ਸਾਕਾ ਨੀਲਾ ਤਾਰਾ ਬਾਰੇ ਲਿਖੀ ਗਈ ਪਹਿਲੀ ਕਿਤਾਬ ਅਤੇ ਆਖ਼ਰੀ ਕਿਤਾਬ ‘ਚ ਇੱਕ ਗੱਲ ਸਾਂਝੀ ਹੈ ਕਿ ਭਾਰਤੀ ਫੌਜ ਨੂੰ ਇਸ ਕਰਕੇ ਵੱਧ ਨੁਕਸਾਨ ਉਠਾਉਣਾ ਪਿਆ, ਕਿਉਂਕਿ ਫੌਜ ਨੂੰ ਦਰਬਾਰ ਸਾਹਿਬ ਵੱਲ ਗ਼ੋਲੀ ਚਲਾਉਣ ਦਾ ਹੁਕਮ ਨਹੀਂ ਸੀ, ਕਿਉਂਕਿ ਸਿੱਖ ਖਾੜਕੂਆਂ ਦੇ ਮੋਰਚਿਆਂ ‘ਤੇ ਗੋਲੀ ਚਲਾਉਣ ਵੇਲੇ ਦਰਬਾਰ ਸਾਹਿਬ ਦੀ ਇਮਾਰਤ ਵਿਚਕਾਰ ਆਉਂਦੀ ਸੀ। ਬਲਿਊ ਸਟਾਰ ਤੋਂ ਬਾਅਦ ਇਸ ਸਾਕੇ ਬਾਰੇ ਸਭ ਤੋਂ ਪਹਿਲੀ ਕਿਤਾਬ ਮਾਰਕ ਟਲੀ ਅਤੇ ਸਤੀਸ਼ ਜੈਕਬ ਵਲੋਂ ਲਿਖੀ ਗਈ ਸੀ। ਇਹ ਕਿਤਾਬ ਨਵੰਬਰ 1985 ਵਿੱਚ ਛਪ ਕੇ ਸਾਹਮਣੇ ਆਈ। ਮਾਰਕ ਟਲੀ ਅਤੇ ਸਤੀਸ਼ ਜੈਕਬ ਬੀ.ਬੀ.ਸੀ. ਰੇਡੀਓ ਦੇ ਨਵੀਂ ਦਿੱਲੀ ‘ਚ ਪੱਤਰਕਾਰ ਸਨ। ਉਨਾਂ ਦਿਨਾਂ ‘ਚ ਟੈਲੀਵੀਜ਼ਨ ਦਾ ਇੱਕੋ ਇੱਕ ਚੈਨਲ ਦੂਰਦਰਸ਼ਨ ਸੀ, ਜੋ ਕਿ ਸਰਕਾਰ ਦੇ ਸਿੱਧੇ ਕਬਜ਼ੇ ਹੇਠ ਸੀ ਇਹੀ ਹਾਲ ਰੇਡੀਓ ਦਾ ਸੀ ਜੋ ਕਿ ਸਰਕਾਰ ਦੇ ਸਿੱਧੇ ਕਬਜ਼ੇ ਵਿੱਚ ਸੀ । ਇਸ ਕਰਕੇ ਸਰਕਾਰ ਨੂੰ ਨਾ ਭਾਉਣ ਵਾਲੀ ਕੋਈ ਵੀ ਖ਼ਬਰ ਟੀ.ਵੀ.-ਰੇਡੀਓ ‘ਤੇ ਨਸ਼ਰ ਨਹੀਂ ਸੀ ਹੋ ਸਕਦੀ। ਅਖ਼ਬਾਰਾਂ ਦਾ ਕੰਮ ਬੜਾ ਢਿੱਲਾ ਸੀ ਅਤੇ ਉਹ ਵੀ ਸਰਕਾਰ ਦੇ ਦਬਾਅ ਹੇਠ ਕੰਮ ਕਰ ਰਹੇ ਸਨ। ਬੀ.ਬੀ.ਸੀ. ਦੀ ਹਿੰਦੀ ਸਰਵਿਸ ਸ਼ਾਮ ਦੇ 8 ਵਜੇ ਨਸ਼ਰ ਹੁੰਦੀ ਸੀ, ਜਿਸ ਵਿੱਚ ਹਿੰਦੋਸਤਾਨ ਦੀ ਖ਼ਬਰਾਂ ਤੋਂ ਇਲਾਵਾ ਇੰਨਾਂ ਤੇ ਤਬਸਰੇ ਵੀ ਕੀਤੇ ਜਾਂਦੇ ਸਨ।
ਆਪ੍ਰੇਸ਼ਨ ਬਲਿਊ ਸਟਾਰ ਵੇਲੇ ਅਖ਼ਬਾਰਾਂ ਬੰਦ ਸਨ, ਸੋ ਬੀ.ਬੀ.ਸੀ. ‘ਤੇ ਹੀ ਸਾਰਿਆਂ ਦੀ ਟੇਕ ਸੀ। ਉਨਾਂ ਦਿਨਾਂ ‘ਚ ਲੰਡਨ ਤੋਂ ਚੱਲਣ ਵਾਲਾ ਬੀ. ਬੀ. ਸੀ. ਰੇਡੀਓ ਬਹੁਤ ਮਸ਼ਹੂਰ ਸੀ ਅਤੇ ਨਿਰਪੱਖ ਖਬਰਾਂ ਦਾ ਇੱਕੋ ਇਕ ਸਾਧਨ ਮੰਨਿਆ ਜਾਂਦਾ ਸੀ। ਬੀ.ਬੀ.ਸੀ. ਦੇ ਦੋਵੇਂ ਪੱਤਰਕਾਰ ਅਕਸਰ ਹੀ ਪੰਜਾਬ ਖਾਸਕਾਰ ਅੰਮ੍ਰਿਤਸਰ ਆਉਂਦੇ ਰਹਿੰਦੇ ਅਤੇ ਖ਼ਬਰਾਂ ਭੇਜਦੇ ਹੁੰਦੇ ਸੀ। ਜਦੋਂ 1 ਜੂਨ 1984 ਨੂੰ ਬੀ.ਬੀ.ਸੀ. ਦਾ ਪੱਤਰਕਾਰ ਮਾਰਕ ਟਲੀ ਅੰਮ੍ਰਿਤਸਰ ਆਇਆ ਤਾਂ ਹਾਲਾਤ ਇੰਨੇ ਤੇਜ਼ੀ ਨਾਲ ਅਗਾਂਹ ਵੱਧ ਰਹੇ ਸਨ ਕਿ ਉਹ ਉਦੋਂ ਤੱਕ ਦਿੱਲੀ ਵਾਪਸ ਨਾ ਮੁੜਿਆ, ਜਦੋਂ ਤੱਕ ਫੌਜ ਨੇ ਸਾਰੇ ਬਾਹਰਲੇ ਪੱਤਰਕਾਰਾਂ ਨੂੰ ਜ਼ਬਰਦਸਤੀ ਪੰਜਾਬੋਂ ਬਾਹਰ ਨਹੀਂ ਕੱਢਿਆ। ਸੋ,ਅਜਿਹੇ ਮੌਕੇ ਦੇ ਗ਼ਵਾਹ ਅਤੇ ਬੀ ਬੀ ਸੀ ਦਾ ਪੱਤਰਕਾਰ ਹੋਣ ਕਰਕੇ ਮਾਰਕ ਟਲੀ ਵੱਲੋਂ ਲਿਖੀ ਗਈ ਕਿਤਾਬ ਬਹੁਤ ਮਕਬੂਲ ਹੋਈ ਅਤੇ ਇਸਨੂੰ ਨਿਰਪੱਖ ਵੀ ਮੰਨਿਆ ਗਿਆ। ਕਿਉਂਕਿ ਵਿਦੇਸ਼ੀਆਂ ਦੇ ਪੰਜਾਬ ਵਿੱਚ ਦਾਖਲੇ ‘ਤੇ ਪਾਬੰਦੀ ਹੋਣ ਕਰਕੇ ਉਸਨੇ ਇਸ ਕੰਮ ਵਿੱਚ ਆਪਣੇ ਸਾਥੀ ਅਤੇ ਹਿੰਦੋਸਤਾਨੀ ਨਾਗਰਿਕ ਸਤੀਸ਼ ਜੈਕੋਬ ਨੂੰ ਕਿਤਾਬ ਦੇ ਲਿਖਾਰੀ ਵਜੋਂ ਹਿੱਸੇਦਾਰ ਬਣਾਇਆ।ਅੰਗਰੇਜ਼ੀ ‘ਚ ਛਪੀ ਇਸ ਕਿਤਾਬ ਦਾ ਨਾ ਹੈ ‘ਅੰਮ੍ਰਿਤਸਰ, ਮਿਿਸਜ਼ ਗਾਂਧੀਜ਼ ਲਾਸਟ ਬੈਟਲ’ (ਅੰਮ੍ਰਿਤਸਰ, ਸ਼੍ਰੀਮਤੀ ਗਾਂਧੀ ਦੀ ਆਖਰੀ ਜੰਗ )
ਲੋਕਾਂ ਨੂੰ ਆਪ੍ਰੇਸ਼ਨ ਬਲਿਊ ਸਟਾਰ ਬਾਰੇ ਵਧੇਰੇ ਜਾਣਕਾਰੀ ਸਭ ਤੋਂ ਪਹਿਲਾਂ ਇਸ ਕਿਤਾਬ ਤੋਂ ਹੀ ਮਿਲੀ। ਇਸ ਕਿਤਾਬ ਦੇ ਸਫ਼ਾ 180 ‘ਤੇ ਮਾਰਕ ਟਲੀ ਲਿਖਦੇ ਹਨ ਕਿ, ‘ਸਭ ਤੋਂ ਖਾਸ ਗ਼ੱਲ, ਇਹ ਹੈ ਕਿ ਗ਼ੋਲਡਨ ਟੈਂਪਲ ਦੀ ਇਮਾਰਤ ਨੂੰ ਕੋਈ ਨੁਕਸਾਨ ਨਹੀਂ ਪੁੱਜਿਆ, ਅਕਾਲ ਤਖ਼ਤ, ਦਰਸ਼ਨੀ ਡਿਉੜੀ ਅਤੇ ਲਾਇਬ੍ਰੇਰੀ ਦੇ ਮੁਕਾਬਲੇ। ਇਸ ਸਫ਼ਲਤਾ ਦਾ ਸਿਹਰਾ ਅਨੁਸ਼ਾਸ਼ਨ ਵਿੱਚ ਰਹਿਣ ਵਾਲੀ ਭਾਰਤੀ ਫੌਜ ਨੂੰ ਜਾਂਦਾ ਹੈ। 400 ਵਰਗ ਫੁੱਟ ਦੀ ਇਹ ਇਮਾਰਤ ਯੁੱਧ ਮੈਦਾਨ ਦੇ ਵਿਚਕਾਰ ਖੜੀ ਸੀ। ਜੇ ਫੌਜੀਆਂ ਨੇ ਆਪਣੇ ਮੇਜਰ ਜਰਨਲ ਬਰਾੜ ਦਾ ਹੁਕਮ ਨਾ ਮੰਨਿਆ ਹੁੰਦਾ ਤਾਂ ਹਰਮਿੰਦਰ ਸਾਹਿਬ ਦੀ ਇਮਾਰਤ ਨੂੰ ਯਕੀਨਨ ਬਹੁਤ ਨੁਕਸਾਨ ਪੁੱਜਣਾ ਸੀ।
ਹੁਣ ਸੁਣੋ ਜਨਰਲ ਬਰਾੜ ਦੀ ਆਪਣੇ ਹੱਥੀ ਲਿਖੀ ਕਿਤਾਬ ਵਿਚਲੀ ਕਹਾਣੀ- 2012 ਵਿੱਚ 14ਵੀਂ ਵਾਰ ਛਪੀ ‘ਓਪ੍ਰੇਸ਼ਨ ਬਲਿਊ ਸਟਾਰ ਅਸਲ ਕਹਾਣੀ’। ਇਸ ਕਿਤਾਬ ਸਫ਼ਾ 105 ‘ਤੇ ਜਨਰਲ ਬਰਾੜ ਆਖਦੇ ਹਨ ਕਿ, ”ਮੈਂ ਗਾਰਦ, ਪੈਰਾਂ ਕਮਾਂਡੋਆਂ ਤੇ ਐਸ.ਐਫ਼.ਐਫ਼ ਦੇ ਕਮਾਡਿੰਗ ਅਫ਼ਸਰਾਂ ਨੂੰ ਸੱਪਸ਼ਟ ਤੇ ਦੋ ਟੁੱਕ ਹਦਾਇਤਾਂ ਦਿੱਤੀਆਂ ਕਿ ਕਿਸੇ ਵੀ ਹਾਲਤ ਵਿੱਚ ਹਰਿਮੰਦਰ ਸਾਹਿਬ ਵੱਲ ਜਵਾਬੀ ਗ਼ੋਲੀ ਨਹੀਂ ਚਲਾਉਣੀ। ਫੱਟੜਾਂ ਤੇ ਮਰਨ ਵਾਲਿਆਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਸੀ ਅਤੇ ਇਸ ਘੜੀ ਜੋ ਹਾਲਾਤ ਸਨ ਉਹਨਾਂ ਵਿੱਚ ਫੱਟੜਾਂ ਨੂੰ ਬਾਹਰ ਕੱਢਣ ਦਾ ਕੰਮ ਵੀ ਖ਼ਤਰੇ ਤੋਂ ਖ਼ਾਲੀ ਨਹੀਂ ਸੀ। ਜਿਵੇਂ ਕਿ ਮੋਰਚਿਆਂ ਤੋਂ ਦੇਖਿਆ ਜਾ ਸਕਦਾ ਸੀ, ਇਹ ਇਸ ਹਿਸਾਬ ਨਾਲ ਖੜੇ ਕੀਤੇ ਗਏ ਸਨ ਕਿ ਹਰਿਮੰਦਰ ਸਾਹਿਬ ਦੀ ਕਿਸੇ ਵੀ ਬਾਹੀ ਵੱਲੋਂ ਕਾਰਵਾਈ ਕਰਨ ਵਾਲੇ ਜਵਾਨ ਸਹਾਮਣੇ ਪਾਸੇ ਹੀ ਬਾਹੀ ਤੋਂ ਕਾਰਗਰ ਗ਼ੋਲਾਬਾਰੀ ਦੀ ਮਾਰ ਹੇਠ ਆਉਂਦੇ ਸਨ ਅਤੇ ਬਹੁਤੀਆਂ ਹਾਲਤਾਂ ਵਿੱਚ ਜੇ ਜਵਾਬ ਵਿੱਚ ਗ਼ੋਲੀ ਚਲਾਈ ਜਾਂਦੀ ਤਾਂ ਹਰਿਮੰਦਰ ਸਾਹਿਬ ਸਿੱਧਾ ਗ਼ੋਲੀ ਦੀ ਮਾਰ ਦੀ ਰੇਖਾ ਵਿੱਚ ਆਉਂਦਾ ਸੀ। ਭਾਰੀ ਭੜਕਾਹਟ, ਫੱਟੜਾਂ ਤੇ ਮਰਨ ਵਾਲਿਆਂ ਦੀ ਵੱਡੀ ਗਿਣਤੀ ਅਤੇ ਅਜਿਹਾ ਜਾਨੀ ਨੁਕਸਾਨ ਉਠਾ ਰਹੇ ਜਵਾਨਾਂ ਦੇ ਤਤਕਾਲੀ ਰੋਹ ਦੇ ਬਾਵਜੂਦ ਸਾਡੇ ਲਈ ਜ਼ਰੂਰੀ ਸੀ ਕਿ ਆਪਣੇ ਖਿਲਾਫ਼ ਖੜੀ ਮੁਸੀਬਤ ਨੂੰ ਬਰਦਾਸ਼ਤ ਕਰਦੇ ਅਤੇ ਆਪਣੇ ਇਸ ਕਠਨ ਫੈਸਲੇ ‘ਤੇ ਡਟੇ ਰਹਿੰਦੇ ਕਿ ਹਰਿਮੰਦਰ ਸਾਹਿਬ ਦੀ ਸੇਧ ਵਿੱਚ ਇੱਕ ਵੀ ਗ਼ੋਲੀ ਨਹੀਂ ਚਲਾਈ ਜਾਏਗੀ। ਬੰਦਾ ਹੈਰਾਨੀ ਨਾਲ ਸੋਚਦਾ ਹੈ ਕਿ ਦੁਨੀਆਂ ਦੀ ਕੋਈ ਹੋਰ ਸੈਨਾ ਲੜਾਈ ਸਮੇਂ ਅਜਿਹੇ ਹੁਕਮਾਂ ਦਾ ਪਾਲਣ ਕਰਦੀ। ਮੇਰਾ ਖਿਆਲ ਹੈ ਕਿ ਇਹ ਸਭ ਤੋਂ ਸਖ਼ਤ ਹੁਕਮ ਸਨ, ਜਿਹੜੇ ਮੈਂ ਆਪਣੀ ਜ਼ਿੰਦਗੀ ਵਿੱਚ ਕਦੇ ਵੀ ਦਿੱਤੇ।”
ਮਾਰਕ ਟਲੀ ਅਤੇ ਜਨਰਲ ਬਰਾੜ ਦੀ ਇੱਕ ਗੱਲ ਸਾਂਝੀ ਹੈ ਕਿ ਫੌਜ ਨੂੰ ਜਿਹੜਾ ਹੁਕਮ ਦਰਬਾਰ ਸਾਹਿਬ ਵੱਲ ਗ਼ੋਲੀ ਨਾ ਚਲਾਉਣ ਦਾ ਮਿਿਲਆ, ਉਸ ਕਰਕੇ ਫੌਜ ਨੇ ਆਪ ਤਾਂ ਜਾਨੀ ਨੁਕਸਾਨ ਉਠਾ ਲਿਆ, ਪਰ ਦਰਬਾਰ ਸਾਹਿਬ ਨੂੰ ਕੋਈ ਨੁਕਸਾਨ ਨਹੀਂ ਹੋਣ ਦਿੱਤਾ।ਆਓ ! ਦੇਖਦੇ ਹਾਂ ਉਨਾਂ ਦੋਵਾਂ ਦੀ ਇਸ ਦਲੀਲ ‘ਚ ਕਿੰਨਾ ਕੁ ਵਜ਼ਨ ਹੈ। ਪਹਿਲੀ ਗ਼ੱਲ ਇਹ ਜਿਹੜੇ ਬੰਦਿਆਂ ਨੇ ਦਰਬਾਰ ਸਾਹਿਬ ਦੇ ਦਰਸ਼ਨ ਕੀਤੇ ਹਨ ਉਨਾਂ ਨੂੰ ਪਤਾ ਹੈ ਕਿ ਕੋਈ ਅਜਿਹੀ ਥਾਂ ਨਹੀਂ, ਜਿੱਥੇ ਗ਼ੋਲੀ ਚਲਾਉਣ ਲਈ ਦਰਬਾਰ ਸਾਹਿਬ ਅੜਿੱਕਾ ਬਣਦਾ ਹੋਵੇ। ਜਿਹੜੇ ਬੰਦੇ ਕਦੇ ਦਰਬਾਰ ਸਾਹਿਬ ਨਹੀਂ ਗਏ, ਉਨਾਂ ਦੀ ਜਾਣਕਾਰੀ ਲਈ ਜਨਰਲ ਬਰਾੜ ਵੱਲੋਂ ਆਪਣੀ ਕਿਤਾਬ ‘ਚ ਦਿੱਤਾ ਗਿਆ ਉਹ ਨਕਸ਼ਾ ਪੇਸ਼ ਹੈ, ਜਿਸ ਵਿੱਚ ਉਨਾਂ ਨੇ ਕੰਪਲੈਕਸ ਦੀ ਮੋਰਚਾਬੰਦੀ ਦਰਸਾਈ ਗਈ ਹੈ। ਦਰਬਾਰ ਸਾਹਿਬ ਦੀ ਚਾਰੇ ਬਾਹੀਆਂ ਦੀ ਲੰਬਾਈ-ਚੌੜਾਈ 20-20 ਫੁੱਟ ਹੈ। ਜੇ ਕਿਸੇ ਬਾਹੀ ਵੱਲੋਂ ਦਰਬਾਰ ਸਾਹਿਬ ਨੂੰ ਸੇਧ ‘ਚ ਰੱਖ ਕੇ ਸ਼ਿਸ਼ਤ ਲੈਣੀ ਹੋਵੇ ਤਾਂ ਸਿਰਫ਼ 20 ਫੁੱਟ ਦਾ ਥਾਂ ਹੀ ਪਰਲੇ ਪਾਸੇ ਰੁਕਦਾ ਹੈ। ਨਾਲੇ ਜੇ ਦਰਬਾਰ ਸਾਹਿਬ ਦੀ ਬਿਲਡਿੰਗ ਗ਼ੋਲੀ ਦੇ ਵਿਚਕਾਰ ਆਉਂਦੀ ਹੋਵੇ ਤਾਂ ਦੂਜੇ ਪਾਸੇ ਗ਼ੋਲੀ ਮਾਰਨ ਦਾ ਕੋਈ ਫਾਇਦਾ ਹੀ ਨਹੀਂ, ਜਦੋਂ ਇਹ ਗ਼ੋਲੀ ਦਰਬਾਰ ਸਾਹਿਬ ਦੀ ਬਿਲਡਿੰਗ ਨੇ ਹੀ ਰੋਕ ਲੈਣੀ ਹੋਵੇ। ਜਨਰਲ ਬਰਾੜ ਦੇ ਨਕਸ਼ੇ ਤੋਂ ਸਪੱਸ਼ਟ ਹੈ ਕਿ ਖਾੜਕੂਆਂ ਦਾ ਕੋਈ ਅਜਿਹਾ ਮੋਰਚਾ ਨਹੀਂ ਸੀ, ਜਿਸਦੇ ਵਿਚਕਾਰ ‘ਚ ਦਰਬਾਰ ਸਾਹਿਬ ਆਉਂਦਾ ਹੋਵੇ। 20 ਜਰਬ 20 ਫੁੱਟ ਨੂੰ ਛੱਡ ਕੇ ਬਾਕੀ ਸਾਰਾ ਕੰਪਲੈਕਸ ਤਾਂ ਖੁੱਲਾ ਹੀ ਸੀ,ਜਿਧਰੋਂ ਮਰਜ਼ੀ ਗ਼ੋਲੀ ਚਲਾਈ ਜਾਂਦੇ ਅਤੇ ਫੌਜ ਨੇ ਚਲਾਈ ਵੀ। ਨਾਂ ਹੀ ਬਰਾੜ ਨੇ ਇਹ ਸਪੱਸ਼ਟ ਕੀਤਾ ਹੈ ਕਿ ਖਾੜਕੂਆਂ ਦੇ ਕਿਹੜੇ ਮੋਰਚੇ ‘ਤੇ ਗ਼ੋਲੀ ਚਲਾਉਣ ਦੇ ਰਾਹ ਵਿੱਚ ਦਰਬਾਰ ਸਾਹਿਬ ਅੜਿੱਕਾ ਬਣਦਾ ਸੀ। ਨਾਲ ਹੀ ਦਰਬਾਰ ਸਾਹਿਬ ਤੇ ਅਕਾਲ ਤਖ਼ਤ ਦੇ ਵਿਚਕਾਰ ਪੈਂਦੀ ਦਰਸ਼ਨੀ ਡਿਉੜੀ ‘ਤੇ ਹਜ਼ਾਰਾਂ ਗ਼ੋਲੀਆਂ ਦੀ ਬੁਛਾੜ ਕਰਨ ਲਈ ਦਰਬਾਰ ਸਾਹਿਬ ਅੜਿੱਕਾ ਨਹੀਂ ਬਣਿਆ। ਡਿਉੜੀ ‘ਤੇ ਤੋਪ ਦੇ ਗ਼ੋਲੇ ਮਾਰ ਕੇ ਮਘੋਰੇ ਕਰਨ ਤੱਕ ਦਰਬਾਰ ਸਾਹਿਬ ਦੀ ਬਿਲਡਿੰਗ ਜੇ ਅੜਿੱਕਾ ਨਹੀਂ ਬਣੀ ਤਾਂ ਹੋਰ ਕਿਹੜੇ ਮੋਰਚੇ ‘ਤੇ ਫਾਇਰਿੰਗ ਕਰਨ ਲਈ ਇਸਨੇ ਅੜਿੱਕਾ ਬਣਨਾ ਸੀ। ਸ਼੍ਰੀ ਦਰਬਾਰ ਸਾਹਿਬ ਵਿੱਚ ਕੋਈ ਖਾੜਕੂ ਮੋਰਚਾ ਨਹੀਂ ਸੀ ਤੇ ਨਾ ਹੀ ਅਜਿਹਾ ਮੋਰਚਾ ਹੋਣ ਦੀ ਤਸਦੀਕ ਕਿਸੇ ਨਿਰਪੱਖ ਬੰਦੇ ਨੇ ਹਾਲੇ ਤੱਕ ਨਹੀਂ ਕੀਤੀ। ਇਸ ਕਰਕੇ ਦਰਬਾਰ ਸਾਹਿਬ ਵੱਲ ਗ਼ੋਲੀ ਚਲਾਉਣ ਦੀ ਕੋਈ ਜ਼ਰੂਰਤ ਹੀ ਨਹੀਂ ਸੀ, ਪਰ ਫਿਰ ਵੀ ਗ਼ੋਲੀ ਲੱਗਣ ਕਰਕੇ ਤਾਬਿਆਂ ‘ਤੇ ਬੈਠਾ ਇੱਕ ਗ੍ਰੰਥੀ ਸਿੰਘ ਸ਼ਹੀਦ ਹੋਇਆ ਅਤੇ ਗ਼ੋਲੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦੀ ਲੰਘੀ। ਫੌਜ ਵੱਲੋਂ ਇਸ ਗ਼ੋਲੀ ਦਾ ਜ਼ੁੰਮਾ ਖਾੜਕੂਆਂ ‘ਤੇ ਸੁੱਟਣ ਨੂੰ ਕਿਸੇ ਨੇ ਵੀ ਸਹੀ ਨਹੀਂ ਮੰਨਿਆ।
4 ਜੂਨ ਨੂੰ ਫੌਜੀ ਆਪ੍ਰੇਸ਼ਨ ਸ਼ੁਰੂ ਹੋਣ ਤੋਂ ਪਹਿਲਾ ਇੱਕ ਜੂਨ ਨੂੰ ਦਰਬਾਰ ਸਾਹਿਬ ‘ਤੇ ਸੀ.ਆਰ.ਪੀ. ਨੇ ਸੈਂਕੜੇ ਗ਼ੋਲੀਆਂ ਚਲਾਈਆਂ। ਜਿਸ ਵਿੱਚ ਇੱਕ ਸਿੰਘ ਸ਼ਹੀਦ ਅਤੇ ਦਰਜਨਾਂ ਫੱਟੜ ਹੋਏ। ਉਸ ਦਿਨ ਬੀ.ਬੀ.ਸੀ. ਲੰਡਨ ਰੇਡੀਓ ਨੇ ਆਪਣੇ ਇਸੇ ਪੱਤਰਕਾਰ ਮਾਰਕ ਟਲੀ ਦੇ ਹਵਾਲੇ ਨਾਲ ਖ਼ਬਰ ਦਿੱਤੀ ਕਿ ਉਸਨੇ ਦਰਬਾਰ ਸਾਹਿਬ ਇਮਾਰਤ ‘ਤੇ ਸੈਂਕੜੇ ਗ਼ੋਲੀਆਂ ਦੇ ਨਿਸ਼ਾਨ ਦੇਖੇ ਹਨ, ਜੋ ਕਿ ਸੀ.ਆਰ.ਪੀ. ਵੱਲੋਂ ਚਲਾਈਆਂ ਗਈਆਂ। ਮਾਰਕ ਟਲੀ ਆਪਣੀ ਕਿਤਾਬ ਦੇ ਸਫ਼ਾ 180 ‘ਤੇ ਲਿਖਦੇ ਹਨ ਕਿ ਇਹ ਗੱਲ ਪੱਕੀ ਹੈ ਕਿ ਦਰਬਾਰ ਸਾਹਿਬ ‘ਤੇ ਗੋਲੀਆਂ ਦੇ ਨਿਸ਼ਾਨ ਪਾਏ ਗਏ, ਜਿੰਨਾਂ ਦੀ ਗਿਣਤੀ 300 ਹੈ, ਜਿੰਨਾਂ ਵਿੱਚੋਂ ਬਹੁਤੇ ਆਪ੍ਰੇਸ਼ਨ ਤੋਂ ਪਹਿਲਾਂ ਇੰਨਾਂ ਸੀ.ਆਰ.ਪੀ. ਵੱਲੋਂ ਚਲਾਈਆਂ ਗੋਲੀਆਂ ਦੇ ਹਨ। 1 ਜੂਨ ਵਾਲੀ ਫਾਈਰਿੰਗ ਦਾ ਸਰਕਾਰ ਨੇ ਨਾ ਤਾਂ ਖੰਡਨ ਕੀਤਾ ਹੈ ਅਤੇ ਨਾ ਹੀ ਕੋਈ ਅਫ਼ਸੋਸ ਜ਼ਾਹਰ ਕੀਤਾ ਹੈ।
3 ਜੂਨ ਨੂੰ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੂਰਬ ਸੀ, ਹਜ਼ਾਰਾਂ ਸੰਗਤਾਂ ਇਸ ਦਿਹਾੜੇ ‘ਤੇ ਦਰਬਾਰ ਸਾਹਿਬ ਉੱਚੇਚੇ ਤੌਰ ‘ਤੇ ਪੁੱਜੀਆਂ ਹੋਈਆਂ ਸਨ। ਫੌਜ ਉਸ ਦਿਨ ਵੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਫਾਇਰਿੰਗ ਕਰਾਉਣਾ ਚਾਹੁੰਦੀ ਸੀ। ਇਸ ਦਾ ਖੁਲਾਸਾ ਡੇਅ ਐਂਡ ਨਾਈਟ ਚੈਨਲ ਵੱਲੋਂ ਆਪ੍ਰੇਸ਼ਨ ਬਲਿਉ ਸਟਾਰ ‘ਤੇ ਬਣੀ ਅਤੇ ਉੱਘੇ ਪੱਤਰਕਾਰ ਕੰਵਰ ਸੰਧੂ ਵੱਲੋਂ ਪੇਸ਼ ਕੀਤੀ ਗਈ ਇਸ ਡਾਕੂਮੈਂਟਰੀ ਫਿਲਮ ਵਿੱਚ ਹੋਇਆ ਹੈ। ਉਸ ਵਿੱਚ ਦੱਸਿਆ ਗਿਆ ਹੈ ਕਿ ਬੀ.ਐਸ.ਐਫ਼ ਦੇ ਖਾਸਾ ਹੈੱਡ ਕੁਆਟਰ ਵਿੱਚ ਵੱਡੇ ਅਫ਼ਸਰਾਂ ਦੀ ਮੀਟਿੰਗ ਦੌਰਾਨ ਫੌਜੀ ਆਪ੍ਰੇਸ਼ਨ ਦੇ ਮੁਹਰੈਲੀ ਜਰਨੈਲ ਕੁਲਦੀਪ ਸਿੰਘ ਬਰਾੜ ਨੇ ਬੀ.ਐਸ.ਐਫ਼. ਦੇ ਡੀ.ਆਈ.ਜੀ ਸ. ਜੀ.ਐਸ. ਪੰਧੇਰ ਨੂੰ ਹੁਕਮ ਦਿੱਤਾ ਕਿ ਬੀ.ਐਸ.ਐਫ. ਹੁਣੇ ਹੀ ਉੱਚੀਆਂ ਇਮਾਰਤਾ ਤੋਂ ਦਰਬਾਰ ਸਾਹਿਬ ਵੱਲ ਫਾਇਰਿੰਗ ਕਰੇ। ਡੀ.ਆਈ. ਪੰਧੇਰ ਨੇ ਇਸ ਨੂੰ ਮਾੜੀ ਗੱਲ ਕਹਿੰਦਿਆਂ ਜਨਰਲ ਬਰਾੜ ਨੂੰ ਕਿਹਾ ਕਿ ਇਸ ਸਬੰਧੀ ਉਹ ਪਹਿਲਾਂ ਮੈਨੂੰ ਲਿਖਤੀ ਹੁਕਮ ਕਰੇ। ਪੰਧੇਰ ਵੱਲੋਂ ਨਾ ਕਰਨ ‘ਤੇ ਜਨਰਲ ਬਰਾੜ ਚੰਘਾੜਦਾ ਹੋਇਆ ਮੇਜ ‘ਤੇ ਮੁੱਕੇ ਮਾਰਨ ਲੱਗਿਆ ਤੇ ਪੰਧੇਰ ਨੂੰ ਗੁੱਸੇ ਵਿੱਚ ਕਹਿਣ ਲੱ੍ਯਗਿਆ ਕਿ ਤੂੰ ਖੁੱਲੀ ਬਗ਼ਾਵਤ ਕਰ ਰਿਹਾ ਹੈਂ। ਬਰਾੜ ਨੇ ਆਪਣੇ ਨਾਲ ਬੈਠੇ ਸੀਨੀਅਰ ਅਫ਼ਸਰ ਲੈਫਟੀਨੈਟ ਜਨਰਲ ਕੇ.ਸੁੰਦਰਜੀ ਨੂੰ ਕਿਹਾ ਕਿ ਪੰਧੇਰ ਦੀ ਥਾਂ ‘ਤੇ ਕਿਸੇ ਹੋਰ ਅਫ਼ਸਰ ਨੂੰ ਲਾਉ। ਇਸ ‘ਤੇ ਡੀ.ਆਈ. ਪੰਧੇਰ ਮੀਟਿੰਗ ‘ਚੋਂ ਉੱਠ ਕੇ ਬਾਹਰ ਆ ਗਿਆ ਤੇ ਉਸ ਨੇ ਤੁਰੰਤ ਆਪਣੇ ਸੀਨੀਅਰ ਅਫ਼ਸਰ ਨੂੰ ਵਾਇਰਲੈਸ ‘ਤੇ ਕਿਹਾ ਕਿ ਉਹ ਹੁਣ ਇੰਕ ਮਿੰਟ ਵੀ ਇਸ ਅਹੁਦੇ ‘ਤੇ ਨਹੀਂ ਰਹਿਣਾ ਚਾਹੁੰਦਾ ਤੇ ਮੈਨੂੰ ਭਲਕ ਤੋਂ ਇੱਕ ਮਹੀਨੇ ਦੀ ਛੁੱਟੀ ‘ਤੇ ਘੱਲ ਦਿੱਤਾ ਜਾਵੇ।
4 ਜੂਨ ਨੂੰ ਦੁਪਹਿਰ ਨੂੰ ਫਾਰਗ ਕਰਕੇ ਉਸ ਦੀ ਥਾਂ ‘ਤੇ ਨਵਾਂ ਡੀ.ਆਈ.ਜੀ. ਲਾ ਦਿੱਤਾ ਗਿਆ। ਇਹ ਸਾਰੀ ਗੱਲ ਦੀ ਤਸਦੀਕ ਉੱਥੇ ਹਾਜ਼ਰ ਆਈ.ਬੀ. ਦੇ ਜੁਆਇੰਟ ਡਾਇਰੈਕਟਰ ਐਮ.ਪੀ.ਐਸ. ਔਲਖ ਨੇ ਵੀ ਡਾਕੂਮੈਂਟਰੀ ਫਿਲਮ ਵਿੱਚ ਕੀਤੀ ਹੈ। ਕਿਉਂਕਿ 4 ਜੂਨ ਦੁਪਹਿਰ ਤੱਕ ਪੰਧੇਰ ਹੀ ਮੌਕੇ ਦਾ ਕਮਾਂਡਰ ਸੀ ਜਿਸ ਕਰਕੇ ਬੇ.ਐਸ.ਐਫ. ਦੀ ਫਾਇਰਿੰਗ ਨਹੀਂ ਹੋ ਸਕੀ। 4 ਜੂਨ ਨੂੰ ਫੌਜ ਨੇ ਖ਼ੁਦ ਹੀ ਫਾਇਰਿੰਗ ਸ਼ੁਰੂ ਕਰ ਦਿੱਤੀ ਇਸ ਲਈ ਬੀ.ਐਸ.ਐਫ਼ ਦੀ ਲੋੜ ਨਾ ਰਹੀ। ਜੇ ਸ. ਪੰਧੇਰ ਬਰਾੜ ਮੁਹਰੇ ਨਾ ਅੜਦਾ ਤਾਂ ਦਰਬਾਰ ਸਾਹਿਬ ‘ਤੇ ਉਵੇਂ ਗੋਲੀਆਂ ਮੁੜ ਵਜਣੀਆਂ ਸਨ ਜਿਵੇਂ ਪਹਿਲੀ ਜੂਨ ਨੂੰ ਬੀ.ਐਸ.ਐਫ. ਤੇ ਸੀ.ਆਰ.ਪੀ. ਨੇ ਮਾਰੀਆਂ ਸੀ। ਡਾਕੂਮੈਂਟਰੀ ਫਿਲਮ ਵਿੱਚ ਡੀ.ਆਈ.ਜੀ. ਪੰਧੇਰ ਦੱਸਦੇ ਹਨ ਕਿ ਪਹਿਲੀ ਜੂਨ ਨੂੰ ਮੈਂ ਜਲੰਧਰ ਵਿੱਚ ਸੀ ਜਦੋਂ ਮੈਨੂੰ ਬੀ.ਐਸ.ਐਫ. ਵੱਲੋਂ ਦਰਬਾਰ ਸਾਹਿਬ ‘ਤੇ ਗੋਲੀਆਂ ਚਲਾਉਣ ਦੀ ਖ਼ਬਰ ਮਿਲੀ ਤਾਂ ਮੈਂ ਤੁਰੰਤ ਅੰਮ੍ਰਿਤਸਰ ਕੋਤਵਾਲੀ ਥਾਣੇ ਪਹੁੰਚ ਕੇ ਆਪਣੇ ਮੁਤੈਹਤ ਅਫ਼ਸਰਾਂ ਨੂੰ ਤੁਰੰਤ ਫਾਇਰਿੰਗ ਰੋਕਣ ਦਾ ਹੁਕਮ ਦਿੱਤਾ ਤੇ ਨਾਲੋ-ਨਾਲ ਸੀ.ਆਰ.ਪੀ. ਦੇ ਡੀ.ਆਈ.ਜੀ. ਨੂੰ ਵੀ ਫਾਇਰਿੰਗ ਰੋਕਣ ਦੀ ਸਲਾਹ ਦਿੱਤੀ। ਸੀ.ਆਰ.ਪੀ. ਦੀ ਫਾਇਰਿੰਗ ਨਾ ਰੁਕੀ ਤੇ ਬੀ.ਐਸ.ਐਫ. ਨੇ ਫਾਇਰਿੰਗ ਰੋਕ ਦਿੱਤੀ। ਹੁਣ ਮੁੱਕਦੀ ਗ਼ੱਲ ਇਹ ਕਿ ਜੇ ਸਰਕਾਰ ਨੂੰ ਪਹਿਲੀ ਜੂਨ ਵਾਲੇ ਦਿਨ ਸੀ.ਆਰ.ਪੀ. ਹੱਥੋਂ ਦਰਬਾਰ ਸਾਹਿਬ ‘ਤੇ ਸੈਂਕੜੇ ਗ਼ੋਲੀਆਂ ਚਲਾਉਣ ਦੀ ਕੋਈ ਸੰਗ ਸ਼ਰਮ ਨਹੀਂ ਸੀ ਤਾਂ ਉਹਨੂੰ 4-5-6 ਜੂਨ ਨੂੰ ਫੌਜ ਹੱਥੋਂ ਦਰਬਾਰ ਸਾਹਿਬ ‘ਤੇ ਇੱਕ ਵੀ ਗ਼ੋਲੀ ਚਲਾਉਣ ਦੀ ਕਾਹਦੀ ਸੰਗ-ਸ਼ਰਮ.. ਜਾਂ ਡਰ ਸੀ..?
ਸੋ ਜਨਰਲ ਬਰਾੜ ਦਾ ਇਸ ਦਾਅਵੇ ਵਿੱਚ ਕੋਈ ਦਮ ਨਹੀਂ ਕਿ ਭਾਰਤੀ ਫੌਜ ਨੂੰ ਬਹੁਤਾ ਜਾਨੀ ਨੁਕਸਾਨ ਤਾਂ ਉਠਾਉਣਾ ਪਿਆ, ਕਿ ਉਸਨੂੰ ਦਰਬਾਰ ਸਾਹਿਬ ‘ਤੇ ਗ਼ੋਲੀ ਚਲਾਉਣ ਦਾ ਹੁਕਮ ਨਹੀਂ ਸੀ। ਮਾਰਕ ਟਲੀ ਵਰਗੇ ਲਿਖਾਰੀਆਂ ਵੱਲੋਂ ਲਿਖੀ ਗਈ ਇਹ ਗ਼ੱਲ ਵੀ ਬਰਾੜ ਦੀ ਹੀ ਦੱਸੀ ਹੋਈ ਹੋ ਸਕਦੀ ਹੈ, ਜਿਸਨੂੰ ਮਾਰਕ ਟਲੀ ਅਤੇ ਹੋਰਾਂ ਲਿਖਾਰੀਆਂ ਨੇ ਬਿਨਾ ਘੋਖੇ ਮੰਨਜ਼ੂਰ ਕਰ ਲਿਆ। ਭਾਰਤ ਸਰਕਾਰ ਦੇ ਹੱਕ ਵਿੱਚ ਭੁਗਤ ਰਹੇ ਲਿਖਾਰੀਆਂ ਦੀ ਤਾਂ ਗ਼ੱਲ ਛੱਡੋ, ਪਰ ਮਾਰਕ ਟਲੀ ਨੂੰ ਬੀ.ਬੀ.ਸੀ. ਦੇ ਵਕਾਰ ਦਾ ਖਿਆਲ ਰੱਖਦਿਆ, ਆਪਣੀ ਕਿਤਾਬ ਦੀ ਅਗਲੀ ਛਾਪ ਵਿੱਚ ਇਸ ਗ਼ੱਲ ਦੀ ਸੁਧਾਈ ਕਰਨੀ ਚਾਹੀਦੀ ਹੈ। ਸਿੱਖ ਲਿਖਾਰੀਆਂ ਨੂੰ ਵੀ ਚਾਹੀਦਾ ਹੈ ਕਿ ਜਦੋਂ ਦਰਬਾਰ ਸਾਹਿਬ ਤੇ ਫੌਜੀ ਧਾਵੇ ਬਾਰੇ ਲਿਖਣ ਤਾਂ ਉਹ ਜਰਨਲ ਬਰਾੜ ਵੱਲੋਂ ਤੋਲੇ ਗਏ ਇਸ ਕੁਫਰ ਦਾ ਵੀ ਨੋਟਿਸ ਲੈਣ।