Site icon Sikh Siyasat News

ਸ਼ਹਾਦਤ ਨੂੰ ਸਮਝਣ ਵਿਚ ਵਰਤਮਾਨ ਗਿਆਨ ਪ੍ਰਬੰਧਾਂ ਦੀਆਂ ਸੀਮਾਵਾਂ

ਸਿਕੰਦਰ ਸਿੰਘ
ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ
ਫਤਿਹਗੜ੍ਹ ਸਾਹਿਬ

1

ਧਰਮ ਦੇ ਰਾਹ ਤੇ ਚਲਦਿਆਂ ਹੋਣ ਵਾਲੀ ਸ਼ਹਾਦਤ ਹੱਕ, ਸੱਚ, ਇਨਸਾਫ ਅਤੇ ਅਜਾਦੀ ਲਈ ਹੁੰਦੀ ਹੈ- ਇਹ ਹੰਕਾਰ ਮਾਣ ਜਾਂ ਕਿਸੇ ਰਾਜ, ਧੜੇ ਦੀ ਰਾਖੀ ਲਈ ਨਹੀਂ ਹੁੰਦੀ। ਸਿੱਖੀ ਵਿੱਚ ਸ਼ਹਾਦਤ ਸਿਖਰਲਾ ਰੁਤਬਾ ਹੈ ਇਹ ਕਿਸੇ ਨਿੱਜੀ ਮੁਕਤੀ ਲਈ ਨਹੀਂ ਸਗੋਂ ਸਰਬੱਤ ਮੁਕਤੀ ਜਾਂ ਸਰਬੱਤ ਦੇ ਭਲੇ ਲਈ ਕੁਰਬਾਨ ਹੋਣ ਦਾ ਨਾਂ ਹੈ। ਵਰਤਮਾਨ ਸਮੇਂ ਵਿੱਚ ਸ਼ਹਾਦਤ ਦੀ ਮਾਨਤਾ ਬਾਰੇ ਅਨੇਕਾਂ ਸਵਾਲ ਖੜ੍ਹੇ ਹੋਏ ਹਨ। ਹੁਣ ਹਕੂਮਤਾਂ ਸ਼ਹਾਦਤ ਨੂੰ ਪੈਦਾ ਹੋਣ ਤੋਂ ਰੋਕਣ ਤੇ ਕੇਂਦਰਤ ਹਨ- ਇਸ ਕਰਕੇ ਉਹ ਅਧੀਨ ਸੱਭਿਆਚਾਰ ਦੇ ਲੋਕਾਂ ਨੂੰ ਸ਼ਹਾਦਤੀ ਮੌਤ ਨਹੀਂ ਦਿੰਦੀਆਂ। ਇਸ ਦੀ ਮੂਲ ਵਜ੍ਹਾ ਹੈ ਕਿ ਸ਼ਹਾਦਤ ਵਿੱਚ ਗੁਣਾਂਕ ਸਮਰੱਥਾ ਰਕਤਬੀਜ ਵਰਗੀ ਹੁੰਦੀ ਹੈ, ਜਿਸ ਨੂੰ ਸ਼ਹੀਦ ਕੀਤਾ ਜਾਂਦਾ ਹੈ, ਉਸ ਮਗਰੋਂ ਉਸ ਵਰਗੇ ਅਨੇਕਾਂ ਹੋਰ ਪੈਦਾ ਹੋ ਜਾਂਦੇ ਹਨ। ਕਿਸੇ ਦੇਸ਼ ਜਾਂ ਸਰਕਾਰ ਦੇ ਮੁਲਾਜਮ ਵਜੋਂ ਮਿਲਣ ਵਾਲੀ ਮੌਤ ਮਗਰੋਂ ਮਿਲਿਆ ਸ਼ਹੀਦ ਦਾ ਰੁਤਬਾ ਧਰਮ ਜਾਂ ਆਪਣੀ ਧਰਤੀ/ਲੋਕਾਂ ਦੇ ਹੱਕ-ਸੱਚ ਦੇ ਰਾਹ ਤੇ ਚਲਦਿਆਂ ਹੋਈ ਸ਼ਹਾਦਤ ਨਾਲੋਂ ਗੁਣਾਂਕ ਸਮਰੱਥਾ ਵਿੱਚ ਬਹੁਤ ਫਰਕ ਰੱਖਦਾ ਹੈ। ਹੁਣ ਸ਼ਹੀਦ ਕਰਨ ਵਾਲੀਆਂ ਤਾਕਤਾਂ ਨੂੰ ਇਹ ਗਿਆਤ ਹੈ ਕਿ ਸ਼ਹਾਦਤ ਸ਼ਬਦਾਂ ਨਾਲ ਫੈਲਦੀ-ਸੁੰਗੜਦੀ ਹੈ। ਇਸੇ ਕਰਕੇ ਸਰਕਾਰੀ ਸ਼ਹੀਦ ਨੂੰ ਅਖਬਾਰਾਂ ਅਤੇ ਹੋਰ ਪ੍ਰਚਾਰ ਰਾਹੀਂ ਵੱਡਾ ਕਰਨ ਦਾ ਅਤੇ ਸਰਕਾਰ ਵਿਰੋਧੀ ਸ਼ਹੀਦ ਨੂੰ ਬਦਨਾਮ ਕਰਨ ਦਾ ਵਰਤਾਰਾ ਪ੍ਰਧਾਨ ਹੈ। ਸੱਤਾ ਦੇ ਪ੍ਰਚਾਰ ਅਤੇ ਸੰਦ-ਸਮੱਗਰੀ ਦੇ ਤਾਣ ਲਾਉਣ ਦੇ ਬਾਵਜੂਦ ਵੀ ਸਰਕਾਰੀ ਸ਼ਹੀਦ ਆਪਣੇ ਮਗਰ ਉਸ ਤਰ੍ਹਾਂ ਦੀ ਬਿਰਤੀ ਵਾਲੇ ਬੰਦੇ ਨਹੀਂ ਪੈਦਾ ਕਰਦਾ ਜਿਵੇਂ ਅਨੇਕਾਂ ਪੱਖਾਂ ਤੋਂ ਭੰਡੀ ਪ੍ਰਚਾਰ ਦੇ ਬਾਵਜੂਦ ਵੀ ਧਰਮ ਦੇ ਰਾਹ ਤੇ ਚਲਦਿਆਂ ਹੋਈ ਸ਼ਹਾਦਤ ਆਪਣੇ ਮਗਰ ਉਸ ਤਰ੍ਹਾਂ ਦੇ ਮਰਜੀਵੜੇ ਪੈਦਾ ਕਰਦੀ ਹੈ। ਇਸ ਲਈ ਧਰਮ ਦੀ ਟੇਕ ਨਾਲ ਅਤੇ ਆਪਣੀ ਸ਼ਨਾਖਤ ਖਾਤਰ ਆਖਰੀ ਹੀਲੇ ਵਜੋਂ ਸੱਤਾ ਨਾਲ ਲੜਨ ਵਾਲੇ ਲੋਕਾਂ/ਵਰਤਾਰਿਆਂ ਤੇ ਪਿਛਲੇ ਸਮੇਂ ਵਿਚ ਵਧੇਰੇ ਸਖਤੀ ਹੋਈ ਹੈ। ਉਨ੍ਹਾਂ ਦੇ ਬਿਰਤਾਂਤ ਸਨਮੁਖ ਅਨੇਕਾਂ ਚੁਣੌਤੀਆਂ ਪੈਦਾ ਹੋ ਗਈਆਂ ਹਨ, ਇਸ ਲਈ ਸ਼ਹਾਦਤ ਨੂੰ ਰਵਾਇਤੀ ਤਰੀਕੇ ਸਮਝਣ ਵਿਚ ਵਧੇਰੇ ਮੁਸ਼ਕਲਾਂ ਪੈਦਾ ਹੋ ਗਈਆਂ ਹਨ।

ਧਰਮ ਮਾਰਗ ਤੇ ਚਲਦਿਆਂ ਹੋਈ ਸ਼ਹਾਦਤ ਉਦਾਸੀ, ਨਿਰਾਸ਼ਾ ਅਤੇ ਨਿਰਹੋਂਦ ਤੋਂ ਦੂਰ ਚੜ੍ਹਦੀ ਕਲਾ ਅਤੇ ਹੋਂਦਸ਼ੀਲ ਹੋਣ ਦੀ ਗਵਾਹੀ ਹੁੰਦੀ ਹੈ। ਇਸ ਰਾਹ ਤੇ ਉਹੀ ਤੁਰਦੇ ਹਨ ਜੋ ਦਾਰਸ਼ਨਿਕ ਤੌਰ ਤੇ ਜਿੰਦਗੀ ਅਤੇ ਮੌਤ ਨੂੰ ਇੱਕੋ ਸਮਝਦੇ ਹਨ ਅਤੇ ਮਰ ਕੇ ਸਰਵੋਤਮ ਆਦਰਸ਼ ਦੀ ਰਾਖੀ ਕਰਦੇ ਹਨ। ਵਰਤਮਾਨ ਸਮੇਂ ਵਿੱਚ ਧਰਮ ਦੇ ਆਦਰਸ਼ ਨੂੰ ਸਮਝਣ ਵਿੱਚ ਗਿਆਨ ਪ੍ਰਬੰਧ ਪੂਰਨ ਸਫਲ ਨਹੀਂ ਹੋ ਸਕੇ, ਇਸੇ ਕਰਕੇ ਹੁਣ ਧਰਮ ਦੀ ਸ਼ਹਾਦਤ ਨੂੰ ਸਮਝਣ ਦੀ ਵੀ ਸਮੱਸਿਆ ਆ ਰਹੀ ਹੈ। ਦੂਜਾ, ਸ਼ਹਾਦਤ ਸਮਾਜਿਕ ਯਥਾਰਥ ਨੂੰ ਨਸ਼ਰ ਕਰਦੀ ਹੈ ਜਿਸ ਤੇ ਸੱਤਾ ਨੇ ਪਰਦਾ ਪਾਇਆ ਹੁੰਦਾ ਹੈ। ਤਕਨੀਕ ਦਾ ਯੁਗ ਸਮਾਜੀ ਯਥਾਰਥ ਤੇ ਵੱਡਾ ਪਰਦਾ ਹੈ, ਵੱਡਾ ਧੁੰਦਲਕਾ ਹੈ ਜਿਸ ਤੋਂ ਪਾਰ ਸਮਾਜਿਕ ਯਥਾਰਥ ਨੂੰ ਦੇਖਣਾ ਦਿਨੋ-ਦਿਨ ਔਖਾ ਹੋਈ ਜਾ ਰਿਹਾ ਹੈ- ਬਲਕਿ ਇਹ ਮਨੁੱਖਾਂ ਨੂੰ ਸਮਾਜਕ ਯਥਾਰਥ ਤੋਂ ਪਲਾਇਨਵਾਦੀ ਜਾਂ ਅੱਖਾਂ-ਮੀਟੂ ਬਣਾ ਰਿਹਾ ਹੈ। ਤਕਨੀਕ ਵਿੱਚ ਫਸਿਆ ਸਮਾਜਿਕ ਯਥਾਰਥ ਤੋਂ ਬੇਲਾਗ ਬੰਦਾ ਸ਼ਹਾਦਤ ਨੂੰ ਸਮਝਣ ਤੋਂ ਵੀ ਅਸਮਰੱਥ ਹੈ। ਤੀਜਾ,  ਸ਼ਹਾਦਤ ਸ਼ਹੀਦ ਦੇ ਸਮਾਜ ਅੰਦਰ ਸੰਵਾਦ ਲਈ ਜਗ੍ਹਾ ਬਣਾ ਦਿੰਦੀ ਹੈ ਅਤੇ ਉਹ ਸੱਤਾ ਦੇ ਦਮਨ ਨਾਲ ਪੈਦਾ ਹੋਈ ਜਮਾਂਦ ਅਤੇ ਮਾਨਸਿਕ ਖੜੋਤ ਨੂੰ ਤੋੜਦੀ ਹੈ। ਪਾਅਲੋ ਫਰੇਰੀ (2005: 68) ਆਖਦਾ ਹੈ ਕਿ ਪ੍ਰਚਾਰ, ਪ੍ਰਬੰਧ ਅਤੇ ਜੋੜ-ਤੋੜ ਦਮਿਤ ਧਿਰ ਦਾ ਮਨੁੱਖਤਵ ਬਹਾਲ ਨਹੀਂ ਕਰ ਸਕਦੇ, ਇਸ ਦਾ ਇਕੋ-ਇਕ ਅਸਰਦਾਰ ਰਾਹ ਸੰਵਾਦ ਸਿਰਜਣਾ ਹੈ।’ ਜਿਸ ਨੂੰ ਉਹ ‘ਹਿਊਮਨਾਈਜਿੰਗ ਪੈਡਾਗੋਜੀ’ ਆਖਦਾ ਹੈ। ਦਮਿਤ ਲੋਕਾਂ ਦੀ ਪੈਡਾਗੋਜੀ ਜਾਂ ਸਿੱਖਿਆ ਸੰਚਾਰ ਦੀ ਬਹਾਲੀ ਸੱਤਾ ਲਈ ਸਮੱਸਿਆ ਹੁੰਦੀ ਹੈ। ਵਰਤਮਾਨ ਸਮੇਂ ਵਿੱਚ ਸਭ ਤਾਕਤਾਂ ਨੇ ਸਿੱਖਿਆ ਸੰਚਾਰ ਆਪਣੇ ਹੱਥ ਵਿੱਚ ਰੱਖਿਆ ਹੋਇਆ ਹੈ। ਸਿੱਖਿਆ ਸੰਸਥਾਵਾਂ ਦੀ ਸਰਕਾਰੀ ਮਾਨਤਾ ਅਤੇ ਸਮੇਂ-ਸਮੇਂ ਤੇ ਸਰਕਾਰੀ ਸੰਸਥਾਵਾਂ ਵੱਲੋਂ ਜਾਂਚ ਪੈਡਾਗੋਜੀ ਦਾ ਕੁੰਡਾ ਹੈ। ਸਰਕਾਰੀ ਪੈਡਾਗੋਜੀ ਜਾਂ ਸਿੱਖਿਆ ਸੰਚਾਰ ਵਿੱਚ ਪੜ੍ਹਾਈ-ਸਿਖਲਾਈ ਬੰਦੇ ਸਾਹਮਣੇ ਧਰਮ-ਸ਼ਹਾਦਤ ਨੂੰ ਸਮਝਣ ਵਿਚ ਮੁਸ਼ਕਲ ਬਣਦੀ ਹੈ। ਚੌਥਾ, ਸ਼ਹਾਦਤ ਦਾ ਮੂਹੋਂ ਬੋਲੇ ਬੋਲਾਂ, ਕੌਲ ਪੁਗਾਉਣ ਨਾਲ ਪੀਡਾ ਸਬੰਧ ਹੁੰਦਾ ਹੈ। ਵਰਤਮਾਨ ਯੁੱਗ ਵਿੱਚ ਜਿੱਥੇ ਨੀਤੀ, ਕੂਟਨੀਤੀ ਅਤੇ ਇਕਰਾਰਹੀਣਤਾ ਦਾ ਵਰਤਾਰਾ ਭਾਰੂ ਹੈ ਉਥੇ ਬੋਲ ਪਗਾਉਣ ਵਾਲੇ ਇਕਰਾਰ ਦੇ ਪੱਕੇ ਲੋਕਾਂ ਦੀ ਕੁਰਬਾਨੀ ਨੂੰ ਸਮਝਣਾ ਹੋਰ ਮੁਸ਼ਕਲ ਹੋ ਗਿਆ। ਹੁਣ ਜਮਾਨੇ ਦੀਆਂ ਤਾਕਤਵਰ ਧਿਰਾਂ ਦਾ ਨਿਭਾਅ ਬਿਨਾਂ ਅਮਲ ਤੋਂ ਮਸ਼ਹੂਰੀ ਨਾਲ ਅਮਲ ਸਿੱਧ ਕਰਨ ਦਾ ਵਧੇਰੇ ਹੈ। ਇਸ ਲਈ ਬੋਲ-ਅਮਲ ਦੇ ਪੱਕੇ ਬੰਦਿਆਂ ਬਾਰੇ ਪਰਚਾਰ ਨਾਲ ਸਮਝ ਵੀ ਬਦਲੀ ਜਾ ਰਹੀ ਹੈ।

2

ਵਰਤਮਾਨ ਗਿਆਨ ਪ੍ਰਬੰਧ ਗਿਆਨਕਰਣ ਜਾਂ ਆਧੁਨਿਕਤਾ ਦੀ ਪੈਦਾਵਾਰ ਹੈ ਜਿਸ ਵਿੱਚ ਧਰਮ ਦੀ ਟੇਕ ਨਾਲ ਲੜ ਰਹੇ ਲੋਕ ਮੁੱਢੋਂ ਨਕਾਰੇ ਜਾ ਰਹੇ ਹਨ। ਬਲਕਿ ਦੁਨੀਆ ਵਿੱਚ ਅਸ਼ਾਂਤੀ ਦਾ ਕਾਰਨ ਧਰਮ ਨੂੰ ਹੀ ਮੰਨਿਆ ਗਿਆ। ਹੈਰੋਲਡ ਜੇ. ਲਾਸਕੀ ਆਪਣੀ ਮਸ਼ਹੂਰ ਕਿਤਾਬ ‘ਰਾਜਨੀਤੀ ਵਿਆਕਰਣ’ (1994: 10) ਵਿੱਚ ਆਖਦਾ ਹੈ ਕਿ ਸਮੇਂ ਦੇ ਬੀਤਣ ਨਾਲ ਇਹ ਸੰਭਾਵਨਾ ਹੋਰ ਵੀ ਘੱਟ ਬਣਦੀ ਹੈ ਕਿ ਰਾਜ ਆਪਣੇ ਨਾਗਰਿਕਾਂ ਦੇ ਧਾਰਮਿਕ ਵਿਚਾਰਾਂ ਨੂੰ ਭਰੋਸੇਯੋਗ ਮੰਨੇ। ਰਾਜ ਨੂੰ ਦੁਖਦਾਈ ਤਜਰਬੇ ਤੋਂ ਇਹ ਸਿੱਧ ਹੋ ਗਿਆ ਹੈ ਕਿ ਧਾਰਮਿਕ ਅਸਹਿਣਸ਼ੀਲਤਾ ਦੇ ਹੁੰਦੇ ਹੋਏ ਸਮਾਜਿਕ ਕਲਿਆਣ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ।’ ਜਦੋਂ ਧਰਮ ਅਸਹਿਣਸ਼ੀਲਤਾ ਦਾ ਸਰੂਪ ਬਣ ਗਿਆ ਤਾਂ ਇਸ ਕੋਲੋਂ ਇਨਸਾਫ ਅਤੇ ਭਲਾਈ ਦੀ ਆਸ ਵੀ ਖਤਮ ਹੋ ਗਈ। ਇਸ ਲਈ ਧਰਮ ਦੇ ਰਾਹ ਤੇ ਹੋਣ ਵਾਲੀ ਸ਼ਹਾਦਤ ਦੇ ਮਾਅਨੇ ਵੀ ਨਿਰਾਰਥ ਹੋ ਗਏ। ਸ਼ਹਾਦਤ ਦਾ ਇਹ ਰਾਹ ਅੱਤਵਾਦ ਵਜੋਂ ਪ੍ਰਭਾਸ਼ਿਤ ਹੋ ਗਿਆ ਬਲਕਿ ਸੁਧੀਰ ਕੱਕੜ ਦੀ ਧਾਰਨਾ ਹੈ ਕਿ ਅੱਤਵਾਦ ਦਾ ਮੂਲ ਕਾਰਨ ਹੀ ਧਰਮ ਹੈ। (ਸੇਵਕ ਸਿੰਘ 2024: 118) ਧਾਰਮਿਕ ਅਕਾਦਮਿਕਤਾ ਵਿੱਚ ਅੰਤਰ-ਧਰਮ ਸੰਵਾਦ, ਸਹਿਹੋਂਦ, ਸ਼ਾਂਤੀ ਅਤੇ ਸੰਗਤੀ ਵਿਸ਼ੇ ਇਸੇ ਕਰਕੇ ਪ੍ਰਧਾਨ ਹਨ ਕਿ ਧਰਮ ਇਹਨਾਂ ਤੋਂ ਦੂਰ ਹਨ ਅਰਥਾਤ ਅਸ਼ਾਂਤੀ ਅਤੇ ਕਲੇਸ਼ਾਂ ਦੀ ਜੜ੍ਹ ਧਰਮ ਹੈ। ਦੂਜਾ, ਤਕਨੀਕ ਅਤੇ ਬਿਜਲਈ ਸੰਚਾਰ ਦੇ ਯੁਗ ਤੋਂ ਪਹਿਲਾਂ ਤਾਕਤਾਂ ਨੇ ਵਿਦਿਅਕ ਢਾਂਚਾ ਲੋਕਾਂ ਨੂੰ ਸੱਤਾ ਅਨੁਕੂਲ ਅਤੇ ਅਨੁਸ਼ਾਸਤ ਕਰਨ ਲਈ ਵਰਤਿਆ। ਸਾਰੀ ਪਰਜਾ ਨੂੰ ਵਿਦਿਆ ਕੇਵਲ ਰਾਜ ਹੀ ਦੇਵੇ ਰਾਜ ਤੋਂ ਬਿਨਾਂ ਹੋਰ ਕੋਈ ਖੁਦਮੁਖਤਿਆਰ ਵਿਦਿਆ ਨਾ ਦੇ ਸਕੇ ਇਹ ਸੁਝਾਅ ਅਰਸਤੂ ਨੇ ਸਿਕੰਦਰ ਨੂੰ ਯੂਨਾਨ ਵਿੱਚ ਸ਼ਾਂਤੀ ਬਹਾਲ ਕਰਨ ਲਈ ਦਿੱਤਾ ਸੀ। ਫਰਾਂਸੀਸੀ ਦਾਨਸ਼ਵਰ ਮਿਸ਼ੇਲ ਫੂਕੋ ਨੇ ਮੱਧਕਾਲ ਵਿਚ ਹੁੰਦੇ ਤਸ਼ੱਦਦੀ ਕਤਲ, ਆਧੁਨਿਕ ਸਮੇਂ ਦੀਆਂ ਜੇਲਾਂ ਅਤੇ ਵਿਦਿਅਕ ਸੰਸਥਾਵਾਂ ਇੱਕੋ ਖਾਨੇ ਵਿੱਚ ਰੱਖੇ ਹਨ। ਉਹ ਸਕੂਲ ਨੂੰ ‘ਜੈਂਟਲ ਵੇ ਆਫ ਪੁਨਿਸ਼ਮੈਂਟ’ ਵਿਚ ਸ਼ਾਮਲ ਕਰਦਾ ਹੈ। (1995: 111) ਵਿਦਿਅਕ ਸੰਸਥਾਵਾਂ ਜੋ ਬਿਜਨਸ ਇਲੀਟ ਅਤੇ ਯੂਨੀਵਰਸਟੀ ਗ੍ਰੈਜੂਏਟ ਪੈਦਾ ਕਰਦੀਆਂ ਹਨ ਉਸ ਸਥਾਪਤੀ ਦੇ ਪ੍ਰਵਚਨ ਨੂੰ ਪੱਕਾ ਕਰਨ ਦੇ ਅਹਿਮ ਬੁਲਾਰੇ ਬਣਦੇ ਹਨ। ਇਹ ਲੋਕ ਸਮਾਜ ਦੀ ਹਰ ਮੋਰੀ, ਹਰ ਮੋੜ ਤੇ ਮੌਜੂਦ ਹੁੰਦੇ ਹਨ। ਬਹੁਗਿਣਤੀ ਅਜਿਹੇ ਲੋਕ ਸੱਤਾ ਖਿਲਾਫ ਜੂਝਦਿਆਂ ਹੋਈ ਸ਼ਹਾਦਤ ਪਾਗਲਪਣ ਦੇ ਖਾਤੇ ਪਾਉਂਦੇ ਹਨ। ਤੀਜਾ, ਸ਼ਹਾਦਤ ਦਾ ਵਰਤਾਰਾ ਅਜਾਦੀ ਅਤੇ ਰੱਖਿਆ ਦੇ ਖਿਆਲ ਨਾਲ ਜੁੜਿਆ ਹੋਇਆ ਹੈ। ਵਰਤਮਾਨ ਰਾਜਸੀ ਪ੍ਰਬੰਧਾਂ ਨੇ ਆਪੋ-ਆਪਣੇ ਇਖਤਿਆਰ ਅਧੀਨ ਲੋਕਾਂ ਨੂੰ ਅਜਾਦ ਅਤੇ ਸੁਰੱਖਿਅਤ ਹੋਣ ਦੀ ਧਾਰਨਾ ਪੜ੍ਹਾਈ ਹੈ। ਅਜਾਦੀ ਅਤੇ ਸੁਰੱਖਿਆ ਬਹਾਲ ਹੋਣ ਦੀ ਹਾਲਤ ਵਿੱਚ ਸ਼ਹਾਦਤੀ ਰਾਹ ਦੀ ਲੋੜ ਹੀ ਨਹੀਂ ਦਰਸਾਈ ਜਾ ਰਹੀ। ਚੌਥਾ, ਨਵੇਂ ਰਾਜਸੀ ਢਾਂਚੇ ਸਰਕਾਰ ਦੀ ਸ਼ਾਂਤਮਈ ਮੁਖਾਲਫਤ ਅਤੇ ਲੋਕਤੰਤਰੀ ਤਰੀਕੇ ਸ਼ਾਂਤਮਈ ਸੱਤਾ ਪਰਿਵਰਤਨ ਦਾ ਮੌਕਾ ਦਿੰਦੇ ਹਨ। ਇਸ ਲਈ ਕਿਹਾ ਜਾ ਰਿਹਾ ਹੈ ਕਿ ਸ਼ਹਾਦਤ ਦੇ ਰਾਹ ਤੇ ਤੁਰਨ ਦੀ ਲੋੜ ਨਹੀਂ ਜਦੋਂ ਲੋਕਤੰਤਰੀ ਤਰੀਕੇ ਸੱਤਾ ਵਿਚ ਤਬਦੀਲੀ ਲਿਆਂਦੀ ਜਾ ਸਕਦੀ ਹੈ। ਇਸ ਧਾਰਨਾ ਦੇ ਆਦਰਸ਼ ਅਤੇ ਅਮਲ ਵਿੱਚ ਜਮੀਨ ਅਸਮਾਨ ਦਾ ਫਰਕ ਹੈ ਪਰ ਜਦੋਂ ਸ਼ਹਾਦਤੀ ਰਾਹ ਨੂੰ ਰੱਦਣਾ ਹੁੰਦਾ ਹੈ ਤਾਂ ਆਦਰਸ਼ ਪੱਖ ਦੀ ਦਲੀਲ ਦਿੱਤੀ ਜਾਂਦੀ ਹੈ। ਪੰਜਵਾਂ, ਨਵੇਂ ਰਾਜਸੀ ਢਾਂਚਿਆਂ ਵਿੱਚ ਸਭ ਤੋਂ ਅਹਿਮ ਸਰਹੱਦ ਅਤੇ ਸਲਤਨਤ ਹੈ। ਵਰਤਮਾਨ ਰਾਸ਼ਟਰਾਂ ਅੰਦਰ ਫੌਜਾਂ ਦਾ ਕੰਮ ਬਾਹਰੀ ਖਤਰਿਆਂ ਤੋਂ ਨਹੀਂ ਅੰਦਰੂਨੀ ਖਤਰਿਆਂ ਤੋਂ ਸਲਤਨਤ ਦੀ ਰਾਖੀ ਕਰਨਾ ਹੈ। ਅਰੁੰਧਤੀ ਰਾਏ ਆਖਦੀ ਹੈ ਕਿ ਭਾਰਤ ਵਿਚ 1947 ਤੋਂ ਮਗਰੋਂ ਹਰ ਦਿਨ ਫੌਜ ਆਪਣੇ ਲੋਕਾਂ ਖਿਲਾਫ ਹੀ ਵਰਤੀ ਜਾਂਦੀ ਰਹੀ ਹੈ।’ ਹੁਣ ਦੇਸਾਂ ਅੰਦਰ ਬਹੁਤੇ ਟਕਰਾ ਅਖੰਡ ਸਲਤਨਤ ਦੀ ਮਾਨਤਾ ਖਿਲਾਫ ਹਨ। ਸਿੱਖ ਸੰਘਰਸ਼ ਵਿਸ਼ੇਸ਼ ਰੂਪ ਵਿੱਚ ਇਸੇ ਮਾਨਤਾ ਖਿਲਾਫ ਹੈ। ਇਸ ਲਈ ਅਜਿਹੇ ਸੰਘਰਸ਼ ਵਿੱਚ ਹੋਈ ਸ਼ਹਾਦਤ ਨੂੰ ਸਮਝਣਾ ਔਖਾ ਹੀ ਨਹੀਂ ਜੋਖਮੀ ਵੀ ਹੈ।

ਵਰਤਮਾਨ ਗਿਆਨ ਪ੍ਰਬੰਧ ਦੀ ਮੂਲ ਟੇਕ ਮਾਨਵਵਾਦ, ਜਿਉਣਕੇਂਦਰਤਾ ਅਤੇ ਸੁਖਕੇਂਦਰਤਾ ਤੇ ਹੈ। ਸ਼ਹਾਦਤ ਦਾ ਸਬੰਧ ਮੌਤ, ਤਸ਼ੱਦਦ ਅਤੇ ਦੁੱਖ ਨਾਲ ਹੈ। ਪੰਜਾਬ ਵਿੱਚ ਬੇਸ਼ੱਕ ‘ਦੁਖ ਦਾਰੂ ਸੁਖ ਰੋਗ’ ਦਾ ਜੀਵਨ ਸਿਧਾਂਤ ਰੋਜਾਨਾ ਨਿਤਨੇਮ ਦਾ ਹਿੱਸਾ ਹੈ ਤਾਂ ਵੀ ਇੱਥੇ ਸੁਖ ਲਈ ਆਪਣੀ ਬੋਲੀ, ਆਪਣੀ ਧਰਤੀ ਅਤੇ ਆਪਣੇ ਰਵਾਇਤੀ ਕਿੱਤੇ ਦੇ ਤਿਆਗ ਦਾ ਵਰਤਾਰਾ ਪ੍ਰਧਾਨ ਹੈ। ਦੂਜਾ, ਸ਼ਹਾਦਤ ਦੇ ਵਰਤਾਰੇ ਨੂੰ ਹਥਿਆਰ ਅਤੇ ਹਿੰਸਾ ਤੋਂ ਦੂਰ ਨਹੀਂ ਕੀਤਾ ਜਾ ਸਕਦਾ। ਹਥਿਆਰ ਅਤੇ ਹਿੰਸਾ ਦੀ ਮਾਨਤਾ ਕਿਸ ਨੂੰ ਹੈ ਇਹ ਸ਼ਹਾਦਤ ਦੀ ਸਮਝ ਵਿੱਚ ਫਰਕ ਪਾਉਂਦਾ ਹੈ। ਸੇਵਕ ਸਿੰਘ ਆਖਦਾ ਹੈ ਕਿ ਜਿਸ ਨੂੰ ਦੁਨੀਆ ਲੜਨ ਦਾ ਹੱਕ ਨਹੀਂ ਦਿੰਦੀ ਉਸ ਨੂੰ ਮਰ ਕੇ ਵੀ ਮਰਨ ਦਾ ਮਾਣ ਨਹੀਂ ਮਿਲਦਾ। (2024: 31-51) ਅਰਥਾਤ ਉਸਦੀ ਸ਼ਹਾਦਤ ਪ੍ਰਵਾਨ ਨਹੀਂ ਹੁੰਦੀ। ਵਰਤਮਾਨ ਜਮਾਨੇ ਵਿੱਚ ਆਖਰੀ ਹੀਲੇ ਵਜੋਂ ਲੜਨ ਵਾਲੇ ਲੋਕਾਂ ਨਾਲ ਇਹੀ ਵਾਪਰਦਾ ਹੈ। ਬੇਸ਼ੱਕ ਪੰਜਾਬ ਦੇ ਇਤਿਹਾਸ ਅਤੇ ਅਵਚੇਤਨ ਵਿੱਚੋਂ ਹਥਿਆਰ ਨੂੰ ਮਨਫੀ ਨਹੀਂ ਕੀਤਾ ਜਾ ਸਕਦਾ। ਦੁਨੀਆ ਭਰ ਵਿੱਚ ਧਰਮ ਦਰਸ਼ਨ, ਸਮਾਜਿਕ ਸੱਭਿਆਚਾਰਕ ਅਤੇ ਰਾਜਸੀ ਮਾਨਤਾ ਵਜੋਂ ਹਥਿਆਰ ਦਾ ਵੱਡਾ ਸਤਿਕਾਰ ਹੈ। ਸਿੱਖਾਂ ਨੂੰ ਇਹ ਗੁਰੂ ਵੱਲੋਂ ਬਖਸ਼ਿਸ਼ ਕੀਤਾ ਹੋਇਆ ਹੈ ਅਤੇ ਭਗੌਤੀ ਦੇ ਸਿਮਰਨ ਨੂੰ ਰੱਬ ਦੇ ਸਿਮਰਨ ਦੇ ਬਰਾਬਰ ਮੰਨਿਆ ਗਿਆ ਹੈ। ਪ੍ਰੋਫੈਸਰ ਪੂਰਨ ਸਿੰਘ (1981: 43) ਅਨੁਸਾਰ ਜਦੋਂ ਧਰਮੀ ਬੰਦਾ ਹਥਿਆਰ ਚੱਕਦਾ ਤਾਂ ਉਹ ਇਨਸਾਫ ਕਰਦਾ ਹੈ ਦਮਨ ਨਹੀਂ- ਦਬੇ, ਲਿਤਾੜੇ ਲੋਕਾਂ ਉਪਰ ਜਬਰ ਕਰਨ ਵਾਲੇ ਨੂੰ ਦੁੱਖ ਪੁਚਾਉਣਾ ਦਇਆ ਹੈ, ਸ਼ਾਂਤੀ ਹੈ।’ ਪੰਜਾਬ 1849 ਈਸਵੀ ਤੋਂ ਬਾਅਦ ਜਦੋਂ ਨਵੇਂ ਜਮਾਨੇ ਅਤੇ ਨਵੇਂ ਰਾਜਨੀਤਿਕ ਢਾਂਚੇ ਦੇ ਸਨਮੁਖ ਹੁੰਦਾ ਹੈ ਤਾਂ ਨਵੀਂ ਕਾਬਜ਼ ਸੱਤਾ ਪੰਜਾਬ ਵਿਚ ਹਥਿਆਰ ਅਤੇ ਅੱਖਰ ਦਾ ਹੱਕ ਬਦਲ ਦਿੰਦੀ ਹੈ। ਹਥਿਆਰ ਦੀ ਵਰਤੋਂ ਬਾਰੇ ਨਵੀਆਂ ਧਾਰਨਾਵਾਂ ਸ਼ਹਾਦਤ ਦੇ ਅਰਥ ਬਦਲ ਦਿੰਦੀਆਂ ਹਨ। ਸੱਤਾ ਦਾ ਹਥਿਆਰ ਲੈ ਕੇ ਸੱਤਾ ਲਈ ਲੜ ਮਰਨ ਵਾਲਾ ਸ਼ਹੀਦ ਅਤੇ ਆਪਣੀ ਧਰਤੀ ਧਰਮ ਲਈ ਆਪਣੇ ਹਥਿਆਰ ਨਾਲ ਲੜਨ ਵਾਲਾ ਬੰਦਾ ਅੱਤਵਾਦੀ ਮੰਨਿਆ ਗਿਆ। ਪੌਣੇ ਦੋ ਸਦੀਆਂ ਮਗਰੋਂ ਹਥਿਆਰ ਬਾਰੇ ਅੱਜ ਵੀ ਇਹੀ ਪਰਿਭਾਸ਼ਾ ਹੈ। ਤੀਜਾ, ਆਪਣੀ ਰਾਖੀ ਲਈ, ਆਪਣੀ ਮਰਜ਼ੀ ਨਾਲ, ਕਾਨੂੰਨ ਤੋਂ ਬਾਹਰ ਲੜਨ-ਮਰਨ ਜਾਂ ਹਿੰਸਾ ਦੀ ਮਾਨਤਾ ਰੱਦ ਹੋ ਗਈ। ਦਮਨ ਖਿਲਾਫ ਪਰਜਾ ਕੋਲੇ ਕੇਵਲ ਸ਼ਿਕਾਇਤ ਦਾ ਜਾਂ ਕਾਨੂੰਨੀ ਕਾਰਵਾਈ ਦੀ ਮੰਗ ਦਾ ਹੱਕ ਰਹਿ ਗਿਆ ਜਾਂ ਵੱਧ ਤੋਂ ਵੱਧ ਸ਼ਾਂਤਮਈ ਨਿਰਹਿੰਸਕ ਰੋਸ ਕੀਤਾ ਜਾ ਸਕਦਾ। ਮਰਨ-ਵਰਤ, ਖੁਦਕੁਸ਼ੀ ਦੇ ਹੱਕ ਵੀ ਸਰਕਾਰ ਕਿਸੇ ਵਿਅਕਤੀ ਨੂੰ ਨਹੀਂ ਦਿੰਦੀ। ਜੂਝ ਕੇ ਲੜ ਮਰਨ ਦੀ ਸ਼ਹਾਦਤ ਤਾਂ ਬਿਲਕੁਲ ਰੱਦ ਹੈ। ਇਸੇ ਕਰਕੇ ਮਨੁੱਖੀ ਅਧਿਕਾਰ ਚਿੰਤਨ ਤੇ ਕਾਰਕੁੰਨ ਖੇਤਰ ਵਿੱਚ ਨਵੰਬਰ 1984 ਦੇ ਕਤਲੇਆਮ ਦੀ ਗੱਲ ਤਾਂ ਕੁਝ ਹੋਈ ਹੈ ਪਰ ਜੂਨ 1984 ਦੀ ਜੰਗ ਵਿੱਚ ਸਿੱਖਾਂ ਨੂੰ ਨਿਰੋਲ ਗਲਤ ਸਿੱਧ ਕੀਤਾ ਜਾਂਦਾ ਰਿਹਾ ਹੈ। ਭਾਰਤੀ ਸੱਤਾ ਤੇ ਹਿੰਦੂਵਾਦ ਦੀਆਂ ਸਖਤ ਆਲੋਚਕ ਵੈਂਡੀ ਡੌਂਇੰਗਰ ਅਤੇ ਅਰੁੰਧਤੀ ਰਾਏ ਵਰਗੀਆਂ ਚਿੰਤਕ ਨਵੰਬਰ 1984 ਦੀ ਗੱਲ ਕਰਦੀਆਂ ਹਨ ਪਰ ਜੂਨ 1984 ਉਨ੍ਹਾਂ ਦੀ ਦ੍ਰਿਸ਼ਟੀ ਵਿੱਚ ਠੀਕ ਨਹੀਂ। ਇਸ ਪਿੱਛੇ ਮੂਲ ਧਾਰਨਾ ਇਹੀ ਹੈ ਕਿ ਸੱਤਾ ਤੋਂ ਸਿਵਾਏ ਹੋਰ ਕਿਸੇ ਕੋਲ ਹਿੰਸਾ ਦਾ ਹੱਕ ਨਹੀਂ। ਸਿੱਖ ਰਿਵਾਇਤ ਵਿੱਚ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਅਤੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਮੀਰੀ ਦੀ ਤਲਵਾਰ ਧਾਰਨ ਕਰਨਾ ਇਕੋ ਹੈ। ਪਰ ਹਿੰਸਾ ਦਾ ਹੱਕ ਸੱਤਾ ਕੋਲ ਰਾਖਵਾਂ ਹੋਣ ਦੀ ਧਾਰਨਾ-ਭਾਵਨਾ ਵਾਲੇ ਇਤਿਹਾਸਕਾਰ ਇਸ ਨੂੰ ਸਿੱਖ ਧਰਮ ਵਿੱਚ ਪਰਿਵਰਤਨ ਵਜੋਂ ਵੇਖਦੇ ਹਨ। ਉਹਨਾਂ ਲਈ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਅਤੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਮਾਰਗ ਵੱਖੋ ਵੱਖਰੇ ਹਨ। ਇਹ ਇਤਿਹਾਸਕਾਰ ਲੋਕਾਂ ਨੂੰ ਸੱਤਾ ਨਾਲ ਯੁੱਧ ਕਰਨ ਦਾ ਹੱਕ ਨਹੀਂ ਦਿੰਦੇ। ਜੇ.ਐਫ.ਸੀ. ਫੁੱਲਰ (1984: vi ਮੁਖਬੰਦ) ਲਿਖਦਾ ਹੈ ਕਿ ਪੁਰਾਣੇ ਇਤਿਹਾਸਕਾਰਾਂ ਨੇ ਯੁੱਧ ਨੂੰ ‘ਜੋਸ਼ੀਲਾ ਨਾਟਕ’ ਮੰਨ ਕੇ ਇਸ ਦਾ ਵਰਣਨ ਬੜੇ ਧਿਆਨ ਨਾਲ ਕੀਤਾ ਹੈ- ਸ਼ਾਇਦ ਉਹ ਲੜਾਈ ਨੂੰ ਕੁਦਰਤੀ ਅਮਲ ਗਿਣਦੇ ਸਨ ਪਰ ਅੱਜ ਦੇ ਇਤਿਹਾਸਕਾਰ ਲੜਾਈ ਨੂੰ ਮੁਸੀਬਤ ਗਿਣਦੇ ਹਨ।’ ਵਰਤਮਾਨ ਸੱਤਾਵਾਂ ਵਿੱਚ ਪਲਟੇ ਨਾ ਵਾਪਰਨ ਦਾ ਇੱਕ ਕਾਰਨ ਇਹ ਵੀ ਹੈ ਕਿ ਨਵੇਂ ਇਤਿਹਾਸਕਾਰ ਅਤੇ ਲੇਖਕ ਲੜ-ਮਰਨ ਅਤੇ ਹਿੰਸਾ ਦਾ ਹੱਕ ਕੇਵਲ ਸੱਤਾ ਨੂੰ ਦਿੰਦੇ ਹਨ। ਮਹਾਤਮਾ ਗਾਂਧੀ ਜਿਸ ਨੂੰ ਭਾਰਤ ਵਿੱਚ ਅਹਿੰਸਾ ਦਾ ਮਸੀਹਾ ਮੰਨਿਆ ਜਾਂਦਾ ਹੈ ਉਹ ਆਖਦਾ ਹੈ ਕਿ ਜਿੱਥੇ ਕਾਇਰਤਾ ਅਤੇ ਹਿੰਸਾ ਵਿੱਚੋਂ ਇੱਕ ਚੁਣਨਾ ਪਵੇ ਉੱਥੇ ਮੈਂ ਹਿੰਸਾ ਨੂੰ ਚੁਣਨ ਦੀ ਸਲਾਹ ਦੇਵਾਂਗਾ। ਭਾਰਤ ਵਾਸੀਆਂ ਵਿੱਚੋਂ ਨਿਪੁੰਸਕਤਾ ਰੋਕਣ ਲਈ ਮੈਂ ਮਰਨ ਮਾਰਨ ਦੀ ਸਲਾਹ ਦੇਣ ਤੋਂ ਸੰਕੋਚ ਨਹੀਂ ਕਰਾਂਗਾ। ਬੁਜਦਿਲੀ ਅਤੇ ਬੇਵਸੀ ਦਾ ਸ਼ਿਕਾਰ ਬਣੇ ਰਹਿਣ ਨਾਲੋਂ ਮੈਂ ਹਿੰਦੁਸਤਾਨ ਨੂੰ ਆਪਣੀ ਅਣਖ ਦੀ ਰਾਖੀ ਲਈ ਹਥਿਆਰ ਚੁੱਕਣ ਦੀ ਸਲਾਹ ਦੇਵਾਂਗਾ। (ਨੇਕੀ 2000: 177) ਇਹ ਧਾਰਨਾ ਆਖਰੀ ਹੀਲੇ ਵਜੋਂ ਕੀਤੇ ਜਾਣ ਵਾਲੀ ਹਿੰਸਾ ਅਤੇ ਸ਼ਹਾਦਤ ਦੀ ਸਾਰਥਕਤਾ ਨੂੰ ਮਾਨਤਾ ਦਿੰਦੀ ਹੈ। ਬਸਤੀਵਾਦੀ ਜਮਾਨੇ ਤੋਂ ਹੀ ਅਨੇਕਾਂ ਲਿਖਤਾਂ ਵਿਚ ਮਹਿਕੂਮ ਲੋਕਾਂ ਨੂੰ ਹਿੰਸਕ ਲਿਖਣ ਦਾ ਰੁਝਾਨ ਭਾਰੂ ਹੈ ਪਰ ਪਾਅਲੋ ਫਰੇਰੀ (2005: 55) ਅਤੇ ਜਾਂ ਪਾਲ ਸਾਰਤਰ (Fanon 2004: xlix-lii preface) ਨੇ ਇਹ ਤੱਥ ਉਜਾਗਰ ਕੀਤਾ ਕਿ ਹਿੰਸਾ ਕਦੇ ਮਹਿਕੂਮਾਂ-ਸ਼ੋਸ਼ਿਤਾਂ ਤੋਂ ਸ਼ੁਰੂ ਨਹੀਂ ਹੁੰਦੀ, ਇਹ ਸਦਾ ਹੀ ਦਮਨਕਾਰ ਵੱਲੋਂ ਸ਼ੁਰੂ ਹੁੰਦੀ ਹੈ- ਜਿਹੜੇ ਸ਼ੋਸ਼ਣ ਕਰਦੇ ਹਨ, ਜਿਹੜੇ ਦੂਜੇ ਨੂੰ ਮਨੁੱਖ ਵਜੋਂ ਪਛਾਣਨ ਤੋਂ ਅਸਮਰੱਥ ਹੁੰਦੇ ਹਨ। ਮਹਿਕੂਮ ਅਤੇ ਸ਼ੋਸ਼ਿਤ ਲੁਪਤ ਜਾਂ ਪ੍ਰਤੱਖ ਹਿੰਸਾ ਦੇ ਸ਼ਿਕਾਰ ਹੋਣ ਕਰਕੇ ਸਦਾ ਹੀ ਆਪਸੀ-ਵਿਰੋਧਾਂ ਵਿਚ ਵੰਡੇ ਹੋਏ ਅਤੇ ਦਮਨ ਵਿੱਚ ਨਪੀੜੇ ਹੁੰਦੇ ਹਨ। ਇਸੇ ਕਰਕੇ ਉਹਨਾਂ ਦੀ ਸ਼ਹਾਦਤ ਦੀ ਮਾਨਤਾ ਵਿੱਚ ਦਿੱਕਤ ਆਉਂਦੀ ਹੈ ਜੋ ਵਰਤਮਾਨ ਜਮਾਨੇ ਵਿੱਚ ਸਭ ਤੋਂ ਵੱਧ ਆ ਰਹੀ ਹੈ। ਵਰਤਮਾਨ ਜਮਾਨੇ ਦਾ ਸਾਰਾ ਰਾਜਸੀ ਸਿਧਾਂਤ ਰਾਜ ਵਿਰੋਧੀ ਤੱਤਾਂ ਦੇ ਬਲਪੂਰਵਕ ਦਮਨ ਦੀ ਸਾਖੀ ਭਰਦਾ ਹੈ। ਲਾਸਕੀ (1994: 196) ਆਖਦਾ ਹੈ ਰਾਜ ਨੂੰ ਕਾਨੂੰਨ ਨਿਰਮਾਣ ਦੀ ਅੰਤਿਮ ਸੰਸਥਾ ਸਮਝਿਆ ਜਾਂਦਾ ਹੈ- ਰਾਜ ਸ੍ਰੇਣੀ ਆਪਣੀ ਵਿਵਸਥਾ ਕਾਇਮ ਰੱਖਣ ਲਈ ਸਰਵਉੱਚ ਜਾਬਰ ਸ਼ਕਤੀ ਦੀ ਵਰਤੋਂ ਕਰਦੀ ਹੈ।’ ਤਾਕਤ ਦੀ ਜਾਬਰ ਵਰਤੋਂ ਕੇਵਲ ਪ੍ਰਬੰਧ ਠੀਕ ਰੱਖਣ ਜਾਂ ਸ਼ਾਂਤੀ ਬਣਾਈ ਰੱਖਣ ਲਈ ਹੀ ਨਹੀਂ ਹੁੰਦੀ ਬਲਕਿ ਫਰੇਰੀ (2005: 149) ਆਖਦਾ ਹੈ ਕਾਬਜ ਰਈਸ ਜਮਾਤ ਨੂੰ ਆਲੋਚਨਾਤਮਕ ਸਮਰੱਥਾ ਵਿਕਸਿਤ ਕਰਨ ਵਿੱਚ ਸੰਵਾਦ ਦੀ ਸਮਰੱਥ ਦੀ ਭੂਮਿਕਾ ਬਾਰੇ ਪੱਕਾ ਅਨੁਭਵ ਹੁੰਦਾ ਹੈ। ਇਸ ਲਈ ਉਹ ਇਹ ਤੱਥ ਤੋਂ ਭਲੀ ਭਾਂਤ ਜਾਣੂ ਹੁੰਦੀ ਹੈ ਕਿ ਲੋਕਾਂ ਨੂੰ ਸੋਚਣ ਤੋਂ ਦੂਰ ਰੱਖਣ ਰੱਖਣ ਲਈ ਜਿਸਮਾਨੀ ਹਿੰਸਾ ਸਮੇਤ ਸਾਰੇ ਤਰੀਕੇ ਵਰਤਣੇ ਹਨ।’ ਲੰਮੇ ਸਮੇਂ ਦਾ ਦਮਨ ਦਮਿਤ ਧਿਰ ਨੂੰ ਸੱਤਾ ਦੇ ਢਾਂਚੇ ਵਿੱਚ ਪੀੜ੍ਹੀ ਦਰ ਪੀੜ੍ਹੀ ਇਸ ਤਰੀਕੇ ਅਨੁਕੂਲ ਕਰ ਲੈਂਦਾ ਹੈ ਕਿ ਅਜਾਦੀ ਦੇ ਜੋਖਮੀ ਰਾਹ ਤੇ ਤੁਰਨ ਤੋਂ ਉਹ ਖੁਦ ਨੂੰ ਅਸਮਰੱਥ ਗਿਣਨ ਲੱਗ ਜਾਂਦੇ ਹਨ। (ਫਰੇਰੀ 2005: 47) ਉਹਨਾਂ ਵਿੱਚ ਜੰਗ, ਹਥਿਆਰ, ਸੱਤਾ ਨਾਲ ਟਕਰਾਅ ਨੂੰ ਗਲਤ ਕਹਿਣ ਦਾ ਵਰਤਾਰਾ ਪ੍ਰਧਾਨ ਹੋ ਜਾਂਦਾ ਹੈ। ਸੱਤਾ ਦਾ ਤਾਕਤਵਰ ਬਿੰਬ ਉਹਨਾਂ ਦੇ ਅੰਦਰ ਉਤਰ ਜਾਂਦਾ ਹੈ- ਇਸ ਹਾਲਤ ਵਿੱਚ ਉਹ ਸ਼ਹਾਦਤ ਦੇ ਰਾਹ ਪੈਣ ਤੋਂ ਆਪਣੀਆਂ ਪੀੜ੍ਹੀਆਂ ਰੋਕਣ ਲੱਗ ਜਾਂਦੇ ਹਨ। ਦੂਸਰੇ ਪਾਸੇ ਸੱਤਾ ਦਮਿਤ ਸਮਾਜ ਵਿੱਚੋਂ ਆਪਣੇ ਹਿਤੂ ਅਤੇ ਵਿਰੋਧੀ ਨਿਖੇੜਨ ਲੱਗ ਜਾਂਦੀ ਹੈ, ਅਜਾਦ ਬਿਰਤੀ ਦੇ ਲੋਕਾਂ ਨੂੰ ਮਿਸਾਲੀ ਸਜਾਵਾਂ ਦਿੱਤੀਆਂ ਜਾਂਦੀਆਂ ਹਨ। ਸੱਤਾ ਦੀ ਫੌਜੀ ਤਾਕਤ ਦਾ ਦਮਨਕਾਰੀ ਬਿੰਬ ਵੱਡਾ ਕਰਕੇ ਦਿਖਾਇਆ ਜਾਂਦਾ ਹੈ- ਫਰਾਂਜ ਫੈਨਨ (2004: 16) ਦੇ ਆਖਣ ਵਾਂਗ ਇੱਕ ਪਾਸੇ ਉਹਨਾਂ ਨੂੰ ਧਮਕਾਇਆ ਜਾਂਦਾ ਹੈ ਕਿ ਕੁਸਕੋ ਨਾ- ਦੂਜੇ ਪਾਸੇ ਉਕਸਾਇਆ ਜਾਂਦਾ ਹੈ ਕਿ ਆਉ ਮੱਥਾ ਲਾ ਕੇ ਵੇਖੋ। ਹਥਿਆਰ ਅਤੇ ਹਿੰਸਾ ਤੋਂ ਤੋੜ ਕੇ ਦਮਨ ਦੀ ਇਸ ਕਵਾਇਦ ਵਿੱਚ ਸਥਾਨਕ ਲੋਕਾਂ ਨੂੰ ਕਲੇਸ਼ੀ, ਅਸੱਭਿਅਕ,  ਨਿਕੰਮੇ, ਨਸ਼ੇੜੀ ਬਣਾਇਆ ਜਾਂਦਾ ਹੈ ਅਤੇ ਉਹਨਾਂ ਦੀ ਰਵਾਇਤ ਹਾਸੋਹੀਣੀ ਬਣਾਈ ਜਾਂਦੀ ਹੈ। ਇਸ ਹਾਲਤ ਵਿੱਚ ਕਿਸੇ ਮੂਲ ਸਿਧਾਂਤ-ਪਰੰਪਰਾ ਲਈ ਸ਼ਹਾਦਤ ਦੀ ਮਾਨਤਾ ਪਛਾਣਨਾ ਔਖਾ ਹੋਈ ਜਾ ਰਿਹਾ ਹੈ।

3

ਉਪਰੋਕਤ ਸਥਿਤੀਆਂ ਦੇ ਬਾਵਜੂਦ ਵੀ ਸਿੱਖ ਸਮਾਜ ਆਪਣੇ ਇਤਿਹਾਸ ਦੀਆਂ ਸ਼ਹਾਦਤਾਂ ਨੂੰ ਮਾਣ ਰਿਹਾ ਹੈ ਅਤੇ ਵਰਤਮਾਨ ਸਮੇਂ ਵਿੱਚ ਸ਼ਹਾਦਤ ਦੀ ਕਵਾਇਦ ਵਿੱਚ ਵੀ ਹੈ। ਸਿੱਖ ਸਮਾਜ ਅੰਦਰ ਸ਼ਹਾਦਤ ਦੀ ਮਾਨਤਾ ਆਧੁਨਿਕ ਗਿਆਨ ਪ੍ਰਬੰਧ ਦੀਆਂ ਅਨੇਕਾਂ ਚੁਣੌਤੀਆਂ ਦੇ ਬਾਵਜੂਦ ਵੀ ਸਿਰਮੌਰ ਰੁਤਬੇ ਵਾਲੀ ਹੈ। ਸਿੱਖ ਪਰੰਪਰਾ ਵਿੱਚ ਸ਼ਹਾਦਤ ਦੀ ਲਗਾਤਾਰਤਾ ਰੋਜਾਨਾ ਹੁੰਦੀ ਅਰਦਾਸ ਵਿੱਚੋਂ ਪ੍ਰਗਟ ਹੁੰਦੀ ਹੈ। ਅਰਦਾਸ ਦਾ ਆਰੰਭ ਭਗਉਤੀ ਅਰਥਾਤ ਹਥਿਆਰ ਦੇ ਸਿਮਰਨ ਤੋਂ ਹੁੰਦਾ ਹੈ ਜਿਸ ਦੀ ਦੁਨੀਆ ਵਿੱਚ ਹੁਣ ਸੱਤਾ ਖਿਲਾਫ ਵਰਤਣ ਦੀ ਕਿਸੇ ਨੂੰ ਆਗਿਆ ਨਹੀਂ ਹੈ। ਸਿੱਖ ਅਰਦਾਸ ਵਿੱਚ ਹੁਣ ਤੱਕ ਦੇ ਇਤਿਹਾਸ ਦੌਰਾਨ ਹੋਈਆਂ ਸ਼ਹਾਦਤਾਂ ਨੂੰ ਸਿਮਰਨ ਲਈ ਦੋ ਵੱਡੇ ਬੰਦ ਸ਼ਾਮਿਲ ਹਨ। ਇਸ ਵਿੱਚ ‘ਦੇਗ ਤੇਗ ਫਤਿਹ’ ਵੀ ਸ਼ਾਮਿਲ ਹੈ। ਜਸਵੰਤ ਸਿੰਘ ਨੇਕੀ (2000: 15) ਮੁਤਾਬਕ ਅਰਦਾਸ ਪੰਥ ਦੀ ਸਮੂਹਿਕ ਚੇਤਨਾ ਵਿੱਚੋਂ ਉਪਜਿਆ ਵਿਸ਼ੇਸ਼ ਬੇਨਤੀ-ਨਾਮਾ ਹੈ ਜਿਸ ਰਾਹੀਂ ਆਕਾਂਖਿਆਵਾਂ ਤੇ ਜੋਦੜੀਆਂ ਵਾਹਿਗੁਰੂ ਕੇ ਪੇਸ਼ ਕਰਕੇ ਸਰਬੱਤ ਦਾ ਭਲਾ ਮੰਗਿਆ ਜਾਂਦਾ ਹੈ।’ ਅਰਦਾਸ ਅਤੇ ਸਿੱਖ ਸਮੂਹਿਕ ਅਵਚੇਤਨ ਦੇ ਹਵਾਲੇ ਨਾਲ ਆਖਿਆ ਜਾ ਸਕਦਾ ਹੈ ਕਿ ਸ਼ਹਾਦਤ ਦੀ ਸਿੱਖ ਪਰੰਪਰਾ ਇੱਕ ਹਕੂਮਤ ਤੋਂ ਦੂਜੀ ਹਕੂਮਤ ਬਦਲਣ ਵਿਚ ਵੰਡੀ ਹੋਈ ਨਹੀਂ ਸਗੋਂ ਸੱਤਾ ਅਤੇ ਦਮਨ ਖਿਲਾਫ ਸੰਘਰਸ਼ ਦੀ ਲਗਾਤਾਰਤਾ ਹੈ। ਇਸ ਲਈ ਸਿੱਖ ਪਰੰਪਰਾ ਵਰਤਮਾਨ ਭਾਰਤੀ ਸੱਤਾ ਖਿਲਾਫ ਜਦੋਜਹਿਦ ਵਿੱਚ ਹੋਈਆਂ ਸ਼ਹਾਦਤਾਂ ਨੂੰ ਮੱਧਕਾਲੀ ਜਾਬਰ ਹਕੂਮਤ ਅਤੇ ਬਸਤੀਵਾਦੀ ਸੱਤਾ ਖਿਲਾਫ ਹੋਈਆਂ ਸ਼ਹਾਦਤਾਂ ਦੇ ਬਰਾਬਰ ਹੀ ਰੱਖਦੀ ਹੈ। ਖਾੜਕੂ ਸੰਘਰਸ਼ ਅਤੇ ਉਸ ਤੋਂ ਬਾਅਦ ਹੁਣ ਤੱਕ ਹੋ ਰਹੀਆਂ ਸ਼ਹਾਦਤਾਂ ਨੂੰ ਅਰਦਾਸ ਦੀ ਲਗਾਤਾਰਤਾ ਵਿੱਚ ਹੀ ਮੰਨਿਆ ਜਾਂਦਾ ਹੈ। ਦਲਜੀਤ ਸਿੰਘ (2022: 15) ‘ਖਾੜਕੂ ਸੰਘਰਸ਼ ਦੀ ਸਾਖੀ’ ਅਨੁਸਾਰ ਵੀ ਸ਼ਹਾਦਤ ਦਾ ਮੂਲ ਪ੍ਰੇਰਨਾ ਸਰੋਤ ਅਰਦਾਸ ਹੀ ਹੈ। ਪਰ ਵਰਤਮਾਨ ਭਾਰਤ ਸਰਕਾਰ ਦੀ ਦਲੀਲ ਨਾਲ ਸਹਿਮਤ ਵਿਦਵਾਨ ਵਰਗ ਖਾੜਕੂ ਸੰਘਰਸ਼ ਨੂੰ ਅੱਤਵਾਦ ਵਜੋਂ ਪਰਿਭਾਸ਼ਤ ਕਰਦਾ ਹੈ- ਜੋ ਖਾੜਕੂਆਂ ਦੀ ਸ਼ਹਾਦਤ ਨੂੰ 1947 ਈਸਵੀ ਤੋਂ ਪਹਿਲਾਂ ਹੋਈਆਂ ਸ਼ਹਾਦਤਾਂ ਨਾਲੋਂ ਨਿਖੇੜ ਕੇ ਵੇਖਦਾ ਹੈ। ਸਰਕਾਰੀ ਗਿਆਨ ਪ੍ਰਬੰਧ ਅਤੇ ਰਾਜਸੀ ਵਾਤਾਵਰਣ ਵੀ ਵਿਦਵਾਨਾਂ ਲਈ ਅਜਿਹੀਆਂ ਹਾਲਤਾਂ ਪੈਦਾ ਕਰਦੇ ਹਨ। ਵਿਦਵਾਨਾਂ ਦਾ ਇਹ ਵਰਗ ਅਤੇ ਭਾਰਤੀ ਸੱਤਾ ਦਾ ਪ੍ਰਵਚਨ ਇੱਕੋ ਧਾਰਾ ਉੱਪਰ ਚਲਦੇ ਹਨ। ਭਾਰਤੀ ਸੱਤਾ ਵਿੱਚ ਗੁਰੂ ਸਾਹਿਬਾਨ ਅਤੇ 1947 ਈਸਵੀ ਤੱਕ ਹੋਈਆਂ ਸਿੱਖ ਸ਼ਹਾਦਤਾਂ ਦੀ ਪ੍ਰਵਾਨਗੀ ਹੈ। ਉਨਾਂ ਨੂੰ ਵੱਡੇ ਪੱਧਰ ਤੇ ਸਰਕਾਰੀ ਸਨਮਾਨਾਂ ਨਾਲ ਮਨਾਇਆ ਵੀ ਜਾਂਦਾ ਹੈ। ਪਰ ਵਰਤਮਾਨ ਸਿੱਖ ਸ਼ਹਾਦਤਾਂ ਨਵੇਂ ਗਿਆਨ ਪ੍ਰਬੰਧੀ ਵਿਦਵਾਨਾਂ ਅਤੇ ਸਰਕਾਰ ਦੀ ਰਾਇ ਵਿੱਚ ਸ਼ਹੀਦੀਆਂ ਨਹੀਂ- ਸਗੋਂ ਇਨ੍ਹਾਂ ਦਾ ਦਮਨ ਲਾਜਮੀ ਸੀ/ਹੈ। ਸਿੱਖ ਸ਼ਹਾਦਤ ਦੇ ਪ੍ਰਸੰਗ ਵਿੱਚ ਵਰਤਮਾਨ ਹਕੂਮਤ ਖਿਲਾਫ ਲੜਦਿਆਂ ਹੋਈਆਂ ਜਾਂ ਹੋ ਰਹੀਆਂ ਸ਼ਹਾਦਤਾਂ ਤੋਂ ਇਨਕਾਰੀ ਵਿਦਵਾਨ ਵਰਗ ਦਾ ਪੱਖ ਅਤੇ ਦਲੀਲ ਵਰਤਮਾਨ ਰਾਜਸੀ ਸੱਤਾ ਨਾਲ ਜੁੜਿਆ ਹੋਣ ਕਰਕੇ ਸਿੱਖ ਪਰੰਪਰਾ ਇਸ ਨੂੰ ਮਾਨਤਾ ਨਹੀਂ ਦੇ ਰਹੀ ਪਰ ਗਿਆਨ ਪ੍ਰਬੰਧਾਂ ਦੇ ਖੇਤਰ ਵਿੱਚ ਇਹ ਵਰਗ ਸਿੱਖਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਵਿੱਚ ਸ਼ਹਾਦਤ ਬਾਰੇ ਸਮਝ ਤੇ ਅਸਰ ਪਾਈ ਜਾ ਰਿਹਾ ਹੈ। ਦੁਨੀਆ ਭਰ ਵਿੱਚ ਤਤਕਾਲੀ ਸੱਤਾਵਾਂ ਖਿਲਾਫ ਲੜ ਰਹੇ ਲੋਕਾਂ ਦੀ ਸ਼ਹਾਦਤ ਨੂੰ ਸਮਝਣ ਲਈ ਵਰਤਮਾਨ ਸਮੇਂ ਵਿੱਚ ਮੁਸ਼ਕਲਾਂ ਆ ਰਹੀਆਂ ਹਨ- ਅਸਲ ਵਿੱਚ ਸਾਡੇ ਕੋਲ ਮੱਧਕਾਲੀ ਜਾਬਰ ਰਾਜ, ਬਸਤੀਵਾਦੀ ਅੰਗਰੇਜ ਹਕੂਮਤ ਖਿਲਾਫ ਸੰਘਰਸ਼ੀ ਸ਼ਹਾਦਤਾਂ ਨੂੰ ਸਮਝਣ ਦਾ ਅਕਾਦਮਿਕ ਸਿਧਾਂਤ ਤਾਂ ਹੈ ਪਰ ਲੋਕਤੰਤਰੀ ਭੇਖ ਦੀ ਸੱਤਾ ਨਾਲ ਜੰਗ ਜਾਂ ਸੰਘਰਸ਼ ਵਿੱਚ ਹੋਈਆਂ ਸ਼ਹਾਦਤਾਂ ਨੂੰ ਸਮਝਣ ਲਈ ਅਕਾਦਮਿਕਤਾ ਸਥਾਪਤ ਨਹੀਂ ਹੋ ਸਕੀ। ਇਸ ਕਰਕੇ ਸ਼ਹਾਦਤ ਨੂੰ ਅਕਾਦਮਿਕ ਖੇਤਰ ਵਿੱਚ ਸਮਝਣਾ ਹੋਰ ਗੁੰਝਲਦਾਰ ਅਤੇ ਔਖਾ ਹੋ ਗਿਆ। ਫਰਾਂਜ ਫੈਨਨ (2004: 148) ਵਿਦਵਾਨਾਂ ਦੀ ਇਸ ਬਿਰਤੀ ਦੇ ਕਾਰਨ ਤਲਾਸ਼ਦਾ ਕਹਿੰਦਾ ਹੈ ਕਿ ਬਸਤੀਕ੍ਰਿਤ ਵਿਦਵਾਨ ਵਰਗ ਆਪਣੇ ਦਮਿਤ ਲੋਕਾਂ ਦੇ ਵਰਤਮਾਨ ਇਤਿਹਾਸ ਦੀ ਸ਼ਬਦਾਵਲੀ ਨੂੰ ਪਿਆਰਨ ਤੋਂ ਅਯੋਗ ਹੁੰਦਾ ਹੈ। ਵਰਤਮਾਨ ਸਿੱਖ ਸ਼ਹਾਦਤਾਂ ਦੇ ਪ੍ਰਸੰਗ ਵਿੱਚ ਪੰਜਾਬੀ ਸਾਹਿਤ ਨੇ ਇਹ ਅਯੋਗਤਾ ਵੱਡੇ ਪੱਧਰ ਤੇ ਹੱਡੀਂ ਹੰਢਾਈ ਹੈ। ਰਾਜੇਸ਼ ਸ਼ਰਮਾ (2016: 9) ਆਖਦਾ ਹੈ ਕਿ ਸੂਰਜ ਅਤੇ ਜੁਗਨੂੰ ਕਵੀਆਂ ਵਰਗੇ ਹੁੰਦੇ ਹਨ ਜੋ ਹਨੇਰੇ ਨੂੰ ਮੁਖਾਤਿਬ ਹੁੰਦੇ ਹਨ। ਸਿੱਖ ਸੰਘਰਸ਼ ਦੀਆਂ ਸ਼ਹਾਦਤਾਂ ਦੇ ਪ੍ਰਸੰਗ ਵਿੱਚ ਪੰਜਾਬੀ ਕਵੀਆਂ ਅਤੇ ਲੇਖਕਾਂ ਦਾ ਇਹ ਗੁਣ ਉਭਰ ਕੇ ਪ੍ਰਗਟ ਨਹੀਂ ਹੋਇਆ ਸਗੋਂ ਇਹ ਦਮਨਕਾਰ ਅਤੇ ਦਮਿਤ ਨੂੰ ਇੱਕੋ ਜਿਹੇ ਹਨੇਰੇ ਵਜੋਂ ਸਿਰਜ ਕੇ ਚਾਨਣ ਦੇ ਬੁਲਾਰੇ ਵਜੋਂ ਪੇਸ਼ ਹੋਏ ਹਨ ਜਾਂ ਸੱਤਾ ਨਾਲ ਟੱਕਰਣ ਵਾਲਿਆਂ ਨੂੰ ਹੀ ਹਨੇਰਾ ਆਖਦੇ ਰਹੇ। ਇਸ ਦਾ ਕਾਰਕ ਕੇਵਲ ਕਵੀ, ਲੇਖਕ ਅਤੇ ਵਿਦਵਾਨ ਵਰਗ ਹੀ ਨਹੀਂ ਸਗੋਂ ਵਰਤਮਾਨ ਗਿਆਨ ਪ੍ਰਬੰਧਾਂ ਦਾ ਅਸਰੋ-ਰਸੂਖ ਅਤੇ ਸੱਤਾ ਦਾ ਜਾਬਰ ਵਰਤਾਰਾ ਤੇ ਪ੍ਰਚਾਰ ਵੀ ਹੈ ਜੋ ਕਵੀਆਂ ਲੇਖਕਾਂ ਨੂੰ ਅਜਿਹੇ ਬਣਾਉਣ ਦਾ ਮੂਲ ਹੈ। ਜਿੰਨੀ ਦੇਰ ਤੱਕ ‘ਹਲੇਮੀ ਰਾਜ’ ਵਾਲੀ ਹਕੂਮਤ ਨਹੀਂ ਸਥਾਪਿਤ ਹੁੰਦੀ ਓਨੀ ਦੇਰ ਤੱਕ ਮਹਿਕੂਮ ਧਿਰਾਂ ਸ਼ਹਾਦਤਾਂ ਤੋਂ ਬਚ ਨਹੀਂ ਸਕਦੀਆਂ। ਇਸ ਲਈ ਵਰਤਮਾਨ ਸਮੇਂ ਵਿੱਚ ਮਹਿਕੂਮ ਧਿਰਾਂ ਦੀਆਂ ਸ਼ਹਾਦਤਾਂ ਨੂੰ ਸਮਝਣ ਦਾ ਵਿਧਾਨ ਵਿਕਸਿਤ ਕਰਨਾ ਲਾਜਮੀ ਹੈ- ਉਹਨਾਂ ਨੂੰ ਅੱਤਵਾਦੀ ਜਾਂ ਪਾਗਲਪਣ ਦਾ ਸ਼ਿਕਾਰ ਆਖਿਆਂ ਸਵਾਲ ਦਾ ਹੱਲ ਨਹੀਂ ਹੋ ਸਕਦਾ ਕਿਉਂਕਿ ਸ਼ਹੀਦ ਦੇ ਵਿਚਾਰ ਉਸਦੀ ਸ਼ਹਾਦਤ ਦੇ ਉਪਰੰਤ ਫੈਲਦੇ ਹਨ। ਜੇ ਉਹ ਵਿਚਾਰ ਨਾ ਸਾਂਭੇ ਜਾਣ ਤਾਂ ਉਹ ਸ਼ਹਾਦਤਾਂ ਕੇਵਲ ਮੇਲਾ ਲੱਗਣ ਸੀਮਤ ਹੋ ਜਾਂਦੀਆਂ ਹਨ। ਸੇਵਕ ਸਿੰਘ (2024: 49) ਦੀ ਧਾਰਨਾ ਹੈ ਕਿ ਜੰਗਜੂ ਦੇ ਨਾਂ ਤੇ ਮੇਲਾ ਲੱਗਣ ਅਤੇ ਉਹਦੇ ਵਿਚਾਰਾਂ ਨੂੰ ਦਾਰਸ਼ਨਿਕ ਪੱਧਰ ਤੇ ਲੈ ਜਾਣ ਵਿੱਚ ਵੱਡਾ ਫਰਕ ਹੁੰਦਾ ਹੈ। ਮੇਲਿਆਂ ਦਾ ਫਾਇਦਾ ਹਕੂਮਤ ਨੂੰ ਹੁੰਦਾ ਹੈ ਅਤੇ ਸ਼ਹੀਦ ਦੇ ਵਿਚਾਰਾਂ ਦਾ ਲੋਕਾਂ ਨੂੰ।’ ਇਸ ਖਾਤਰ ਮੂਲ ਸੁਝਾਅ ਇਹ ਹੈ ਕਿ ਦੁਨੀਆ ਭਰ ਵਿੱਚ ਜੰਗ ਜਾਂ ਹਿੰਸਾ ਦੇ ਅਸਲ ਕਾਰਨ ਰਾਜਸੀ ਜਾਂ ਵਪਾਰਕ ਨਹੀਂ ਸਗੋਂ ਸਭਿਆਚਾਰਕ ਹੈ- ਸ਼ਹਾਦਤਾਂ ਸੱਭਿਆਚਾਰਕ ਜੀਵਨ ਅਮਲ ਦੀ ਰਾਖੀ ਲਈ ਹੋ ਰਹੀਆਂ ਹਨ। ਸੱਭਿਆਚਾਰਕ ਜੀਵਨ ਅਮਲ ਦਾ ਕੇਂਦਰੀ ਧੁਰਾ ਬੋਲੀ ਅਤੇ ਲਿਪੀ ਹਨ। ਮਹਿਕੂਮ ਧਿਰਾਂ ਦੀ ਬੋਲੀ ਲਿਪੀ ਦੀ ਸਾਲਮ ਸਬੂਤੀ ਮਾਨਤਾ ਅਤੇ ਹਰ ਪੱਧਰ ਦੀ ਜੀਵਨ ਰੌਂ ਵਿੱਚ ਵਰਤੋਂ ਬਿਨਾਂ ਸ਼ਹਾਦਤ ਦੇ ਇਤਿਹਾਸ ਅਤੇ ਵਰਤਮਾਨ ਨੂੰ ਸਮਝਿਆ ਨਹੀਂ ਜਾ ਸਕਦਾ। ਸਿੱਖ ਸ਼ਹਾਦਤਾਂ ਨੂੰ ਸਮਝਣ ਲਈ ਪੰਜਾਬੀ ਬੋਲੀ ਦੀ ਰਵਾਇਤੀ ਸ਼ਬਦਾਵਲੀ, ਮੁਹਾਵਰੇ ਅਤੇ ਗੁਰਮੁਖੀ ਲਿਪੀ ਗਿਆਨ ਪ੍ਰਬੰਧਾਂ ਦੇ ਸਿਖਰ ਤੱਕ ਵਿਕਸਿਤ ਹੋਣੇ ਲਾਜ਼ਮੀ ਹਨ। ਇਸ ਨਾਲ ਵਿਦਿਆ ਪ੍ਰਬੰਧ ਅਤੇ ਪ੍ਰਚਾਰ ਤਰੀਕਾਕਾਰ ਕਰਕੇ ਸ਼ਹਾਦਤ ਦੀ ਸਮਝ ਵਿੱਚ ਪੈ ਰਹੇ ਅੜਿੱਕਿਆਂ ਨੂੰ ਦੂਰ ਕੀਤਾ ਜਾ ਸਕਦਾ ਹੈ- ਗਿਆਨ ਪ੍ਰਬੰਧਾਂ ਦੀਆਂ ਉਪਰ ਵਰਣਿਤ ਸੀਮਾਵਾਂ ਨੂੰ ਵੀ ਸਰ ਕੀਤਾ ਜਾ ਸਕਦਾ ਹੈ। ਨਹੀਂ ਇੱਕ ਵੇਲਾ ਐਸਾ ਆ ਸਕਦਾ ਕਿ ਬੋਲੀ ਲਿਪੀ ਦੇ ਨਾਂ ਤੇ ਸਿੱਧੇ ਰੂਪ ਵਿੱਚ ਸ਼ਹਾਦਤਾਂ ਹੋਣ ਵਾਲੀ ਸਥਿਤੀ ਬਣੇਗੀ।

ਹਵਾਲਾ ਸਰੋਤ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version