚ ਹੋਣੇ ਹਨ। ਓਥੇ ਹੱਕ ਸੱਚ ਦੇ ਰਾਹ ਉੱਤੇ ਤੁਰਨ ਵਾਲੇ ਹੀ ਪ੍ਰਵਾਨ ਚੜ੍ਹਨੇ ਹਨ। ਸਰਬੱਤ ਦੇ ਭਲੇ ਦੇ ਪਾਂਧੀ ਆਪਣੇ ਸੁਭਾਅ ਅਨੁਸਾਰ ਹਮੇਸ਼ਾ ਜ਼ੁਲਮ ਕਰਨ ਵਾਲਿਆਂ ਖਿਲਾਫ ਜੰਗ ਵਿੱਚ ਰਹਿਣਗੇ ਅਤੇ ਸੱਚ ਦੀ ਹੋਂਦ ਦੀ ਗਵਾਹੀ ਭਰਦੇ ਰਹਿਣਗੇ, ਸ਼ਹੀਦ ਹੁੰਦੇ ਰਹਿਣਗੇ। ਇਹ ਕਦਮ ਕਦੀ ਰੁਕਨੇ ਨਹੀਂ, ਇਹਨਾਂ ਕਦਮਾਂ ਨੂੰ ਦੁਨਿਆਵੀ ਅਦਾਲਤਾਂ ਕੋਈ ਬਹੁਤੇ ਮਾਇਨੇ ਨਹੀਂ ਰੱਖਦੀਆਂ, ਇਹਨਾਂ ਦੇ ਝੰਡੇ ਦਰਗਾਹ ਵਿੱਚ ਝੂਲਦੇ ਰਹਿਣਗੇ, ਇਹ ਹਮੇਸ਼ਾ ਜਿਉਂਦੇ ਰਹਿਣਗੇ।
♣ ਉਪਰੋਕਤ ਲਿਖਤ ਪਹਿਲਾਂ 4 ਫਰਵਰੀ 2021 ਨੂੰ ਛਪੀ ਸੀ।