For the oppressors, “human beings” refers only to themselves; other people are “things.” For the oppressors, there exists only one right: their right to live in peace, over against the right, not always even recognized, but simply conceded, of the oppressed to survival. And they make this concession only because the existence of the oppressed is necessary to their own existence.
Paulo Freire, a Brazilian Educationist
————————————————————————————————————————————————————————————————–
1
ਭਾਰਤੀ ਅਵਾਮ, ਸੰਸਥਾਵਾਂ, ਆਗੂਆਂ, ਸਿਆਸੀ ਧਿਰਾਂ ਆਦਿ ਦੀ ਬਹੁਗਿਣਤੀ ਸਹਿਮਤੀ ਨਾਲ ਭਾਰਤੀ ਹਕੂਮਤ ਦਾ ਜੂਨ 1984 ਵਿਚ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ‘ਤੇ ਹਥਿਆਰਬੰਦ ਫੌਜੀ ਹਮਲਾ ਸਿੱਖ ਇਤਿਹਾਸ ਦੀ ਫੈਸਲਾਕੁਨ ਜੰਗ ਹੈ। ਜਿਵੇਂ ਦੁਨੀਆ ਦੀਆਂ ਸਾਰੀਆਂ ਜੰਗਾਂ ਵਿਚ ਆਮ ਤੌਰ ‘ਤੇ ਲੜਨ ਵਾਲੀਆਂ ਦੋ ਧਿਰਾਂ ਹਮਲਾਵਰ ਅਤੇ ਜਵਾਬੀ ਹੁੰਦੀਆਂ ਹਨ ਉਸੇ ਤਰ੍ਹਾਂ ਇਸ ਜੰਗ ਦੇ ਮੁਕੰਮਲ ਵਰਤਾਰੇ ਦੌਰਾਨ ਭਾਰਤੀ ਹਕੂਮਤ ਅਤੇ ਸਿੱਖ ਲੜੀਵਾਰ ਹਮਲਾਵਰ ਅਤੇ ਜਵਾਬੀ ਧਿਰਾਂ ਸਨ। ਪਰ ਇਸ ਸਾਰੇ ਘਟਨਾਕ੍ਰਮ ਦੇ ਵਿਆਖਿਆ-ਬਿਰਤਾਂਤ ਵਿਚ ਤਿੰਨ ਧਿਰਾਂ ਭਾਰਤੀ ਹਕੂਮਤ, ਸਿੱਖ ਅਤੇ ਨਿਰਪੱਖ ਜਾਂ ਅੰਸ਼ਿਕ ਨਿਰਪੱਖ ਲੋਕ ਜਾਂ ਨਿਰਪੱਖਤਾ ਦੇ ਭੇਖ ਵਿਚ ਧਿਰਬਾਜ ਲੋਕ ਸ਼ਾਮਿਲ ਹਨ। ਇਹ ਜੰਗ ਕਦੇ ਵੀ ਨਾ ਮੁੱਕਣ ਵਾਲੀ ਵਿਆਖਿਆ ਦਾ ਵਿਸ਼ਾ ਬਣ ਗਈ ਹੈ ਕਿਉਂਕਿ ਵਿਆਖਿਆਕਾਰੀ ਵਿਚ ਇਸ ਜੰਗ ਦੇ ਰੁਦਨ ਨਾਲੋਂ ਇਸ ਨੂੰ ਸੂਰਜ ਜਾਂ ਚਾਨਣਮੁਨਾਰੇ ਵਾਂਗ ਵੇਖਣ ਦਾ ਮੁਹਾਵਰਾ ਆਣ ਖੜ੍ਹਿਆ ਹੈ।
ਹੁਣ ਜਮਾਨਾ ਹਿੰਸਾ ਦੀ ਵਕਾਲਤ ਦਾ ਨਹੀਂ ਹੈ। ਦੂਜੀ ਸੰਸਾਰ ਜੰਗ ਤੋਂ ਬਾਅਦ ਦੁਨੀਆ ਭਰ ਦਾ ਬੁੱਧੀਜੀਵੀ ਵਰਗ ਹਿੰਸਾ ਤੋਂ ਇੰਨਾ ਭੈਅਭੀਤ ਹੋ ਗਿਆ ਕਿ ਹਿੰਸਾ ਨੂੰ ਮੂਲੋਂ ਰੱਦ ਕਰਨ ਤੱਕ ਦੇ ਖਿਆਲ ਬਹੁ-ਮਾਤਰਾ ਵਿਚ ਆਏ। ਇਸੇ ਜਮਾਨੇ ਵਿਚ ਯੂਰਪੀ ਜੰਗਾਂ ਦਾ ਮਾਹਿਰ ਜੇ.ਐਫ.ਸੀ. ਫੁੱਲਰ ਕਹਿੰਦਾ ਹੈ ਕਿ ਪੁਰਾਣੇ ਇਤਿਹਾਸਕਾਰਾਂ ਨੇ ਜੰਗ ਨੂੰ ‘ਜੋਸ਼ੀਲਾ ਨਾਟਕ’ ਮੰਨ ਕੇ ਇਸ ਦਾ ਵਰਣਨ ਬੜੇ ਧਿਆਨ ਨਾਲ ਕੀਤਾ ਹੈ, ਇਸ ਦਾ ਕਾਰਣ ਸ਼ਾਇਦ ਇਹ ਸੀ ਕਿ ਪੁਰਾਣੇ ਇਤਿਹਾਸਕਾਰ ਲੜਾਈ ਨੂੰ ਕੁਦਰਤੀ ਅਮਲ ਮੰਨਦੇ ਸਨ ਤੇ ਅੱਜ ਦੇ ਲੇਖਕ ਇਸ ਨੂੰ ਮੁਸੀਬਤ ਗਿਣਦੇ ਹਨ।’ ਹੁਣ ਜਮਾਨਾ ਹੋਰ ਅੱਗੇ ਲੰਘ ਗਿਆ, ਕੋਈ ਤਾਕਤ ਜਾਂ ਧਿਰ ਜੇ ਹੁਣ ਕੋਈ ਹਿੰਸਕ ਕਾਰਵਾਈ ਕਰਦੀ ਵੀ ਹੈ ਤਾਂ ਉਹ ਪਹਿਲਾਂ ਹੀ ਜਾਂ ਤੁਰਤ ਪੈਰ ਹਿੰਸਾ ਦੀ ਵਾਜਬੀਅਤ ਦੱਸਣ ਦਾ ਬਿਰਤਾਂਤ ਸਿਰਜਦੀ ਹੈ। ਸਵਾਲ ਇਹ ਹੈ ਕਿ ਜੰਗ ਜੋ ਸਦਾ ਹੀ ਹਿੰਸਾ ਦਾ ਘਰ ਰਿਹਾ ਹੈ ਉਸ ਵਿਚ ਹਿੰਸਾ ਤੋਂ ਬਚਾਅ ਕਿਵੇਂ ਹੋ ਸਕਦਾ ਹੈ? ਕੁਝ ਵਿਦਵਾਨ ਕਹਿੰਦੇ ਹਨ ਹਿੰਸਾ ਤੋਂ ਬਚਿਆ ਨਹੀਂ ਜਾ ਸਕਦਾ ਇਹ ਕੁਦਰਤ ਦੇ ਮੂਲ ਵਿਚ ਹੈ। ਨਿੱਕੇ ਤੋਂ ਨਿੱਕਾ ਹਰ ਕਰਮ, ਗਤੀ ਹਿੰਸਾ ਨਾਲ ਹੀ ਵਾਪਰਦਾ ਹੈ। ਉਨ੍ਹਾਂ ਦਾ ਦਾਅਵਾ ਹੈ, ਹਿੰਸਾ ਤੋਂ ਬਿਨ੍ਹਾ ਜੀਵਨ ਚਿਤਵਿਆ ਨਹੀਂ ਜਾ ਸਕਦਾ। ਹਰ ਕਿਸਮ ਦੀ ਸਿਧਾਂਤਕਾਰੀ ਵਿਚ ਬਰੀਕ (ਮਾਈਕਰੋ) ਚਿਤਵਣ ਵਾਲੇ ਇੰਨੇ ਡੂੰਘੇ ਆਮ ਹੀ ਚਲੇ ਜਾਂਦੇ ਹਨ ਪਰ ਮਨੁੱਖ ਸਭ ਜੀਵਾਂ ਵਿਚੋਂ ਸਿਆਣਾ ਹੈ, ਉਸ ਨੇ ਹਰ ਕਰਮ, ਵਰਤਾਰੇ ਅਤੇ ਖਿਆਲ ਵਿਚੋਂ ਸਹਿਜ ਤਲਾਸ਼ਣਾ ਹੈ। ਹਿੰਸਾ ਬਾਰੇ ਦੂਜਾ ਖਿਆਲ ਵਿਚਾਰਧਾਰਕ ਹੈ। ਹਰ ਬੰਦਾ, ਧਿਰ, ਦੇਸ ਆਦਿ ਆਪਣੇ ਦੁਆਰਾ, ਆਪਣੀ ਹਿੰਸਾ ਨੂੰ ਵਾਜਬ ਪਰਿਭਾਸ਼ਤ ਕਰਦਾ ਹੈ। ਜਿਵੇਂ ਬੰਦੇ ਨੂੰ 20 ਡੈਸੀਬਲ ਤੋਂ ਉੱਪਰ ਅਵਾਜ ਹੀ ਸੁਣਦੀ ਹੈ ਜਦਕਿ ਅਵਾਜ ਤਾਂ 1 ਅੰਕ ‘ਤੇ ਵੀ ਹੁੰਦੀ ਹੈ ਉਸੇ ਤਰ੍ਹਾਂ ਹਿੰਸਾ ਵੀ ਹਰੇਕ ਨੂੰ ਆਪਣੀ ਸਮਰੱਥਾ, ਵਿਚਾਰ ਅਤੇ ਪਰੰਪਰਾ ਮੂਜਬ ਹੀ ਦਿਖਦੀ-ਸੁਣਦੀ ਹੈ।
ਜੂਨ, 1984 ਵਿਚ ਸ੍ਰੀ ਦਰਬਾਰ ਸਾਹਿਬ ਅਤੇ ਹੋਰ ਗੁਰਦਆਰਿਆਂ ਵਿਚਲੀ ਜੰਗੀ ਹਿੰਸਾ ਅਤੇ ਨਵੰਬਰ 1984 ਦੀ ਨਸਲਕੁਸ਼ੀ ਵਿਆਖਿਆਕਾਰਾਂ ਬਲਕਿ ਬਹੁਤੇ ਲੋਕਾਂ ਨੂੰ ਵੀ ਆਪਣੀ ਵਿਚਾਰਧਾਰਕ ਸੀਮਾ-ਸਮਰੱਥਾ ਮੁਤਾਬਕ ਹੀ ਸਮਝ ਆਏ ਹੈ। ਹਮਲਾਵਰ ਧਿਰ ਅਰਥਾਤ ਭਾਰਤੀ ਹਕੂਮਤ ਅਤੇ ਬਿਪਰ ਪੱਖੀ ਕਲਮਨਵੀਸਾਂ ਨੇ ਜੂਨ, 84 ਦੇ ਘੱਲੂਘਾਰੇ ਅਤੇ ਨਵੰਬਰ 84 ਨਸਲਕੁਸ਼ੀ ਦੋਵਾਂ ਨੂੰ ‘ਸਿੱਖ ਅੱਤਵਾਦੀਆਂ ਨੂੰ ਸਬਕ’ ਸਿਖਾਉਣ ਦੇ ਨੁਕਤੇ ਤੋਂ ਜਾਇਜ ਦੱਸਿਆ। ਬਚਾਅ ਪੱਖੀ ਧਿਰ ਅਰਥਾਤ ਸਿੱਖ ਪੱਖੀ ਅੱਖਰਕਾਰੀ ਨੇ ਇਨ੍ਹਾਂ ਦੋਵਾਂ ਨੂੰ ਜਬਰ, ਸਿਤਮ, ਨਸਲਕੁਸ਼ੀ ਅਤੇ ਇਕੋ ਲੜੀ ਦੇ ਰੂਪ ਵਿਚ ਵੇਖਿਆ-ਦੱਸਿਆ। ਲੇਖਣੀ ਦੇ ਤੀਜੇ ਵਰਗ ਨੇ ਜੂਨ, 84 ਅਤੇ ਨਵੰਬਰ 84 ਵਿਚ ਹਮਲਾਵਰ ਅਤੇ ਬਚਾਅ ਪੱਖੀ ਧਿਰਾਂ ਦੇ ਕਰਮ ਨੂੰ ਇਕੋ ਰੂਪ ਵਿਚ ਜਾਇਜ-ਨਾਜਾਇਜ ਨਹੀਂ ਮੰਨਿਆ। ਉਨ੍ਹਾਂ ਅਨੁਸਾਰ ਦਿੱਲੀ 1984, ਅਯੁੱਧਿਆ 1992 ਅਤੇ ਗੁਜਰਾਤ 2002 ਮਹਿਕੂਮਾਂ ਉੱਪਰ ਕੀਤੇ ਸਰਕਾਰੀ ਜਬਰ ਹਨ, ਹਿੰਸਾ ਹਨ ਪਰ ਜੂਨ, 1984 ਨਹੀਂ। ਇਸ ਵਰਗ ਦੇ ਬਹੁਤੇ ਲੇਖਕ ਜਾਂ ਤਾਂ ਜੂਨ, 1984 ਬਾਰੇ ਚੁੱਪ ਹਨ ਜਾਂ ਦੋਵਾਂ ਧਿਰਾਂ (ਸਰਕਾਰ ਅਤੇ ਸਿੱਖਾਂ) ਨੂੰ ਲਗਭਗ ਬਰਾਬਰ ਦੋਸ਼ੀ ਮੰਨਦੇ ਹਨ। ਵੈਂਡੀ ਡੋਨੀਗਰ ਬਿਪਰਵਾਦ ਦੇ ਬਖੀਏ ਉਧੇੜਨ ਵਾਲੀ ਮੁੱਖ ਅਮਰੀਕੀ ਲੇਖਕਾ ਹੈ। ਉਸ ਨੇ ਬਿਪਰਵਾਦ ਦੇ ਜੁਲਮੋ-ਸਿਤਮ ਦੇ ਇਤਿਹਾਸ ਨੂੰ ਕਈ ਕਿਤਾਬਾਂ ਰਾਹੀਂ ਬੇਪਰਦ ਕੀਤਾ ਹੈ। ਉਹ ਵੀ ‘ਆਨ ਹਿੰਦੂਇਜਮ’ ਕਿਤਾਬ ਵਿਚ ਕੇਵਲ ਦਿੱਲੀ 1984, ਅਯੁੱਧਿਆ 1992 ਅਤੇ ਗੁਜਰਾਤ 2002 ਦੀ ਹੀ ਗੱਲ ਕਰਦੀ ਹੈ।
2
ਜੰਗ ਵਿਚ ਹਿੰਸਾ ਟਾਲੀ ਨਹੀਂ ਜਾ ਸਕਦੀ। ਉਸ ਹਾਲ ਵਿਚ ਹਿੰਸਾ ਵਿਚ ਸ਼ਾਮਿਲ ਧਿਰਾਂ ਦੇ ਕੁਝ ਪੱਖ ਵੇਖਣ ‘ਤੇ ਇਹ ਠੀਕ ਸਮਝ ਆ ਸਕਦੀ ਹੈ। ਮਸਲਨ, ਹਮਲਾਵਰ ਅਤੇ ਜਵਾਬੀ ਧਿਰਾਂ ਦੇ ਹਿੰਸਾ/ਜੰਗ ਬਾਰੇ ਵਿਚਾਰਧਾਰਕ ਅਧਾਰ ਕੀ ਹਨ ਅਤੇ ਉਨ੍ਹਾਂ ਦੇ ਹਿੰਸਾ-ਕਰਮ ਦਾ ਇਤਿਹਾਸ-ਮਿਥਿਹਾਸ ਕੀ ਹੈ? ਜੰਗ ਸ਼ੁਰੂ ਕਿਸ ਨੇ ਕੀਤੀ? ਜਵਾਬੀ ਧਿਰ ਨੇ ਕਿੰਨੇ ਸਬਰ/ਸਮੇਂ ਤੋਂ ਬਾਅਦ ਜਵਾਬ ਦਿੱਤਾ? ਜੰਗ ਤੋਂ ਪਹਿਲਾਂ ਦਾ ਘਟਨਾਕ੍ਰਮ ਕੀ ਰਿਹਾ ਅਰਥਾਤ ਜਿਸ ਮਸਲੇ ਕਾਰਨ ਜੰਗ ਹੋਈ ਉਹ ਸੁਲਝਿਆ ਕਿਉਂ ਨਹੀਂ ਜਾਂ ਕਿਸ ਨੇ ਸੁਲਝਣ ਨਹੀਂ ਦਿੱਤਾ? ਜੰਗ ਦੌਰਾਨ ਵਾਪਰੀਆਂ ਘਟਨਾਵਾਂ ਦਾ ਮੁਤਾਲਿਆ ਆਦਿ। ਇਹ ਕੁਝ ਪੱਖ ਹਨ ਜਿਨ੍ਹਾਂ ਨਾਲ ਇਸ ਜੰਗ ਵਿਚ ਦੋਵਾਂ ਧਿਰਾਂ ਦੀ ਹਿੰਸਾ ਦੇ ਮਨੁੱਖੀ-ਅਮਨੁੱਖੀ ਹੋਣ, ਜਾਇਜ-ਨਾਜਾਇਜ ਹੋਣ ਦੀਆਂ ਗੁੰਝਲਾਂ ਨੂੰ ਸਮਝਿਆ ਜਾ ਸਕਦਾ ਹੈ।
2.1.
ਜੂਨ, 1984 ਅੰਮ੍ਰਿਤਸਰ ਦੀ ਜੰਗ ਵਿਚ ਦੋ ਧਿਰਾਂ ਸਨ, ਇਕ ਭਾਰਤੀ ਹਕੂਮਤ ਅਤੇ ਦੂਜੇ ਪਾਸੇ ਖਾਲਸਾ ਪੰਥ। ਹੋਰ ਵੀ ਬਹੁਤ ਛੋਟੇ ਹਿੱਸੇ ਸਮਾਜੀ, ਸਿਆਸੀ, ਪੱਤਰਕਾਰੀ ਕਾਰਕ ਆਦਿ ਸਨ ਪਰ ਫੈਸਲਾਕੁਨ ਧਿਰਾਂ ਇਹ ਦੋਵੇਂ ਸਨ। ਇਨ੍ਹਾਂ ਦੋਵਾਂ ਦੇ ਵਿਚਾਰਧਾਰਕ ਅਤੇ ਪਰੰਪਰਾਈ ਅਧਾਰ ਅਤੇ ਪਿਛੋਕੜ ਦੀ ਸੰਖੇਪ ਜਾਣਕਾਰੀ ਇਸ ਜੰਗ ਦੀ ਹਿੰਸਾ ਨੂੰ ਸਮਝਣ ਵਿਚ ਸਹਾਈ ਹੋਵੇਗੀ। ਭਾਰਤੀ ਹਕੂਮਤ ਦਾ ਮੂਲ ਵਿਚਾਰਧਾਰਕ ਅਧਾਰ ਅਤੇ ਤਰਕ ‘ਭਾਰਤੀ ਰਾਸ਼ਟਰ’ ਅਰਥਾਤ ‘ਦੇਸ ਦੀ ਏਕਤਾ ਅਖੰਡਤਾ’ ਦਾ ਸੀ। ਭਾਰਤ ਵਿਚ ਇਹ ਅਜਿਹਾ ਖਾਸ ਕਾਰਕ ਹੈ ਜਿਸ ਦੇ ਨਾਂ ‘ਤੇ ਕਿਸੇ ਵੀ ਧਿਰ, ਧੜੇ, ਵਰਗ ਦੀ ਕੁੱਟ-ਮਾਰ ਜਾਂ ਨਸਲਕੁਸ਼ੀ ਜਾਇਜ ਹੋ ਜਾਂਦੀ ਹੈ। ਇਸ ਦੇ ਵਿਚਾਰਕ ਇਹ ਦੱਸਦੇ ਹਨ ਕਿ ਭਾਰਤੀ ਸੰਵਿਧਾਨ ਅਤੇ ਰਾਸ਼ਟਰਵਾਦ ਕੇਵਲ ਬਾਹਰੀ ਮੁਲ੍ਹੰਮੇ (ਸਹੋਾ ਪਇਚੲ) ਹਨ। ਭਾਰਤੀ ਤਾਕਤ ਦੀ ਅਸਲ ਵਿਚਾਰਧਾਰਾ ਅਤੇ ਰਵਾਇਤ ਤਾਂ ਬਿਪਰਵਾਦ, ਬ੍ਰਾਹਮਣਵਾਦ ਹੈ। ਬਿਪਰਵਾਦ ਦੇ ਮਨਸੂਬਿਆਂ ਅਤੇ ਕਰਮ ਦੇ ਪਿਛੋਕੜ ਵਿਚ ਵੇਦਾਂ-ਸ਼ਾਸਤਰੀ ਅਤੇ ਸੰਸਕ੍ਰਿਤ ਬਿਰਤਾਂਤ ਖੜ੍ਹਾ ਹੈ। ਬੇਸ਼ੱਕ ਵੇਦ-ਸ਼ਾਸਤਰ ਧਰਮ ਗ੍ਰੰਥ ਹਨ ਅਤੇ ਇਨ੍ਹਾਂ ਵਿਚ ਬਹੁਤ ਧਰਮੀ ਪ੍ਰਸੰਗ ਵੀ ਹਨ ਪਰ ਬਿਪਰਵਾਦੀ ਵਿਚਾਰ ਅਤੇ ਅਮਲ ਇਨ੍ਹਾਂ ਗ੍ਰੰਥਾਂ ਦੇ ਕਾਣੇ, ਪੱਖਪਾਤੀ ਅਤੇ ਅਧਰਮੀ ਪ੍ਰਸੰਗਾਂ ‘ਤੇ ਖੜ੍ਹਾ ਹੈ। ਬਿਪਰਵਾਦ ਸ੍ਰੀ ਰਾਮ ਅਤੇ ਸ੍ਰੀ ਕ੍ਰਿਸ਼ਨ ਅਵਤਾਰਾਂ ਦੇ ਜੀਵਨ ਪ੍ਰਸੰਗਾਂ ਵਿਚੋਂ ਭੀਲਣੀ ਦੇ ਬੇਰ ਖਾਣ, ਅਹੱਲਿਆ ਦੀ ਮੁਕਤੀ, ਦਰੋਪਦੀ ਦੀ ਪਤ ਰਾਖੀ ਅਤੇ ਸੁਦਾਮੇ ਨਾਲ ਪ੍ਰੇਮ ਪ੍ਰਸੰਗਾਂ ਨਾਲ ਨਹੀਂ ਸਗੋਂ ਇਹ ਸੀਤਾ ਨੂੰ ਤਿਆਗਣ, ਰਾਵਣ ਨੂੰ ਛਲ ਨਾਲ ਮਾਰਨ, ਸ਼ੰਭੂਕ ਦੇ ਅੰਗੂਠਾ ਕੱਟਣ, ਅਰਜੁਨ ਨੂੰ ਯੁੱਧ ਵਿਚ ਲੜਾਉਣ, ਭੀਲਾਂ ਦੀ ਨਸਲਕੁਸ਼ੀ ਆਦਿ ਦੇ ਪ੍ਰਸੰਗਾਂ ਨਾਲ ਆਪਣੀ ਵਿਚਾਰਧਾਰਾ ਘੜਦਾ ਹੈ।
ਬਿਪਰਵਾਦ ਜੋ ਮੂਲੋਂ ਸਮਾਜਕ-ਮਨੁੱਖੀ ਵੰਡ ਅਤੇ ਵਿਤਕਰੇ ਦੇ ਅਮਲ ‘ਤੇ ਚਲਦਾ ਹੈ, ਦੇ ਅਧਾਰ ਵੇਦਾਂ-ਸ਼ਾਸਤਰਾਂ ਵਿਚੋਂ ਹੀ ਦਿੰਦਾ ਹੈ। ਉਸ ਦੇ ਖੁਦ ਅਤੇ ਹੋਰਾਂ ਵਿਚ ਇਕਸਾਰਤਾ, ਬਰਾਬਰੀ ਅਤੇ ਸਭ ਦੇ ਹੱਕ ਬਰਾਬਰ ਦਾ ਖਿਆਲ ਬੇਸ਼ੱਕ ਭਾਰਤੀ ਸੰਵਿਧਾਨ ਵਿਚ ਸ਼ਾਮਲ ਹੈ ਪਰ ਇਹ ਅਮਲੀ ਰੂਪ ਇਸੇ ਕਾਰਨ ਨਾ ਧਾਰ ਸਕਿਆ ਕਿਉਂਕਿ ਬਿਪਰ ਵੇਦ-ਸ਼ਾਸਤਰਾਂ ਦੇ ਰਵਾਇਤੀ ਮਨੂੰਵਾਦੀ ਤਰਕਾਂ ਅਨੁਸਾਰ ਚੱਲ-ਚਲਾ ਰਿਹਾ ਹੈ। ਕੋਈ ਵੀ ਦੂਜਾ ਛੋਟਾ ਅਤੇ ਹੀਣ ਹੈ, ਦਾ ਖਿਆਲ ਬਿਪਰ ਵਿਚੋਂ ਨਿਕਲ ਨਹੀਂ ਸਕਦਾ। ਦੂਜੇ ਦੀ ਬਰਾਬਰੀ ਅਤੇ ਮੁਕਤੀ ਬਾਰੇ ਸ਼ਾਸਤਰਾਂ ਵਿਚ ਮਿਲਦੇ ਪ੍ਰਸੰਗਾਂ ਨੂੰ ਵੀ ਬਿਪਰ ਅਪਣਾਉਂਦਾ ਨਹੀਂ ਹੈ। ਹਰ ਤਰ੍ਹਾਂ ਦੇ ਧਰਮ ਲਈ ਉਹ ਖੁਦ ਨੂੰ ਦੇਵਤੇ ਦਾ ਪ੍ਰਤੱਖ ਰੂਪ ਮੰਨਦਾ ਹੈ। ਵਿਸ਼ਨੂੰ ਸਿਮਰਤੀ ਵਿਚ ਕਿਹਾ ਹੈ ਕਿ ਦੇਵਤੇ ਅਪ੍ਰਤੱਖ ਦੇਵਤੇ ਹਨ, ਪ੍ਰਤੱਖ ਦੇਵਤਾ ਬ੍ਰਾਹਮਣ ਹੈ। ਪ੍ਰਤੱਖ ਦੇਵਤੇ ਨੂੰ ਪ੍ਰਸੰਨ ਕਰਨ ਨਾਲ ਹੀ ਅਪ੍ਰਤੱਖ ਦੇਵਤੇ ਪ੍ਰਸੰਨ ਹੁੰਦੇ ਹਨ। ਬਿਪਰਵਾਦ ਵਲੋਂ ਜੋ ਵੀ ਹਿੰਸਾ ਕੀਤੀ ਜਾਂਦੀ ਹੈ, ਉਸ ਦਾ ਮੂਲ ਕਾਰਨ ਖੁਦ ਨੂੰ ਸਰਵਉੱਚ ਅਤੇ ਦੂਜੇ ਨੂੰ ਹੀਣ ਸਮਝਣਾ ਹੈ। ਦੂਜੇ ਦੀ ਪਛਾਣ ਨੂੰ ਆਪ ਪਰਿਭਾਸ਼ਤ ਕਰਨਾ ਜਾਂ ਜਬਰ ਨਾਲ ਉਸ ਦੀ ਪਛਾਣ ਮਲੀਆਮੇਟ ਕਰਨਾ, ਉਸ ਨੂੰ ਧਰਮ ਤੋਂ ਡੇਗਣਾ, ਵਿਸ਼ਵਾਸ ਤੋੜਨਾ ਅਤੇ ਅਧਰਮੀ ਕਹਿਣਾ; ਤਾਕਤ/ ਹਕੂਮਤ ਨਾਲ ਸਾਂਝ ਪਾਉਣਾ; ਤਾਕਤ ਦੀ ਹਾਲਤ ਵਿਚ ਹਉਮੈ ਪਾਲਣੀ ਆਦਿ ਬਿਪਰ ਦੇ ਮੁੱਖ ਲੱਛਣ ਹਨ। ਵੈਂਡੀ ਡੌਨੀਗਰ ਕਹਿੰਦੀ ਹੈ ਕਿ ‘ਹਿੰਦੂਵਾਦ ਉਪਮਹਾਂਦੀਪ ਦੇ ਇਤਿਹਾਸ ਅੰਦਰ ਵੱਡਾ ਧਿਰਕਾਰ ਹੈ ਜਿਹੜਾ ਹਰੇਕ ਧਰਮ/ ਵਿਸ਼ਵਾਸ ਨੂੰ ਆਪਣੇ ਵਿਚ ਮਿਲਾ ਲੈਣ ਤੱਕ ਕੁੱਟਦਾ ਹੈ।’ ਇਸ ਬਾਰੇ ਕਾਫੀ ਲਿਖਤਾਂ ਮੌਜੂਦ ਹਨ ਕਿ ਸਿੱਖ ਧਰਮ ਨੂੰ ਬਿਪਰ ਆਪਣਾ ਦੁਸ਼ਮਣ ਸਮਝਦਾ ਹੈ। ਭਾਰਤੀ ਤਾਕਤ ਦੀ ਸਿੱਖਾਂ ਖਿਲਾਫ ਕਿਸੇ ਵੀ ਮਨੋਵਿਗਿਆਨਕ ਅਤੇ ਹਥਿਆਰਬੰਦ ਲੜਾਈ ਦਾ ਮੂਲ ਇਹੀ ਕਾਰਨ ਹੈ।
ਦੂਜੇ/ਵਿਰੋਧੀ ਨੂੰ ਸਾਮ,ਦਾਮ, ਦੰਡ, ਭੇਦ ਕਿਸੇ ਵੀ ਤਰੀਕੇ ਖਤਮ ਕਰ ਦੇਣ ਦੀ ਹਿੰਸਾ ਨੂੰ ਬਿਪਰ ਨੇ ਸ਼ਾਸਤਰ ਵਿਚ ਮਾਨਤਾ ਦੇ ਰੱਖੀ ਹੈ। ਰਿਗਵੇਦ ਵਿਚ ਲਿਖਿਆ ਹੈ, ‘ਹੇ ਇੰਦਰਦੇਵ! ਆਪ ਆਰੀਆ ਨੂੰ ਵੀ ਅਤੇ ਅਨਾਰੀਆ ਨੂੰ ਵੀ ਜਾਣੋ। ਬ੍ਰਤਹੀਨਾਂ ਨੂੰ ਯਸ਼ੀਭੂਤ ਕਰ ਕੇ ਯੱਗ ਕਰਮ ਕਰਨ ਵਾਲਿਆਂ ਲਈ ਉਨ੍ਹਾਂ ਨੂੰ ਨਸ਼ਟ ਕਰੋ।’ ਛਲ ਨਾਲ ਮਾਰਨਾ ਬਿਪਰ ਦੀ ਰਿਗਵੇਦ ਵਿਚ ਮਿਲਦੀ ਪੁਰਾਣੀ ਮਾਨਤਾ ਹੈ, ‘ਇੰਦਰ ਨੇ ਛਲ ਰੂਪੀ ਮਿਰਗ ਦਾ ਰੂਪ ਧਾਰ ਕੇ ਵ੍ਰਿਤ (ਰਾਖਸ਼) ਦਾ ਹਨਨ ਕੀਤਾ।’ ਬਿਪਰ ਦਾ ਦੂਜਾ ਲੱਛਣ ਹੈ ਕਿ ਇਹ ਰਾਜਿਆਂ ਕੋਲੋਂ ਵਿਰੋਧੀ ਪਰਜਾ ‘ਤੇ ਹਿੰਸਾ ਕਰਵਾਉਂਦਾ ਹੈ। ਇਸ ਦੀ ਵਿਚਾਰਕ ਮਾਨਤਾ ਸ਼ਾਸਤਰੀ ਗ੍ਰੰਥਾਂ ਵਿਚ ਹੈ ਅਤੇ ਇਤਿਹਾਸਕ ਤੱਥ ਵਜੋਂ ਸ਼੍ਰੀ ਆਦਿ ਸ਼ੰਕਰਾਚਾਰੀਆ ਵਰਤਾਰੇ ਦੌਰਾਨ ਬੋਧੀਆਂ ਨਾਲ ਕੀਤੀ ਹਿੰਸਾ ਨੂੰ ਵੇਖਿਆ ਜਾ ਸਕਦਾ ਹੈ। ਰਾਜਿਆਂ ਨੂੰ ਸਨਾਤਨ ਧਰਮ ਵਿਚ ਸ਼ਾਮਲ ਕਰ ਕੇ ਬੋਧੀਆਂ ਨੂੰ ਦੇਸ਼ ਨਿਕਾਲੇ, ਸਮੂਹਕ ਕਤਲੇਆਮ ਵਰਗੀਆਂ ਹਿੰਸਕ ਘਟਨਾਵਾਂ ਦੇ ਆਮ ਸਬੂਤ ਮਿਲਦੇ ਹਨ। ਇਸ ਵਲੋਂ ਤਾਕਤ ਦੌਰਾਨ ਬੋਧੀਆਂ ਦੇ ਮਠਾਂ, ਵਿਦਿਅਕ ਸੰਸਥਾਵਾਂ ਅਤੇ ਉਨ੍ਹਾਂ ਦੀਆਂ ਪਰੰਪਰਕ ਇਮਾਰਤਾਂ ਨੂੰ ਢਾਹਿਆ ਗਿਆ। ਉਨ੍ਹਾਂ ਦੇ ਗ੍ਰੰਥ-ਖਾਨਿਆਂ ਨੂੰ ਫੂਕਿਆ ਗਿਆ। ਇਸੇ ਵਿਚੋਂ ਬਿਪਰ ਦਾ ਇਕ ਹੋਰ ਲੱਛਣ ਉਜਾਗਰ ਹੁੰਦਾ ਹੈ ਕਿ ਇਹ ਨਸਲਘਾਤੀ ਹਿੰਸਾ (ਗੲਨੋਚਦਿੳਲ ਵੋਿਲੲਨਚੲ) ਕਰਦਾ ਹੈ। ਦੂਜੇ ਖਿਲਾਫ ਨਸਲਘਾਤੀ ਹਿੰਸਾ ਦੀ ਮਾਨਤਾ ਵੀ ਸ਼ਾਸਤਰਾਂ ਵਿਚ ਮੌਜੂਦ ਹੈ। ਰਿਗਵੇਦ ਵਿਚ ਇੰਦਰ ਸ਼ਤਰੂਆਂ ਦੇ 99 ਨਗਰਾਂ ਨੂੰ ਇਕੋ ਵਾਰੀ ਨਸ਼ਟ ਕਰਨ ਵਾਲੇ; ਗਰਭਵਤੀ ਔਰਤਾਂ ਸਹਿਤ ਕ੍ਰਿਸ਼ਨਾਸੁਰ ਦਾ ਬਧ ਕਰਨ ਵਾਲੇ, ਜੰਗਲਾਂ ਨੂੰ ਅੱਗ ਲਾਉਣ ਵਾਲੇ ਅਤੇ ਵਣਾਂ ਨੂੰ ਖਾ ਜਾਣ ਵਾਲੇ ਰੂਪ ਵਿਚ ਪਰਗਟ ਹੁੰਦਾ ਹੈ। ਬਿਪਰ ਦਾ ਇਹ ਨਸਲਘਾਤੀ ਰਵੱਈਆ ਉਦੋਂ ਪਰਗਟ ਹੁੰਦਾ ਜਦੋਂ ਉਹ ਤਾਕਤ ਵਿਚ ਹੈ ਜਾਂ ਤਾਕਤ ਉਸ ਦੀ ਸੁਣਦੀ ਹੈ। ਤਾਕਤ ਬਾਹਰੀ ਜਾਂ ਗੁਲਾਮੀ ਦੀਆਂ ਹਾਲਤਾਂ ਵਿਚ ਇਸ ਦੇ ਅਹਿੰਸਕ ਹੋਣ ਦਾ ਭੁਲੇਖਾ ਪੈਂਦਾ ਹੈ ਪਰ ਮੂਕ ਹਿੰਸਾ ਇਨ੍ਹਾਂ ਹਾਲਤਾਂ ਵਿਚ ਵੀ ਚਲਦੀ ਰਹਿੰਦੀ ਹੈ ਜਿਵੇਂ ਦਲਿਤਾਂ ਅਤੇ ਔਰਤਾਂ ਖਿਲਾਫ ਜਾਤ-ਪਾਤੀ ਪ੍ਰਬੰਧ ਵਿਚ ਹਿੰਸਾ ਦਾ ਕਦੇ ਵੀ ਖਾਤਮਾ ਨਹੀਂ ਹੋਇਆ। ਇਸ ਹਿੰਸਾ ਦਾ ਮੂਲ ਕਾਰਕ ਅਤੇ ਨਿਰਧਾਰਕ ਬਿਪਰ ਹੀ ਹੈ।
ਆਧੁਨਿਕ ਯੁਗ ਦੇ ਬਿਪਰਵਾਦੀ ਵਿਦਵਾਨਾਂ/ ਮੋਹਰੀ ਪੁਰਖਾਂ ਨੇ ਜਿਸ ਨੂੰ ‘ਅਹਿੰਸਾ’ ਕਿਹਾ ਉਹ ਅਸਲ ਵਿਚ ਬਿਪਰ ਦੀ ਤਾਕਤ ਬਾਹਰੀ ਹਾਲਤ ਨਿਭਾਅ ਹੈ। ਇਸਲਾਮੀ ਹਾਕਮਾਂ ਦੇ ਕਾਲ ਵਿਚ ਬਿਪਰ ਦੀ ਜੋ ਬੇਪਤੀ ਹੋਈ ਅਤੇ ਇਸ ਨੇ ਖੁਦ ਅਤੇ ਆਪਣੇ ਸਮਾਜ ਨੂੰ ਜਿਸ ਕਾਇਰਤਾ ਨਾਲ ਬੇਹੁਰਮਤੀ ਝੱਲਣ ਦਾ ਇਤਿਹਾਸ ਸਿਰਜਿਆ ਉਸ ਬਿਰਤਾਂਤ ਵਿਚੋਂ ਬਿਪਰ ਨੇ ਖੁਦ ਨੂੰ ‘ਅਹਿੰਸਕ’ ਅਤੇ ਇਸਲਾਮ ਨੂੰ ‘ਹਿੰਸਕ’ ਵਜੋਂ ਪਰਿਭਾਸ਼ਤ ਕਰ ਦਿੱਤਾ। ਮਹਾਤਮਾ ਗਾਂਧੀ ਅਤੇ ਸਵਾਮੀ ਵਿਵੇਕਾਨੰਦ ਅਹਿੰਸਾ ਦੇ ਖਿਆਲ ਨੂੰ ਸਥਾਪਤ ਕਰਨ ਵਾਲੇ ਅਤੇ ਦੁਨੀਆ ਵਿਚ ਪ੍ਰਚਾਰਣ ਵਾਲੇ ਦੋ ਮੋਢੀ ਬੰਦੇ ਹਨ। ਇਨ੍ਹਾਂ ਨੇ ਬਿਪਰ ਨੂੰ ਅਹਿੰਸਕ ਸਥਾਪਤ ਕਰਨ ਲਈ ਵੱਡੇ ਇਤਿਹਾਸਕ ਝੂਠ ਵੀ ਬੋਲੇ। ਵਿਵੇਕਾਨੰਦ ਕਹਿੰਦਾ ਹੈ ਕਿ ‘ਭਾਰਤ ਹੀ ਕੇਵਲ ਇਕ ਅਜਿਹਾ ਦੇਸ ਹੈ ਜਿਥੇ ਕਦੇ ਵੀ ਧਾਰਮਕ ਅੱਤਿਆਚਾਰ ਨਹੀਂ ਹੋਏ।’ ਸ੍ਰੀ ਆਦਿ ਸ਼ੰਕਰਾਚਾਰੀਆ ਅਤੇ ਗੁਪਤ ਰਾਜਿਆਂ ਵੇਲੇ ਬੋਧੀਆਂ ਉੱਪਰ ਹੋਏ ਅੱਤਿਆਚਾਰ, ਨਸਲਕੁਸ਼ੀ ਅਤੇ ਉਨ੍ਹਾਂ ਦੇ ਦੇਸ ਨਿਕਾਲੇ ਨੂੰ ਲੁਕੋ ਲਿਆ ਗਿਆ। ਗਾਂਧੀ ਅਤੇ ਵਿਵੇਕਾਨੰਦ ਦੁਆਰਾ ਪੱਛਮੀ ਸੰਸਾਰ ਦੇ ਮਨ ਵਿਚ ਬਣਾਏ ਬਿਪਰ ਦੇ ਅਹਿੰਸਕ ਬਿੰਬ ਉੱਪਰ ਵੈਂਡੀ ਡੌਨੀਗਰ ਦੀ ਵਿਡਾਣਕ (ਰਿੋਨਚਿੳਲ) ਟਿੱਪਣੀ ਬਹੁਤ ਢੁਕਵੀਂ ਹੈ। ਉਹ ਲਿਖਦੀ ਹੈ, “ਜਦੋਂ 1947 ਦੀ ਹਿੰਸਾ ਹੋਈ- ਪੱਛਮੀ ਬੌਧਿਕ ਵਰਗ ਹੱਕਾ-ਬੱਕਾ ਰਹਿ ਗਿਆ ਕਿ ਅਹਿੰਸਕ ਹਿੰਦੂ ਵੀ ਇਹ ਕੁਝ ਕਰ ਸਕਦੇ ਹਨ। ਅਤੇ ਜਦੋਂ ਦਸੰਬਰ, 1961 ਵਿਚ ਭਾਰਤ ਨੇ ਗੋਆ ‘ਤੇ ਹਮਲਾ ਕੀਤਾ ਤੇ ਜਿੱਤਿਆ, ਤਾਂ ਉਹ ਇਕ ਵਾਰੀ ਫਿਰ ਹੈਰਾਨ ਰਹਿ ਗਿਆ ਕਿ ਅਹਿੰਸਕ ਹਿੰਦੂ, ਸਹਿਣਸ਼ੀਲ ਹਿੰਦੂ ਇਹ ਕੁਝ ਕਰ ਸਕਦੇ ਹਨ। ਪਰ ਜਦੋਂ 1992 ਵਿਚ ਹਿੰਦੂਆਂ ਨੇ ਧਾਵੇ ਨਾਲ ਬਾਬਰੀ ਮਸਜਿਦ ਢਾਹੀ ਤਾਂ ਪੱਛਮੀ ਬੌਧਿਕ ਵਰਗ ਹੋਰ ਹੈਰਾਨ ਨਹੀਂ ਹੋਇਆ। ਹੁਣ ਭਾਰਤ ਵਿਚ ਹੁੰਦੇ ਰੋਜ ਦੇ ਖੂਨ-ਖਰਾਬੇ ਦਾ ਸੰਸਾਰ ਆਦੀ ਹੋ ਗਿਆ ਸੀ।” ਵੈਂਡੀ ਡੌਨੀਗਰ ਨੇ ਇਹ ਟਿੱਪਣੀ ਗਾਂਧੀ ਅਤੇ ਵਿਵੇਕਾਨੰਦ ਦੇ ਬਿਪਰ ਨੂੰ ਅਹਿੰਸਕ ਪਰਿਭਾਸ਼ਤ ਕਰਨ ਦੇ ਪ੍ਰਸੰਗ ਵਿਚ ਕੀਤੀ ਹੈ। ਉਸ ਦਾ ਅਸਲ ਮੰਨਣਾ ਹੈ ਕਿ ਗਾਂਧੀ ਅਤੇ ਵਿਵੇਕਾਨੰਦ ਨੇ ਸੰਸਾਰ ਨੂੰ ਝੂਠ ਦੱਸਿਆ ਸੀ, ਨਿਤ-ਦਿਨ ਦੇ ਹਿੰਸਕਾਂ ਨੂੰ ਅਹਿੰਸਕ ਕਿਹਾ ਸੀ। ਇਹ ਬਿਪਰ ਦਾ ਇਕ ਅਹਿਮ ਲੱਛਣ ਹੈ ਕਿ ਉਹ ਆਪਣੇ ਵਲੋਂ ਕੀਤੀ ਸਿਰੇ ਦੀ ਨਸਲਘਾਤੀ ਹਿੰਸਾ ਨੂੰ ਵੀ ਧਰਮ ਕਹਿੰਦਾ ਹੈ ਦੂਜਿਆਂ ਦੁਆਰਾ ਕੀਤੇ ਬਚਾਅ ਕਰ ਕੇ ਹੀ ਬਿਪਰ ਉਨ੍ਹਾਂ ਨੂੰ ਪ੍ਰਪੰਚੀ, ਪਸ਼ੂ, ਦੈਂਤ, ਰਾਖਸ਼, ਹਿੰਸਕ, ਭੂਤ/ ਪੈਸ਼ਾਚ, ਅੱਤਵਾਦੀ ਦੱਸਦਾ ਹੈ। ਗੁਰਬਾਣੀ ਵਿਚ ਵੀ ਬਿਪਰ ਦੇ ਇਸ ਵਿਰੋਧਾਭਾਸੀ ਹਿੰਸਕ ਕਿਰਦਾਰ ਨੂੰ ਭਗਤ ਕਬੀਰ ਜੀ ਨੇ “ਜੀਅ ਬਧਹੁ ਸੁ ਧਰਮੁ ਕਰਿ ਥਾਪਹੁ ਅਧਰਮੁ ਕਹਹੁ ਕਤ ਭਾਈ॥ ਆਪਸ ਕਉ ਮੁਨਿਵਰ ਕਰਿ ਥਾਪਹੁ ਕਾ ਕਉ ਕਹਹੁ ਕਸਾਈ॥” ਕਹਿ ਕੇ ਨੰਗਾ ਕੀਤਾ ਹੈ। ਗੁਰਬਾਣੀ ਵਿਚ ਸੁਚੇਤ ਕੀਤਾ ਗਿਆ ਹੈ ਕਿ ‘ਬਿਪਰ ਪੰਡੀਆ’ ਬਿਰਤਾਂਤ ਰਾਹੀਂ ਆਪਣੇ ਕਸਾਈਪਣੇ ਨੂੰ ਵੀ ਧਰਮ ਦੱਸਦਾ ਹੈ ਅਰਥਾਤ ਇਹ ਆਪਣੀ ਹਿੰਸਾ ਨੂੰ ਲੁਕੋਂਦਾ ਹੈ। ਬਿਪਰ ਦੀ ਹਿੰਸਾ ਦੇ ਸ਼ਾਸਤਰੀ ਅਤੇ ਇਤਿਹਾਸਕ ਪਿਛੋਕੜ ਦੀ ਸਮਝ ਨਾਲ ਜੂਨ 84 ਦੇ ਮੁਕੰਮਲ ਘਟਨਾਕ੍ਰਮ ਨੂੰ ਵਧੇਰੇ ਠੀਕ ਸਮਝਿਆ ਜਾ ਸਕਦਾ ਹੈ।
2.2.
ਜੂਨ 84 ਦੀ ਜੰਗ ਦਾ ਮੂਲ ਕਾਰਨ ਭਾਰਤੀ ਰਾਸ਼ਟਰ ਦੀ ਉਸਾਰੀ ਸੀ ਜੋ ਨਿਰੋਲ ਰੂਪ ਵਿਚ ਉੱਪਰ ਵਰਣਿਤ ਬਿਪਰਵਾਦੀ ਅਤੇ ਬਸਤੀਵਾਦੀ ਲੀਹਾਂ ਉੱਪਰ ਹੋ ਰਹੀ ਸੀ। ਮਨੁੱਖੀ ਹਿੰਸਾ ਦੀ ਤਵਾਰੀਖ ਵਿਚ ਬਸਤੀਵਾਦ ਇਕ ਬਦਨਾਮ ਇਤਿਹਾਸਕ ਪੜਾਅ ਹੈ ਅਤੇ ਭਾਰਤ ਵਿਚ ਇਹ ਅਜੇ ਜਾਰੀ ਹੈ। ਬਸਤੀਕਾਰ ਬੌਧਿਕ, ਆਰਥਕ, ਸਮਾਜਕ, ਸਭਿਆਚਾਰਕ ਅਤੇ ਸਿਆਸੀ ਹਰੇਕ ਪੱਧਰ ‘ਤੇ ਬਸਤੀ ਦੇ ਮੂਲ ਨਿਵਾਸੀ ਮਹਿਕੂਮ ਦਾ ਦਮਨ ਕਰਦਾ ਹੈ। ਉਸ ਦੀਆਂ ਰੂਹਾਨੀ ਅਤੇ ਬੌਧਿਕ ਪਰੰਪਰਾਵਾਂ ਨੂੰ ਤਬਾਹ ਕਰਦਾ ਹੈ, ਉਨ੍ਹਾਂ ਨੂੰ ਮੂਲ ਨਾਲੋਂ ਤੋੜਦਾ ਹੈ ਅਤੇ ਖੁਦ ਦੀ ਵਿੱਦਿਆ ਨਾਲ ਮੂਲ ਨਿਵਾਸੀਆਂ ਦੀ ਘਾੜਤ ਕਰਦਾ ਹੈ। ਕਨੇਡਾ ਦੇ ‘ਰੈਜੀਡੈਂਸ਼ੀਅਲ ਸਕੂਲ’ ਇਸ ਦਮਨ ਦੀ ਮਿਸਾਲ ਹਨ ਜਿਨ੍ਹਾਂ ਕਰ ਕੇ ਗੋਰਾ ਸਮਾਜ ਅੱਜ ਵੀ ਸ਼ਰਮ ਮਹਿਸੂਸ ਕਰ ਰਿਹਾ ਹੈ। ਬਸਤੀਕਾਰ ਲੋਕਾਂ ਨੂੰ ਦੱਸਦਾ ਹੈ ਕਿ ਮੂਲ ਨਿਵਾਸੀਆਂ ਵਿਚੋਂ ਕੋਈ ਵੀ ਆਪਣੇ ਸਮਾਜ ਦੀ ਅਗਵਾਈ ਦੇ ਯੋਗ ਨਹੀਂ, ਉਨ੍ਹਾਂ ਨੂੰ ਬਸਤੀਕਾਰ ਦੀ ‘ਵਿਕਾਸਮੁਖ ਅਗਵਾਈ’ ਦੀ ਲੋੜ ਹੈ। ਉਹ ਮੂਲ ਨਿਵਾਸੀਆਂ ਦੀਆਂ ਸਮਾਜਕ-ਸਭਿਆਚਾਰਕ ਪਰੰਪਰਾਵਾਂ, ਬੋਲੀ ਅਤੇ ਸਾਹਿਤ ਨੂੰ ਪਛੜੇ, ਫਜੂਲ ਸਿੱਧ ਕਰਦਾ ਹੈ ਅਤੇ ਇਸ ਦੇ ਬਰਾਬਰ ਆਪਣੀ ਬੋਲੀ, ਸਭਿਆਚਾਰ ਨੂੰ ਰੋਜਗਾਰ, ਵਿਕਾਸ ਲਈ ਜਰੂਰੀ ਕਹਿੰਦਾ ਹੈ। ਉਹ ਮਹਿਕੂਮਾਂ ਦੇ ਰਵਾਇਤੀ ਚਿੰਨ੍ਹਾਂ ਨੂੰ ਹਿੰਸਾ ਦੇ ਕਾਰਕ, ਸਮਕਾਲ ਵਿਚ ਬੇਅਰਥ, ਬੇਲੋੜੇ ਕਹਿ ਕੇ ਛੱਡਣ ਲਈ ਮਜਬੂਰ ਕਰਦਾ ਹੈ। ਬਸਤੀਕਾਰ ਮੂਲ ਨਿਵਾਸੀ ਨੂੰ ਪਛੜਿਆ, ਪਸ਼ੂ ਸਮਾਨ, ਹਿੰਸਕ, ਅੱਤਵਾਦੀ, ਆਲਸੀ, ਨਸ਼ੇੜੀ ਆਦਿ ਮੈਟਾਫਰਾਂ ਨਾਲ ਸੰਬੋਧਤ ਹੁੰਦਾ ਹੈ। ਉਹ ਮੂਲ ਨਿਵਾਸੀ ਔਰਤ ਨੂੰ ਮਸ਼ੀਨ ਕਹਿੰਦਾ ਹੈ ਕਿ ਉਹ ਇਕ ਅਤੇ ਦੂਜੇ ਬੰਦੇ ਵਿਚ ਫਰਕ ਕਰਨ ਜੋਗੀ ਨਹੀਂ। ਇਸ ਦੇ ਬਾਵਜੂਦ ਵੀ ਜੇ ਕੋਈ ਮੂਲ ਨਿਵਾਸੀ ਆਪਣੇ ਧਰਮ, ਰਵਾਇਤ, ਗਿਆਨ ਪ੍ਰਬੰਧ ਅਤੇ ਜੀਵਨ ਸ਼ੈਲੀ ਨੂੰ ਮਾਣ ਵਜੋਂ ਸਥਾਪਤ ਕਰਨ ਲਗਦਾ ਹੈ ਤਾਂ ਉਸ ਲਈ ਜਿਸਮਾਨੀ ਦਮਨ, ਤਸ਼ੱਦਦ ਅਤੇ ਮੌਤ ਦੀਆਂ ਸਜਾਵਾਂ ਹਨ। ਅਸਲ ਵਿਚ ਬਸਤੀਕਾਰ ਮੂਲ ਨਿਵਾਸੀ ਦੇ ਜੀਵਨ ਨੂੰ ਮਨੁੱਖਤਾ ਤੋਂ ਇਕ ਚੀਜ ਤੱਕ ਘਟਾਉਂਦਾ ਹੈ। ਬਸਤੀਕਾਰ ਦੀਆਂ ਫੌਜਾਂ, ਪੁਲਸ, ਅਦਾਲਤਾਂ ਸਭ ਮੂਲ ਨਿਵਾਸੀਆਂ ਨੂੰ ਦਬਾਉਣ ਲਈ ਹੁੰਦੀਆਂ ਹਨ। ਉਸ ਖਿਲਾਫ ਲੜ ਰਹੇ ਜੁਝਾਰੂਆਂ ਕੋਲ ਦੋ ਮੁੱਖ ਗੁਣ ਹੁੰਦੇ ਹਨ, ਇਕ ਹਠ ਅਤੇ ਦੂਜਾ ਆਪਣੇ ਸਭਿਆਚਾਰ ਦੇ ਅੰਦਰਲੇ ਤੱਤ ‘ਤੇ ਜੋਰ। ਬਸਤੀਕਾਰ ਦੇ ਤਸ਼ੱਦਦ, ਜੇਲ੍ਹਾਂ, ਅਦਾਲਤਾਂ, ਪੁਲਸ, ਫੌਜ ਆਦਿ ਸਭ ਮੂਲਵਾਸੀ ਦੇ ਇਨ੍ਹਾਂ ਦੋ ਗੁਣਾਂ ਅੱਗੇ ਬੇਅਰਥ ਅਤੇ ਨਕਾਰਾ ਹੋ ਜਾਂਦੇ ਹਨ। ਅਖੀਰ ਨੂੰ ਬਸਤੀਕਾਰ ਮੂਲ ਧਰਮ, ਸਭਿਆਚਾਰ, ਪਵਿੱਤਰ ਵਿਸ਼ਵਾਸਾਂ ਅਤੇ ਸਥਾਨਾਂ ਨਾਲ ਖੇਡ ਕੇ ਮੂਲ ਵਾਸੀਆਂ ਨੂੰ ਹਿੰਸਾ ਦੇ ਰਾਹ ਤੁਰਨ ਲਈ ਮਜਬੂਰ ਕਰਦਾ ਹੈ ਅਤੇ ਦੂਜੇ ਪਾਸੇ ਉਨ੍ਹਾਂ ਨੂੰ ਹੁਕਮ ਅਦੂਲੀ ਦੇ ਭਿਆਨਕ ਸਿੱਟੇ ਦਿਖਾਉਂਦਾ ਹੈ। ਬਸਤੀਕਾਰ ਦੇ ਰਵੱਈਏ ਦਾ ਮੂਲ ਆਪ ਨੂੰ ਉੱਚੇ ਅਤੇ ਦੂਜੇ ਨੂੰ ਹੀਣ ਜਾਣਨਾ ਹੈ ਅਤੇ ਉਸ ਦਾ ਇਹ ਲੱਛਣ ਬਿਪਰਵਾਦ ਨਾਲ ਸਾਂਝਾ ਹੈ।
ਭਾਰਤੀ ਰਾਸ਼ਟਰਵਾਦ ਵਿਚ ਬਿਪਰਵਾਦ ਅਤੇ ਬਸਤੀਵਾਦ ਦੇ ਲਗਭਗ ਸਾਰੇ ਦਮਨਕਾਰੀ ਲੱਛਣ ਮੌਜੂਦ ਹਨ। ਜੂਨ, 1984 ਵੇਲੇ ਕਹਿਣ ਨੂੰ ਭਾਰਤੀ ਰਾਸ਼ਟਰ ਲੋਕਤੰਤਰ ਸੀ ਪਰ ਅਸਲੋਂ ਇਹ ਫਾਸ਼ੀਵਾਦ ਦੇ ਰਸਤੇ ‘ਤੇ ਉੱਸਰ ਰਿਹਾ ਭਾਰਤ ਸੀ। ਭਾਰਤੀ ਰਾਸ਼ਟਰ ਦਾ ਜਨਮ ਬਲਕਿ ਜਨਮ ਦਾ ਵਿਚਾਰ (1830 ਦੇ ਇਰਦ ਗਿਰਦ ਬੰਗਾਲ ਵਿਚ) ਹੀ ਨਫਰਤ ਅਤੇ ਜੁਬਾਨੀ ਹਿੰਸਾ ਵਿਚੋਂ ਨਿਕਲਿਆ ਹੈ। ਬਿਪਰਵਾਦੀ ਭਾਰਤੀ ਰਾਸ਼ਟਰ ਵਿਚ ਸਹਿਚਾਰ ਅਤੇ ਭਾਈਚਾਰਕਤਾ ਨਾਲ ਕਿਸੇ ਨੂੰ ਆਪਣੇ ਬਰਾਬਰ ਬਿਠਾ ਲੈਣ ਦਾ ਮਾਦਾ ਹੀ ਨਹੀਂ। ਦੂਜੇ ਦੇ ਮਾਣ-ਸਨਮਾਨ ਨੂੰ ਕੁਚਲ ਕੇ ਉਸ ਨੂੰ ਕੇਵਲ ਸਾਹ ਲੈਣ ਵਾਲੇ ਜੀਵ ਤੱਕ ਘਟਾਉਣਾ ਇਸ ਰਾਸ਼ਟਰ ਵਿਚ ਬਿਪਰ ਦਾ ਬੁਨਿਆਦੀ ਮਨਸੂਬਾ ਹੈ। ਭਾਰਤੀ ਰਾਸ਼ਟਰ ਨੇ ਉਪ-ਮਹਾਂਦੀਪ ਦੀਆਂ ਵੀ ਖੁਬਸੂਰਤ ਅਤੇ ਨਿਆਂਕਾਰੀ ਪਰੰਪਰਾਵਾਂ ਦੀ ਥਾਂ ਨਿਰੋਲ ਬਿਪਰਵਾਦੀ ਅਤੇ ਦਰਜੇਬੰਦ ਪਰੰਪਰਾਵਾਂ ਨੂੰ ਤਰਜੀਹ ਦਿੱਤੀ। ਭਾਰਤੀ ਸੰਵਿਧਾਨ ਅਤੇ ਭਾਰਤੀ ਹਕੂਮਤ ਦੇ ਪਿਛਲੇ 74 ਸਾਲਾਂ ਦੇ ਅਮਲ ਇਸ ਦੀ ਗਵਾਹੀ ਹਨ। ਬਿਪਰ ਨੇ ਆਪਣੇ ਮਨਸੂਬੇ ਵਾਲਾ ਭਾਰਤ ਉਸਾਰਨ ਲਈ 1947 ਤੋਂ ਹੀ ਸਿੱਖਾਂ ਬਾਰੇ ਦੂਜੇ ਦਰਜੇ ਦਾ ਰਵੱਈਆ ਧਾਰਿਆ ਹੈ ਜੋ ਅੱਗੇ ਜਾ ਕੇ ਜੂਨ 84 ਦੀ ਜੰਗ ਦਾ ਕਾਰਨ ਬਣਿਆ। ਬਿਪਰਵਾਦੀ ਅਤੇ ਜਾਤ-ਵਰਣ ਦੀ ਮਾਨਤਾ ਵਾਲੀ ਭਾਰਤੀ ਤਾਕਤ ਦੀ ਸਾਂਝੀਵਾਲਤਾ, ਬਰਾਬਰੀ ਅਤੇ ਦੋਹੀਂ ਜਹਾਨੀਂ ਇਨਸਾਫ ਦੇ ਮੁਦਈ ਗੁਰੂ ਖਾਲਸਾ ਪੰਥ ਨਾਲ ਜੰਗ ਹੋਣੀ ਨਿਸ਼ਚਤ ਹੀ ਸੀ। ਏਸ ਜੰਗ ਨੂੰ ਡੂੰਘਾ ਸਮਝਣ ਲਈ ‘ਆਸਾ ਕੀ ਵਾਰ’ ਦੇ ਨਜਰੀਏ ਤੋਂ ਵੇਖਿਆ ਜਾ ਸਕਦਾ ਹੈ ਕਿ ਟੱਕਰ ਦੀ ਜੜ੍ਹ ਕਿਥੇ ਹੈ।
ਜੰਗ ਤੋਂ ਪਹਿਲਾਂ, ਜੰਗ ਦੇ ਦੌਰਾਨ ਅਤੇ ਪਿੱਛੋਂ ਦੇ ਕਿੰਨੇ ਹੀ ਪੱਖ, ਪਸਾਰ ਹੁੰਦੇ ਹਨ ਜੋ ਹਿੰਸਾ ਨੂੰ ਠਹਿਰਨ ਨਹੀਂ ਦਿੰਦੇ। ਇਨ੍ਹਾਂ ਵਿਚ ਕਿਸ ਨੇ ਸ਼ੁਰੂਆਤ ਕੀਤੀ, ਹਿੰਸਾ ਨੂੰ ਸਮਝਣ ਵਿਚ ਇਹ ਬਹੁਤ ਅਹਿਮ ਕਾਰਕ ਹੈ। ਜੂਨ, 1984 ਦੀ ਜੰਗ ਦੇ ਕਿੰਨੇ ਹੀ ਮੁਹਾਜ ਹਨ, ਮਸਲਨ, ਜੰਗ ਤੋਂ ਪਹਿਲਾਂ ਹਕੂਮਤ ਦਾ ਸਿੱਖਾਂ ਬਾਰੇ ਰਵੱਈਆ, ਘੱਟਗਿਣਤੀਆਂ ਖਾਸ ਕਰ ਸਿੱਖਾਂ ਵਾਸਤੇ ਸਰਕਾਰੀ ਨੀਤੀਆਂ, ਇਨਸਾਫ-ਬੇਇਨਸਾਫੀ ਦਾ ਅਮਲ, ਸਥਾਪਤ ਕੇਂਦਰੀ ਆਗੂਆਂ ਦੇ ਬਿਆਨ ਅਤੇ ਉਨ੍ਹਾਂ ਦੇ ਪੈੜਚਾਲਾਂ ਦਾ ਰਵੱਈਆ, ਹੱਕਾਂ ਦੀ ਜੱਦੋਜਹਿਦ ਨੂੰ ਖਤਮ ਕਰਨ ਦੀ ਕਵਾਇਦ, ਦੁਸ਼ਮਣ ਖਿਲਾਫ ਨਫਰਤੀ ਅਵਾਮ ਲਾਮਬੰਦੀ, ਗੱਲਬਾਤ ਦੇ ਬੇਸਿੱਟਾ ਪੜਾਅ, ਜੰਗ ਤੋਂ ਪਹਿਲਾਂ ਹਿੰਸਕ ਕਾਰਵਾਈਆਂ ਦੀ ਸ਼ੁਰੂਆਤ, ਚੜ੍ਹ ਕੇ ਕੌਣ ਆਇਆ, ਜੰਗੇ ਮੈਦਾਨ ਵਿਚ ਪਹਿਲ, ਜੰਗੀ ਲੁੱਟ, ਜੰਗ ਤੋਂ ਬਾਅਦ ਦਾ ਪਰਚਾਰ ਅਤੇ ਜੰਗ ਦੇ ਅਸਲ ਦੋਸ਼ੀਆਂ ਨੂੰ ਸਜਾ ਆਦਿ। ਏਸ ਜੰਗ ਦੇ ਸਾਰੇ ਮੁਹਾਜਾਂ ‘ਤੇ ਸ਼ੁਰੂਆਤ ਭਾਰਤੀ ਹਕੂਮਤ ਵਲੋਂ ਕੀਤੀ ਗਈ। ਇਸ ਵਿਚ ਭਾਰਤੀ ਹਕੂਮਤ ਦਾ ਨਿਭਾਅ ਬਿਪਰ ਦੇ ਵਿਚਾਰਧਾਰਕ ਅਤੇ ਇਤਿਹਾਸਕ ਪਿਛੋਕੜ ਵਿਚੋਂ ਉੱਭਰੇ ਲੱਛਣਾਂ ਨਾਲ ਮਿਲਦਾ ਹੈ। ਇਸ ਦੀ ਤਫਸੀਲ ਲਈ ਇਸ ਸਾਰੇ ਘਟਨਾਕ੍ਰਮ ਬਾਰੇ ਤੱਥ ਵੇਖੇ ਜਾ ਸਕਦੇ ਹਨ।
ਇਸ ਜੰਗ ਦੇ ਸੰਤ-ਸਿਪਾਹੀ ਆਗੂ ਨੇ ਪੈਰ-ਪੈਰ ‘ਤੇ ਭਾਰਤੀ ਹਕੂਮਤ ਵਲੋਂ ਘੱਟਗਿਣਤੀਆਂ, ਦਲਿਤਾਂ ਅਤੇ ਹੋਰ ਮਹਿਕੂਮਾਂ ਦੇ ਘਾਣ ਦੇ ਮਨਸੂਬੇ ਅਤੇ ਕਵਾਇਦ ਤੋਂ ਲੋਕਾਂ ਨੂੰ ਜਗਾਉਣ ਦਾ ਜਤਨ ਕੀਤਾ। ਸੰਤਾਂ ਨੇ ਭਾਰਤੀ ਹਕੂਮਤ ਦੇ ਬਿਪਰਵਾਦੀ ਝੂਠ ਨੂੰ ਪੈਰ-ਪੈਰ ‘ਤੇ ਉਜਾਗਰ ਕੀਤਾ। ਸੰਤਾਂ ਨੇ ਭਾਰਤੀ ਹਕੂਮਤ ਨੂੰ ਤਾਕੀਦ ਵੀ ਕੀਤੀ ਕਿ ਇਹ ਰਾਹ ਹਿੰਸਾ ਵੱਲ ਨੂੰ ਜਾਂਦਾ ਹੈ। ਅਗਾਊਂ ਕੀਤੀ ਇਹ ਤਾਕੀਦ ਭਾਰਤੀ ਅਵਾਮ ਨੂੰ ਲਗਭਗ 30 ਸਾਲ ਬਾਅਦ 2014 ਤੋਂ ਮਗਰੋਂ ਸਮਝ ਆਉਣ ਲੱਗੀ ਹੈ ਅਤੇ ਹੁਣ ਬਹੁਤ ਸਿਆਣੇ ਉਹੀ ਕਹਿ ਰਹੇ ਹਨ ਜੋ ਸੰਤ ਜੀ ਨੇ 40 ਸਾਲ ਪਹਿਲਾਂ ਕਿਹਾ ਸੀ। ਉਦੋਂ ਇਹ ਹਿੰਸਾ ਕੇਵਲ ਸਿੱਖਾਂ ਨਾਲ ਵਾਪਰ ਰਹੀ ਸੀ। ਪੰਜਾਬ ਦੇ ਅਰਥਚਾਰੇ, ਕੁਦਰਤੀ ਸਰੋਤਾਂ, ਉਦਯੋਗ, ਬੋਲੀ ਆਦਿ ਬਾਰੇ ਕੇਂਦਰੀ ਨੀਤੀਆਂ ਨਸਲਘਾਤੀ ਸਨ। ਖੇਤੀ ਪੈਦਾਵਰ ਅਤੇ ਉਦਯੋਗ ਵਿਚ ਪੰਜਾਬ ਨਾਲ ਧੱਕੇਸ਼ਾਹੀ ਜੋਰਾਂ ‘ਤੇ ਸੀ। ਪੰਜਾਬ ਦੇ ਦਰਿਆਈ ਪਾਣੀਆਂ ਅਤੇ ਧਰਤੀ ਦੀ ਕੁਦਰਤੀ ਤਾਸੀਰ ਨੂੰ ਲੁੱਟਿਆ ਜਾ ਰਿਹਾ ਸੀ। ਪੰਜਾਬੀ ਬੋਲੀ ਨਾਲ ਧੱਕੇ ਬਾਰੇ ਜਸਵੰਤ ਸਿੰਘ ਕੰਵਲ ਨੇ ਲਿਖਿਆ ‘ਪ੍ਰਧਾਨ ਮੰਤਰੀ ਜੀ, ਅਸੀਂ ਪੰਜਾਬੀ ਅਜਿਹੀ ਕੋਈ ਵੀ ਭਾਸ਼ਾ ਨੀਤੀ ਪ੍ਰਵਾਨ ਨਹੀਂ ਕਰਾਂਗੇ, ਜਿਹੜੀ ਸਾਨੂੰ ਵਾਇਆ ਅੰਗਰੇਜ਼ੀ ਸਮਝਣੀ ਪਵੇ। ਅਸੀਂ ਸਿੱਕੇਬੰਦ ਪੰਜਾਬੀ ਵਿਚ ਹਿੰਦੀ ਸੰਸਕ੍ਰਿਤ ਦੀ ਕਿਰਕ ਬਰਦਾਸ਼ਤ ਨਹੀਂ ਕਰਾਂਗੇ। ਤੁਸੀਂ ਆਪਣੇ, ਚਹੇਤਿਆਂ ਰਾਹੀਂ ਜਬਰਦਸਤੀ ਠੋਸੋਗੇ। ਅਸੀਂ ਓਨੇ ਜੋਰ ਨਾਲ ਹੀ ਵਿਰੋਧ ਕਰਾਂਗੇ। ਕੰਧ ਨਾਲ ਪੱਥਰ ਮਾਰੋਗੇ, ਤੁਹਾਡਾ ਸੁਨੱਖਾ ਮੂੰਹ ਵੀ ਜਖਮੀ ਹੋ ਸਕਦਾ ਹੈ। ਸਾਡੇ ਵਿਰੋਧ ਨੂੰ ਕੁਦਰਤੀ ਸੱਚ ਨਹੀਂ ਮੰਨੋਗੇ ਗੱਲ ਬਗਾਵਤ ਤੇ ਆ ਜਾਵੇਗੀ।’
ਹੋਰ ਕਿੰਨੇ ਹੀ ਸਮਾਜਕ, ਆਰਥਕ, ਸਿਆਸੀ, ਧਾਰਮਕ ਅਤੇ ਮਨੋਵਿਗਿਆਨਕ ਤੱਥ ਹਨ ਜਿਹੜੇ ਇਹ ਸਿੱਧ ਕਰਦੇ ਹਨ ਕਿ ਭਾਰਤੀ ਹਕੂਮਤ ਨੇ 1947 ਤੋਂ ਬਾਅਦ ਹੀ ਸਿੱਖਾਂ ਨੂੰ ਗੁਲਾਮ ਅਤੇ ਅਸੱਭਿਅਕ ਬਣਾਉਣ ਦੀ ਕਵਾਇਦ ਸ਼ੁਰੂ ਕਰ ਰੱਖੀ ਸੀ। ਇਹ ਕਵਾਇਦ ਬਿਲਕੁਲ ਉਵੇਂ ਸੀ ਜਿਵੇਂ ਸ਼ੰਕਰਾਚਾਰੀਆ ਦੇ ਗੁਰੂ ਗੋਬਿੰਦਪਾਦ ਅਤੇ ਗੁਰੂ ਦੇ ਗੁਰੂ ਗੌੜਪਾਦ ਨੇ ਸੈਂਕੜੇ ਚੇਲਿਆਂ ਸਹਿਤ ਦੱਖਣ ਵਿਚ ਬੋਧੀਆਂ ਨੂੰ ਬੁੱਧ ਤੋਂ ਬੇਮੁਖ ਕਰਨ ਲਈ ਚਲਾਈ ਸੀ। ਸਿੱਖਾਂ ਖਿਲਾਫ ਇਸ ਮੁਹਿੰਮ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਅਤੇ ਦੋਸ਼ੀਆਂ ਦੀ ਸਰਕਾਰੀ ਹਿਫਾਜਤ; ਸ੍ਰੀ ਅਨੰਦਪੁਰ ਸਾਹਿਬ ਦੇ ਮਤੇ ‘ਤੇ ਸਿੱਖਾਂ ਆਗੂਆਂ ਦੀ ਭੰਡੀ ਅਤੇ ਜਲਾਲਤ; ਵਿਸਾਖੀ 1978 ਦੇ ਨਿਰੰਕਾਰੀ ਕਾਂਡ ਵਿਚ 13 ਨਿਰਦੋਸ਼ ਸਿੱਖਾਂ ਦਾ ਕਤਲੇਆਮ ਅਤੇ ਕਾਤਲਾਂ ਨੂੰ ਬਚਾਉਣ ਲਈ ਅਦਾਲਤੀ ਬੇਇਨਸਾਫੀ ਦਾ ਘਟਨਾਕ੍ਰਮ ਸ਼ਾਮਲ ਸੀ। ਇਸੇ ਕਵਾਇਦ ਦੌਰਾਨ ਭਾਰਤੀ ਖਬਰ ਏਜੰਸੀਆਂ ਦੀ ਝੂਠੀ ਖਬਰ ਕਰ ਕੇ 1982 ਦੀਆਂ ਏਸ਼ੀਆਈ ਖੇਡਾਂ ਵੇਲੇ ਹਰਿਆਣੇ ਵਿਚ ਆਹਲਾ ਦਰਜੇ ਦੇ ਅਤੇ ਸਰਕਾਰੀ ਢਾਂਚੇ ਵਿਚ ਸ਼ਾਮਲ ਸਿੱਖ ਆਗੂਆਂ ਦੀ ਬੇਪਤੀ ਹੋਈ। ਮੀਡੀਆ, ਅਕਾਦਮਿਕਤਾ, ਧਾਰਮਕ ਫਿਰਕਾਪ੍ਰਸਤੀ ਅਤੇ ਪ੍ਰਧਾਨ ਮੰਤਰੀ ਵਲੋਂ ਦੁਨੀਆ ਦੀ ਸੈਰ ਰਾਹੀਂ ਸਿੱਖਾਂ ਖਿਲਾਫ ਲਾਮਬੰਦੀ ਕਰਨੀ ਅਤੇ ਨਸਲਕੁਸ਼ੀ ਵਰਗੀਆਂ ਹਾਲਤਾਂ ਦੀ ਵਾਜਬੀਅਤ ਲਈ ਆਮ ਸਹਿਮਤੀ ਦਾ ਮਾਹੌਲ ਸਿਰਜਣਾ; ਮਸਲੇ ਨੂੰ ਹੱਲ ਕਰਨ ਦੀ ਗੱਲ ਸ਼ੁਰੂ ਕਰ ਕੇ ਬਾਰ-ਬਾਰ ਸਰਕਾਰ ਵਲੋਂ ਤੋੜਨਾ ਪਰ ਬਦਨਾਮ ਸਿੱਖਾਂ ਨੂੰ ਕਰਨਾ ਆਦਿ ਅਜਿਹੀਆਂ ਹਾਲਤਾਂ ਸਨ ਜੋ ਸਾਰੇ ਮਾਹੌਲ ਨੂੰ ਹਥਿਆਰਬੰਦ ਜੰਗ ਵੱਲ ਧੱਕ ਕੇ ਲਿਜਾ ਰਹੀਆਂ ਸਨ।
ਰਾਜਨੀਤੀ ਸਿਧਾਂਤ ਅਤੇ ਇਤਿਹਾਸ ਨੂੰ ਜਾਣਨ ਵਾਲੇ ਸਮਝਦੇ ਹਨ ਕਿ ਬਸਤੀਵਾਦ ਦੌਰਾਨ ਮੂਲਵਾਸੀਆਂ ਨੂੰ ਅਸੱਭਿਅਕ ਬਣਾਉਣ ਲਈ ਅਜਿਹੇ ਹੀ ਢੰਗ ਤਰੀਕੇ ਵਰਤੇ ਜਾਂਦੇ ਸਨ। ਬਰਾਜੀਲੀ ਵਿਦਵਾਨ ਪਾਅਲੋ ਫਰੇਰੀ ਕਹਿੰਦਾ ‘ਇਤਿਹਾਸ ਵਿਚ ਹਿੰਸਾ ਕਦੇ ਵੀ ਦਮਿਤਾਂ ਵਲੋਂ ਸ਼ੁਰੂ ਨਹੀਂ ਕੀਤੀ ਗਈ। ਉਹ ਇਹ ਕਿਵੇਂ ਸ਼ੁਰੂ ਕਰ ਸਕਦੇ ਹਨ ਜਦਕਿ ਉਹ ਤਾਂ ਖੁਦ ਹਿੰਸਾ ਦਾ ਸ਼ਿਕਾਰ ਹੁੰਦੇ ਹਨ। ਹਿੰਸਾ ਉਹ ਨਹੀਂ ਸ਼ੁਰੂ ਕਰਦਾ ਜਿਹੜਾ ਦਮਿਤ, ਸੋਸ਼ਿਤ ਅਤੇ ਬੇਪਛਾਣ ਕੀਤਾ ਹੋਇਆ ਹੈ ਸਗੋਂ ਉਹ ਸ਼ੁਰੂ ਕਰਦਾ ਜਿਹੜਾ ਦੂਜਿਆਂ ਨੂੰ ਦੱਬਦਾ, ਸੋਸ਼ਤ ਕਰਦਾ ਅਤੇ ਦੂਜਿਆਂ ਨੂੰ ਬੰਦੇ ਸਮਝਣ ਤੋਂ ਖੁੰਝਿਆ ਹੁੰਦਾ।’ ਏਸ ਲਈ ਇਹ ਗੱਲ ਸਮਝਣ ਦੀ ਲੋੜ ਹੈ ਕਿ ਸਿੱਖਾਂ ਨੇ ਹਿੰਸਾ ਕਿਤੇ ਵੀ ਸ਼ੁਰੂ ਨਹੀਂ ਕੀਤੀ ਪਰ ਬਿਪਰ ਵਲੋਂ ਉਨ੍ਹਾਂ ਖਿਲਾਫ ਹਿੰਸਕ ਹੋਣ ਦਾ ਪ੍ਰਚਾਰ ਬਹੁਤ ਕੀਤਾ ਗਿਆ ਹੈ। ਇਹ ਜੂਨ, 1984 ਤੋਂ ਪਹਿਲਾਂ ਅਤੇ ਬਾਅਦ ਵਿਚ ਹੁਣ ਤੱਕ ਜਾਰੀ ਹੈ। ਸਰਕਾਰ ਨੇ ਏਸ ਤਰ੍ਹਾਂ ਦੀ ਹਾਲਤ ਪੈਦਾ ਕਰ ਦਿੱਤੀ ਸੀ ਕਿ ਸਿੱਖਾਂ ਨੂੰ ਜਾਪਣ ਲੱਗ ਗਿਆ ਸੀ ਕਿ ਉਨ੍ਹਾਂ ਦੀ ਜਿੰਦਗੀ ਮੌਤ ਤੋਂ ਸ਼ੁਰੂ ਹੁੰਦੀ ਹੈ। ਉਨ੍ਹਾਂ ਨੂੰ ਲਗਾਤਾਰ ਹਿੰਸਕ ਰਵੱਈਏ ਲਈ ਮਜਬੂਰ ਕੀਤਾ ਜਾ ਰਿਹਾ ਸੀ, ਬਦਨਾਮ ਕੀਤਾ ਜਾ ਰਿਹਾ ਸੀ, ਉਨ੍ਹਾਂ ਦੀ ਹਰ ਪਵਿੱਤਰ ਸ਼ੈ ਦੀ ਬੇਅਦਬੀ ਕੀਤੀ ਜਾ ਰਹੀ ਸੀ। ਬਿਪਰ ਫਿਰਕਾਪ੍ਰਸਤ ਆਗੂ ਬੇਸ਼ੱਕ ਉਹ ਸੰਘ ਨਾਲ ਜਾਂ ਧਰਮ ਨਿਰਪੱਖਤਾ ਦੇ ਦਾਅਵੇ ਨਾਲ ਸਬੰਧਤ ਸਨ ਉਨ੍ਹਾਂ ਨੇ ਸਿੱਖਾਂ ਨੂੰ ਜਲੀਲ ਕਰਨ ਦਾ ਕੋਈ ਮੌਕਾ ਨਾ ਗੁਆਇਆ। ਇਹ ਲੋਕ ‘ਕੱਛ ਕੜਾ ਕਿਰਪਾਨ ਇਨ੍ਹਾਂ ਨੂੰ ਭੇਜੋ ਪਾਕਿਸਤਾਨ’ ਦੇ ਨਾਅਰੇ ਲਗਾ ਰਹੇ ਸਨ। ਪਾਕਿਸਤਾਨ ਜਿਸ ਵਿਚ ਰਹਿਣ ਦੀ 1947 ਈ. ਦੀ ਵੰਡ ਵੇਲੇ ਸਿੱਖਾਂ ਕੋਲ ਚੋਣ/ ਆਪਸ਼ਨ ਹੈ ਸੀ, ਪਰ ਸਿੱਖ ਆਗੂਆਂ ਨੇ ਭਾਰਤ ਵਿਚ ਭਰੋਸਾ ਕਰ ਕੇ ਉਹ ਚੋਣ ਤਿਆਗੀ ਸੀ। ਇਹ ਜਲਾਲਤ ਦਾ ਸਿਖਰ ਸਨ। ਬਸਤੀਵਾਦ ਦੇ ਆਲੋਚਕਾਂ ਦੇ ਨਜਰੀਏ ਥਾਣੀਂ ਵੇਖਿਆਂ ਇਹ ਨਿਰੋਲ ਦਮਨਕਾਰ ਵਾਲਾ ਵਰਤਾਓ ਸੀ ਜੋ ਉਹ ਪਰਾਇਆਂ ਨਾਲ ਕਰਦਾ ਹੈ। ਉਹ ਦਮਿਤ ਮਨੁੱਖ ਦੀ ਨਜਰ ਵਿਚ ਉਸ ਦਾ ਦਰਜਾ ਘਟਾ ਦਿੰਦਾ ਹੈ। ਖੁਦ ਨੂੰ ਨਿਗੂਣਾ ਸਮਝਣਾ/ ਕਦਰ ਘਟਾਉਣਾ (ਸੲਲਡ ਦੲਰਰੲਚੳਿਟੋਿਨ) ਦਮਿਤ ਹੋਣ ਦਾ ਇਕ ਲੱਛਣ ਹੈ। ਸੰਤ ਜਰਨੈਲ ਸਿੰਘ ਨੇ ਅਨੇਕਾਂ ਥਾਈਂ ਇਹ ਕਿਹਾ ਕਿ ਸਰਕਾਰ ਸਾਨੂੰ ਬਰਾਬਰ ਦੇ ਮਨੁੱਖ ਨਹੀਂ ਸਮਝਦੀ। ਉਨ੍ਹਾਂ ਧਰਮਯੁੱਧ ਮੋਰਚੇ ਦੇ ਸ਼ੁਰੂ ਹੋਣ ਵੇਲੇ ਇਸ ਦਾ ਇਕ ਉਦੇਸ਼ ਸਿੱਖਾਂ ਨੂੰ ਇਹ ਅਹਿਸਾਸ ਕਰਾਉਣਾ ਦੱਸਿਆ ਸੀ ਕਿ ਉਹ ਭਾਰਤ ਅੰਦਰ ਬਰਾਬਰ ਦੇ ਨਾਗਰਿਕ ਨਹੀਂ ਹਨ। ਬਿਪਰਵਾਦੀ ਤਾਕਤ ਸਿੱਖਾਂ ਦੇ ਰੂਹਾਨੀ ਅਤੇ ਰਾਜਸੀ ਕੇਂਦਰਾਂ ਨੂੰ ਤੋੜ ਕੇ ਉਨ੍ਹਾਂ ਦੇ ਇਤਿਹਾਸ ਨੂੰ ਝੂਠਾ ਕਰਨਾ ਚਾਹੁੰਦੀ ਸੀ। ਏਸ ਲਈ ਭਾਰਤ ਸਰਕਾਰ ਦੇ 1947 ਤੋਂ ਬਾਅਦ ਦੇ ਲਗਾਤਾਰ ਦਮਨਕਾਰੀ ਰਵੱਈਏ ਨਾਲ ਹਿੰਸਾ ਤਾਂ ਪਹਿਲਾਂ ਹੀ ਸ਼ੁਰੂ ਹੋ ਗਈ ਸੀ। ਬਸ ਸਿੱਖਾਂ ਕੋਲ ਤਾਂ ਦੋ ਹੀ ਰਾਹ ਸਨ, ਇਕ, ਚੁੱਪ ਕਰ ਕੇ ‘ਮਨੁੱਖਾਂ ਤੋਂ ਚੀਜਾਂ’ ਬਣ ਕੇ ਜਿਉਣ ਜਾਂ ਦੂਜਾ, ਮੌਤ ਕਬੂਲ ਕੇ ਹੱਕ-ਸੱਚ ਲਈ ਲੜਨ। ਕੋਈ ਵੀ ਕੌਮ, ਸਭਿਆਚਾਰ, ਕਬੀਲਾ ਜਾਂ ਮਨੁੱਖ ਆਪਣੀ ਪਰੰਪਰਾ ਮੁਤਾਬਕ ਹੀ ਰਾਹ ਚੁਣਦਾ ਹੈ।
ਏਸ ਦਮ ਘੁੱਟਵੀਂ ਹਾਲਤ ਦੇ ਬਾਵਜੂਦ ਵੀ ਸਿੱਖਾਂ ਵਲੋਂ ਹਿੰਸਕ ਰਾਹ ਨਹੀਂ ਅਪਣਾਇਆ ਗਿਆ, ਉਹ ਲਗਾਤਾਰ ਸਬਰ ਨਾਲ ਸ਼ਾਂਤਮਈ ਰਸਤੇ ਹੀ ਅਪਣਾਉਂਦੇ ਰਹੇ। ਚਾਹੇ ਅਨੰਦਪੁਰ ਸਾਹਿਬ ਦੇ ਮਤੇ ਰਾਹੀਂ, ਚਾਹੇ ਧਰਮ ਯੁੱਧ ਮੋਰਚੇ ਰਾਹੀਂ, ਚਾਹੇ ਗੱਲਬਾਤ ਰਾਹੀਂ ਸਰਕਾਰ ਨੂੰ ਇਹ ਦੱਸ ਰਹੇ ਸਨ ਕਿ ਮਨੁੱਖਾਂ ਤੋਂ ਚੀਜਾਂ ਦੀ ਪੱਧਰ ਤੱਕ ਜਿਵੇਂ ਸਰਕਾਰ ਸਿੱਖਾਂ ਨੂੰ ਘਟਾਉਣਾ ਚਾਹੁੰਦੀ ਹੈ, ਉਹ ਸੰਭਵ ਨਹੀਂ। ਗੁਰੂ ਖਾਲਸਾ ਪੰਥ ਦਾ ਵਿਚਾਰ ਅਤੇ ਰਵਾਇਤ ਇਸ ਦੀ ਕਤਈ ਇਜਾਜਤ ਨਹੀਂ ਦੇਵੇਗਾ। ਏਸ ਤੋਂ ਬਾਅਦ ਜਿਹੜੀ ਹਥਿਆਰਬੰਦ ਹਿੰਸਾ ਸ਼ੁਰੂ ਹੋਈ ਉਹ ਵੀ ਸਰਕਾਰ ਪੱਖ ਵਲੋਂ ਹੀ ਹੋਈ। 1978 ਦੀ ਵਿਸਾਖੀ ਨੂੰ ਗੁਰੂ ਸਾਹਿਬ ਪ੍ਰਤੀ ਲਗਾਤਾਰ ਬੇਅਦਬ ਹੋ ਰਹੇ ਸਰਕਾਰੀ ਸਰਪ੍ਰਸਤੀ ਹਾਸਲ ਨਿਰੰਕਾਰੀ ਸੰਘ ਦੇ ਅਮਲ ਨੂੰ ਠੱਲ੍ਹ ਪਾਉਣ ਲਈ ਸ਼ਾਂਤਮਈ ਤਰੀਕੇ ਨਾਲ ਬਿਨ ਹਥਿਆਰੋਂ ਗਏ 13 ਸਿੰਘਾਂ ਦਾ ਕਤਲ ਕਰ ਦਿੱਤਾ ਗਿਆ। ਏਸ ਤੋਂ ਪਹਿਲਾਂ ਅਤੇ ਪਿੱਛੋਂ ਵੀ ਨਿਰੰਕਾਰੀਆਂ ਵਲੋਂ ਸਿੱਖਾਂ ਖਿਲਾਫ ਕਈ ਹਿੰਸਕ ਕਾਰਵਾਈਆਂ ਕੀਤੀਆਂ ਗਈਆਂ ਸਨ। ਫਿਰ 26 ਸਤੰਬਰ, 1978 ਨੂੰ ਕਾਨ੍ਹਪੁਰ ਵਿਚ ਸਿੱਖਾਂ ਦੇ ਇਕ ਸ਼ਾਂਤਮਈ ਅਤੇ ਕਾਨੂੰਨ-ਮਰਿਆਦਾ ਵਿਚ ਚੱਲ ਰਹੇ ਜਲੂਸ ਉੱਪਰ ਪੁਲਸ ਨੇ ਗੋਲੀਆਂ ਵਰ੍ਹਾ ਦਿੱਤੀਆਂ ਜਿਸ ਵਿਚ 13 ਸਿੰਘ ਸ਼ਹੀਦ ਅਤੇ 74 ਜਖਮੀ ਹੋ ਗਏ। ਇਸੇ ਸਾਲ 05 ਨਵੰਬਰ ਨੂੰ ਗੁਰਦੁਆਰਾ ਬੰਗਲਾ ਸਾਹਿਬ, ਦਿੱਲੀ ਤੋਂ ਰੋਸ ਮਾਰਚ ਕੱਢ ਰਹੇ ਸਿੱਖਾਂ ਉੱਪਰ ਚਲਾਈ ਪੁਲਸ ਦੀ ਗੋਲੀ ਨਾਲ 03 ਸਿੰਘ ਸ਼ਹੀਦ ਹੋ ਗਏ ਅਤੇ ਕਈ ਜਖਮੀ ਹੋ ਗਏ। 1982 ਵਿਚ ਹੀ ਪੁਲਸ ਨੇ ਅੰਮ੍ਰਿਤਧਾਰੀ ਸਿੰਘਾਂ ਨੂੰ ਗ੍ਰਿਫਤਾਰ ਕਰ ਕੇ ਤਸ਼ੱਦਦ ਅਤੇ ਉਨ੍ਹਾਂ ਨੂੰ ਝੂਠੇ ਮੁਕਾਬਲੇ ਵਿਚ ਕਤਲ ਕਰਨਾ ਵੀ ਸ਼ੁਰੂ ਕਰ ਦਿੱਤਾ ਸੀ। ਇਸੇ ਸਾਲ ਸੀ.ਆਰ.ਪੀ.ਐਫ. ਨੇ ਪੁਰਅਮਨ ਧਰਨਿਆਂ ਵਿਚ ਸ਼ਾਮਲ ਸਿੱਖਾਂ ਵਿਚੋਂ ਦਰਜਨਾਂ ਨੂੰ ਕਤਲ ਅਤੇ ਕਿੰਨਿਆਂ ਨੂੰ ਹੀ ਜਖਮੀ ਕਰ ਦਿੱਤਾ ਸੀ। ਇਹ ਸਾਰਾ ਕੁਝ ਸਰਕਾਰੀ ਆਦੇਸ਼ਾਂ ਜਾਂ ਸਹਿ ਤਹਿਤ ਅਤੇ ਬਿਪਰ ਸਮਾਜ ਦੇ ਸਿੱਖਾਂ ਖਿਲਾਫ ਫਿਰਕੂ ਰਵੱਈਏ ਦੇ ਇਵਜਾਨੇ ਵਿਚ ਹੋ ਰਿਹਾ ਸੀ। ਮਾਰਚ 1983 ਵਿਚ ਦਮਦਮੀ ਟਕਸਾਲ ਦੇ ਸਿੰਘ ਨੂੰ ਸੰਤਾਂ ਦੇ ਭੁਲੇਖੇ ਪੁਲਸ ਨੇ ਕਤਲ ਕਰ ਦਿੱਤਾ ਸੀ। ਜੂਨ 1984 ਤੋਂ ਪਹਿਲਾਂ ਜਿਥੇ ਵੀ ਹਿੰਸਾ ਸ਼ੁਰੂ ਹੋਈ ਉਸ ਦੀ ਪਹਿਲ ਸਰਕਾਰੀ ਅਮਲੇ ਜਾਂ ਸਰਕਾਰ ਦੇ ਕਾਰਿੰਦਿਆਂ ਵਲੋਂ ਹੀ ਕੀਤੀ ਗਈ।
01 ਜੂਨ, 1984 ਨੂੰ ਜਦੋਂ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਵਿਖੇ ਭਾਰਤੀ ਫੌਜ ਨੇ ਹਮਲਾ ਕਰ ਦਿਤਾ ਸੀ ਤਾਂ ਵੀ ਸਿੱਖਾਂ ਨੇ ਕੋਈ ਹਥਿਆਰਬੰਦ ਪਹਿਲ ਨਹੀਂ ਕੀਤੀ। 02 ਜੂਨ ਨੂੰ ਸ. ਮਹਿੰਗਾ ਸਿੰਘ ਬੱਬਰ ਸਮੇਤ ਹੋਰ ਕਈ ਸਿੰਘ ਸਿੰਘਣੀਆਂ ਦੇ ਸ਼ਹੀਦ ਹੋਣ ਤੱਕ ਸਿੱਖਾਂ ਵਲੋਂ ਕੋਈ ਗੋਲੀ ਨਹੀਂ ਚਲਾਈ ਗਈ ਸੀ। ਬੇਸ਼ੱਕ ਦਰਬਾਰ ਸਾਹਿਬ ਅੰਦਰ ਫੌਜ ਦਾਖਲ ਹੋ ਜਾਣ ਤੋਂ ਬਾਅਦ ਗੋਲੀ ਨਾ ਚਲਾਉਣੀ ਕੋਈ ਖਾਸ ਅਰਥ ਨਹੀਂ ਰੱਖਦੀ ਅਰਥਾਤ ਜੇ ਸਿੱਖ ਫੌਜ ਤੋਂ ਪਹਿਲਾਂ ਵੀ ਗੋਲੀ ਚਲਾ ਲੈਂਦੇ ਤਾਂ ਵੀ ਉਹ ਸਿੱਖ ਸਿਧਾਂਤ ਦੇ ਖਿਲਾਫ ਨਹੀਂ ਸੀ। ਪਰ ਜਦੋਂ ਨਿਰੋਲ ਹਿੰਸਾ ਦੀ ਸ਼ੁਰੂਆਤ ਦੇ ਨੁਕਤੇ ਤੋਂ ਹੀ ਗੱਲ ਕਰ ਰਹੇ ਹਾਂ ਤਾਂ ਇਹ ਵੀ ਮਹੱਤਵਪੂਰਨ ਹੈ ਉਨ੍ਹਾਂ ਨੇ ਆਪਣੇ ਮੋਰਚਿਆਂ ਤੋਂ ਫੌਜ ਨੂੰ ਉਦੋਂ ਹੀ ਨਿਸ਼ਾਨਾ ਬਣਾਇਆ ਜਦੋਂ ਫੌਜ ਦਰਬਾਰ ਸਾਹਿਬ ਅਤੇ ਅਕਾਲ ਤਖਤ ਸਾਹਿਬ ਵੱਲ ਨੂੰ ਅੱਗੇ ਵਧ ਰਹੀ ਸੀ। 01 ਜੂਨ ਤੋਂ 06 ਜੂਨ ਤੱਕ ਦਾ ਸਾਰਾ ਬਿਰਤਾਂਤ ਹਾਜਰ ਹੈ, ਓਥੇ ਪੈਰ ਪੈਰ ‘ਤੇ ਫੌਜ ਜੁਲਮ ਕਰ ਰਹੀ ਹੈ। ਨਿਹੱਥੇ ਸ਼ਰਧਾਲੂਆਂ ਨੂੰ ਮਾਰ ਰਹੀ ਹੈ। ਇਸ ਸੰਖੇਪ ਵਰਣਨ ਦਾ ਇਕੋ ਮਨੋਰਥ ਹੈ ਕਿ ਹਰ ਮੁਹਾਜ ‘ਤੇ ਹਿੰਸਾ ਦੇ ਕਾਰਨ ਅਤੇ ਕਰਮ ਵਜੋਂ ਸਰਕਾਰੀ ਧਿਰ ਨੇ ਹੀ ਪਹਿਲ ਕੀਤੀ ਹੈ। ਮਸਲਾ ਸਰਕਾਰ ਨੇ ਕਿਸੇ ਕੰਡੇ-ਵੱਟੇ ਲੱਗਣ ਨਹੀਂ ਦਿੱਤਾ, ਹਰ ਵਾਰੀ ਸਰਕਾਰ ਵਾਅਦਿਆਂ ਤੋਂ ਮੁੱਕਰੀ। ਸਿੱਖਾਂ ਕੋਲ ਭਰੋਸਾ ਕਰਨ ਦੀ ਗੁੰਜਾਇਸ਼ ਵੀ ਨਹੀਂ ਰਹੀ ਸੀ। ਭਰੋਸਾ ਕਰਨ ਦਾ ਮਤਲਬ ਗੁੰਮਰਾਹ ਹੋਣਾ ਰਹਿ ਗਿਆ ਸੀ।
3.
ਸਿੱਖਾਂ ਵਲੋਂ ਜਿਸ ਪੱਧਰ ‘ਤੇ ਵੀ ਕੋਈ ਕਤਲ ਜਾਂ ਹਥਿਆਰਬੰਦ ਗਤੀਵਿਧੀ ਕੀਤੀ ਗਈ ਉਹ ਸਰਕਾਰੀ ਹਿੰਸਾ ਦੇ ਜਵਾਬ ਵਜੋਂ ਹੀ ਸੀ ਕਿਉਂਕਿ ਉਨ੍ਹਾਂ ਕੋਲ ਜਵਾਬੀ ਹਿੰਸਾ ਤੋਂ ਸਿਵਾਇ ਹੋਰ ਕੋਈ ਰਾਹ ਹੀ ਨਹੀਂ ਸੀ। ਉਨ੍ਹਾਂ ਨੇ ਲਗਭਗ ਹਰ ਮੁਹਾਜ ‘ਤੇ ਹਿੰਸਾ ਦਾ ਪ੍ਰਤੀਕਰਮ ਦਿੱਤਾ, ਸ਼ੁਰੂ ਨਹੀਂ ਕੀਤੀ। ਅਪ੍ਰੈਲ 1980 ਵਿਚ ਬਾਬਾ ਗੁਰਬਚਨ ਸਿੰਘ ਨਿਰੰਕਾਰੀ ਦਾ ਕਤਲ ਪਹਿਲਾ ਕਤਲ ਸੀ ਜੋ 1978 ਦੀ ਵਿਸਾਖੀ ਨੂੰ 13 ਸਿੰਘਾਂ ਦੇ ਕਤਲ ਦਾ ਗੁਨਾਹਗਾਰ ਸੀ। ਭਾਰਤੀ ਅਦਾਲਤ ਨੇ ਉਸ ਨੂੰ ਸਜਾ ਤਾਂ ਕੀ ਦੇਣੀ ਸੀ ਬਲਕਿ ਬਸਤੀਕਾਰ ਦੁਆਰਾ ਆਪਣੇ ਪਿੱਠੂਆਂ ਨੂੰ ਬਚਾਉਣ ਦੀ ਤਰਜ ‘ਤੇ ਉਸ ਨੂੰ ਝੂਠੇ ਤੱਥਾਂ ਨਾਲ ਅਤੇ ਮਨਮਰਜੀ ਦੀਆਂ ਅਦਾਲਤਾਂ ਵਿਚ ਮਨਮਰਜੀ ਦੇ ਜੱਜਾਂ ਰਾਹੀਂ ਬਚਾਇਆ ਜਾ ਰਿਹਾ ਸੀ। ਕੁਦਰਤੀ ਨਿਆਂ ਅਨੁਸਾਰ ਤਾਂ ਇਹ ਨਿਰੋਲ ਧੱਕਾ ਹੈ ਹੀ ਸੀ ਬਲਕਿ ਭਾਰਤੀ ਸੰਵਿਧਾਨ ਜਿਹੜਾ ਪਹਿਲਾਂ ਹੀ ਬਿਪਰ ਪੱਖੀ ਹੈ, ਉਸ ਮੁਤਾਬਕ ਵੀ ਇਹ ਅਸੰਵਿਧਾਨਕ ਵੀ ਕਵਾਇਦ ਸੀ। ਸਿੱਖਾਂ ਨੇ ਦੋ ਸਾਲਾਂ ਬਾਅਦ ਆਪਣੀ ਪਰੰਪਰਾ ਅਨੁਸਾਰ ਉਸ ਨੂੰ ਸੋਧਾ ਲਾਇਆ ਜਿਸ ਦੀ ਆਮ ਸਿੱਖ ਸੰਗਤ ਵਲੋਂ ਭਰਪੂਰ ਤਈਦ ਕੀਤੀ ਗਈ। ਦੂਜਾ ਵੱਡਾ ਕਤਲ ਸਤੰਬਰ, 1981 ਵਿਚ ਜਲੰਧਰੋਂ ਛਪਦੇ ਜੱਗਬਾਣੀ ਅਖਬਾਰ ਦੇ ਲਾਲਾ ਜਗਤ ਨਰਾਇਣ ਦਾ ਹੈ। ਇਹ ਹਰ ਤਰੀਕੇ ਨਾਲ ਸਰਕਾਰ ਦਾ ਭਾਈਵਾਲ ਅਤੇ ਸਿੱਖਾਂ ਦਾ ਪੁੱਜ ਕੇ ਵਿਰੋਧੀ ਸੀ। ਇਸ ਨੇ ਸਿੱਖਾਂ ਖਿਲਾਫ ਹਰ ਤਰੀਕੇ ਜਹਿਰ ਬੀਜੀ ਅਤੇ ਹਿੰਦੂ ਸੰਘ ਨੂੰ ਸਿੱਖਾਂ ਖਿਲਾਫ ਲਾਮਬੰਦ ਕੀਤਾ। ਇਸ ਦਾ ਅਖਬਾਰ ਸਿੱਖਾਂ ਵਿਰੁੱਧ ਜੁਬਾਨੀ ਹਿੰਸਾ ਦਾ ਸਿਖਰ ਸੀ। ਸਿੱਖਾਂ ਲਈ ਵਹਿਸ਼ੀ, ਹਤਿਆਰੇ, ਅੱਤਵਾਦੀ, ਦੇਸ਼ ਦੇ ਦੁਸ਼ਮਣ, ਆਟੇ ‘ਚ ਲੂਣ ਆਦਿ ਨਫਰਤੀ ਅਤੇ ਨਿਗੂਣਾ ਬਣਾਉਣ ਵਾਲੇ ਮੈਟਾਫਰ ਸਿਰਜਣ ਜਾਂ ਪਰਚਾਰਨ ਵਿਚ ਇਸ ਦੀ ਮੋਹਰੀ ਭੂਮਿਕਾ ਸੀ। ਇਸ ਦੀ ਨਿਰੰਕਾਰੀ ਕਾਂਡ ਵਿਚ ਵੀ ਸਿੱਖਾਂ ਵਿਰੁੱਧ ਅਦਾਲਤੀ ਗਵਾਹੀ ਸੀ। ਸਿੱਖ ਰਵਾਇਤ ਅਤੇ ਸੰਗਤ ਅਨੁਸਾਰ ਇਹ ਕਿਸੇ ਨਿਰਦੋਸ਼ ਦਾ ਕਤਲ ਨਹੀਂ ਬਲਕਿ ਇਕ ਦੋਸ਼ੀ ਨੂੰ ਸਜਾ ਸੀ। ਇਸ ਤੋਂ ਬਿਨ੍ਹਾ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਇਕ ਵੱਡੇ ਪੁਲਸ ਅਫਸਰ ਅਵਤਾਰ ਸਿੰਘ ਅਟਵਾਲ ਦਾ ਕਤਲ ਰਹੱਸ ਹੀ ਹੈ। ਸੰਤ ਜਰਨੈਲ ਸਿੰਘ ਅਤੇ ਸੰਤ ਲੌਂਗੋਵਾਲ ਨੇ ਇਸ ਕਤਲ ਦੀ ਨਿੰਦਾ ਵੀ ਕੀਤੀ ਸੀ। ਕਿਸੇ ਕਾਮਰੇਡ ਦੇ ਕਤਲ, ਬੱਸ ਵਿਚੋਂ ਲਾਹ ਕੇ ਹਿੰਦੂਆਂ ਦੇ ਕਤਲ ਦੇ ਭੇਦ ਅਜੇ ਠੀਕ ਖੁੱਲ੍ਹੇ ਨਹੀਂ ਕਿਸ ਨੇ ਕੀਤੇ/ ਕਰਵਾਏ। ਪਰ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਇਨ੍ਹਾਂ ਦੋਵਾਂ ਤਰ੍ਹਾਂ ਦੀਆਂ ਘਟਨਾਵਾਂ ਬਾਰੇ ਸਪਸ਼ਟ ਕਿਹਾ ਕਿ ਉਨ੍ਹਾਂ ਨਹੀਂ ਕੀਤੀਆਂ। ਪਰ ਜੇ ਇਹ ਸਿੱਖਾਂ ਵਲੋਂ ਵੀ ਕੀਤੇ ਗਏ ਹੋਣ ਤਾਂ ਵੀ ਉਹ ਕੋਈ ਹਿੰਸਕ ਪਹਿਲ ਨਹੀਂ ਸਗੋਂ ਇਕ ਪ੍ਰਤੀਕਰਮ ਹੀ ਸੀ। ਉਂਞ ਕਿਸੇ ਨਿਰਦੋਸ਼ ਦਾ ਕਤਲ ਨਾਜਾਇਜ ਹੁੰਦਾ ਹੈ ਪਰ ਇਹ ਜੰਗ ਸੀ ਜਿਸ ਵਿਚ ਸਰਕਾਰ ਨੇ ਅਨੇਕਾਂ ਨਿਰਦੋਸ਼ ਸੰਗਤਾਂ ਨੂੰ ਨਿਸ਼ਾਨਾ ਬਣਾ ਲਿਆ ਸੀ। ਥਾਂ-ਥਾਂ ‘ਤੇ ਅੱਗਾਂ ਲਾਉਣੀਆਂ, ਸਿੱਖ ਰੈਫਰੈਂਸ ਲਾਇਬਰੇਰੀ ਦੀ ਲੁੱਟ ਅਤੇ ਸਾੜਫੂਕ ਫੌਜ ਉਵੇਂ ਹੀ ਕਰ ਰਹੀ ਸੀ ਜਿਵੇਂ ਬਿਪਰ ਦੀ ਪਰੰਪਰਾ ਵਿਚ ਦੂਜੇ ਦੀ ਨਸਲਕੁਸ਼ੀ ਦੀ ਮਾਨਤਾ ਹੈ। ਇਸ ਲਈ ਜੂਨ, 1984 ਵਿਚ ਸ੍ਰੀ ਦਰਬਾਰ ਸਾਹਿਬ ‘ਤੇ ਹਮਲੇ ਤੋਂ ਮਗਰੋਂ ਤਾਂ ਸਿੱਖਾਂ ਦੇ ਹਥਿਆਰਬੰਦ ਕਰਮ ਨੂੰ ਹਿੰਸਾ ਕਹਿਣਾ ਜਾਇਜ ਨਹੀਂ ਹੈ।
ਸਿੱਖ ਸਿਧਾਂਤ ਅਤੇ ਪਰੰਪਰਾ ਮੁਤਾਬਕ ਜਦੋਂ ਸਭ ਵਸੀਲੇ ਟੱਪ ਜਾਣ ਤਾਂ ਉਦੋਂ ਹਥਿਆਰ ਚੁੱਕਣਾ ਜਾਇਜ ਹੈ। ਸਰਕਾਰ ਨੇ ਮਸਲਾ ਨਜਿੱਠਣ ਦੇ ਸਭ ਵਸੀਲੇ ਨਕਾਰਾ ਕਰ ਦਿੱਤੇ ਸਨ। ਸਰਕਾਰ ਅਤੇ ਉਸ ਦੀ ਪੁਲਸ, ਸੀ.ਆਰ.ਪੀ.ਐਫ., ਉਸ ਦੇ ਸਮਾਜਕ ਕਾਰਿੰਦੇ, ਕਾਂਗਰਸੀ ਅਤੇ ਸੰਘੀ ਆਗੂ ਹਰ ਤਰੀਕੇ ਨਾਲ ਸਿੱਖਾਂ ਹਿੰਸਾ ਕਰ ਰਹੇ ਸਨ। ਜੂਨ, 1984 ਦੀ ਜੰਗ ਵਿਚ ਹਰ ਮੁਹਾਜ ‘ਤੇ ਸਿੱਖਾਂ ਦਾ ਹਿੰਸਕ ਕਰਮ ‘ਜੈਕਾਰੁ ਕੀਓ ਧਰਮੀਆ ਕਾ ਪਾਪੀ ਕਉ ਡੰਡੁ ਦੀਓਇ’ ਵਿਚੋਂ ਜਨਮ ਲੈਂਦਾ ਹੈ। ਸਿੱਖ ਪਰੰਪਰਾ ਜਰਵਾਣੇ ਦੀ ਭੱਖਿਆ, ਗਰੀਬ ਦੀ ਰੱਖਿਆ ਦੀ ਹੈ। ਇਸ ਜੰਗ ਵਿਚ ਸਿੱਖਾਂ ਵਲੋਂ ਦੀਨ ਦੀ ਰਾਖੀ ਅਤੇ ਜਰਵਾਣੇ ਦੀ ਭੱਖਿਆ ਲਈ ਹਥਿਆਰ ਵਰਤਿਆ ਗਿਆ। ਗੁਰਬਾਣੀ ਵਿਚ ‘ਦੀਨ ਕੇ ਹੇਤ’ ਲੜਨ ਵਾਲੇ ਦੀ ਪਛਾਣ ‘ਸੂਰਾ’ ਹੈ। ਸੂਰਾ ਹੱਕ-ਸੱਚ, ਇਨਸਾਫ ਬਹਾਲ ਕਰਨ ਲਈ ‘ਭਗਉਤੀ’ ਨੂੰ ਸਿਮਰਦਾ ਹੈ। ਉਹ ਰਾਜਸਿਕ, ਤਾਮਸਿਕ ਦੁਨਿਆਵੀ ਲਾਲਸਾਵਾਂ ਲਈ ਹਥਿਆਰ ਨਹੀਂ ਵਰਤਦਾ। ਗੁਰੂ ਖਾਲਸਾ ਪੰਥ ਜਦੋਂ ਹਿੰਸਕ ਕਰਮ ਕਰਦਾ ਹੈ ਤਾਂ ਉਹ ਦਇਆ ਵਿਚੋਂ ਜੰਮਦਾ ਹੈ। ਪ੍ਰੋ. ਪੂਰਨ ਸਿੰਘ ਮੁਤਾਬਕ ਦਬੇ, ਲਿਤਾੜੇ ਲੋਕਾਂ ਉੱਪਰ ਜਬਰ ਕਰਨ ਵਾਲੇ ਨੂੰ ਦੁੱਖ ਪੁਚਾਉਣਾ ਦਇਆ ਹੈ, ਸ਼ਾਂਤੀ ਹੈ। ਉਸ ਅਨੁਸਾਰ ਕਵੀ ਚਿਤ ਜਦ ਤਲਵਾਰ ਚੁੱਕਦਾ ਹੈ ਤਾਂ ਕਰਮ ਖੇਤਰ ਵਿਚੋਂ ਰੱਬ ਚੁਣ ਰਿਹਾ ਹੁੰਦਾ ਹੈ। ਉਪਰ ਅਸੀ ਵੇਖਿਆ ਹੈ ਕਿ ਬਸਤੀਕਾਰ ਤਾਕਤ ਮਹਿਕੂਮਾਂ ਦੀ ਜਿੰਦਗੀ ਨੂੰ ਮੌਤ ਬਣਾ ਦਿੰਦੀ ਹੈ ਅਤੇ ਭਾਰਤੀ ਹਕੂਮਤ ਨੇ ਵੀ ਸਿੱਖਾਂ ਦੀ ਜਿੰਦਗੀ ਨੂੰ ਇਸ ਪੱਧਰ ਤੱਕ ਘਟਾਉਣ ਲਈ ਵਾਹ ਲਾਈ। ਪਰ ਖਾਲਸਾ ਪੰਥ ਕੋਲ ‘ਪਹਿਲਾ ਮਰਣੁ ਕਬੂਲਿ ਜੀਣ ਕੀ ਛਡਿ ਆਸ’ ਦਾ ਰੂਹਾਨੀ-ਸਿਧਾਂਤਕ ਆਧਾਰ ਹੋਣ ਕਰ ਕੇ ਏਸ ਅਤਿ ਦੀ ਘੁੱਟਵੀਂ ਹਾਲਤ ਅੰਦਰ ਉਹ ਸੰਤ ਜਰਨੈਲ ਸਿੰਘ ਦੀ ਅਗਵਾਈ ਵਿਚ ਮੁਨਸਫ, ਹੱਕ-ਸੱਚ ਅਤੇ ਦੀਨ ਦੇ ਰਾਖੇ ਵਜੋਂ ਪਰਗਟ ਹੋਇਆ। ਜੂਨ, 1984 ਵਿਚ ਭਾਰਤੀ ਹਕੂਮਤ ਖਿਲਾਫ ਖਾਲਸਾ ਪੰਥ ਦੀ ਜੰਗੀ ਹਥਿਆਰਬੰਦੀ ਉਵੇਂ ਹੀ ਸੀ ਜਿਵੇਂ ਜਾਬਰ ਮੁਗਲ ਹਾਕਮਾਂ ਦੇ ਜੁਲਮੋ-ਸਿਤਮ ਖਿਲਾਫ ਸੀ, ਜਿਵੇਂ ਪੱਛਮ ਤੋਂ ਆਏ ਬਸਤੀਕਾਰ ਦੇ ਦਮਨ ਖਿਲਾਫ ਸੀ। ਬਹੁਤੇ ਇਤਿਹਾਸਕਾਰ ਅਤੇ ਵਿਆਖਿਆਕਾਰ ਮੁਗਲਾਂ ਅਤੇ ਬਸਤੀਕਾਰ ਅੰਗਰੇਜ ਖਿਲਾਫ ਸਿੱਖਾਂ ਦੀ ਹਥਿਆਰਬੰਦ ਭੂਮਿਕਾ ਨੂੰ ਰਖਵਾਲੇ ਵਜੋਂ ਪਰਿਭਾਸ਼ਤ ਕਰਦੇ ਹਨ ਪਰ ਜੂਨ, 1984 ਦੀ ਜੰਗ ਵਿਚ ਨਹੀਂ। ਇਹ ਇਤਿਹਾਸਕਾਰਾਂ ਅਤੇ ਵਿਆਖਿਆਕਾਰਾਂ ਦੇ ਨਜਰੀਏ, ਸਮੇਂ ਅਤੇ ਸਰੋਕਾਰਾਂ ਦਾ ਫਰਕ ਹੈ ਪਰ ਗੁਰੂ ਖਾਲਸਾ ਪੰਥ ਦੀ ਭੂਮਿਕਾ ਤਿੰਨਾਂ ਹਾਕਮਾਂ ਦੇ ਜਬਰ ਖਿਲਾਫ ਇਕੋ ਹੀ ਹੈ। ਖਾਲਸਾ ਪੰਥ ਨੇ ਉਦੋਂ ਵੀ ਸਭ ‘ਹੀਲਿਆਂ ਦੇ ਗੁਜਰ ਜਾਣ’ ਤੋਂ ਬਾਅਦ ਹਥਿਆਰ ਵਰਤਿਆ ਸੀ ਅਤੇ ਜੂਨ, 1984 ਵੇਲੇ ਵੀ। ਜਬਰ ਦੇ ਆਖਿਰਾਤ ‘ਤੇ ‘ਖਾਲਸਾ ਪੰਥ ਦੀ ਹਥਿਆਰ ਵਰਤਣ ਦੀ ਮਾਨਤਾ ਆਧੁਨਿਕ ਯੁਗ ਵਿਚ ਬਸਤੀਵਾਦ ਦੇ ਆਲੋਚਕਾਂ ਦੀ ਧਾਰਨਾਵਾਂ ਨਾਲ ਵਧੇਰੇ ਤਕੜੇ ਰੂਪ ਵਿਚ ਸਥਾਪਤ ਹੋਈ ਹੈ ਜਦ ਉਹ ਕਹਿੰਦੇ ਹਨ ਕਿ ‘ਹਿੰਸਾ ਦਾ ਰਾਹ ਖਤਰਨਾਕ ਜਰੂਰ ਹੈ ਪਰ ਦਮਿਤ ਕਮਜੋਰ ਕੋਲ ਹਿੰਸਾ ਤੋਂ ਬਿਨ੍ਹਾਂ ਕੋਈ ਹੋਰ ਰਾਹ ਹੀ ਨਹੀਂ ਹੁੰਦਾ।’
4
ਸੋ ਜੂਨ 84 ਦੀ ਜੰਗ ਵਿਚ ਕਿਸੇ ਵੀ ਪ੍ਰਕਾਰ ਦੀ ਹਿੰਸਾ ਦਾ ਮੂਲ ਕਾਰਣ ਅਤੇ ਕਾਰਕ ਭਾਰਤੀ ਹਕੂਮਤ ਹੈ ਜੋ ਬਿਪਰਵਾਦੀ ਅਤੇ ਬਸਤੀਵਾਦੀ ਵਿਚਾਰਧਾਰਾ ਦੀਆਂ ਲੀਹਾਂ ‘ਤੇ ਚਲਦੀ ਹੈ। ਇਸ ਸਾਰੇ ਘਟਨਾਕ੍ਰਮ ਵਿਚ ਭਾਰਤੀ ਹਕੂਮਤ ਦਾ ਬਿਪਰ ਰੂਪ ਕੁਦਰਤੀ ਹੱਕਾਂ ਅਤੇ ਇਨਸਾਫ ਤੋਂ ਕੋਹਾਂ ਦੂਰ ਦਿਖਦਾ ਹੈ ਬਲਕਿ ਇਹ ਆਪਣੇ ਕੁਦਰਤ ਵਿਰੋਧੀ (anti-ecological) ਅਸਲ ਰੂਪ ਵਿਚ ਪਰਗਟ ਹੁੰਦਾ ਹੈ। ਭਾਰਤੀ ਹਕੂਮਤ ਵਲੋਂ ਸਿਖਾਂ ਖਿਲਾਫ ਕੀਤੀ ਹਿੰਸਾ ਕਿਸੇ ਦੂਜੇ ਦੇ ਹੱਕਾਂ ਨੂੰ ਲੁੱਟਣ ਅਤੇ ਉਸ ਦੀਆਂ ਪਰੰਪਰਾਵਾਂ ਨੂੰ ਆਪਣੇ ਮਨਸੂਬਿਆਂ ਲਈ ਸਿਧਾਉਣ ਦੇ ਸੁਆਰਥ ਨਾਲ ਕੀਤੀ ਗਈ ਸੀ। ਅਕਾਰ ਅਤੇ ਦੁਨਿਆਵੀ ਤਾਕਤ ਵਜੋਂ ਇਹ ਦੈਂਤ ਅਤੇ ਕੀੜੀ ਦਾ ਅਣਮੇਚਵਾਂ ਮੁਕਾਬਲਾ ਸੀ ਪਰ ਸਿੱਟਿਆਂ ਵਜੋਂ ਇਹ ਦੈਂਤ ਦੀ ਮੌਤ ਦਾ ਬੀਜ ਸੀ। ਖਾਲਸਾ ਪੰਥ ਵਲੋਂ ਹਰ ਮੁਹਾਜ ‘ਤੇ ਸਰਕਾਰੀ ਹਿੰਸਾ ਦਾ ਜਵਾਬ ਸਭ ਵਸੀਲਿਆਂ ਦੇ ਗੁਜਰ ਜਾਣ ਤੋਂ ਬਾਅਦ ਸਬਰ ਅਤੇ ਦੂਰ ਅੰਦੇਸ਼ੀ ਨਾਲ ਦਿੱਤਾ ਗਿਆ। ਖਾਲਸਾ ਪੰਥ ਦਾ ਜਵਾਬ ਸ਼ਹਾਦਤ ਦੇ ਰੂਪ ਵਿਚ ਅਤੇ ਖਾਲਸੇ ਦੀ ਸ਼ਹੀਦੀ ਪਰੰਪਰਾ ਅਨੁਸਾਰੀ ਸੀ। ਇਸ ਸ਼ਹਾਦਤ ਨੇ ਵਰਤਮਾਨ ਯੁਗ ਵਿਚ ਸਿੱਖਾਂ ਲਈ ਗੁਲਾਮੀ-ਅਜਾਦੀ ਦੇ ਮਾਅਨੇ ਬਦਲ ਦਿੱਤੇ।
ਜੂਨ 84 ਦੀ ਜੰਗ ਵਿਚ ਸਿੱਖਾਂ ਉੱਪਰ ਲੱਗੇ ਹਿੰਸਾ ਦੇ ਦੋਸ਼ ਬੇਬੁਨਿਆਦ ਸਿੱਧ ਹੁੰਦੇ ਹਨ। ਇਹ ਦੋਸ਼ ਤੱਥਕ ਖੋਜ ਦਾ ਨਤੀਜਾ ਨਹੀਂ ਬਲਕਿ ਬਿਪਰ ਦੇ ਸਰਕਾਰੀ ਪਰਚਾਰ ਦੀ ਦੇਣ ਹਨ ਜੋ ਉਸ ਦੀ ਖੁਦ ਨੂੰ ਮੁਨੀਵਰ ਅਤੇ ਦੂਜਿਆਂ ਨੂੰ ਕਸਾਈ ਕਹਿਣ ਦੀ ਪਰੰਪਰਾ ਵਿਚੋਂ ਨਿਕਲਿਆ ਝੂਠ ਹੈ। ਇਸ ਝੂਠ ਨੇ ਸਿੱਖਾਂ ਦੀਆਂ ਭਾਰਤੀ ਵਿਦਿਅਕ ਢਾਂਚੇ ਵਿਚ ਪੜ੍ਹੀਆਂ ਤੇ ਵਿਦੇਸਾਂ ਜੰਮੀਆਂ ਪਲੀਆਂ ਨਵੀਆਂ ਪੀੜ੍ਹੀਆਂ ‘ਤੇ ਵੀ ਕੁਝ ਅਸਰ ਪਾਇਆ ਹੈ ਜਿਨ੍ਹਾਂ ਖਾਲਸਾ ਪੰਥ ਵਲੋਂ ਕੀਤੇ ਜਵਾਬੀ ਵਾਰ ਨੂੰ ਹਿੰਸਾ ਮੰਨ ਲਿਆ ਹੈ। ਪਰ ਇਸ ਮੁਕੰਮਲ ਪ੍ਰਸੰਗ ਨੂੰ ਸਮਝਣ ਲਈ ਬਿਪਰਵਾਦੀ-ਬਸਤੀਵਾਦੀ ਭਾਰਤੀ ਹਕੂਮਤ ਦਾ ਕਿਰਦਾਰ ਉਸ ਦੇ ਪਿਛੋਕੜ ਅਤੇ ਵਰਤਮਾਨ ਵਿਚ ਸਮਝਣਾ ਬਹੁਤ ਜਰੂਰੀ ਹੈ। ਬਿਪਰ ਵਲੋਂ ਆਪਣੀਆਂ ਔਰਤਾਂ ਅਤੇ ਆਪਣੇ ਹੀ ਸਮਾਜ ਵਿਚ ਸ਼ਾਮਲ ਕੀਤੇ ਨੀਵੇ ਵਰਣਾਂ ਖਿਲਾਫ ਹਿੰਸਾ ਕਰ ਕੇ ਉਸ ਨੂੰ ਧਰਮ ਕਹਿਣ ਦਾ ਜਿਹੜਾ ਕਿਰਦਾਰ ਹੈ, ਉਸ ਨੂੰ ਜਾਣੇ ਬਿਨ੍ਹਾ ਇਹ ਵਰਤਾਰਾ ਸਮਝ ਨਹੀਂ ਆ ਸਕਦਾ। ਬਿਪਰ ਕਿੰਨਾ ਜਾਲਮ, ਝੂਠਾ ਅਤੇ ਫਰੇਬੀ ਹੈ, ਦਾ ਅੰਦਾਜਾ ਉੱਤਰੀ ਅਮਰੀਕਾ ਤੇ ਯੂਰਪ ਦੀਆਂ ਹੁਣ ਦੀਆਂ ਸਰਕਾਰਾਂ ਅਤੇ ਭਾਰਤੀ ਹਕੂਮਤ ਵਿਚ ਬੰਦੇ ਦੀ ਕਦਰ ਦੇ ਸੈਂਕੜੇ ਗੁਣਾ ਫਾਸਲੇ ਤੋਂ ਲਗਾਇਆ ਜਾ ਸਕਦਾ ਹੈ। ਕਹਿਣ ਨੂੰ ਅੱਜ ਭਾਰਤ ਵੀ ਲੋਕਤੰਤਰ ਹੈ, ਅਹਿੰਸਾ ਦੀ ਪਰੰਪਰਾ ਦਾ ਵਾਰਸ ਹੈ ਪਰ ਇਹ ਧਾਰਨਾਵਾਂ ਅਸਲੀਅਤ ਤੋਂ ਕੋਹਾਂ ਦੂਰ ਹਨ। ਭਾਰਤ ਅਜਾਦ ਹੋ ਕੇ ਪਿਛਾਂਹ ਵਲ ਨੂੰ, ਮਨੂੰਵਾਦ ਵਲ ਨੂੰ ਪਰਤਿਆ ਹੈ। ਜੂਨ 84 ਦੀ ਜੰਗ ਬਾਰੇ ਗੱਲ ਅੱਗੇ ਤੋਰਨ ਲਈ ਬਿਪਰ ਦਾ ਇਤਿਹਾਸਕ-ਵਿਚਾਰਧਾਰਕ ਕਿਰਦਾਰ ਉਜਾਗਰ ਕਰਨਾ ਲਾਜਮੀ ਹੈ।
ਸਿਕੰਦਰ ਸਿੰਘ
ਸਹਾਇਕ ਪ੍ਰੋਫੈਸਰ ਅਤੇ ਇੰਚਾਰਜ, ਪੰਜਾਬੀ ਵਿਭਾਗ
ਸ੍ਰੀ ਗੁਰੂ ਗ੍ਰੰਥ ਸਾਹਬ ਵਰਲਡ ਯੂਨੀਵਰਸਿਟੀ, ਫਤਿਹਗੜ੍ਹ ਸਾਹਿਬ