ਪੰਜਾਬ ਸਰਕਾਰ ਦੀ ਸਿੱਖਿਆ ਮੰਤਰੀ ਅਰੁਣਾ ਚੌਧਰੀ ਨੇ ਪਿਛਲੇ ਦਿਨੀਂ ਬਿਆਨ ਦਿੱਤਾ ਸੀ ਕਿ ਪੰਜਾਬ ਦੇ ਚਾਰ ਸੌ ਹੋਰ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦਾ ਮਾਧਿਅਮ ਅੰਗਰੇਜ਼ੀ ਕੀਤਾ ਜਾਵੇਗਾ। ਇਸ ਤੋਂ ਕੁਝ ਦਿਨ ਬਾਅਦ ਹੀ ਭਾਰਤ ਸਰਕਾਰ ਦੇ ਸਿੱਖਿਆ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਪੰਜਾਬ ਦੀ ਹੀ ਰਾਜਧਾਨੀ ਚੰਡੀਗੜ੍ਹ ਵਿੱਚ ਬਿਆਨ ਦਿੱਤਾ ਸੀ ਕਿ ਅੰਗਰੇਜ਼ੀ ਕਿਸੇ ਰਾਜ ਦੀ ਸਰਕਾਰੀ ਭਾਸ਼ਾ ਨਹੀਂ ਹੋ ਸਕਦੀ ਤੇ ਇਹ ਭਰਮ ਹੈ ਕਿ ਅੰਗਰੇਜ਼ੀ ਨਾਲ ਹੀ ਵਿਕਾਸ ਹੋ ਸਕਦਾ ਹੈ। ਦੋਹਾਂ ਮੰਤਰੀਆਂ ਦੇ ਬਿਆਨਾਂ ਦੀ ਤੁਲਨਾ ਹੀ ਦੱਸ ਦਿੰਦੀ ਹੈ ਕਿ ਭਾਸ਼ਾ ਦੇ ਮਾਮਲਿਆਂ ਬਾਰੇ ਭਾਰਤੀ ਨੀਤੀਕਾਰ ਬੜੀ ਉਲਝਣ ਦੀ ਸਥਿਤੀ ਵਿੱਚ ਹਨ।
ਪਰ ਪ੍ਰਕਾਸ਼ ਜਾਵੜੇਕਰ ਦਾ ਬਿਆਨ ਵੀ ਕੇਵਲ ਬਿਆਨ ਮਾਤਰ ਹੈ ਤੇ ਕੋਈ ਸਬੂਤ ਹਾਸਲ ਨਹੀਂ ਹੈ ਕਿ ਭਾਜਪਾ ਦੀ ਸਰਕਾਰ ਭਾਰਤੀ ਭਾਸ਼ਾਵਾਂ ਨੂੰ ਉਨ੍ਹਾਂ ਦਾ ਘਰ ਵਾਪਸ ਦਿਵਾਉਣ ਲਈ ਕੋਈ ਠੋਸ ਹੀਲਾ ਕਰ ਰਹੀ ਹੈ। ਭਾਰਤ ਵਿੱਚ ਜਿੰਨੀ ਰਾਜਸੀ ਏਕਤਾ ਅੰਗਰੇਜ਼ੀ ਭਾਸ਼ਾ ਦੇ ਹੱਕ ਵਿੱਚ ਮਿਲਦੀ ਹੈ ਓਨੀ ਸ਼ਾਇਦ ਹੀ ਕਿਸੇ ਹੋਰ ਸਵਾਲ ’ਤੇ ਮਿਲਦੀ ਹੋਵੇ।
ਇਹ ਏਕਤਾ ਪ੍ਰਸੰਸਾਯੋਗ ਵੀ ਹੋ ਸਕਦੀ ਸੀ ਜੇ ਇਹ ਭਾਰਤ ਵਿੱਚ ਅਗਿਆਨਤਾ ਦਾ ਪਸਾਰ ਕਰਨ ਵਾਲੀ ਭਾਸ਼ਾ ਅੰਗਰੇਜ਼ੀ ਦੇ ਹੱਕ ਵਿੱਚ ਨਾ ਹੁੰਦੀ। ਹੋਰ ਤਾਂ ਹੋਰ, ਅੰਗਰੇਜ਼ੀ ਮਾਧਿਅਮ ਦਾ ਇਹ ਝੁਰਲੂ ਤਾਂ ਚੰਗੀ ਤਰ੍ਹਾਂ ਅੰਗਰੇਜ਼ੀ ਸਿੱਖਣ ਲਈ ਵੀ ਨੁਕਸਾਨਦੇਹ ਹੈ|
ਦੁਨੀਆਂ ਭਰ ਦੀ ਖੋਜ ਅਤੇ ਵਿਹਾਰ ਇਹ ਦੱਸਦਾ ਹੈ ਕਿ ਜੇ ਬਾਕੀ ਗੱਲਾਂ ਇੱਕੋ ਜਿਹੀਆਂ ਹੋਣ (ਜਿਵੇਂ ਕਿ ਪੜ੍ਹਾਈ ਦਾ ਪੱਧਰ ਤੇ ਬੱਚੇ ਦਾ ਸਮਾਜਿਕ ਪਿਛੋਕੜ, ਆਦਿ) ਤਾਂ ਮਾਤ ਭਾਸ਼ਾ ਮਾਧਿਅਮ ਵਿੱਚ ਪੜ੍ਹਨ ਵਾਲਾ ਅਤੇ ਵਿਦੇਸ਼ੀ ਭਾਸ਼ਾ ਨੂੰ ਇੱਕ ਵਿਸ਼ੇ ਵਜੋਂ ਪੜ੍ਹਨ ਵਾਲਾ ਬੱਚਾ ਵਿਦੇਸ਼ੀ ਭਾਸ਼ਾ ਵੀ ਉਸ ਬੱਚੇ ਨਾਲੋਂ ਬਿਹਤਰ ਸਿੱਖਦਾ ਹੈ ਜਿਸ ਨੂੰ ਸ਼ੁਰੂ ਤੋਂ ਹੀ ਵਿਦੇਸ਼ੀ ਭਾਸ਼ਾ ਮਾਧਿਅਮ ਵਿੱਚ ਪੜ੍ਹਾਇਆ ਜਾਂਦਾ ਹੈ।
ਸੰਯੁਕਤ ਰਾਸ਼ਟਰ ਸੰਘ ਦੇ ਸਿੱਖਿਆ ਬਾਰੇ ਸੰਗਠਨ ਯੂਨੈਸਕੋ ਵੱਲੋਂ ਸਾਲ 2008 ਵਿੱਚ ‘ਇੰਪਰੂਵਮੈਂਟ ਇਨ ਦਿ ਕੁਆਲਟੀ ਆਫ ਮਦਰ ਟੰਗ ਬੇਸਡ ਲਿਟਰੇਸੀ ਐਂਡ ਲਰਨਿੰਗ’ ਨਾਂ ਦੀ ਪੁਸਤਕ ਵਿਚਲੀ ਇਹ ਟੂਕ ਇਹੀ ਦੱਸਦੀ ਹੈ (ਪੰਨਾ 12): ‘‘ਸਾਡੇ ਰਾਹ ਵਿੱਚ ਵੱਡੀ ਰੁਕਾਵਟ ਭਾਸ਼ਾ ਤੇ ਸਿੱਖਿਆ ਬਾਰੇ ਕੁਝ ਅੰਧ-ਵਿਸ਼ਵਾਸ ਹਨ ਤੇ ਲੋਕਾਂ ਦੀਆਂ ਅੱਖਾਂ ਖੋਲ੍ਹਣ ਲਈ ਇਨ੍ਹਾਂ ਅੰਧ-ਵਿਸ਼ਵਾਸਾਂ ਦਾ ਭਾਂਡਾ ਭੰਨਣਾ ਚਾਹੀਦਾ ਹੈ।
ਅਜਿਹਾ ਹੀ ਇੱਕ ਅੰਧ-ਵਿਸ਼ਵਾਸ ਇਹ ਹੈ ਕਿ ਵਿਦੇਸ਼ੀ ਭਾਸ਼ਾ ਸਿੱਖਣ ਦਾ ਵਧੀਆ ਤਰੀਕਾ ਇਸ ਦੀ ਪੜ੍ਹਾਈ ਦੇ ਮਾਧਿਅਮ ਵਜੋਂ ਵਰਤੋਂ ਹੈ। (ਅਸਲ ਵਿੱਚ, ਹੋਰ ਭਾਸ਼ਾ ਨੂੰ ਇੱਕ ਵਿਸ਼ੇ ਵਜੋਂ ਪੜ੍ਹਨਾ ਵਧੇਰੇ ਕਾਰਗਰ ਹੁੰਦਾ ਹੈ)।
ਦੂਜਾ ਅੰਧ-ਵਿਸ਼ਵਾਸ ਇਹ ਹੈ ਕਿ ਵਿਦੇਸ਼ੀ ਭਾਸ਼ਾ ਸਿੱਖਣ ਲਈ ਜਿੰਨਾ ਛੇਤੀ ਸ਼ੁਰੂ ਕੀਤਾ ਜਾਏ ਓਨਾ ਚੰਗਾ ਹੈ। (ਛੇਤੀ ਸ਼ੁਰੂ ਕਰਨ ਨਾਲ ਲਹਿਜ਼ਾ ਤਾਂ ਬਿਹਤਰ ਹੋ ਸਕਦਾ ਹੈ ਪਰ ਲਾਭ ਦੀ ਸਥਿਤੀ ਵਿੱਚ ਉਹ ਸਿੱਖਣ ਵਾਲਾ ਹੁੰਦਾ ਹੈ ਜੋ ਮਾਤ ਭਾਸ਼ਾ ’ਤੇ ਚੰਗੀ ਮੁਹਾਰਤ ਹਾਸਲ ਕਰ ਚੁੱਕਿਆ ਹੋਵੇ)।
ਤੀਜਾ ਅੰਧ-ਵਿਸ਼ਵਾਸ ਇਹ ਹੈ ਕਿ ਮਾਤ ਭਾਸ਼ਾ ਵਿਦੇਸ਼ੀ ਭਾਸ਼ਾ ਸਿੱਖਣ ਦੇ ਰਾਹ ਵਿੱਚ ਰੁਕਾਵਟ ਹੈ। (ਮਾਤ ਭਾਸ਼ਾ ਵਿੱਚ ਮਜ਼ਬੂਤ ਨੀਂਹ ਨਾਲ ਵਿਦੇਸ਼ੀ ਭਾਸ਼ਾ ਬਿਹਤਰ ਸਿੱਖੀ ਜਾਂਦੀ ਹੈ)। ਸਪਸ਼ਟ ਹੈ ਕਿ ਇਹ ਅੰਧ-ਵਿਸ਼ਵਾਸ ਹਨ ਅਸਲੀਅਤ ਨਹੀਂ, ਪਰ ਫਿਰ ਵੀ ਇਹ ਨੀਤੀ ਘਾੜਿਆਂ ਦੀ ਇਸ ਸੁਆਲ ’ਤੇ ਅਗਵਾਈ ਕਰਦੇ ਹਨ ਕਿ ਭਾਰੂ ਭਾਸ਼ਾ ਕਿਵੇਂ ਸਿੱਖੀ ਜਾਵੇ।’’
ਇਹ ਪੁਸਤਕ 5 ਮਹਾਂਦੀਪਾਂ ਦੇ 12 ਦੇਸਾਂ ਵਿੱਚ ਹੋਈ ਪੜਤਾਲ ਦਾ ਨਤੀਜਾ ਹੈ। ਇਸ ਪੜਤਾਲ ਲਈ ਪੈਸਾ ਵਿਸ਼ਵ ਬੈਂਕ ਨੇ ਦਿੱਤਾ ਸੀ। ਇਸ ਮਾਮਲੇ ’ਤੇ ਪਹਿਲੀਆਂ ਪੜਤਾਲਾਂ ਦਾ ਸਿੱਟਾ ਵੀ ਇਹੀ ਰਿਹਾ ਹੈ। ਹੱਥਲੀ ਇਕੱਲੀ ਟੂਕ ਹੀ ਇਹ ਦੱਸਣ ਲਈ ਕਾਫੀ ਹੈ ਕਿ ਅੰਗਰੇਜ਼ੀ ਮਾਧਿਅਮ ਦੀ ਨੀਤੀ ਭਾਰਤੀਆਂ ਲਈ ਮਦਾਰੀ ਦੇ ਝੁਰਲੂ ਤੋਂ ਵੱਧ ਕੁਝ ਨਹੀਂ ਹੈ।
ਭਾਸ਼ਾ ਦਾ ਸਵਾਲ ਸਿੱਖਿਆ, ਵਿਕਾਸ, ਸੁਚਾਰੂ ਪ੍ਰਸ਼ਾਸਨ, ਸੱਭਿਆਚਾਰ, ਪਛਾਣ ਤੇ ਤਾਕਤ ਦੀ ਵੰਡ, ਆਦਿ ਨਾਲ ਡੂੰਘੀ ਤਰ੍ਹਾਂ ਜੁੜਿਆ ਹੋਇਆ ਹੈ। ਇਸ ਲਈ ਇਹ ਕਿਸੇ ਦੇਸ ਦੀ ਹੋਣੀ ਨੂੰ ਤੈਅ ਕਰਨ ਵਾਲੇ ਸਵਾਲਾਂ ‘ਚੋਂ ਵੀ ਹੈ। ਇਸ ਲਈ ਇਸ ਸਬੰਧੀ ਹੋਰ ਸਬੂਤਾਂ ਦੀ ਚੰਗੀ ਪੜਚੋਲ ਜ਼ਰੂਰੀ ਹੈ। ਆਓ ਸਭ ਤੋਂ ਪਹਿਲਾਂ ਸਭ ਤੋਂ ਮਹੱਤਵਪੂਰਨ ਖੇਤਰ ਸਿੱਖਿਆ ਨੂੰ ਵੇਖਦੇ ਹਾਂ।
ਪ੍ਰੋਗਰਾਮ ਫਾਰ ਇੰਟਰਨੈਸ਼ਨਲ ਸਟੂਡੈਂਟਸ ਅਸੈਸਮੈਂਟ (ਪੀਸਾ) ਨਾਂ ਦੀ ਸੰਸਥਾ ਵੱਖ-ਵੱਖ ਦੇਸਾਂ ਦੀ ਸਕੂਲੀ ਸਿੱਖਿਆ ਦੀ ਦਰਜਾਬੰਦੀ ਲਈ ਹਰ ਤਿੰਨ ਸਾਲ ਬਾਅਦ ਵੱਡੇ ਪੱਧਰ ’ਤੇ 15 ਸਾਲ ਦੀ ਉਮਰ ਦੇ ਬੱਚਿਆਂ ਦੇ ਗਣਿਤ, ਵਿਗਿਆਨ ਤੇ ਆਮ ਪਠਨ ਦੇ ਪੱਧਰ ਦਾ ਮੁਲੰਕਣ ਕਰਦੀ ਹੈ।
2015 ਦੀ ਦਰਜਾਬੰਦੀ ਵਿੱਚ ਗਣਿਤ ਵਿੱਚ ਪਹਿਲੇ ਚਾਲੀ ਦੇਸ਼ਾਂ ਵਿੱਚੋਂ ਅੰਗਰੇਜ਼ੀ ਭਾਸ਼ੀ ਦੇਸਾਂ ਦਾ ਦਰਜਾ ਦਸਵਾਂ (ਕੈਨੇਡਾ), ਇੱਕੀਵਾਂ (ਨਿਊਜ਼ੀਲੈਂਡ) ਤੇ ਸਤਾਈਵਾਂ (ਯੂ.ਕੇ.) ਸੀ। ਇਥੇ ਦੋ ਹੋਰ ਗੱਲਾਂ ਵੀ ਧਿਆਨ ਦੇਣ ਵਾਲੀਆਂ ਹਨ; ਪਹਿਲੀ ਇਹ ਕਿ ਕੈਨੇਡਾ ਤੇ ਨਿਊਜ਼ੀਲੈਂਡ ਵਿੱਚ ਵੀ ਪਹਿਲੇ ਸਾਲਾਂ ਵਿੱਚ ਸਿੱਖਿਆ ਕੇਵਲ ਅੰਗਰੇਜ਼ੀ ਮਾਧਿਅਮ ਵਿੱਚ ਹੀ ਨਹੀਂ ਹੁੰਦੀ, ਹੋਰ ਮਾਤ ਭਾਸ਼ਾਵਾਂ ਵਿੱਚ ਵੀ ਹੁੰਦੀ ਹੈ, ਤੇ ਦੂਜੀ ਇਹ ਕਿ ਦੁਨੀਆਂ ਦਾ ਸਭ ਤੋਂ ਤਾਕਤਵਰ ਅੰਗਰੇਜ਼ੀ ਭਾਸ਼ੀ ਦੇਸ ਅਮਰੀਕਾ ਗਣਿਤ ਦੀ ਸਿੱਖਿਆ ਵਿੱਚ ਪਹਿਲੇ ਚਾਲ੍ਹੀਆਂ ਵਿੱਚ ਵੀ ਨਹੀਂ ਆਉਂਦਾ।
ਵਿਗਿਆਨ ਅਤੇ ਆਮ ਪਠਨ ਦੇ ਅੰਕੜੇ ਵੀ ਲਗਭਗ ਇੰਨੇ ਹੀ ਦਿਲਚਸਪ ਹਨ – ਵਿਗਿਆਨ ਵਿੱਚ ਯੂ.ਕੇ. ਦੇ ਪੰਦਰਾਂ ਸਾਲਾ ਬੱਚੇ ਪੰਦਰਵੇਂ ਦਰਜੇ ’ਤੇ ਅਤੇ ਅਮਰੀਕਾ ਦੇ ਪੰਝੀਵੇਂ ਦਰਜੇ ’ਤੇ ਸਨ। ਭਾਰਤ ਬਾਰੇ ਤੱਥ ਬੜੇ ਮਹੱਤਵਪੂਰਨ ਹਨ; ਭਾਰਤ ਦੀ ਸਰਕਾਰ ਪੀਸਾ ਨੂੰ ਨਿਰੀਖਣ ਦੀ ਆਗਿਆ ਨਹੀਂ ਦਿੰਦੀ। 2009 ਵਿੱਚ ਤਾਮਿਲਨਾਡੂ ਤੇ ਹਿਮਾਚਲ ਨੇ ਆਪਣੇ ਸਕੂਲਾਂ ਦੇ ਨਿਰੀਖਣ ਦੀ ਆਗਿਆ ਦਿੱਤੀ ਸੀ ਤੇ ਇਨ੍ਹਾਂ ਦਾ ਦਰਜਾ ਚੁਹੱਤਰ ਦੇਸ਼ਾਂ’ਚੋਂ ਤਿਹੱਤਰਵਾਂ ਆਇਆ ਸੀ।
ਸੋ ਇਹ ਸਮਝਣਾ ਕਿ ਅੰਗਰੇਜ਼ੀ ਭਾਸ਼ਾ ਨਾਲ ਵਿਗਿਆਨ, ਗਣਿਤ ਜਾਂ ਹੋਰ ਵਿਸ਼ਿਆਂ ਦੀ ਪੜ੍ਹਾਈ ਲਈ ਕੋਈ ਵਾਧੂ ਲਾਭ ਹੁੰਦਾ ਹੈ ਬਿਲਕੁਲ ਭਰਮਾਂ ’ਤੇ ਆਧਾਰਿਤ ਹੈ। ਹਾਂ, ਜੇ ਅੰਗਰੇਜ਼ੀ ਬੱਚੇ ਦੀ ਮਾਤ ਭਾਸ਼ਾ ਨਹੀਂ ਹੈ ਤਾਂ ਅੰਗਰੇਜ਼ੀ ਮਾਧਿਅਮ ਰਾਹੀਂ ਪੜ੍ਹਾਉਣ ਨਾਲ ਬਹੁਤ ਵੱਡੇ ਨੁਕਸਾਨ ਨਿਸ਼ਚਤ ਹਨ ਕਿਉਂਕਿ ਸਿੱਖਿਆ ਕਾਮਯਾਬੀ ਨਾਲ ਕਿਸੇ ਅਬੋਧ ਭਾਸ਼ਾ ਰਾਹੀਂ ਦਿੱਤੀ ਹੀ ਨਹੀਂ ਜਾ ਸਕਦੀ। ਅਬੋਧ ਭਾਸ਼ਾ ਤਾਂ ਅਗਿਆਨਤਾ ਦਾ ਮੁੱਢ ਬੰਨ੍ਹਦੀ ਹੈ। ਦੁਨੀਆਂ ਭਰ ਦੀ ਖੋਜ ਤੇ ਵਿਹਾਰ ਇਹੀ ਸਾਬਤ ਕਰਦੇ ਹਨ। ਹੋਰ ਤਾਂ ਹੋਰ, ਭਾਰਤ ਦਾ ਸੰਵਿਧਾਨ, ਸੁਤੰਤਰਤਾ ਉਪਰੰਤ ਭਾਰਤ ਵਿੱਚ ਬਣੇ ਸਾਰੇ ਆਯੋਗ ਤੇ ਸਮਿਤੀਆਂ ਅਤੇ ਸਾਰੇ ਭਾਸ਼ਾ ਤੇ ਸਿੱਖਿਆ ਮਾਹਿਰਾਂ ਦੀ ਇਹੀ ਸਿਫਾਰਿਸ਼ ਰਹੀ ਹੈ ਕਿ ਸਿੱਖਿਆ ਮਾਤ ਭਾਸ਼ਾ ਵਿੱਚ ਹੀ ਦਿੱਤੀ ਜਾਣੀ ਚਾਹੀਦੀ ਹੈ।
ਸੋ, ਸਾਰੇ ਤੱਥਾਂ ਤੇ ਪੇਸ਼ੇਵਰ ਸਮਝ ਦੀ ਰੋਸ਼ਨੀ ਵਿੱਚ ਭਾਰਤ ਵਿੱਚ ਅੰਗਰੇਜ਼ੀ ਮਾਧਿਅਮ ਵਾਲੀ ਸਿੱਖਿਆ ਪ੍ਰਣਾਲੀ ਅਗਿਆਨਤਾ ਤੇ ਭਰਮਾਂ ’ਤੇ ਆਧਾਰਤ ਹੋਣ ਤੋਂ ਇਲਾਵਾ ਕੁਝ ਨਹੀਂ ਹੈ। ਅੰਗਰੇਜ਼ੀ ਮਾਧਿਅਮ ਦੀ ਵਿਚਾਰਕ ਸਰਦਾਰੀ ਨੇ ਭਾਰਤੀ ਸਿੱਖਿਆ ਨੂੰ ਤਬਾਹ ਕਰ ਦਿੱਤਾ ਹੈ। ਅਸਰ-ਰਸੂਖ ਵਾਲੇ ਵਰਗ ਦੇ ਬੱਚੇ ਸਰਕਾਰੀ ਸਕੂਲਾਂ ਵਿੱਚ ਨਹੀਂ ਪੜ੍ਹਦੇ। ਇਸ ਦੇ ਨਤੀਜੇ ਵਜੋਂ ਸਰਕਾਰੀ ਸਿੱਖਿਆ ਪ੍ਰਣਾਲੀ ਦਾ ਲਗਪਗ ਭੋਗ ਪੈ ਚੁੱਕਿਆ ਹੈ।
ਅੰਗਰੇਜ਼ੀ ਮਾਧਿਅਮ ਵਿੱਚ ਪੜ੍ਹਨ ਵਾਲੇ ਬੱਚੇ ਸਿੱਖਿਆ ਦਾ ਚੰਗਾ ਪੱਧਰ ਹਾਸਲ ਨਹੀਂ ਕਰ ਸਕਦੇ ਕਿਉਂਕਿ ਓਪਰੀ ਭਾਸ਼ਾ ਵਿੱਚ ਪੜ੍ਹਾਇਆ ਜਾਣ ਕਰਕੇ ਉਨ੍ਹਾਂ ਦੇ ਪੱਲੇ ਘੱਟ ਹੀ ਪੈਂਦਾ ਹੈ। ਯੂਨੈਸਕੋ ਦੀ ਕਿਤਾਬ ਵਿੱਚੋਂ ਪਿੱਛੇ ਦਿੱਤੀ ਉਕਤੀ ਨਿਸ਼ਚਤ ਰੂਪ ਵਿੱਚ ਦੱਸਦੀ ਹੈ ਕਿ ਉਨ੍ਹਾਂ ਦਾ ਅੰਗਰੇਜ਼ੀ ਦਾ ਪੱਧਰ ਵੀ ਬਹੁਤਾ ਚੰਗਾ ਨਹੀਂ ਹੋ ਸਕਦਾ। ਇਸ ਲਈ ਹਰ ਉਹ ਭਾਸ਼ਾ ਅਗਿਆਨਤਾ ਦੀ ਭਾਸ਼ਾ ਹੋਵੇਗੀ ਜੋ ਬੱਚੇ ਲਈ ਅਬੋਧ ਹੈ ਤੇ ਉਸ ਦੀ ਸਿੱਖਿਆ ਜਾਂ ਕੰਮ-ਕਾਜ ਦੀ ਭਾਸ਼ਾ ਬਣਦੀ ਹੈ। ਅੰਗਰੇਜ਼ੀ ਭਾਸ਼ਾ ਦੇ ਹੱਕ ਵਿੱਚ ਭੁਗਤਣ ਵਾਲੇ ਭਰਮਾਂ ਵਿੱਚੋਂ ਇੱਕ ਭਰਮ ਇਹ ਵੀ ਹੈ ਕਿ ਇਸ ਨਾਲ ਅੰਤਰਰਾਸ਼ਟਰੀ ਪੱਧਰ ’ਤੇ ਵਪਾਰ-ਕਾਰੋਬਾਰ ਵਿੱਚ ਲਾਭ ਹੁੰਦਾ ਹੈ। ਇਸ ਲਈ ਅੰਤਰਰਾਸ਼ਟਰੀ ਵਪਾਰ-ਕਾਰੋਬਾਰ ਦੇ ਸਿੱਖਿਆ ਦੇ ਮਾਧਿਅਮ ਨਾਲ ਸਬੰਧਾਂ ਦੀ ਪੜਚੋਲ ਵੀ ਜ਼ਰੂਰੀ ਹੋ ਜਾਂਦੀ ਹੈ।
ਪ੍ਰਤੀ ਵਿਅਕਤੀ ਬਰਾਮਦਾਂ (ਐਕਸਪੋਰਟ) ਵਿੱਚ ਚੋਟੀ ਦੇ 50 ਦੇਸਾਂ ਵਿੱਚੋਂ ਅੰਗਰੇਜ਼ੀ ਭਾਸ਼ੀ ਦੇਸਾਂ ਦੇ ਦਰਜੇ ਇੱਕੀਵਾਂ (ਕੈਨੇਡਾ), ਚੌਂਤੀਵਾਂ (ਯੂ.ਕੇ.) ਅਤੇ ਛਿਆਲੀਵਾਂ (ਅਮਰੀਕਾ) ਹਨ। ਭਾਰਤ ਦਾ ਦਰਜਾ ਇੱਕ ਸੌ ਗਿਆਰਵਾਂ ਹੈ। ਕੁੱਲ ਬਰਾਮਦ ਦੀ ਮਾਤਰਾ ਨੂੰ ਵੀ ਜੇ ਆਧਾਰ ਬਣਾਇਆ ਜਾਏ ਤਾਂ ਵੀ ਅੰਗਰੇਜ਼ੀ ਭਾਸ਼ਾ ਕੋਈ ਲਾਭ ਨਹੀਂ ਕਰਦੀ ਦਿੱਸਦੀ; ਬਰਾਮਦਾਂ ਵਿੱਚ ਪਹਿਲੇ ਪੰਜਾਹ ਦੇਸ਼ਾਂ ਵਿੱਚੋਂ ਅੰਗਰੇਜ਼ੀ ਭਾਸ਼ੀ ਦੇਸ਼ਾਂ ਦੇ ਦਰਜੇ ਦੂਜਾ (ਅਮਰੀਕਾ), ਦਸਵਾਂ (ਯੂ.ਕੇ.), ਗਿਆਰਵਾਂ (ਕੈਨੇਡਾ) ਅਤੇ ਪੰਝੀਵਾਂ (ਆਸਟਰੇਲੀਆ) ਹਨ। ਭਾਰਤ ਦਾ ਦਰਜਾ ਸਤਾਰ੍ਹਵਾਂ ਹੈ ਜੋ ਪੰਜ ਕਰੋੜ ਦੀ ਆਬਾਦੀ ਵਾਲੇ ਦੱਖਣੀ ਕੋਰੀਆ ਤੋਂ ਬਾਰਾਂ ਦਰਜੇ ਹੇਠਾਂ ਹੈ।
ਇੰਜ ਸਾਫ ਜ਼ਾਹਿਰ ਹੋ ਜਾਂਦਾ ਹੈ ਕਿ ਭਾਰਤ ਵਿੱਚ ਅੰਗਰੇਜ਼ੀ ਭਾਸ਼ਾ ਦੀ ਸਥਿਤੀ ਮਦਾਰੀ ਦੇ ਝੁਰਲੂ ਤੋਂ ਵੱਧ ਕੁਝ ਨਹੀਂ ਹੈ। ਅੰਗਰੇਜ਼ੀ ਜਾਂ ਵਿਦੇਸ਼ੀ ਭਾਸ਼ਾ ਮਾਧਿਅਮ ਵਿੱਚ ਸਿੱਖਿਆ ਸਿੱਖਿਆ ਲਈ ਘਾਤਕ ਹੈ, ਅੰਤਰਰਾਸ਼ਟਰੀ ਵਪਾਰ-ਕਾਰੋਬਾਰ ਵਿੱਚ ਕੋਈ ਲਾਭ ਨਹੀਂ ਕਰਦੀ ਅਤੇ ਇਥੋਂ ਤੱਕ ਕਿ ਅੰਗਰੇਜ਼ੀ ਜਾਂ ਵਿਦੇਸ਼ੀ ਭਾਸ਼ਾ ਦੀ ਚੰਗ ਮੁਹਾਰਤ ਲਈ ਵੀ ਨੁਕਸਾਨਦੇਹ ਹੈ।
ਇਸ ਨਾਲ ਬੱਚਿਆਂ ਦੇ ਜੋ ਮਨੋਵਿਗਿਆਨਕ ਸਮਾਜਕ ਸਮਾਜਿਕ ਅਤੇ ਸੱਭਿਆਚਾਰਕ, ਆਦਿ ਨੁਕਸਾਨ ਹੁੰਦੇ ਹਨ ਉਸ ਦੀ ਥਾਹ ਹੀ ਨਹੀਂ ਪਾਈ ਜਾ ਸਕਦੀ। ਵੱਡੀ ਚਿੰਤਾ ਵਾਲੀ ਗੱਲ ਇਹ ਹੈ ਕਿ ਇਸ ਅੰਗਰੇਜ਼ੀ ਝੁਰਲੂ ਦੇ ਉਸਤਤ-ਗੀਤ ਵਿੱਚ ਸਾਰਾ ਭਾਰਤ ਅਥਾਹ ਉਕਸਾਹ ਨਾਲ ਸ਼ਾਮਲ ਹੈ। ਫਿਰ ਵੀ ਆਸ ਕੀਤੀ ਜਾਣੀ ਚਾਹੀਦੀ ਹੈ ਕਿ ਇਨ੍ਹਾਂ ਚੋਣ-ਚੁਪ ਦੇ ਦਿਨਾਂ ਵਿੱਚ ਤਾਂ ਕੋਈ ਨੀਤੀਕਾਰ ਇਥੇ ਬਿਆਨ ਕੀਤੇ ਤੱਥਾਂ ਵੱਲ ਧਿਆਨ ਦੇ ਸਕੇਗਾ।
*ਡਾ. ਜੋਗਾ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਭਾਸ਼ਾ ਵਿਿਗਆਨ ਅਤੇ ਪੰਜਾਬੀ ਕੋਸ਼ਕਾਰੀ ਵਿਭਾਗ ਦੇ ਸਾਬਕਾ ਮੁਖੀ ਹਨ। ਉਨ੍ਹਾਂ ਨਾਲ +91-99157-09582 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
*ਉਪਰੋਕਤ ਲਿਖਤ ਪਹਿਲਾਂ 17 ਜਨਵਰੀ 2017 ਨੂੰ ਛਾਪੀ ਗਈ ਸੀ