ਕਿਸਾਨ ਜੱਦੋ-ਜਹਿਦ ਕਈ ਪੜਾਵਾਂ ਵਿਚੋਂ ਲੰਘਦੀ ਹੋਈ ਹੁਣ 26 ਜਨਵਰੀ, 2021 ਦੇ ਭਾਰਤੀ ਗਣਤੰਤਰ ਦਿਹਾੜੇ ਦੀ ਮੁਹਿੰਮ ਤੱਕ ਪਹੁੰਚ ਗਈ ਹੈ। ਕਿਸਾਨ ਆਗੂ ਏਸ ਨੂੰ ਰੋਸ ਵਜੋਂ ਕੀਤੀ ਜਾਣ ਵਾਲੀ ਪਰੇਡ ਜਣਾ ਰਹੇ ਹਨ ਪਰ ਸਰਕਾਰ ਏਸ ਨੂੰ ਬਰਾਬਰ ਹਕੂਮਤ ਜਾਣ ਰਹੀ ਹੈ। ਇੰਗਲੈਂਡ ਦੇ ਪ੍ਰਧਾਨ ਮੰਤਰੀ ਦਾ ਇਸ ਦਿਹਾੜੇ ਦੀ ਮੁੱਖ ਮਹਿਮਾਨੀ ਤੋਂ ਜਵਾਬ ਕੂਟਨੀਤਕ ਤੌਰ ‘ਤੇ ਸਰਕਾਰ ਲਈ ਬਹੁਤ ਦੁਖਦਾਈ ਹੈ ਕਿਉਂਕਿ ਜਿਸ ਦੇਸ ਨੇ ਜੂਨ 1984 ਦੀ ਜੰਗ ਵਿਚ ਸਿੱਖਾਂ ਖਿਲਾਫ ਦਿੱਲੀ ਤਖਤ ਦਾ ਸਾਥ ਦਿੱਤਾ ਸੀ ਉਹ ਕਿਸਾਨ ਜੱਦੋਜਹਿਦ ਵਿਚ ਸਾਥ ਛੱਡ ਗਿਆ। ਕੂਟਨੀਤਕ ਅਤੇ ਭੂ-ਸਿਆਸਤ ਦੇ ਨੁਕਤੇ ਤੋਂ ਇਹ ਭਾਰਤੀ ਹਕੂਮਤ ਲਈ ਵੱਡਾ ਸੰਕਟ ਬਣ ਗਿਆ ਹੈ। ਦੂਜਾ, ਕਿਸਾਨ ਜੱਦੋਜਹਿਦ ਨੂੰ ਅਨੇਕਾਂ ਦੇਸਾਂ ਦੀਆਂ ਰਾਜਨੀਤਕ ਸੰਸਥਾਵਾਂ, ਸਿਆਸੀ ਧਿਰਾਂ ਅਤੇ ਆਗੂਆਂ ਸਮੇਤ ਵੱਡੇ ਪੱਧਰ ‘ਤੇ ਜਨਤਕ ਅਤੇ ਅਕਾਦਮਿਕ ਹਮਾਇਤ ਮਿਲ ਰਹੀ ਹੈ। ਤੀਜਾ, ਸਰਕਾਰ ਦਾ ਕੋਈ ਵੀ ਬੋਲ, ਰੂਪਕ, ਪਰਚਾਰ ਲੋਕਾਂ ‘ਤੇ ਅਸਰਅੰਦਾਜ ਨਹੀਂ ਹੋ ਰਿਹਾ। ਇਹ ਲੋਕਾਂ ਦੀ ਕਾਰਪੋਰੇਟ-ਤੰਤਰ ਖਿਲਾਫ ਵੱਡੀ ਅਤੇ ਆਖਰੀ ਮੁਹਿੰਮ ਬਣ ਰਹੀ ਹੈ, ਆਖਰੀ ਇਸ ਕਰ ਕੇ ਕਿਉਂਕਿ ਕੁਝ ਵਿਦਵਾਨ ਕਹਿ ਰਹੇ ਹਨ ਜੇ ਕਿਸਾਨ ਇਹ ਜੱਦਜੋਹਿਦ ਨਾ ਜਿੱਤ ਸਕੇ ਤਾਂ ਭਾਰਤ ਵਿਚ ਕਾਰਪੋਰੇਟ-ਤੰਤਰ ਦਾ ਰਾਜਸੀ ਢਾਂਚਾ ਆ ਜਾਵੇਗਾ ਜਿਸ ਨਾਲ ਇਥੇ ਸਦੀਆਂ ਤੋਂ ਚਲੀ ਆਉਂਦੀ ਜਿੰਦਗੀ ਦੀ ਚਾਲ ਬਦਲ ਜਾਵੇਗੀ। ਇਸ ਲਈ ਜਿਸ ਪੜਾਅ ‘ਤੇ ਇਹ ਜੱਦੋਜਹਿਦ ਪਹੁੰਚ ਗਈ ਹੈ ਅਤੇ ਮਨੁੱਖੀ ਅਜਾਦੀ ਲਈ ਇਸ ਦੀ ਜਿੱਤ ਦੀ ਜਿੰਨੀ ਲੋੜ ਬਣ ਗਈ ਹੈ ਤਾਂ ਖੰਡੇਧਾਰਾਂ/ਮਰਜੀਵੜਿਆਂ ਦੀ ਜੰਗ ਬਣਦੀ ਜਾ ਰਹੀ ਹੈ। ਇਸ ਪੜਾਅ ‘ਤੇ ਕੁਝ ਨੁਕਤੇ ਵਿਚਾਰਨਯੋਗ ਹਨ:
ਸੰਘਰਸ਼ ਦੀ ਨੁਮਾਇੰਦਗੀ ਕਰ ਰਹੇ ਆਗੂਆਂ ਬਾਰੇ: ਕਿਸਾਨੀ ਸੰਘਰਸ਼ ਦੇ ਨੁਮਾਇੰਦੇ ਠੀਕ ਅਗਵਾਈ ਕਰ ਰਹੇ ਹਨ ਪਰ ਇਸ ਨੂੰ ਮੁਕੰਮਲ ਠੀਕ ਨਹੀਂ ਕਿਹਾ ਜਾ ਸਕਦਾ। ਕਿਸਾਨ ਆਗੂਆਂ ਦੇ ਬੋਲਾਂ ਵਿਚੋਂ ਕੁਝ ਪਾਟਵੀਆਂ ਸੁਰਾਂ ਨਿਕਲ ਰਹੀਆਂ ਹਨ ਜੋ ਲੋਕ ਨੁਮਾਇੰਦਗੀ ਤੋਂ ਖੁੰਝਾ ਰਹੀਆਂ ਹਨ। ਇਸ ਤੋਂ ਬਚਾਅ ਲਈ ਗੱਲਾਂ ਨੂੰ ਅਗਵਾਈ ਦੇ ਸਿਧਾਂਤ ਅਤੇ ਕਿਸਾਨ ਜੱਦੋਜਹਿਦ ਦੀ ਅਗਵਾਈ ਦੇ ਵਿਹਾਰ ਦੇ ਪ੍ਰਸੰਗ ਵਿਚ ਸਮਝਣਾ ਜਰੂਰੀ ਹੈ। ਹੇਠਲੀ ਗੱਲ ਇਸੇ ਪ੍ਰਸੰਗ ਵਿਚ ਹੈ।
1. ਸਿਧਾਂਤਕ ਪੱਖ
ੳ. ਕਿਸੇ ਵੱਡੀ ਤਾਕਤ ਖ਼ਿਲਾਫ਼ ਵਿੱਢੇ ਸੰਘਰਸ਼ ਵਿੱਚ ਅਗਵਾਈ ਦੀ ਗਲਤੀ ਦੀ ਗੁੰਜਾਇਸ਼ ਬਿਲਕੁਲ ਨਹੀਂ ਹੁੰਦੀ। ਅਗਵਾਈ ਦੀ ਗ਼ਲਤੀ ਹਾਰ ਜਾਂ ਵੱਡੇ ਦਮਨ ਦਾ ਕਾਰਨ ਬਣ ਸਕਦੀ ਹੈ। ਤਾਕਤ ਸਦਾ ਹੀ ਸੰਘਰਸ਼ ਦੇ ਆਗੂਆਂ ਦੀ ਗਲਤੀ ਉਡੀਕਦੀ ਹੁੰਦੀ ਹੈ ਤਾਂ ਜੋ ਉਹ ਲੋਕਾਂ ਦੇ ਸਮਰਥਨ ਨੂੰ ਤੋੜ ਸਕੇ। ਕਿਸੇ ਸੰਘਰਸ਼ ਦੇ ਆਗੂਆਂ ਦੇ ਮੂੰਹੋਂ ਨਿਕਲਿਆ ਹਰ ਬੋਲ ਇੰਨਾ ਤੋਲਿਆ ਅਤੇ ਮਾਂਜਿਆ-ਸਵਾਰਿਆ ਹੋਣਾ ਚਾਹੀਦਾ ਹੈ ਕਿ ਉਸ ਨਾਲ ਉਸ ਦੇ ਉਸ ਦੀ ਧਰੋਹਰ ਬਣੇ ਹੋਏ ਲੋਕ ਉਸ ਦੇ ਖ਼ਿਲਾਫ਼ ਨਾ ਹੋ ਜਾਣ।
ਅ. ਕਿਸੇ ਸਮਾਜ, ਵਰਗ, ਧਿਰਾਂ ਆਦਿ ਦੇ ਹੱਕਾਂ ਦੀ ਲੁੱਟ ਤੋਂ ਪਹਿਲਾਂ ਹੱਕਾਂ ਦੀ ਰਾਖੇ ਅਖਵਾਉਣ ਵਾਲੀਆਂ ਧਿਰਾਂ, ਜਥੇਬੰਦੀਆਂ ਅਤੇ ਆਗੂਆਂ ਦੇ ਰਾਖੇ ਹੋਣ ਦੇ ਦਾਅਵੇ ਹੁੰਦੇ ਹਨ। ਇਕ ਤਰੀਕੇ ਨਾਲ ਉਹ ਖੁਦ ਹੀ ਆਪਣੇ ਫਲਸਫੇ ਜਾਂ ਵਿਚਾਰਧਾਰਾ ਨਾਲ ਦਾਅਵਾ ਕਰਦੇ ਹੁੰਦੇ ਹਨ ਕਿ ਉਹ ਲੋਕ-ਹੱਕਾਂ ਦੀ ਰਾਖੀ ਦੇ ਰਾਹ ਅਰਥਾਤ ਲੋਕ ਕਲਿਆਣ ਦੇ ਰਾਹ ‘ਤੇ ਹਨ ਪਰ ਉਨ੍ਹਾਂ ਦੀ ਅਸਲ ਪਛਾਣ ਵੱਡੇ ਸੰਘਰਸ਼ ਵਿਚ ਹੀ ਹੁੰਦੀ ਹੈ। ਸੰਘਰਸ਼ ਦੀ ਕਾਮਯਾਬੀ ਅਤੇ ਯੋਗ ਅਗਵਾਈ ਤੋਂ ਬਾਅਦ ਉਹ ਪਰਵਾਨ-ਅਪਰਵਾਨ ਹੁੰਦੇ ਹਨ। ਲੋਕ ਪੱਖੀ ਆਗੂ ਹੋਣ ਦੇ ਦਾਅਵੇ ਅਤੇ ਪਰਵਾਨਗੀ ਵਿਚ ਵੱਡਾ ਫਰਕ ਹੁੰਦਾ ਹੈ। ਜਗਜੀਤ ਸਿੰਘ ਇਨਕਲਾਬ ਦੇ ਪ੍ਰਸੰਗ ਵਿਚ ਲਿਖਦਾ ਹੈ, “ਇਨਕਲਾਬ ਐਸੀ ਕਿਸਮ ਦੇ ਬੰਦਿਆਂ ਨੂੰ ਉੱਚੀਆਂ ਤੇ ਜਿੰਮੇਵਾਰੀ ਦੀਆਂ ਪੋਜ਼ੀਸ਼ਨਾਂ ਉੱਤੇ ਲਿਆ ਖੜ੍ਹਾ ਕਰਦਾ ਹੈ, ਜਿਨ੍ਹਾਂ ਦਾ ਆਮ ਹਾਲਤਾਂ ਵਿਚ ਉੱਥੇ ਪੁੱਜਣਾ ਘੱਟ ਹੀ ਸੰਭਵ ਹੁੰਦਾ ਹੈ। ਖਾਸ ਕਰ ਸੰਕਟ ਸਮੇਂ ਵੱਡੇ ਇਨਕਲਾਬ ਅਤਿ ਦਰਜੇ ਦੇ ਆਦਰਸ਼ਵਾਦੀਆਂ ਹੱਥ ਐਸੀ ਸੱਤਾ ਦੇ ਦੇਂਦੇ ਹਨ ਜੋ ਉਹਨਾਂ ਪਾਸ ਆਮ ਹਾਲਤ ਵਿਚ ਨਹੀਂ ਹੁੰਦੀ।” ਇਹ ਉਨ੍ਹਾਂ ਦੀ ਪਰਵਾਨਗੀ ਹੀ ਹੁੰਦੀ ਹੈ।
ੲ. ਕਿਸੇ ਵੱਡੀ ਜੱਦੋਜਹਿਦ ਦੇ ਆਗੂਆਂ ਵਿਚ ਡਰ ਦੀ ਗੁੰਜਾਇਸ਼ ਨਹੀਂ ਹੁੰਦੀ। ਉਨ੍ਹਾਂ ਦੇ ਬੋਲਣ, ਵਰਤਣ ਅਤੇ ਅਗਵਾਈ ਵਿਚੋਂ ਕਿਸੇ ਡਰ ਦੀ ਝਲਕ ਉਨ੍ਹਾਂ ਦੇ ਆਗੂ ਹੋਣ ਦੀ ਮਾਨਤਾ ਨੂੰ ਰੱਦ ਕਰਵਾ ਦਿੰਦੀ ਹੈ। ਵੱਡੇ ਸੰਘਰਸ਼ਾਂ ਦੀ ਅਗਵਾਈ ਸਦਾ ਆਰ-ਪਾਰ ਦੀ ਨਿਹਚਾ ਨਾਲ ਹੀ ਹੁੰਦੀ ਹੈ।
ਸ. ਲੋਕ ਆਗੂਆਂ ਨੂੰ ਸਪਸ਼ਟ ਹੁੰਦਾ ਹੈ ਕਿ ਆਰਥਕ ਅਤੇ ਸਮਾਜਕ ਮਸਲੇ ਰਾਜਸੀ ਵੀ ਹੁੰਦੇ ਹਨ। ਇਸੇ ਲਈ ਆਰਥਕ ਮੁਨਾਫੇ ਲਈ ਤੁਰੀਆਂ ਈਸਟ ਇੰਡੀਆ ਕੰਪਨੀ ਵਰਗੀਆਂ ਤਾਕਤਾਂ ਆਰਥਕ ਤੋਂ ਰਾਜਸੀ, ਧਾਰਮਕ, ਸਮਾਜਕ ਖੇਤਰ ਵਿਚ ਕਬਜੇ ਕਰਨ ਤੱਕ ਪਹੁੰਚ ਗਈਆਂ। ਹੁਣ ਦੇ ਪ੍ਰਸੰਗ ਵਿਚ ਕਾਰਪੋਰੇਟ ਪੂੰਜੀਵਾਦ ਜਿਸ ਨੂੰ ਕੇਵਲ ਆਰਥਕ ਮੁਨਾਫੇ ਅਧਾਰਤ ਨਿਜਾਮ ਕਿਹਾ ਜਾ ਰਿਹਾ ਹੈ ਪਰ ਉਹ ਕਾਰਪੋਰੇਟਕਰੇਸੀ ਦੇ ਰੂਪ ਵਿਚ ਰਾਜਨੀਤਕ ਬਣ ਰਿਹਾ ਹੈ ਅਤੇ ਲੋਕਾਂ ਦੇ ਸਮਾਜਕ-ਸਭਿਆਚਾਰਕ ਹੱਕਾਂ ਨੂੰ ਖੋਹ ਰਿਹਾ ਹੈ। ਕਿਸਾਨ ਜੱਦੋਜਹਿਦ ਹੁਣ ਕਾਰਪੋਰੇਟਕਰੇਸੀ ਦੇ ਸਨਮੁਖ ਵੀ ਹੈ।
ਹ. ਹਰੇਕ ਸਮਾਜ ਵਿਚ ਮਰਜੀਵੜੇ ਹੁੰਦੇ ਹਨ ਜੋ ਲੋਕਾਂ ਦੇ ਸੰਘਰਸ਼ ਦੀ ਧਰੋਹਰ ਹੁੰਦੇ ਹਨ। ਸੰਘਰਸ਼ ਮਰਜੀਵੜਿਆਂ ਦੇ ਸਿਰ ਤੇ ਹੀ ਖੜ੍ਹੇ ਹੁੰਦੇ ਹਨ ਬਾਕੀ ਲੋਕ ਹਮਾਇਤੀ ਹੁੰਦੇ ਹਨ। ਇਹ ਗੱਲ ਧਿਆਨ ਵਿੱਚ ਰੱਖਣ ਵਾਲੀ ਹੈ ਕਿ ਮਰਜੀਵੜੇ ਜਿਸ ਪਛਾਣ ਨਾਲ ਜੁੜੇ ਹੁੰਦੇ ਹਨ ਉਹ ਪਹਿਲਾਂ ਹੀ ਧਿਰਕਾਰ ਵਾਲੇ ਕੁਝ ਰੂਪਕਾਂ ਨਾਲ ਤਾਕਤ ਵੱਲੋਂ ਬਦਨਾਮ ਕੀਤੀ ਗਈ ਹੁੰਦੀ ਹੈ ਜਾਂ ਵਿਰੋਧੀ ਮਰਜੀਵੜਿਆਂ ਲਈ ਨਵੇਂ ਬਦਨਾਮ ਰੂਪਕ ਘੜ ਲਏ ਜਾਂਦੇ ਹਨ। ਇਸ ਜੱਦੋਜਹਿਦ ਵਿੱਚ ‘ਸ਼ਹਿਰੀ ਨਕਸਲੀ’, ‘ਨਵੇਂ ਨਕਸਲੀ’ ਨਕਸਲਵਾਦੀ ਜੁਝਾਰੂਆਂ ਲਈ ਨਵੇਂ ਘੜੇ ਰੂਪਕ ਹਨ ਪਰ ਸਿੱਖ ਮਰਜੀਵੜਿਆਂ ਲਈ ‘ਖਾਲਿਸਤਾਨੀ’ ਪੁਰਾਣਾ ਰੂਪਕ ਹੀ ਵਰਤਿਆ ਗਿਆ ਹੈ।
ਕ. ਮਰਜੀਵੜਿਆਂ ਨੂੰ ਸਦਾ ਹੀ ਪਤਾ ਹੁੰਦਾ ਹੈ ਕਿ ਜਿਸ ਸੰਘਰਸ਼ ਵਿੱਚ ਵੱਡੀ ਤਾਦਾਦ ਵਿੱਚ ਲੋਕ ਸ਼ਾਮਲ ਹੋਣ ਉਹ ਕਦੇ ਵੀ ਹਿੰਸਾ ਨਾਲ ਨਹੀਂ ਲੜਿਆ ਜਾ ਸਕਦਾ। ਉਸ ਦਾ ਰੂਪ ਸਦਾ ਸ਼ਾਂਤਮਈ ਅਤੇ ਲੋਕਤੰਤਰਿਕ ਹੀ ਰੱਖਣਾ ਪੈਂਦਾ ਹੈ।
ਖ.. ਹਿੰਸਾ ਸਿਧਾਂਤ ਦੀ ਡੂੰਘੀ ਸਮਝ ਰੱਖਣ ਵਾਲੇ ਮਨੋਵਿਗਿਆਨੀ ਅਤੇ ਵਿਦਵਾਨ ਇਹ ਦੱਸਦੇ ਹਨ ਕਿ ਮਰਜੀਵੜਿਆਂ ਤੋਂ ਜਿਹੜੀ ਹਿੰਸਾ ਹੁੰਦੀ ਹੈ ਉਹ ਇਨਸਾਫ਼ ਲਈ ਹੁੰਦੀ ਹੈ, ਜੋ ਉਨ੍ਹਾਂ ਨੂੰ ਮਜਬੂਰੀ ਵਿਚ ਕਰਨੀ ਪੈਂਦੀ ਹੈ। ਆਮ ਜ਼ਿੰਦਗੀ ਵਿੱਚ ਉਹ ਬਾਕੀ ਲੋਕਾਂ ਨਾਲੋਂ ਵੀ ਵਧੇਰੇ ਮਲੂਕ, ਕੁਦਰਤ ਪ੍ਰੇਮੀ, ਖੁਸ਼ ਮਿਜਾਜ਼, ਨਰਮਦਿਲ ਅਤੇ ਉੱਚ ਨੈਤਿਕ ਕਦਰਾਂ ਕੀਮਤਾਂ ਵਾਲੇ ਹੁੰਦੇ ਹਨ। ਇਹ ਗੱਲਾਂ ਮਰਜੀਵੜਿਆਂ ਨੂੰ ਮਿਲ ਕੇ ਹੀ ਮਹਿਸੂਸ ਕੀਤੀਆਂ ਜਾ ਸਕਦੀਆਂ ਹਨ। ਇਨ੍ਹਾਂ ਨੂੰ ਬੋਲੀ ਦੇ ਵਿੱਚ ਲਿਖ ਕੇ ਲੋਕਾਂ ਨੂੰ ਦੱਸਣਾ ਸੰਭਵ ਨਹੀਂ ਹੁੰਦਾ। ਸ਼ਾਇਦ ਇਸੇ ਕਰਕੇ ਮਰਜੀਵੜਿਆਂ ਉੱਪਰ ਸਰਕਾਰ ਜਾਂ ਤਾਕਤਾਂ ਵਲੋਂ ਥੋਪੇ ਬਦਨਾਮ ਰੂਪਕ ‘ਅੱਤਵਾਦੀ’ ਆਦਿ ਵਧੇਰੇ ਪ੍ਰਚੱਲਤ ਰਹਿੰਦੇ ਹਨ। ਕਿਸੇ ਲੋਕ ਲਹਿਰ ਦੇ ਆਗੂਆਂ ਲਈ ਇਹ ਗੱਲ ਸਮਝਣ ਦੀ ਲੋੜ ਹੁੰਦੀ ਹੈ।
ਗ. ਜੱਦੋਜਹਿਦ ਦਾ ਸਰੋਤ ਵੀ ਅਸਲੋਂ ਮਰਜੀਵੜੇ ਹੀ ਹੁੰਦੇ ਹਨ ਕਿਉਂਕਿ ਜਿਸ ਫਲਸਫੇ ਤਹਿਤ ਉਹ ਜੱਦੋਜਹਿਦ ਕਰ ਰਹੇ ਹੁੰਦੇ ਹਨ ਚਾਹੇ ਉਹ ਰੂਹਾਨੀ ਹੋਵੇ ਜਾਂ ਪਦਾਰਥਕ ਹੋਵੇ ਉਸ ਦਾ ਅਸਲ ਸੰਚਾਰ ਵਸੀਲਾ ਮਰਜੀਵੜੇ ਹੀ ਹੁੰਦੇ ਹਨ। ਇਕ ਤਾਕਤ ਮਾਣਨ ਵਾਲੇ ਕਾਮਰੇਡ ਨਾਲੋਂ ਕਿਸੇ ਜੇਲ੍ਹ ਵਿੱਚ ਬੈਠੇ ਨਕਸਲੀ ਕੋਲ ਮਾਰਕਸਵਾਦ ਦਾ ਅਸਲ ਸੁਨੇਹਾ ਵਧੇਰੇ ਸੰਚਰਦਾ ਹੈ ਬੇਸ਼ੱਕ ਉਹ ਪਰਚੇ ਛਾਪ ਕੇ ਨਹੀਂ ਵੰਡਦਾ। ਇਸੇ ਤਰ੍ਹਾਂ ਸਿੱਖੀ ਦੀਆਂ ਕਰਬਾਨੀਆਂ ਦੀ ਛਾਂ ਹੇਠ ਮੌਜਾਂ ਨੂੰ ਮਾਣਨ ਵਾਲੇ ਰਾਜਨੀਤਕ ਜਾਂ ਧਾਰਮਕ ਆਗੂਆਂ ਨਾਲੋਂ ਗੁਰੂ ਖ਼ਾਲਸਾ ਪੰਥ ਦੀ ਰਵਾਇਤ ਨੂੰ ਪੁਨਰ ਸੁਰਜੀਤ ਕਰਨ ਵਿੱਚ ਲੱਗੇ ਮਰਜੀਵੜੇ ਸਿੱਖੀ ਨੂੰ ਵਧੇਰੇ ਸੰਚਾਰਦੇ ਹਨ।
ਘ. ਵਿਦਵਾਨ ਇਹ ਵੀ ਕਹਿੰਦੇ ਹਨ ਕਿ ਹਿੰਸਾ ਕਦੇ ਵੀ ਨੀਵਿਆਂ ਜਾਂ ਦਮਿਤ ਲੋਕਾਂ ਵੱਲੋਂ ਸ਼ੁਰੂ ਨਹੀਂ ਕੀਤੀ ਜਾਂਦੀ ਉਨ੍ਹਾਂ ਉੱਪਰ ਕੇਵਲ ਹਿੰਸਾ ਦੇ ਇਲਜ਼ਾਮ ਲੱਗਦੇ ਹਨ। ਬੇਇਨਸਾਫ਼ੀ ਕਰ ਕੇ ਹਿੰਸਾ ਅਸਲ ਵਿੱਚ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਹੁੰਦੀ ਹੈ। ਜਿਹੜੇ ਆਪ ਹਿੰਸਾ ਦਾ ਸ਼ਿਕਾਰ ਹੋਣ ਉਹ ਹਿੰਸਾ ਦੀ ਸ਼ੁਰੂਆਤ ਨਹੀਂ ਕਰ ਸਕਦੇ। ਹਿੰਸਾ ਉਨ੍ਹਾਂ ਵੱਲੋਂ ਹੁੰਦੀ ਹੈ ਜਿਨ੍ਹਾਂ ਨੇ ਦੂਜਿਆਂ ਨੂੰ ਮਨੁੱਖ ਵਜੋਂ ਪਛਾਣਨ ਤੋਂ ਇਨਕਾਰ ਕੀਤਾ ਹੁੰਦਾ ਹੈ। ਕਿਸਾਨੀ ਮੁੱਦੇ ਵਿੱਚ ਇਹ ਮਹੱਤਵਪੂਰਨ ਗੱਲ ਉੱਭਰ ਕੇ ਸਾਹਮਣੇ ਆ ਰਹੀ ਹੈ ਕਿ ਇੰਨੀ ਵੱਡੀ ਗਿਣਤੀ ਵਿਚ ਲੋਕਾਂ ਦੇ ਸ਼ਾਮਲ ਹੋ ਜਾਣ ਤੋਂ ਬਾਅਦ ਅਤੇ ਇੰਨੇ ਵੱਡੇ ਸਮਰਥਨ ਤੋਂ ਬਾਅਦ ਵੀ ਸਰਕਾਰ ਕਿਸਾਨਾਂ ਦੀ ਗਿਣਤੀ ਮਨੁੱਖਾਂ ਵਿੱਚ ਨਹੀਂ ਕਰ ਰਹੀ। ਉਹ 50 ਦਿਨਾਂ ਤੋਂ ਕੱਕਰ ਸਹਿ ਰਹੇ ਅਤੇ ਮਰ ਰਹੇ ਹਨ।
ਙ . ਦਮਨ ਦੀ ਰਮਜ ਸਮਝਣ ਵਾਲੇ ਵਿਦਵਾਨ ਇਹ ਦੱਸਦੇ ਹਨ ਕਿ ਦੂਸਰਿਆਂ ਨੂੰ ਮਨੁੱਖਾਂ ਵਜੋਂ ਪਛਾਣਨ ਤੋਂ ਇਨਕਾਰ ਕਰ ਚੁੱਕੀ ਤਾਕਤ ਬਹੁਤ ਵੱਡੇ ਹੰਕਾਰ ਵਿੱਚ ਹੁੰਦੀ ਹੈ। ਉਸ ਦਾ ਹੰਕਾਰ ਮਰਜੀਵੜੇ ਸ਼ਹੀਦ ਬਣ ਕੇ ਜਾਂ ਲੰਬੇ ਸੰਘਰਸ਼ ਨਾਲ ਹੀ ਤੋੜ ਸਕਦੇ ਹਨ। ਇਹ ਗੱਲ ਇਤਿਹਾਸ ਵਿਚ ਵਿੱਚੋਂ ਸਮਝਣ ਵਾਲੀ ਹੈ ਕਿ ਹੰਕਾਰ ਸਦਾ ਟੁੱਟਿਆ ਹੀ ਹੈ, ਝੁਕਿਆ ਕਦੇ ਨਹੀਂ।
ਚ. ਕਿਸੇ ਮਨੁੱਖ ਵਿਚ ਜਿੰਨਾ ਮਰਜੀਵੜੇ ਹੋਣ ਦਾ ਮਾਦਾ ਹੁੰਦਾ ਹੈ ਉਹ ਉਨਾ ਹੀ ਕਿਸੇ ਵੱਡੀ ਜੱਦੋਜਹਿਦ ਜਾਂ ਵੱਡੀ ਤਾਕਤ ਖ਼ਿਲਾਫ਼ ਲੜਾਈ ਵਿੱਚ ਹਿੱਸਾ ਲੈ ਸਕਦਾ ਹੁੰਦਾ ਹੈ। ਮਰਜੀਵੜੇ ਮਾਰਗ ਤੇ ਤੁਰਨ ਦਾ ਵਕਤੀ ਜਾਂ ਥੋੜ੍ਹ ਚਿਰਾ ਅਹਿਸਾਸ ਬਹੁਤ ਵੱਡੀ ਤਾਦਾਦ ਵਿੱਚ ਲੋਕਾਂ ਨੂੰ ਹੋ ਸਕਦਾ ਹੈ। ਇਸੇ ਕਰਕੇ ਇਤਿਹਾਸ ਦੇ ਬਹੁਤ ਥੋੜ੍ਹੇ ਸਮਿਆਂ ਵਿਚ ਹੀ ਵੱਡੀਆਂ ਜੱਦੋਜਹਿਦਾਂ ਵੇਖਣ ਨੂੰ ਮਿਲੀਆਂ ਹਨ ਪਰ ਸਦਾ ਤੋਂ ਇਨਸਾਫ਼ ਦੀ ਧੂਣੀ ਮਘਦੀ ਰੱਖਣੀ ਕੇਵਲ ਵਿਰਲਿਆਂ ਦੇ ਹਿੱਸੇ ਆਈ ਹੈ। ਵੱਡੀ ਗਿਣਤੀ ਵਿਚ ਇਨਸਾਫ ਲਈ ਲੋਕ ਉਦੋਂ ਉੱਠਦੇ ਹਨ ਜਦੋਂ ਇਨਸਾਫ ਦੀ ਧੂਣੀ ਭਾਂਬੜ ਬਣ ਜਾਂਦੀ ਹੈ।
ਛ. ਇਨਸਾਫ ਦੀ ਜੱਦੋਜਹਿਦ ਦਾ ਕੋਈ ਅੰਤਿਮ ਪੜਾਅ ਨਹੀਂ ਹੁੰਦਾ ਜਦੋਂ ਤੱਕ ‘ਬੇਗਮਪੁਰਾ’ ਸਥਾਪਤ ਨਾ ਹੋ ਜਾਵੇ। ਨਾ ਹੀ ਇਨਸਾਫ ਜਿਸ ਧਿਰ ਨੇ ਖੋਹਿਆ ਹੋਵੇ ਓਸ ਦੀਆਂ ਸ਼ਰਤਾਂ-ਮਾਨਤਾਵਾਂ ਵਿਚ ਰਹਿ ਕੇ ਹਾਸਲ ਕੀਤਾ ਜਾ ਸਕਦਾ ਹੈ। ਮਸਲਨ, ਜਿਸ ਮੁਸ਼ਕਲ ਦੀ ਜੜ੍ਹ ਹੀ ਰਾਸ਼ਟਰਵਾਦ ਹੋਵੇ ਉਸ ਦੇ ਹੱਲ ਲਈ ਰਾਸ਼ਟਰਵਾਦ ਵਿਚ ਯਕੀਨ ਦੇ ਪ੍ਰਮਾਣ ਦੇ ਕੇ ਇਨਸਾਫ ਹਾਸਲ ਕਰਨਾ ਸੰਭਵ ਨਹੀਂ ਹੁੰਦਾ। ਇਹ ਕੇਵਲ ਰਿਆਇਤਾਂ ਹੋ ਸਕਦੀਆਂ ਹਨ।
2. ਵਿਹਾਰਕ ਪੱਖ
ੳ. ਇਹ ਜੱਦੋਜਹਿਦ ਕਿਸਾਨੀ ਦੇ ਮਸਲਿਆਂ ਬਾਰੇ ਹੋਣ ਕਰ ਕੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਅਗਵਾਈ ਦਾ ਜਿੰਮਾ ਦਿੱਤਾ ਹੋਇਆ ਹੈ। ਰਾਜਸੀ, ਸਿਆਸੀ ਅਤੇ ਹੋਰ ਕਿਸੇ ਵੀ ਵੱਖਰੇ ਮਨਸੂਬੇ/ ਮੁਫਾਦ ਵਾਲੀਆਂ ਧਿਰਾਂ ਨੂੰ ਲੋਕਾਂ ਨੇ ਦੂਰ ਰੱਖਿਆ ਹੋਇਆ ਹੈ। ਕਿਸਾਨ ਆਗੂਆਂ ਨੂੰ ਇਹ ਸਮਝਣ ਦੀ ਲੋੜ ਹੈ ਕਿ ਲੋਕ ਰਾਜਸੀ, ਸਿਆਸੀ ਧਿਰਾਂ ਅਤੇ ਧਾਰਮਕ, ਸਮਾਜਕ ਪਛਾਣਾਂ ਨਾਲ ਜੁੜੇ ਹੋਏ ਹਨ ਪਰ ਤਾਂ ਵੀ ਉਨ੍ਹਾਂ ਨੇ ਤਿਆਗ ਦੀ ਭਾਵਨਾ ਨਾਲ ਕਿਸਾਨੀ ਸੰਘਰਸ਼ ਵਿਚ ਕਿਸਾਨ ਆਗੂਆਂ ਦਾ ਵਾਜਬ ਹੱਕ ਜਾਣ ਕੇ ਉਨ੍ਹਾਂ ਨੂੰ ਨੁਮਾਇੰਦਗੀ ਦਿੱਤੀ ਹੈ। ਲੋਕ ਸਖਤੀ ਨਾਲ ਇਸ ਦੀ ਪਹਿਰੇਦਾਰੀ ਵੀ ਕਰ ਰਹੇ ਹਨ। ਉਹ ਪਹਿਰੇਦਾਰੀ ਕੇਵਲ ਕਿਸੇ ਬਾਹਰਲੇ ਰਾਜਸੀ, ਸਿਆਸੀ ਜਾਂ ਕਿਸੇ ਹੋਰ ਦਖਲ ਦੀ ਹੀ ਨਹੀਂ ਕਰ ਰਹੇ ਸਗੋਂ ਉਹ ਕਿਸਾਨ ਆਗੂਆਂ ਦੀ ਵੀ ਸਖਤ ਪਹਿਰੇਦਾਰੀ ਕਰ ਰਹੇ ਹਨ। ਇਹ ਸਮਝਣ ਦੀ ਲੋੜ ਹੈ ਕਿ ਇਸ ਮੁਕਾਮ ਤੱਕ ਸੰਘਰਸ਼ ਨੂੰ ਲੋਕਾਂ ਦੀ ਪਹਿਰੇਦਾਰੀ ਲੈ ਕੇ ਆਈ ਹੈ। ਇਸ ਨੂੰ ਕੇਵਲ ਕਿਸਾਨ ਜਥੇਬੰਦੀਆਂ ਦੀ ਅਗਵਾਈ ਦਾ ਸਿੱਟਾ ਸਮਝਣਾ ਕੁਤਾਹੀ ਹੋਵੇਗਾ ਅਤੇ ਅਗਵਾਈ ਦੇ ਭੁਲੇਖੇ ਪੈਦਾ ਕਰੇਗਾ।
ਅ. ਭਾਰਤ ਦੇ ਗਣਤੰਤਰ ਦਿਹਾੜੇ ‘ਤੇ ਕੀਤੀ ਜਾਣ ਵਾਲੀ ਪਰੇਡ ‘ਤੇ ਕਿਸਾਨ ਜੱਦੋਜਹਿਦ ਮੁੱਕ ਜਾਣ ਵਾਲੀ ਨਹੀਂ। ਇਹ ਸਰਕਾਰ ‘ਤੇ ਦਬਾਅ ਬਣਾਉਣ ਦਾ ਇਕ ਪੜਾਅ ਹੈ। ਇਹ ਦਬਾਅ ਮਰਜੀਵੜਿਆਂ ਦਾ ਹੈ। ਆਮ ਲੋਕਾਂ ਦੀ ਹਾਜਰੀ ਬਹੁਤ ਅਹਿਮ ਹੈ ਪਰ ਇਸ ਹਾਜਰੀ ਤੋਂ ਸਰਕਾਰ ਬੇਅਸਰ ਬੈਠੀ ਹੈ। ਉਹ ਲੋਕਾਂ ਮਰਜੀਵੜਿਆਂ ਤੱਕ ਵਿਕਸ ਜਾਣ ਵਾਲੇ ਸਮਰਥਨ ਤੋਂ ਡਰਦੀ ਹੈ। ਇਸੇ ਲਈ ਸਰਕਾਰ ਵਲੋਂ ਬਦਨਾਮ ਪਰਚਾਰ ਦੀ ਮੁਹਿੰਮ ਬਹੁਤ ਕਰੜੇ ਹੱਥੀਂ ਚਲਾਈ ਜਾ ਰਹੀ ਹੈ।
ੲ. ਸ਼ਹਿਰੀ ਨਕਸਲੀ, ਨਵੇਂ ਨਕਸਲੀ ਅਤੇ ਖਾਲਿਸਤਾਨੀ ਰੂਪਕਾਂ ਤਹਿਤ ਆਉਣ ਵਾਲੇ ਮਰਜੀਵੜੇ ਲੋਕ ਹੀ ਕਿਸਾਨ ਜੱਦੋਜਹਿਦ ਦੀ ਧਰੋਹਰ ਹਨ। 31 ਕਿਸਾਨ ਜਥੇਬੰਦੀਆਂ ਵਿਚੋਂ ਕੁਝ ਮਾਰਕਸਵਾਦ ਅਤੇ ਕਾਫੀ ਸਿੱਖ ਫਲਸਫੇ ਨਾਲ ਜੁੜੀਆਂ ਹੋਈਆਂ ਹਨ। ਇਨ੍ਹਾਂ ਦੋਵਾਂ ਤਰ੍ਹਾਂ ਦੀਆਂ ਜਥੇਬੰਦੀਆਂ ਵਿਚ ਆਪਣੇ ਮਰਜੀਵੜਿਆਂ ਨਾਲ ਵਰਤਾਓ ਕਰਨ ਵਿਚ ਫਰਕ ਹੈ। ਮਸਲਨ, ਭਾਰਤੀ ਹਕੂਮਤ ਵਲੋਂ ਮਾਰਕਸਵਾਦੀ ਅਤੇ ਸਿੱਖਾਂ ਨੂੰ ਮਾਓਵਾਦੀ, ਨਕਸਲੀ ਅਤੇ ਖਾਲਿਸਤਾਨੀ ਕਹਿ ਕੇ ਅਨੇਕਾਂ ਮਰਜੀਵੜਿਆਂ ਨੂੰ ਜੇਲ੍ਹਾਂ ਵਿਚ ਬੰਦ ਕੀਤਾ ਹੋਇਆ ਹੈ। ਮਾਰਕਸਵਾਦੀ ਫਲਸਫੇ ‘ਤੇ ਅਧਾਰਤ ਕਿਸਾਨ ਜਥੇਬੰਦੀਆਂ ਨੇ ਇਸ ਸੰਘਰਸ਼ ਦੌਰਾਨ ਭਾਰਤੀ ਜੇਲ੍ਹਾਂ ਵਿਚ ਬੰਦ ਆਪਣੇ ਮਾਓਵਾਦੀ, ਨਕਸਲੀ ਮਰਜੀਵੜਿਆਂ ਨੂੰ ਤਸਵੀਰਾਂ ਲਾ ਕੇ ਇਸ ਸੰਘਰਸ਼ ਵਿਚ ਯਾਦ ਕੀਤਾ ਅਤੇ ਉਨ੍ਹਾਂ ਨੂੰ ਰਿਹਾਅ ਕਰਨ ਦੀ ਮੰਗ ਵੀ ਰੱਖੀ। ਦੂਜੇ ਪਾਸੇ, ਸਿੱਖ ਫਲਸਫੇ ਦੇ ਧਾਰਨੀ ਹੋਣ ਦਾ ਦਾਅਵਾ ਕਰਨ ਵਾਲੇ ਆਗੂ ਖਾਲਿਸਤਾਨੀਆਂ ਖਿਲਾਫ ਉਵੇਂ ਹੀ ਬੋਲ ਹਨ ਜਿਵੇਂ ਸਰਕਾਰੀ ਧਿਰ ਬੋਲ ਰਹੀ ਹੈ ਅਰਥਾਤ ਧਿਰਕਾਰ ਵਾਲੇ ਮੁਹਾਵਰੇ ਵਿਚ ਸੰਬੋਧਿਤ ਹੋਇਆ ਜਾ ਰਿਹਾ ਹੈ। ਵਿਡਾਣ ਇਹ ਹੈ ਕਿ ਜਮੀਨੀ ਹਾਲਤ ਵਿਚ ਹੁਣ ਅਤਵਾਦ ਰੋਕੂ ਕਾਨੂੰਨ ਤਹਿਤ ਸਿੱਖਾਂ ਉੱਪਰ ਛਾਪੇ ਪੈ ਰਹੇ ਹਨ। ਆਮ ਜੀਵਨ ਜਿਉਂ ਰਹੇ ਮਰਜੀਵੜਿਆਂ ਦਾ ਪਿਛੋਕੜ ਕੱਢ ਕੇ ਉਨ੍ਹਾਂ ਨੂੰ ਦੋਸ਼ੀ ਬਣਾਇਆ ਜਾ ਰਿਹਾ ਹੈ। ਇਸ ਵੇਲੇ ਸਭ ਤੋਂ ਵੱਧ ਖਾਲਿਸਤਾਨੀ ਧਿਰ ਪਿਸ ਰਹੀ ਹੈ। ਉਹ ਸੰਘਰਸ਼ ਨੂੰ ਵੀ ਜੋਰਦਾਰ ਸਮਰਥਨ ਦੇ ਰਹੇ ਹਨ ਜੋ ਉਨ੍ਹਾਂ ਦਾ ਫਰਜ ਅਤੇ ਲੋੜ ਹੈ, ਉਹ ਕਿਸੇ ਵੀ ਹਾਲਤ ਵਿਚ ਇਸ ਤੋਂ ਪਿੱਛੇ ਨਹੀਂ ਹਟ ਸਕਦੇ। ਦੂਜਾ, ਸਰਕਾਰ, ਭਾਰਤੀ ਸਰਵੁੱਚ ਅਦਾਲਤ ਅਤੇ ਮੀਡੀਆ ਉਨ੍ਹਾਂ ਨੂੰ ਨਿਸ਼ਾਨਾ ਬਣਾ ਰਿਹਾ ਹੈ। ਤੀਜਾ, ਇਸ ਸੰਘਰਸ਼ ਵਿਚ ਅਜੇ ਕੋਈ ਸਖਤੀ ਨਹੀਂ ਹੋਈ, ਪਹਿਲੀ ਸਖਤੀ ਖਾਲਿਸਤਾਨੀਆਂ ‘ਤੇ ਹੋਣੀ ਸ਼ੁਰੂ ਹੋਈ ਹੈ। ਚੌਥਾ, ਪੰਜਾਬ ਸਰਕਾਰ ਬੇਸ਼ੱਕ ਕਿਸਾਨ ਸੰਘਰਸ਼ ਪੱਖੀ ਹੋਣ ਦਾ ਦਾਅਵਾ ਕਰ ਰਹੀ ਹੈ ਪਰ ਉਹ ਵੀ ਖਾਲਿਸਤਾਨੀਆਂ ‘ਤੇ ਬਿਨ੍ਹ ਵਜ੍ਹਾ ਨਿਸ਼ਾਨੇ ਸਾਧ ਰਹੀ ਹੈ। ਪੰਜਵਾਂ, ਸਿੱਖ ਕਹਾਉਣ ਵਾਲੇ ਕਿਸਾਨ ਆਗੂ ਵੀ ਉਨ੍ਹਾਂ ਨੂੰ ਹੀ ਭੰਡ ਰਹੇ ਹਨ ਅਤੇ ਸਰਕਾਰ ਨਾਲੋਂ ਵੱਡਾ ਖਤਰਾ ਉਨ੍ਹਾਂ ਨੂੰ ਹੀ ਕਹਿ ਰਹੇ ਹਨ। ਇਹ ਅਗਵਾਈ ਦੀ ਉਕਾਈ ਹੈ, ਇਸ ਨੂੰ ਸੁਧਾਰਨ ਦੀ ਲੋੜ ਹੈ।
ਸ. ਸੰਘਰਸ਼ ਵਿਚ ਸੇਵਾ ਅਤੇ ਨਜਰਸਾਨੀ ਕਰ ਰਹੇ ਜਿੰਮੇਵਾਰ ਸਿੱਖਾਂ ਨੇ ਕਈ ਵਾਰ ਦੁਹਰਾਇਆ ਹੈ ਕਿ ਇਹ ਸੰਘਰਸ਼ ਕਿਸਾਨੀ ਵਾਸਤੇ ਹੈ ਬਲਕਿ ਇਹ ਸਮੁੱਚੇ ਭਾਰਤ ਤੋਂ ਇਲਾਵਾ ਦੁਨੀਆ ਭਰ ਦੇ ਕਿਸਾਨਾਂ ਲਈ ਹੈ। ਇਸ ਲਈ ਇਸ ਨੂੰ ਸ਼ਾਂਤਮਈ ਰੂਪ ਵਿਚ ਹੀ ਲੜਿਆ ਜਾ ਸਕਦਾ ਹੈ। ਦੂਜਾ, ਸਪਸ਼ਟ ਰੂਪ ਵਿਚ ਸਿੱਖ ਆਪਣੇ ਰਾਜ ਦੇ ਨਿਸ਼ਾਨੇ ਨਾਲ ਇਸ ਨੂੰ ਰਲਗੱਡ ਨਹੀਂ ਕਰ ਰਹੇ। ਇਸ ਲਈ ਇਤਿਹਾਸ ਵਿਚ ਭਾਰਤੀ ਹਕੂਮਤ ਦੇ ਦਮਨ ਖਿਲਾਫ ਸਿਖ ਰਾਜ ਦੀ ਜੰਗ ਲੜ ਰਹੇ ਮਰਜੀਵੜਿਆਂ ਨੂੰ ਵਾਰ-ਵਾਰ ਮੇਹਣਿਆਂ ਨਾਲ ਸੰਬੋਧਿਤ ਹੋਣਾ ਜਾਂ ਵਾਰ-ਵਾਰ ਨਿਸ਼ਾਨਾ ਬਣਾਉਣਾ ਆਪਣੀ ਹੀ ਧਰੋਹਰ ਬਣੇ ਮਰਜੀਵੜਿਆਂ ਨੂੰ ਤੰਗ ਕਰਨ ਜਾਂ ਬਦਨਾਮ ਕਰਨ ਦੇ ਤੁਲ ਹੈ। ਉਨ੍ਹਾਂ ਉੱਪਰ ਹਿੰਸਕ ਹੋਣ ਦਾ ਧੱਬਾ ਹਕੂਮਤ ਨੇ ਆਪਣੇ ਪਰਚਾਰ ਸਾਧਨਾਂ ਨਾਲ ਲਾਇਆ ਹੈ। ਇਹ ਗੱਲ ਨੂੰ ਕਿਸਾਨ ਆਗੂਆਂ ਨੂੰ ਸਮਝਣ ਦੀ ਲੋੜ ਹੈ।
ਹ. ਭਾਰਤੀ ਹਕੂਮਤ ‘ਤੇ ਕਾਬਜ਼ ਤਾਕਤਵਰ ਬੰਦੇ ਦਾ ਅੱਜ ਤਕ ਇਸ ਜੱਦੋਜਹਿਦ ਤੋਂ ਲਾਂਭੇ ਰਹਿ ਕੇ ਹੋਰ ਛੋਟੀਆਂ ਮੋਟੀਆਂ ਗੱਲਾਂ ਤੇ ਧਿਆਨ ਕੇਂਦਰ ਕਰੀ ਰੱਖਣਾ ਇਹ ਦੱਸਦਾ ਹੈ ਕਿ ਹਕੂਮਤ ਕੱਕਰ ਵਿਚ ਮਰਦਿਆਂ ਕਿਸਾਨਾਂ ਨੂੰ ਕੇਵਲ ਕੀੜੇ-ਮਕੌੜੇ ਜਾਣ ਰਹੀ ਹੈ। ਇਸ ਲਈ ਹਿੰਸਾ ਦੀ ਸ਼ੁਰੂਆਤ ਹਕੂਮਤ ਵਲੋਂ ਹੋ ਚੁੱਕੀ ਹੈ। ਹੁਣ ਕੇਵਲ ਇਸ ਨੂੰ ਸਹਿਣ ਦੇ ਸਬਰ ਦੀ ਪਰਖ ਹੋ ਰਹੀ ਹੈ। ਇਹ ਗੱਲ ਕਿਸਾਨ ਆਗੂਆਂ ਨੂੰ ਸਮਝਣੀ ਚਾਹੀਦੀ ਹੈ ਅਤੇ ਲੋਕਾਂ ਦਾ ਸਬਰ ਗੁਰ-ਇਤਿਹਾਸ ਦੀਆਂ ਸਾਖੀਆਂ ਨਾਲ ਵੱਡਾ ਕਰਨਾ ਚਾਹੀਦਾ ਹੈ ਨਾ ਕਿ ਮਰਜੀਵੜਿਆਂ ਨੂੰ ਧਿਰਕਾਰਨਾ ਜਾਂ ਲੋਕਾਂ ਨੂੰ ਸਰਕਾਰੀ ਇਲਜਾਮਬਾਜੀ ਤੋਂ ਡਰਾਉਣਾ ਚਾਹੀਦਾ ਹੈ। ਇਤਿਹਾਸ ਵਿਚ ਗੁਰੂ ਦੇ ਭਾਣੇ ਵਿਚ ਰਹਿ ਕੇ ਝੱਲੇ ਤਸੀਹਿਆਂ ਦੇ ਸਬਰ ਦੀ ਦਾਸਤਾਨ ਲਾਮਿਸਾਲ ਹੈ। ਕਾਰਪੋਰੇਟ ਪੂੰਜੀਵਾਦ ਵਰਗੀ ਸੰਸਾਰ ਦੀ ਸਭ ਤੋਂ ਵੱਡੀ ਤਾਕਤ ਦਾ ਜਬਰ ਗੁਰੂ ਦੇ ਭਾਂਣੇ ਵਿਚ ਹੀ ਸਬਰ ਨਾਲ ਸਹਿਆ ਜਾ ਸਕਦਾ ਹੈ। ਸੰਘਰਸ਼ ਨੂੰ ਸ਼ਾਂਤਮਈ ਬਣਾਈ ਰੱਖਣ ਦਾ ਹੋਰ ਕੋਈ ਰਾਹ ਨਹੀਂ ਹੈ।
ਕ. ਕਿਸਾਨ ਆਗੂਆਂ ਨੂੰ ਮਰਜੀਵੜਿਆਂ ਦੀ ਪੀੜ ਸਮਝਣੀ ਚਾਹੀਦੀ ਹੈ ਕਿ ਉਹ ਕਿਸ ਪੱਧਰ ਤੱਕ ਪੀੜ ਮਹਿਸੂਸ ਕਰ ਰਹੇ ਹਨ ਨਾ ਕਿ ਸਰਕਾਰ ਦੁਆਰਾ ਦਿੱਤੇ ਰੂਪਕਾਂ ਨਾਲ ਉਨ੍ਹਾਂ ਨੂੰ ਧਕੇਲਣਾ ਜਾਂ ਧੱਕੇ ਮਾਰਨੇ ਹਨ। ਇਹ ਗੱਲ ਧਿਆਨ ਵਿੱਚ ਰੱਖਣ ਵਾਲੀ ਹੈ ਕਿ ਮਰਜੀਵੜਿਆਂ ਨੂੰ ਕੋਈ ਜਿੰਨੇ ਮਰਜ਼ੀ ਧੱਕੇ ਮਾਰੀ ਜਾਵੇ ਪਰ ਉਨ੍ਹਾਂ ਦਾ ਵਾਸਤਾ ਆਪਣੇ ਲੋਕਾਂ ਨਾਲ ਹੁੰਦਾ ਹੈ। ਉਹ ਕਦੇ ਵੀ ਲੋਕਾਂ ਦੇ ਹਿਤਾਂ ਤੋਂ ਪਿੱਛੇ ਨਹੀਂ ਹਟਦੇ। ਇਹ ਗੱਲ ਖ਼ਾਸ ਖਿਆਲ ਵਿੱਚ ਰੱਖਣ ਵਾਲੀ ਹੈ ਭਾਰਤੀ ਲੋਕਾਂ ਦਾ ਅਵਚੇਤਨ ਮਰਜੀਵੜਿਆਂ ਦਾ ਦਰਦ ਸਮਝ ਰਿਹਾ ਹੈ। ਲੋਕ ਕਹਿ ਰਹੇ ਹਨ “ਜੇ ਹੱਕ ਮੰਗਣਾ ਖਾਲਿਸਤਾਨੀ ਹੈ ਤਾਂ ਅਸੀਂ ਵੀ ਖਾਲਿਸਤਾਨੀ ਹਾਂ”। ਪੰਜਾਬ ਦੇ ਕਿਸਾਨ ਆਗੂ ਇਸ ਰਮਜ ਨੂੰ ਸਮਝਣ ਤੋਂ ਉਕਾਈ ਕਰ ਰਹੇ ਹਨ।
ਖ. ਕਿਸਾਨ ਆਗੂ ਆਪੋ-ਆਪਣੀਆਂ ਜਥੇਬੰਦੀਆਂ ਦੇ ਖ਼ੁਦ ਥਾਪੇ ਹੋਏ ਆਗੂ ਹਨ। ਇਸੇ ਕਰ ਕੇ ਕਈ ਕਿਸਾਨ ਜਥੇਬੰਦੀਆਂ ਦੇ ਨਾਂ ਆਗੂਆਂ ਦੇ ਨਾਵਾਂ ਤੇ ਹਨ। ਆਗੂਆਂ ਨੂੰ ਇਹ ਗੱਲ ਧਿਆਨ ਵਿੱਚ ਰੱਖਣੀ ਚਾਹੀਦੀ ਹੈ ਕਿ ਇਹ ਵੇਲਾ ਉਨ੍ਹਾਂ ਦੇ ਪਰਵਾਨ ਚੜ੍ਹਨ ਦਾ ਹੈ। ਕੀ ਉਨ੍ਹਾਂ ਨੇ ਆਪਣੀਆਂ ਜਥੇਬੰਦੀਆਂ ਦੇ ਥੋੜ੍ਹੇ ਬੰਦਿਆਂ ਦੇ ਆਗੂ ਬਣ ਕੇ ਹੀ ਰਹਿਣਾ ਹੈ ਜਾਂ ਸਮੁੱਚੀ ਕਿਸਾਨੀ ਦੇ ਆਗੂਆਂ ਵਜੋਂ ਪਰਵਾਨ ਹੋਣਾ ਹੈ? ਇਹ ਉਨ੍ਹਾਂ ਸਾਹਮਣੇ ਵੱਡਾ ਸਵਾਲ ਹੈ। ਕਿਸਾਨ ਆਗੂਆਂ ਦੀ ਪਰਵਾਨਗੀ ਕਿਸਾਨਾਂ ਨੇ ਦੇਣੀ ਹੈ। ਲੋਕ ਜਿਸ ਪੱਧਰ ‘ਤੇ ਸੋਚ ਰਹੇ ਹਨ ਅਤੇ ਇਹ ਕਾਨੂੰਨ ਜਿਸ ਪੱਧਰ ਤੱਕ ਮਾਰੂ ਹਨ, ਕਿਸਾਨ ਆਗੂ ਉਸ ਪੱਧਰ ਤੱਕ ਗੱਲ ਨੂੰ ਲਿਜਾਣ ਦੇ ਉੱਦਮੀ ਜਤਨ ਕਰਨ। ਗ. ਕਿਸਾਨੀ ਕਾਨੂੰਨਾਂ ਦੀ ਜੜ੍ਹ ਭਾਰਤੀ ਹਕੂਮਤ ਦਾ ਕੇਂਦਰਵਾਦੀ ਢਾਂਚਾ ਹੈ ਜੋ ਕਾਰਪੋਰੇਟ-ਤੰਤਰ ਵਿਚ ਹੋਰ ਵਧੇਰੇ ਸਖਤ ਕੇਂਦਰਵਾਦੀ ਹੋਣ ਜਾ ਰਿਹਾ ਹੈ। ਕੇਂਦਰ ਅਤੇ ਰਾਜਾਂ ਦੇ ਹਿਤ ਆਪਸ ਵਿਚ ਵਿਰੋਧੀ ਹੋ ਚੁੱਕੇ ਹਨ, ਇਸੇ ਕਰ ਕੇ ਕੇਂਦਰੀ ਸਿਆਸੀ ਧਿਰਾਂ ਨਾਲ ਭਾਈਵਾਲੀ ਵਾਲੀਆਂ ਖੇਤਰੀ ਸਿਆਸੀ ਧਿਰਾਂ ਰਾਜਾਂ ਦੇ ਲੋਕਾਂ ਵਲੋਂ ਰੱਦ ਹੋਈ ਜਾ ਰਹੀਆਂ ਹਨ। ਹੁਣ ਕੇਂਦਰ ਦੀਆਂ ਸ਼ਰਤਾਂ ਅਤੇ ਰਾਸ਼ਟਰਵਾਦੀ ਮਾਨਤਾਵਾਂ, ਚਿੰਨ੍ਹਾਂ ਨਾਲ ਲੋਕਾਂ ਦੀ ਅਗਵਾਈ ਨਹੀਂ ਕੀਤੀ ਜਾ ਸਕਦੀ। ਆਪਣੇ ਹੀ ਲੋਕਾਂ ਪ੍ਰਤੀ ਬੇਪਰਵਾਹ ਦਿੱਲੀ ਹਕੂਮਤ ਦੀਆਂ ਸ਼ਰਤਾਂ ਉੱਤੇ ਰਹਿ ਕੇ ਪੰਜਾਬ ਦੇ ਹੱਕਾਂ ਦੀ ਗੱਲ ਕਰਨੀ ਮੁਸ਼ਕਲ ਹੈ। ਜੇ ਕੋਈ ਬੰਦਾ ਏਸ ਤਰੀਕੇ ਗੱਲ ਕਰਨ ਦੇ ਯਤਨ ਵੀ ਕਰੇਗਾ ਤਾਂ ਉਹ ਪੰਜਾਬ ਵਿੱਚ ਰੱਦ ਹੋ ਜਾਵੇਗਾ ਕਿਉਂਕਿ ਪੰਜਾਬ ਅਤੇ ਦਿੱਲੀ ਦੇ ਹਿਤਾਂ ਵਿੱਚ ਬਹੁਤ ਵੱਡਾ ਫਾਸਲਾ ਹੈ। ਇਕ ਪਾਸੇ ਸਰਬੱਤ ਦੇ ਭਲੇ ਦਾ ਫਲਸਫਾ ਹੈ ਅਤੇ ਦੂਜੇ ਪਾਸੇ ਕਾਰਪੋਰੇਟ-ਪੂੰਜੀਵਾਦ ਅਤੇ ਬਿਪਰਵਾਦ ਦਾ ਸਵੈਸਵਾਰਥ ਕੇਂਦਰਤ ਫ਼ਲਸਫ਼ਾ ਹੈ। ਇਨ੍ਹਾਂ ਦੋਹਾਂ ਲੀਹਾਂ ਤੇ ਇਕੋ ਵੇਲੇ ਨਹੀਂ ਚੱਲਿਆ ਜਾ ਸਕਦਾ। ਇਹ ਕਿਸੇ ਵੀ ਹੁਣ ਦੇ ਆਗੂ ਜਾਂ ਆਉਣ ਵਾਲੇ ਆਗੂ ਨੂੰ ਸਮਝ ਲੈਣਾ ਬਹੁਤ ਜ਼ਰੂਰੀ ਹੈ।
ਘ. ਕੇਂਦਰ ਕਿਸਾਨੀ ਦੇ ਮਸਲੇ ਨੂੰ ਸੁਹਿਰਦਤਾ ਨਾਲ ਆਪਣੇ ਲੋਕਾਂ ਦੀ ਮੰਗ ਸਮਝ ਕੇ ਨਹੀਂ ਨਜਿੱਠ ਰਿਹਾ ਸਗੋਂ ਉਹ ਕਿਸਾਨਾਂ ਨੂੰ ਪਰਾਏ (ਦ ਅਦਰ) ਵਾਂਗ ਨਜਿੱਠ ਰਿਹਾ ਹੈ। ਇਹ ਪਹੁੰਚ ਇੱਕ ਲੋਕਤੰਤਰੀ ਹਕੂਮਤ ਅਤੇ ਉਸ ਦੇ ਆਪਣੇ ਲੋਕਾਂ ਦੇ ਰਿਸ਼ਤੇ ਵਾਲੀ ਨਹੀਂ ਸਗੋਂ ਇਕ ਵਪਾਰ ਦੀ ਮੰਡੀ ਵਿਚਲੀ ਦਲਾਲੀ ਜਾਂ ਸੌਦੇਬਾਜ਼ੀ ਵਰਗੀ ਹੈ। ਇਸ ਤਰ੍ਹਾਂ ਦੀ ਹਕੂਮਤ ਨਾਲ ਸੌਦੇਬਾਜੀ ਤੋਂ ਬਾਹਰ ਰਹਿ ਕੇ ਨਜਿੱਠਿਆ ਜਾ ਸਕਦਾ ਹੈ। ਅਜੇ ਤੱਕ ਕਿਸਾਨ ਆਗੂ ਇਸ ਪੱਖ ਤੋਂ ਸਹੀ ਦਿਸ਼ਾ ਵਿਚ ਹਨ।
ਙ. ਸਰਕਾਰ ਕਿਸਾਨ ਜੱਦੋਜਹਿਦ ਨੂੰ ਇਕ ਜੰਗ ਸਮਝ ਰਹੀ ਹੈ ਅਤੇ ਪੰਜਾਬ ਦੇ ਲੋਕ ਵੀ ਇਸ ਨੂੰ ਜੰਗ ਹੀ ਸਮਝ ਰਹੇ ਹਨ ਪਰ ਕੁਝ ਕਿਸਾਨ ਆਗੂ ਇਸ ਨੂੰ ਜੰਗ ਸਮਝਣ ਤੋਂ ਇਨਕਾਰੀ ਹੋ ਰਹੇ ਹਨ। ਇਸੇ ਕਰ ਕੇ ਉਹ ਆਗੂ ਲੋਕਾਂ ਅਤੇ ਸਰਕਾਰ ਨਾਲੋਂ ਪਛੜ ਰਹੇ ਹਨ। ਲੋਕ ਸਿੱਧੇ ਰੂਪ ਵਿਚ ਸਰਕਾਰ ਦੇ ਸਾਹਮਣੇ ਆ ਰਹੇ ਹਨ, ਜੇ ਆਗੂਆਂ ਨੇ ਇਹ ਟਕਰਾਅ ਟਾਲਣਾ ਹੈ ਤਾਂ ਉਨ੍ਹਾਂ ਨੂੰ ਕੇਂਦਰੀ ਹਕੂਮਤ ਦੀਆਂ ਸ਼ਰਤਾਂ ਅਤੇ ਮਾਨਤਾਵਾਂ ਤੋਂ ਬਾਹਰ ਜੰਗ ਦੇ ਮੈਦਾਨ ਵਿਚ ਆਉਣਾ ਪਵੇਗਾ, ਨਹੀਂ ਕਿਸਾਨ ਆਗੂ ਨਾ ਟਕਰਾਅ ਟਾਲ ਸਕਣਗੇ ਅਤੇ ਨਾ ਹੀ ਠੀਕ ਅਗਵਾਈ ਕਰ ਸਕਣਗੇ।
ਇਹ ਅਗਵਾਈ ਖੰਡੇ ਦੀਆਂ ਧਾਰਾਂ ਉੱਪਰ ਤੁਰਨ ਵਾਲਿਆਂ ਦੀ ਅਗਵਾਈ ਕਰਨਾ ਹੈ। ਇਸ ਅਗਵਾਈ ਦੀਆਂ ਸ਼ਰਤਾਂ ਵੱਖਰੀਆਂ ਹਨ ਅਤੇ ਨਿਸ਼ਾਨਾ ਆਰ-ਪਾਰ ਦੀ ਜੰਗ ਹੈ। ਅਗਵਾਈ ਖੰਡੇਧਾਰਾਂ ਹੋ ਕੇ ਹੀ ਕੀਤੀ ਜਾਣੀ ਹੈ।
ਸਿਕੰਦਰ ਸਿੰਘ
ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀ., ਫਤਹਿਗੜ੍ਹ ਸਾਹਿਬ