ਲੇਖਕ: ਕਰਮਜੀਤ ਸਿੰਘ ਚੰਡੀਗੜ੍ਹ

ਲੇਖ

‘ਆਪ’ ਨੇ ਲਿਆਂਦੀ ਸਿਆਸੀ ਮੰਥਨ ’ਚ ਤੇਜ਼ੀ ਤੇ ਤਾਜ਼ਗ਼ੀ

By ਸਿੱਖ ਸਿਆਸਤ ਬਿਊਰੋ

January 22, 2016

‘ਆਪ’ ਦੇ ਵਲੰਟੀਅਰਾਂ ਨੂੰ ਮੁਕਤਸਰ ਦੀ ਰੈਲੀ ਵਿੱਚ ਸੁਖਬੀਰ ਸਿੰਘ ਬਾਦਲ ਵੱਲੋਂ ‘ਟੋਪੀਆਂ ਵਾਲੇ’ ਕਹਿ ਕੇ ਤਸ਼ਬੀਹ ਦੇਣ ਪਿੱਛੇ ਅਸਲ ਮੰਤਵ ਕੀ ਹੈ? ਨਾਲ ਹੀ ਸਿੱਖਾਂ ਨੂੰ ਘਰ ਘਰ ਵਿੱਚ ਕੇਸਰੀ ਝੰਡੇ ਝੁਲਾਉਣ ਦਾ ਅਚਾਨਕ ਚਾਅ ਉਨ੍ਹਾਂ ਨੂੰ ਹੁਣ ਹੀ ਕਿਉਂ ਉੱਠਿਆ? ਕੀ ਉਹ ਆਪਣੀ ਸੰਭਾਵੀ ਹਾਰ ਨੂੰ ਜਿੱਤ ਵਿੱਚ ਬਦਲਣ ਲਈ ਵੋਟਾਂ ਦੀ ਸਫਬੰਦੀ ਦਾ ਪੱਤਾ ਵਰਤ ਰਹੇ ਹਨ? ਜੇ ਇਹੋ ਜਿਹੇ ਰਣਨੀਤਕ ਪੈਂਤੜੇ ਉਨ੍ਹਾਂ ਦੇ ਏਜੰਡੇ ਵਿੱਚ ਸ਼ਾਮਲ ਹੋ ਗਏ ਹਨ ਤਾਂ ਘੱਟੋ ਘੱਟ ਇਸ ਵਾਰ ਉਹ ਨਹੀਂ ਚੱਲ ਸਕਣਗੇ। ਉਨ੍ਹਾਂ ਨੂੰ ਸ਼ਾਇਦ ਇਹ ਪਤਾ ਨਹੀਂ ਕਿ ਜਿਨ੍ਹਾਂ ਨੌਜਵਾਨਾਂ ਨੇ ਟੋਪੀਆਂ ਪਹਿਨ ਰੱਖੀਆਂ ਹਨ, ਉਨ੍ਹਾਂ ਦੇ ਸਿਰਾਂ ’ਤੇ ਕਦੇ ਪੱਗਾਂ ਹੁੰਦੀਆਂ ਸਨ। ਪਰ ਉਨ੍ਹਾਂ ਦੇ ਸਿਰਾਂ ਤੋਂ ਜੇ ਪੱਗਾਂ ਅੱਜ ਲੱਥ ਗਈਆਂ ਹਨ ਤਾਂ ਇਸ ਵਰਤਾਰੇ ਵਿੱਚ ਅਕਾਲੀ ਦਲ ਨੂੰ ਵੀ ਆਪਣੇ ਰੋਲ ਬਾਰੇ ਆਪਾ ਪੜਚੋਲ ਕਰਨੀ ਪਵੇਗੀ।

ਆਮ ਆਦਮੀ ਪਾਰਟੀ ਦਾ ਆਉਣਾ ਤੇ ਪੱਕੇ ਪੈਰਾਂ ’ਤੇ ਖਲ੍ਹੋ ਜਾਣਾ ਪੰਜਾਬ ਦੇ ਰਾਜਨੀਤਿਕ ਇਤਿਹਾਸ ਦਾ ਅਣਕਿਆਸਿਆ ਚਮਤਕਾਰ ਬਣ ਚੁੱਕਿਆ ਹੈ। ਨਵੇਂ ਆਏ ਇਸ ਰਾਜਨੀਤਿਕ ਮਹਿਮਾਨ ਦਾ ਸੁਆਗਤ ਕਰਨਾ ਬਣਦਾ ਹੈ ਕਿਉਂਕਿ ਹੁਣ ਦੋ ਵੱਡੀਆਂ ਰਾਜਨੀਤਿਕ ਪਾਰਟੀਆਂ ਦਰਮਿਆਨ ਇੱਕ ਲੰਮੇ ਅਰਸੇ ਤੋਂ ‘ਉਤਰ ਕਾਟੋ ਮੈਂ ਚੜ੍ਹਾਂ’ ਦਾ ਅਲਿਖਤ ਸਮਝੌਤਾ ਖ਼ਤਮ ਹੋ ਗਿਆ ਹੈ ਅਤੇ ਤੀਜੀ ਧਿਰ ਨੇ ਵੀ ਸਿਆਸੀ ਅਖਾੜੇ ਵਿੱਚ ਖੜਾਵਾਂ ਰੱਖ ਕੇ ਸਿਹਤਮੰਦ ਮੁਕਾਬਲੇ ਦੇ ਆਸਾਰ ਰੌਸ਼ਨ ਕਰ ਦਿੱਤੇ ਹਨ। ਹੁਣ ਇਹੋ ਜਿਹੀਆਂ ਦਲੀਲਾਂ ਤੇ ਬਿਆਨਬਾਜ਼ੀ ਨੀਵੇਂ ਪੱਧਰ ਦਾ ਰਾਜਨੀਤਿਕ ਸ਼ੁਗਲ ਹੀ ਹੈ ਕਿ ਆਮ ਆਦਮੀ ਪਾਰਟੀ ਤਾਂ ‘ਪਾਣੀ ਦਾ ਬੁਲਬੁਲਾ’ ਹੈ, ਉਹ ਛੁਰਲੀਆਂ ਛੱਡਣ ਵਾਲੇ ਮੌਕਾਪ੍ਰਸਤ ਲੋਕ ਹਨ ਅਤੇ ਜਾਂ 2017 ਦੀ ਚੋਣ ਵਿੱਚ ਅਸੀਂ ਸਹਿਜੇ ਹੀ ਉਨ੍ਹਾਂ ਨੂੰ ਅੱਗੇ ਲਾ ਲਵਾਂਗੇ।

ਆਪਣੇ ਆਪ ਨੂੰ ਝੂਠੀਆਂ ਤਸੱਲੀਆਂ ਦੇਣ ਲਈ ਜਾਂ ਆਪਣੀ ਪਿੱਠ ਆਪ ਥਾਪੜਨ ਲਈ ਤਾਂ ਇਹ ਦਾਅਵੇ ਠੀਕ ਹੋ ਸਕਦੇ ਹਨ ਪਰ ਅਸਲ ਵਿੱਚ ਜ਼ਮੀਨੀ ਹਕੀਕਤਾਂ ਨਾਲ ਮੇਲ ਨਹੀਂ ਖਾਂਦੇ। ਹੁਣ ਵਿਰੋਧੀਆਂ ਨੂੰ ਉੱਚੇ ਤਰਕ ਦਾ ਅਭਿਆਸ ਕਰਨਾ ਪੈਣਾ ਹੈ। ਉਨ੍ਹਾਂ ਨੂੰ ਅਕਲਮੰਦ ਕਸਰਤ ਕਰਨੀ ਪੈਣੀ ਹੈ ਅਤੇ ਵੱਡੇ ਤੇ ਅਸਰਦਾਇਕ ਦਾਅ-ਪੇਚ ਖੇਡਣੇ ਪੈਣੇ ਹਨ ਕਿਉਂਕਿ ਹੁਣ ਤਿੰਨ ਬਰਾਬਰ ਦੀਆਂ ਧਿਰਾਂ ਵਿੱਚ ‘ਕੁੰਢੀਆਂ ਦੇ ਸਿੰਗ’ ਫਸਣਗੇ।

ਮੁਕਤਸਰ ਦੀ ਪਵਿੱਤਰ ਧਰਤੀ ਨੇ ਮਾਘੀ ਮੇਲੇ ਦੌਰਾਨ 14 ਜਨਵਰੀ ਨੂੰ ਜੋ ਸੁਨੇਹਾ ਦਿੱਤਾ ਹੈ, ਉਸ ਤੋਂ ਤਾਂ ਇਹੋ ਇਸ਼ਾਰਾ ਮਿਲ ਰਿਹਾ ਹੈ ਕਿ ਪੰਜਾਬ ਦੇ ਲੋਕ ਨਵੇਂ ਰਾਜਨੀਤਿਕ ਮਹਿਮਾਨ ਨੂੰ ਰਾਜ ਭਾਗ ਸੰਭਾਲਣ ਦਾ ਮੌਕਾ ਦੇਣਾ ਚਾਹੁੰਦੇ ਹਨ। ਇਨ੍ਹਾਂ ਸਤਰਾਂ ਦਾ ਲੇਖਕ ਅੰਗਰੇਜ਼ੀ ਦੇ ਇੱਕ ਸੀਨੀਅਰ ਪੱਤਰਕਾਰ ਅਤੇ ਪੰਜਾਬ ਦੀ ਜ਼ਮੀਨੀ ਹਕੀਕਤ ਦੇ ਡੂੰਘੇ ਜਾਣਕਾਰ ਨਾਲ 6-7 ਕਿਲੋਮੀਟਰ ਦੀ ਪੈਦਲ ਯਾਤਰਾ ਕਰਕੇ ਹੀ  ਆਮ ਆਦਮੀ ਪਾਰਟੀ ਦੇ ਪੰਡਾਲ ਵਿੱਚ ਪਹੁੰਚ ਸਕਿਆ ਸੀ ਕਿਉਂਕਿ ਮੁਕਤਸਰ-ਬਠਿੰਡਾ ਸੜਕ ਉੱਤੇ ਗੱਡੀਆਂ ਦਾ ਹੋਰ ਅੱਗੇ ਜਾਣਾ ਮੁਸ਼ਕਲ ਸੀ ਅਤੇ ਜਾਂ ਫਿਰ ਟਰੈਫਿਕ ਪੁਲੀਸ ਦੀ ਮਿਥ ਕੇ ਕੀਤੀ ਭੈੜੀ ਵਿਉਂਤਬੰਦੀ ਨੇ ਲੋਕਾਂ ਨੂੰ ਪੈਦਲ ਤੁਰਨ ਲਈ ਮਜਬੂਰ ਕਰ ਦਿੱਤਾ ਸੀ। ਸਾਡੇ ਤੋਂ ਪਿੱਛੇ ਵੀ ਹਜ਼ਾਰਾਂ ਲੋਕ ਸਨ ਜੋ 10 ਕਿਲੋਮੀਟਰ ਪੈਦਲ ਚੱਲ ਕੇ ਜਾਂ ਤਾਂ ਅਖ਼ੀਰ ’ਤੇ ਹੀ ਪਹੁੰਚ ਸਕੇ ਅਤੇ ਜਾ ਫਿਰ ਪੰਡਾਲ ਤਕ ਸਮੇਂ ਸਿਰ ਪਹੁੰਚ ਹੀ ਨਹੀਂ ਸਨ ਸਕੇ। ਹੋ ਸਕਦਾ ਹੈ ਕਿ ਇਹ ਕੌੜਾ ਸੱਚ ਕਈ ਕਾਰਨਾਂ ਕਰਕੇ ਕਈਆਂ ਨੂੰ ਨਿਰਪੱਖ ਨਾ ਲੱਗੇ, ਪਰ ਇਸ ਸੜਕ ’ਤੇ ਖੜ੍ਹੀਆਂ ਬੱਸਾਂ ਉੱਤੇ ਲੱਗੇ ਬੈਨਰਾਂ ਤੋਂ ਇਹ ਅੰਦਾਜ਼ਾ ਲਗਾਉਣਾ ਅੌਖਾ ਨਹੀਂ ਸੀ ਕਿ ਪੈਦਲ ਚੱਲ ਰਹੇ ਲੋਕਾਂ ਦਾ ਬਹੁਤਾ ਹਿੱਸਾ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਦਾ ਸੀ।

ਇੱਕ ਅੰਦਰਲਾ ਸੱਚ ਸਾਰਿਆਂ ਨੂੰ ਮਹਿਸੂਸ ਹੋ ਰਿਹਾ ਹੈ ਕਿ ਪੰਜਾਬ ਦੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ‘ਆਪ’ ਦੀ ਲਗਾਤਾਰ ਚੜ੍ਹਤ ਤੋਂ ਘਬਰਾਹਟ ਵਿੱਚ ਹਨ। ਉਂਜ, ਘਬਰਾਹਟ ਅਤੇ ਡਰ ਦੇ ਕਾਰਨ ਵੱਖਰੇ ਵੱਖਰੇ ਹਨ ਪਰ ਥੋੜ੍ਹੇ ਬਹੁਤੇ ਫ਼ਰਕ ਨਾਲ ਸਾਰਿਆਂ ਨੂੰ ਲਗਦਾ ਹੈ ਕਿ ਨਵੀਂ ਪਾਰਟੀ ਦੇ ਰੋਹੜੂ ਪਾਣੀਆਂ ਵਿੱਚ ਉਨ੍ਹਾਂ ਨੂੰ ਪੈਰ ਟਿਕਾਉਣ ਵਿੱਚ ਮੁਸ਼ਕਲ ਪੇਸ਼ ਆ ਰਹੀ ਹੈ। ਜਥੇਬੰਦਕ ਤੌਰ ’ਤੇ ਮਜ਼ਬੂਤ ਤੇ ਹੰਢੀਆਂ ਵਰਤੀਆਂ ਤਜਰਬੇਕਾਰ ਪਾਰਟੀਆਂ-ਅਕਾਲੀ ਦਲ ਤੇ ਕਾਂਗਰਸ ਦੋਵੇਂ ਹੀ ਅੰਦਰਖ਼ਾਤੇ ਇਸ ਹਕੀਕਤ ਤੋਂ ਅਣਜਾਣ ਵੀ ਨਹੀਂ ਹਨ, ਹਾਲਾਂਕਿ ਉਹ ਆਪਣੇ ਆਪਣੇ ‘ਰਾਜਨੀਤਿਕ ਘਰ’ ਤੋਂ ਬਾਹਰ ਉੱਚੇ ਬੋਲਾਂ ਰਾਹੀਂ ਆਮ ਆਦਮੀ ਪਾਰਟੀ ਨੂੰ ਕੀੜੀ ਹੀ ਸਾਬਤ ਕਰਨ ਉੱਤੇ ਲੱਗੀਆਂ ਹੋਈਆਂ ਹਨ। ਇਸ ਲਈ ‘ਅੰਦਰ ਹੋਰ’ ਤੇ ‘ਬਾਹਰ ਹੋਰ’ ਦੀ ਉਨ੍ਹਾਂ ਦੀ ਹਾਲਤ ਸਾਨੂੰ ਮਨੋਵਿਗਿਆਨ ਦੇ ਜਗਤ ਪ੍ਰਸਿੱਧ ਮਾਹਿਰ ਐਲਫਰੈੱਡ ਐਡਲਰ ਦੇ ਨੇੜੇ ਲੈ ਜਾਂਦੀ ਹੈ। ਕਿਸੇ ਸਮੇਂ ਫਰਾਇਡ ਨਾਲ ਰਹੇ ਇਸ ਮਹਾਨ ਮਨੋਵਿਗਿਆਨੀ ਨੇ 1920 ਵਿੱਚ ਡਿਕਸ਼ਨਰੀ ਨੂੰ ਘਟੀਆਪਨ ਦਾ ਅਹਿਸਾਸ ਤੇ ਵਧੀਆਪਨ ਦਾ ਅਹਿਸਾਸ ਦੇ ਦੋ ਦਿਲਚਸਪ ਸ਼ਬਦ ਦਿੱਤੇ ਅਤੇ ਹੋਇਆ ਇਹ ਕਿ ਇਹ ਦੋਵੇਂ ਸ਼ਬਦ ਛੇਤੀ ਹੀ ਮਨੋਵਿਗਿਆਨ ਦੀਆਂ ਹੱਦਾਂ ਪਾਰ ਕਰਕੇ ਸਾਹਿਤ ਅਤੇ ਰਾਜਨੀਤੀ ਵਿੱਚ ਬਾਖ਼ੂਬੀ ਵਰਤੇ ਜਾਣ ਲੱਗੇ।

ਐਡਲਰ ਮੁਤਾਬਕ ਜਦੋਂ ਕੋਈ ਬੰਦਾ ਵਧ-ਚੜ੍ਹ ਕੇ ਕਿਸੇ ਗੱਲ ਦਾ ਵਿਖਾਵਾ ਕਰ ਰਿਹਾ ਹੁੰਦਾ ਹੈ ਤਾਂ ਅਸਲ ਵਿੱਚ ਉਹ ਆਪਣੇ ਅੰਦਰ ਬੈਠੀ ਹੀਣਭਾਵਨਾ ਨੂੰ ਹੀ ਲੁਕਾ ਰਿਹਾ ਹੁੰਦਾ ਹੈ। ਉਹ ਇੱਕ ਤਰ੍ਹਾਂ ਨਾਲ ਇਹੋ ਜਿਹੀ ਗੱਲ ਕਰ ਰਿਹਾ ਹੁੰਦਾ ਹੈ ਜਿਸ ਨੂੰ ਐਡਲਰ ‘ਝੂਠੀ ਕਾਮਯਾਬੀ’ ਦਾ ਨਾਂ ਦਿੰਦਾ ਹੈ। ਮਿਸਾਲ ਦੇ ਤੌਰ ’ਤੇ ਜਦੋਂ ਸੁਖਬੀਰ ਸਿੰਘ ਬਾਦਲ ਉੱਚੇ ਬੋਲਾਂ ਰਾਹੀਂ ਕਈ ਥਾਈਂ ਇਹ ਦਾਅਵਾ ਕਰ ਰਹੇ ਸਨ ਕਿ ਮੁਕਤਸਰ ਦੀ ਰੈਲੀ ਆਮ ਆਦਮੀ ਪਾਰਟੀ ਦੀ ਰੈਲੀ ਨਾਲੋਂ ਕਿਤੇ ਵੱਡੀ ਹੋਵੇਗੀ ਤਾਂ ਉਸ ਵਕਤ ਉਹ ਆਪਣੇ ਅੰਦਰ ਸੁੱਤੇ ‘ਡਰ’ ਨੂੰ ਹੀ ਲੁਕਾ ਰਹੇ ਸਨ। ‘ਡਰ’ ਦਾ ਇਹ ਅਹਿਸਾਸ ਉਸ ਸਮੇਂ ਹੋਰ ਵੀ ਪ੍ਰਤੱਖ ਹੋ ਗਿਆ ਜਦੋਂ ਲੋਕਾਂ ਨੇ ਖ਼ੁਦ ਵੇਖਿਆ ਕਿ 14 ਜਨਵਰੀ ਨੂੰ ਅਸਲ ਵਿੱਚ ਅਕਾਲੀ ਦਲ ਦੀ ਰੈਲੀ ‘ਆਪ’ ਦੀ ਰੈਲੀ ਨਾਲੋਂ ਕਿਤੇ ਛੋਟੀ ਸੀ।

ਇਹ ਗੱਲ ਠੀਕ ਹੈ ਕਿ ਆਮ ਆਦਮੀ ਪਾਰਟੀ ਕੋਲ ਕੋਈ ਇਹੋ ਜਿਹਾ ਮਜ਼ਬੂਤ ਜਥੇਬੰਦਕ ਢਾਂਚਾ ਨਹੀਂ, ਜਿਸ ਕਰਕੇ ਉਸ ਕੋਲ ਲੰਮੇ ਸਮੇਂ ਦਾ ਅਨੁਭਵ, ਤਜਰਬਾ ਅਤੇ ਰਣਨੀਤੀ ਹੋਵੇ। ਇਹ ਵੀ ਠੀਕ ਹੈ ਕਿ ਉਨ੍ਹਾਂ ਕੋਲ ਕੋਈ ਵੱਡੀ ਦੂਰਦ੍ਰਿਸ਼ਟੀ ਵੀ ਨਹੀਂ ਹੈ। ਪਰ ਫਿਰ ਉਹ ਕਿਹੜੀ ਗੱਲ ਹੈ ਕਿ ਲੋਕ ਉਸ ਵੱਲ ਉਲਰ ਹੀ ਪਏ ਹਨ? ਉਹ ਗੱਲ ਇਹ ਹੈ ਕਿ ਉਨ੍ਹਾਂ ਨੇ ਬੰਜਰ ਹੋਈ ਪੰਜਾਬ ਦੀ ਮਾਨਸਿਕਤਾ ਨੂੰ ਇੱਕ ਜਿਉਂਦੀ ਜਾਗਦੀ ਕਲਪਨਾ ਜਾਂ ਖ਼ਿਆਲਾਂ ਦੀ ਉਡਾਰੀ ਦੀ ਜਾਗ ਲਾਈ ਹੈ। ਪਰ ਹਾਲ ਦੀ ਘੜੀ ਪੰਜਾਬ ਦੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਘੱਟੋ-ਘੱਟ ਇਸ ਬਰਕਤ ਤੋਂ ਤਾਂ ਵਾਂਝੀਆਂ ਹੀ ਹਨ। ਨੋਬੇਲ ਇਨਾਮ ਜੇਤੂ ਅਲਬਰਟ ਆਇਨਸਟਾਈਨ ਨੇ ਆਪਣੇ ਵਿਗਿਆਨਕ ਅਨੁਭਵ ਰਾਹੀਂ ਸਾਨੂੰ ਦੱਸਿਆ ਹੈ ਕਿ ਕਲਪਨਾ ਸ਼ਕਤੀ ਤਾਂ ਗਿਆਨ ਨਾਲੋਂ ਵੀ ਕਿਤੇ ਵੱਧ ਮਹੱਤਵਪੂਰਨ ਹੁੰਦੀ ਹੈ। ਗਿਆਨ ਦੀ ਇੱਕ ਸੀਮਾ ਹੁੰਦੀ ਹੈ ਜਦੋਂਕਿ ‘ਕਲਪਨਾ ਸਾਰੇ ਸੰਸਾਰ ਨੂੰ ਆਪਣੇ ਕਲਾਵੇ ਵਿੱਚ ਲੈਂਦੀ ਹੈ’।

ਆਮ ਆਦਮੀ ਪਾਰਟੀ ਨੇ ਇੱਕ ਵਾਰ ਤਾਂ ਸਵਾਲਾਂ ਦੀ ਜਾਗ ਲਗਾ ਦਿੱਤੀ ਹੈ ਅਤੇ ਕਾਂਗਰਸ ਨੂੰ ਕੁਝ ਅਣਸੁਖਾਵੇਂ ਅਤੇ ਅਕਾਲੀ ਦਲ ਨੂੰ ਕੁਝ ਨਮੋਸ਼ੀ ਭਰੇ ਤੇ ਸਤਾਉਣ ਵਾਲੇ ਸੁਆਲਾਂ ਦੇ ਸਾਹਮਣੇ ਖੜ੍ਹਾ ਕਰ ਦਿੱਤਾ ਹੈ। ਉਂਜ, ਕਾਂਗਰਸ ਨੇ ਵੀ ਆਪਣੇ ਲੰਬੇ ਰਾਜ ਵਿੱਚ ਕੋਈ ਘੱਟ ਨਹੀਂ ਸੀ ਕੀਤੀ। ਪਰ ਅਕਾਲੀ ਦਲ ਨੇ ਤਾਂ ਕੁਝ ਇਹੋ ਜਿਹੀਆਂ ਗੱਲਾਂ ਕਰ ਦਿੱਤੀਆਂ ਜਿਸ ਨਾਲ ਸਿਆਸਤਦਾਨਾਂ ਤੇ ਇੱਥੋਂ ਤਕ ਕਿ ਧਾਰਮਿਕ ਸ਼ਖ਼ਸੀਅਤਾਂ ਨੇ ਵੀ ਮੂੰਹ ਵਿੱਚ ਉਂਗਲਾਂ ਪਾ ਲਈਆਂ। ਅਕਾਲੀ ਦਲ ਨੇ ਲੋਕਾਂ ਦੇ ਦੁਖੜੇ ‘ਸੁਣਨ’ ਦੇ ਗੁਣ ਨੂੰ ਅਲਵਿਦਾ ਕਹਿ ਦਿੱਤੀ ਸੀ। ਬਸ, ਉਹ ਤਾਂ ਆਪਣੀ ‘ਸੁਣਾਉਣ’ ਵਿੱਚ ਹੀ ਲੱਗੇ ਰਹੇ। ਉਨ੍ਹਾਂ ਨੂੰ ਇਸ ਸੱਚਾਈ ਦੀ ਸਮਝ ਹੀ ਨਹੀਂ ਸੀ ਕਿ ਕੰਨਾਂ ਦੀ ਇੱਕ ਜੋੜੀ ਸੈਂਕੜੇ ਜੀਭਾਂ ਨੂੰ ਥਕਾ ਸਕਦੀ ਹੈ। ਇੱਕ ਸੁਲਝੇ ਸਿਆਸਤਦਾਨ ਨੂੰ ਕਿਰਲੇ ਵਾਂਗ ਚੱਲਣਾ ਚਾਹੀਦਾ ਹੈ, ਜੋ ਦੇਖਦਾ ਅੱਗੇ ਵੱਲ ਹੈ ਤੇ ਧਿਆਨ ਪਿਛੇ ਵੱਲ ਰੱਖਦਾ ਹੈ। ਪਰ ਇੱਥੇ ਤਾਂ ‘ਅੱਗਾ ਦੌੜ ਤੇ ਪਿਛਾ ਚੌੜ’ ਵਾਲਾ ਮੁਹਾਵਰਾ ਸੱਚ ਸਾਬਤ ਹੋਇਆ ਹੈ। ਇਸੇ ਲਈ ਲੋਕ ਹੁਣ ਇਹ ਕਹਿ ਰਹੇ ਹਨ ਕਿ ਅਕਾਲੀ ਦਲ ਨੇ ‘ਹਵਾ’ ਦੀ ਫ਼ਸਲ ਬੀਜੀ ਸੀ ਤੇ ਅੱਜ ਉਹ ‘ਹਨ੍ਹੇਰੀ’ ਦੀ ਫ਼ਸਲ ਨੂੰ ਕੱਟ ਰਹੇ ਹਨ।

ਜਿੱਥੋਂ ਤਕ ਕੈਪਟਨ ਅਮਰਿੰਦਰ ਸਿੰਘ ਦਾ ਸਵਾਲ ਹੈ, ਉਹ ਬਿਨਾਂ ਸ਼ੱਕ ਪਾਰਟੀ ਜ਼ਾਬਤੇ ਤੋਂ ਲਾਂਭੇ ਜਾ ਕੇ ਅਤੇ ਬੇਪ੍ਰਵਾਹ ਹੋ ਕੇ ਸੱਚੀ ਗੱਲ ਕਰਦੇ ਰਹਿੰਦੇ ਹਨ। ਪਾਣੀਆਂ ਦੇ ਅਹਿਮ ਮੁੱਦੇ ’ਤੇ ਉਨ੍ਹਾਂ ਨੇ ਇਤਿਹਾਸਕ ਫ਼ੈਸਲਾ ਲੈ ਕੇ ਪੰਜਾਬੀਆਂ ਦੇ ਦਿਲਾਂ ਨੂੰ ਜਿੱਤ ਲਿਆ ਸੀ ਜਦੋਂਕਿ ਇਸੇ ਮੁੱਦੇ ’ਤੇ ਅਕਾਲੀ ਤਾਂ ਕੇਵਲ ਗੱਲਾਂ ਹੀ ਕਰਦੇ ਰਹੇ। ਕੈਪਟਨ ਦੇ ਰਾਜ ਵਿੱਚ ਕਿਸਾਨਾਂ ਦੀਆਂ ਜ਼ਮੀਨਾਂ ਦੇ ਭਾਅ ਵੀ ਅਸਮਾਨੀ ਜਾ ਚੜ੍ਹੇ, ਉਨ੍ਹਾਂ ਦੀ ਫ਼ਸਲ ਮਿੱਥੇ ਸਮੇਂ ’ਤੇ ਚੁੱਕੀ ਜਾਂਦੀ ਰਹੀ, ਅਫ਼ਸਰਸ਼ਾਹੀ ਨੂੰ ਵੀ ਕਾਬੂ ਕਰਨ ਦੀ ਉਨ੍ਹਾਂ ਨੂੰ ਜਾਚ ਸੀ, ਗੱਲਾਂ ਵੀ ਉਹ ਬੇਬਾਕ ਹੋ ਕੇ ਕਰਦੇ ਹਨ। ਪਰ ਇੱਕ ਵੱਡਾ ਸੱਚ ਇਹ ਵੀ ਹੈ ਕਿ ਉਹ ਲਗਾਤਾਰ ਇੱਕ ਲੰਮੀ ਜੰਗ ਨਹੀਂ ਲੜ ਸਕਦੇ। ਚੋਣਾਂ ਵਿੱਚ ਇੱਕ ਸਾਲ ਤੋਂ ਵੀ ਵੱਧ ਸਮਾਂ ਪਿਆ ਹੈ। ਝੱਟਪਟ ਦੀ ਜੰਗ ਲੜਨ ਤੇ ਜਿੱਤਣ ਦੇ ਉਹ ਸਫ਼ਲ ਖਿਡਾਰੀ ਜ਼ਰੂਰ ਹਨ ਪਰ ਜਾਪਦਾ ਹੈ ਇੱਕ ਸਾਲ ਤਕ ਲਗਾਤਾਰ ਸਰਗਰਮ ਰਹਿਣਾ ਉਨ੍ਹਾਂ ਨੂੰ ਥਕਾ ਸਕਦਾ ਹੈ। ਜੇ ਉਦੋਂ ਤਕ ‘ਆਪ’ ਦੀ ਹਵਾ ਇੱਕੋ ਦਿਸ਼ਾ ਵਿੱਚ ਵਗਦੀ ਰਹੀ ਤਾਂ ਕੈਪਟਨ ਨੂੰ ਮੁੱਖ ਮੰਤਰੀ ਦੀ ਕੁਰਸੀ ਤਕ ਪਹੁੰਚਣ ਲਈ ਬਹੁਤ ਸਖ਼ਤ ਮੁਕਾਬਲੇ ਵਿੱਚੋਂ ਲੰਘਣਾ ਪਵੇਗਾ।

‘ਆਪ’ ਦੇ ਵਲੰਟੀਅਰਾਂ ਨੂੰ ਮੁਕਤਸਰ ਦੀ ਰੈਲੀ ਵਿੱਚ ਸੁਖਬੀਰ ਸਿੰਘ ਬਾਦਲ ਵੱਲੋਂ ‘ਟੋਪੀਆਂ ਵਾਲੇ’ ਕਹਿ ਕੇ ਤਸ਼ਬੀਹ ਦੇਣ ਪਿੱਛੇ ਅਸਲ ਮੰਤਵ ਕੀ ਹੈ? ਨਾਲ ਹੀ ਸਿੱਖਾਂ ਨੂੰ ਘਰ ਘਰ ਵਿੱਚ ਕੇਸਰੀ ਝੰਡੇ ਝੁਲਾਉਣ ਦਾ ਅਚਾਨਕ ਚਾਅ ਉਨ੍ਹਾਂ ਨੂੰ ਹੁਣ ਹੀ ਕਿਉਂ ਉੱਠਿਆ? ਕੀ ਉਹ ਆਪਣੀ ਸੰਭਾਵੀ ਹਾਰ ਨੂੰ ਜਿੱਤ ਵਿੱਚ ਬਦਲਣ ਲਈ ਵੋਟਾਂ ਦੀ ਸਫਬੰਦੀ ਦਾ ਪੱਤਾ ਵਰਤ ਰਹੇ ਹਨ? ਜੇ ਇਹੋ ਜਿਹੇ ਰਣਨੀਤਕ ਪੈਂਤੜੇ ਉਨ੍ਹਾਂ ਦੇ ਏਜੰਡੇ ਵਿੱਚ ਸ਼ਾਮਲ ਹੋ ਗਏ ਹਨ ਤਾਂ ਘੱਟੋ ਘੱਟ ਇਸ ਵਾਰ ਉਹ ਨਹੀਂ ਚੱਲ ਸਕਣਗੇ। ਉਨ੍ਹਾਂ ਨੂੰ ਸ਼ਾਇਦ ਇਹ ਪਤਾ ਨਹੀਂ ਕਿ ਜਿਨ੍ਹਾਂ ਨੌਜਵਾਨਾਂ ਨੇ ਟੋਪੀਆਂ ਪਹਿਨ ਰੱਖੀਆਂ ਹਨ, ਉਨ੍ਹਾਂ ਦੇ ਸਿਰਾਂ ’ਤੇ ਕਦੇ ਪੱਗਾਂ ਹੁੰਦੀਆਂ ਸਨ। ਪਰ ਉਨ੍ਹਾਂ ਦੇ ਸਿਰਾਂ ਤੋਂ ਜੇ ਪੱਗਾਂ ਅੱਜ ਲੱਥ ਗਈਆਂ ਹਨ ਤਾਂ ਇਸ ਵਰਤਾਰੇ ਵਿੱਚ ਅਕਾਲੀ ਦਲ ਨੂੰ ਵੀ ਆਪਣੇ ਰੋਲ ਬਾਰੇ ਆਪਾ ਪੜਚੋਲ ਕਰਨੀ ਪਵੇਗੀ।

ਖੱਬੇ ਪੱਖੀ ਧਿਰਾਂ ਦੀ ਹਾਲਤ ਵੀ ਕੋਈ ਬਹੁਤੀ ਚੰਗੀ ਨਹੀਂ ਹੈ। ਇੱਕ ਖੱਬੇ ਪੱਖੀ ਧਿਰ ਤਾਂ ‘ਆਪ’ ਦੇ ਉਭਾਰ ਨੂੰ ਡਰਾਮੇਬਾਜ਼ੀ ਵੀ ਕਹਿੰਦੀ ਹੈ ਤੇ ਇਹ ਵੀ ਰਾਏ ਰੱਖਦੀ ਹੈ ਕਿ ‘ਆਪ’ ਕੋਲ ਕੋਈ ਵੱਡੀ ਦੂਰ ਦ੍ਰਿਸ਼ਟੀ ਨਹੀਂ। ਪਰ ਖੱਬੇ ਪੱਖੀਆਂ ਦੀ ਆਪਣੀ ਦੂਰ ਦ੍ਰਿਸ਼ਟੀ ਵਿੱਚ ਵੀ ਵੱਡੀਆਂ ਖ਼ਾਮੀਆਂ ਜ਼ਰੂਰ ਹਨ, ਜਿਸ ਕਾਰਨ ਉਨ੍ਹਾਂ ਦੀ ਹੁਣ ਪੁੱਛ-ਪ੍ਰਤੀਤ ਅਣਹੋਇਆਂ ਵਰਗੀ ਹੈ। ਸਵਾਲ ਪੈਦਾ ਹੁੰਦਾ ਹੈ ਕਿ ਉਨ੍ਹਾਂ ਦੀ ਅੰਤਰ-ਝਾਤ ਉਨ੍ਹਾਂ ਨੂੰ ਅੱਜ ਕੱਲ੍ਹ ਕਿਹੜਾ ਰਾਹ ਦਿਖਾਉਂਦੀ ਹੈ ਜਿਸ ਨੂੰ ਮਾਰਕਸੀ ਤਰਜ਼-ਏ-ਜ਼ਿੰਦਗੀ ਵਿੱਚ ਪੜਚੋਲ ਤੇ ਆਪਾ ਪੜਚੋਲ ਦਾ ਨਾਮ ਦਿੱਤਾ ਜਾਂਦਾ ਹੈ।

ਬਹੁਜਨ ਸਮਾਜ ਪਾਰਟੀ ਵੀ ਬਾਬਾ ਸਾਹਿਬ ਅੰਬੇਦਕਰ ਅਤੇ ਬਾਬੂ ਕਾਂਸ਼ੀ ਰਾਮ ਦੀ ਮਹਾਨ ਕੂਟਨੀਤਿਕ ਪਹੁੰਚ, ਯੋਗਤਾ ਅਤੇ ਤਾਕਤ ਦੀ ਅਸਲ ਵਾਰਸ ਨਹੀਂ ਬਣ ਸਕੀ। ਇਹੋ ਪਾਰਟੀ ਜੇ ਉੱਤਰ ਪ੍ਰਦੇਸ਼ ਵਿੱਚ ਕਿਸੇ ਸਮੇਂ ਰਾਜ ਭਾਗ ਦੀ ਮਾਲਕ ਬਣ ਗਈ ਸੀ ਤਾਂ ਫਿਰ ਪੰਜਾਬ ਦੀ ਰਾਜਨੀਤਿਕ ਵਾਗਡੋਰ ਉਨ੍ਹਾਂ ਨੂੰ ਕਿਉਂ ਨਾ ਮਿਲ ਸਕੀ, ਜਦੋਂਕਿ ਹਕੀਕਤ ਵਿੱਚ ਦੋਵਾਂ ਸੂਬਿਆਂ ਵਿੱਚ ਉਨ੍ਹਾਂ ਦੇ ‘ਪਰਿਵਾਰ’ ਦੀ ਗਿਣਤੀ ਕਰੀਬ ਕਰੀਬ ਇੱਕੋ ਜਿੰਨੀ ਸੀ। ਇਉਂ ਲਗਦਾ ਹੈ ਪੰਜਾਬ ਦਾ ਦਲਿਤ ਆਪਣੀ ਸੁਤੰਤਰ ਹੋਂਦ ਗਵਾ ਚੁੱਕਾ ਹੈ। ਇਹ ਪਾਰਟੀ ਯੂ.ਪੀ. ਵਾਂਗ ਕਿਸੇ ਰਾਜਨੀਤਿਕ ਗੱਠਜੋੜ ਦੀ ਅਗਵਾਈ ਕਿਉਂ ਨਹੀਂ ਕਰ ਸਕੀ?

ਪੰਜਾਬ ਰਾਜਨੀਤਿਕ-ਚਿੰਤਨ ਦੇ ਇੱਕ ਵੱਡੇ ਅਤੇ ਦਿਲਚਸਪ ਮੰਥਨ ਵਿੱਚੋਂ ਲੰਘ ਰਿਹਾ ਹੈ। 2016 ਤੇ 2017 ਵਿੱਚ ਸੱਤ ਰਾਜਾਂ ਵਿੱਚ ਵੀ ਚੋਣਾਂ ਹੋਣੀਆਂ ਹਨ ਪਰ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਉਨ੍ਹਾਂ ਰਾਜਾਂ ਵਿੱਚ ਮੈਦਾਨ ਅਜੇ ਵੀ ਏਨਾ ਭਖਿਆ ਤੇ ਰੌਣਕ ਵਾਲਾ ਨਹੀਂ ਬਣ ਸਕਿਆ, ਜਿੰਨਾ ਇਸ ਸੂਬੇ ਵਿੱਚ ਬਣਿਆ ਹੋਇਆ ਹੈ। ‘ਆਪ’ ਭਾਵੇਂ ਜਿੱਤੇ ਜਾਂ ਹਾਰੇ ਪਰ ਇਸ ਮੰਥਨ ਦਾ ਸਿਹਰਾ ਉਸੇ ਨੂੰ ਹੀ ਮਿਲੇਗਾ।

ਸ. ਕਰਮਜੀਤ ਸਿੰਘ (ਚੰਡੀਗੜ੍ਹ) ਸੀਨੀਅਰ ਪੱਤਰਕਾਰ ਹਨ ਤੇ ਉਨ੍ਹਾਂ ਵਲੋਂ ਪੰਜਾਬ ਅਤੇ ਸਿੱਖ ਰਾਜਨੀਤੀ ਵਿਚ ਦਿਲਚਸਪੀ ਰੱਖਦਿਆਂ ਸਮੇਂ-ਸਮੇਂ ਸਿਰ ਆਪਣੇ ਵਿਚਾਰ ਲੇਖਾਂ ਰਾਹੀਂ ਪਾਠਕਾਂ ਨਾਲ ਸਾਂਝੇ ਕੀਤੇ ਜਾਂਦੇ ਹਨ। ਉਨ੍ਹਾਂ ਨਾਲ ਈ-ਮੇਲ ਪਤੇ karamjitsinghchandigarh@gmail.com ਰਾਹੀਂ ਸੰਪਰਕ ਕੀਤਾ ਜਾ ਸਕਦਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: