ਚੋਣਵੀਆਂ ਲਿਖਤਾਂ

ਸ੍ਰੀ ਗੁਰੂ ਅਮਰਦਾਸ ਜੀ ਦਾ ਸਿੱਖ ਧਰਮ ਦੇ ਵਿਕਾਸ ਵਿਚ ਯੋਗਦਾਨ

By ਸਿੱਖ ਸਿਆਸਤ ਬਿਊਰੋ

September 13, 2024

 

ਡਾ. ਗੁਰਪ੍ਰੀਤ ਸਿੰਘ ਧਾਰਮਿਕ ਅਧਿਆਪਕ ਸ੍ਰੀ ਗੁਰੂ ਰਾਮਦਾਸ ਪਬਲਿਕ ਹਾਈ ਸਕੂਲ ਗੋਲਡਨ ਟੈਂਪਲ ਕਾਲੋਨੀ, ਸੁਲਤਾਨਵਿੰਡ ਰੋਡ, ਸ੍ਰੀ ਅੰਮ੍ਰਿਤਸਰ। ਮੋ. 87250-15163

ਗੁਰੂ ਅਮਰਦਾਸ ਜੀ ਬਾਰੇ ਭੱਟ ਕੀਰਤ ਜੀ ਨੇ ‘ਆਪਿ ਨਰਾਇਣੁ ਕਲਾ ਧਾਰਿ ਜਗ ਮਹਿ ਪਰਵਰਿਯਉ॥ ਕਹਿ ਕੇ ਉਨ੍ਹਾਂ ਦੇ ਰੱਬੀ ਰੂਪ ਨੂੰ ਵਿਅਕਤ ਕੀਤਾ ਹੈ। ਗੁਰੂ ਘਰ ਦੇ ਰਾਗੀ ਸਿੱਖ ਰਾਇ ਬਲਵੰਡਿ ਤਥਾ ਸਤੈ ਡੂੰਮਿ ਜੀ ਨੇ ਆਪ ਜੀ ਦੀ ਸ਼ਖ਼ਸੀਅਤ ਨੂੰ ‘ਪਰਬਤ ਮੇਰਾਣੁ’  ਕਹਿ ਕੇ ਵਡਿਆਇਆ ਹੈ। ਜਿਹੜੀ ਸ਼ਖ਼ਸੀਅਤ ਵਿਸ਼ੇ ਵਿਕਾਰਾਂ ਤੇ ਸੰਸਾਰੀ ਮੋਹ-ਮਾਇਆ ਦੇ ਝਖੜਿ ਵਿਚ ਡੋਲਣ ਵਾਲੀ ਨਹੀਂ ਸਗੋਂ ਉਹ ਮੇਰਾਣ ਪਰਬਤ ਵਾਂਗ ਅਡੋਲ ਹੈ। ਅਜਿਹੇ ਸੱਚੇ ਪਾਤਿਸ਼ਾਹ ਦੇ ਜੀਵਨ ਕਾਰਜ ਨੂੰ ਹੇਠ ਲਿਖੇ ਅਨੁਸਾਰ ਦੋ ਭਾਗਾਂ ਵਿਚ ਵਰਗੀਕ੍ਰਿਤ ਕਰਕੇ ਦਰਸਾਉਣ ਦਾ ਜਤਨ ਕੀਤਾ ਗਿਆ ਹੈ। ਹਥਲੇ ਵਿਸ਼ੇ ਦੀ ਸੀਮਾ ਦਾ ਘੇਰਾ ਜ਼ਿਆਦਾਤਰ ਸ੍ਰੀ ਗੁਰੁ ਅਮਰਦਾਸ ਜੀ ਦਾ ਸਿੱਖ ਧਰਮ ਦੇ ਵਿਕਾਸ ਲਈ ਕੀਤੇ ਕਾਰਜਾਂ ਉਪਰ ਕੇਂਦਰਿਤ ਰਹੇਗਾ।

1. ਸੰਖੇਪ ਜੀਵਨ 2. ਸਿੱਖ ਧਰਮ ਦੇ ਵਿਕਾਸ ਵਿਚ ਯੋਗਦਾਨ

1. ਸ੍ਰੀ ਗਰੂ ਅਮਰਦਾਸ ਜੀ ਦਾ ਸੰਖੇਪ ਜੀਵਨ ਸ੍ਰੀ ਗੁਰੂੁ ਅਮਰਦਾਸ ਜੀ ਦਾ ਪ੍ਰਕਾਸ਼ 5 ਮਈ, 1469 ਈ. ਨੂੰ ਮਾਤਾ ਲੱਖੋ ਜੀ ਦੀ ਕੁੱਖੋਂ ਪਿਤਾ ਤੇਜ ਭਾਨ ਜੀ ਦੇ ਘਰ ਨਗਰ ਬਾਸਰਕੇ ਵਿਖੇ ਹੋਇਆ। ਸ੍ਰੀ ਗਰੂ ਅਮਰਦਾਸ ਜੀ ਦੇ ਤਿੰਨ ਭਰਾ ਹੋਰ ਸਨ: ਭਾਈ ਈਸਰ ਦਾਸ ਜੀ-ਭਾਈ ਗੁਰਦਾਸ ਜੀ ਦੇ ਪਿਤਾ ਜੀ, ਬਾਬਾ ਖੇਮ ਰਾਇ ਅਤੇ ਭਾਈ ਮਾਣਕ ਚੰਦ। ਭਾਈ ਮਾਣਕ ਚੰਦ ਦੀ ਨੂੰਹ ਬੀਬੀ ਅਮਰੋ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਸਪੁੱਤਰੀ ਸੀ। ਸ੍ਰੀ ਗੁਰੁ ਅਮਰਦਾਸ ਜੀ ਦਾ ਵਿਆਹ ਦੇਵੀ ਚੰਦ ਦੀ ਸਪੁੱਤਰੀ ਮਨਸਾ ਦੇਵੀ ਨਾਲ ਹੋਇਆ ਅਤੇ ਆਪ ਜੀ ਦੇ ਘਰ ਦੋ ਪੁੱਤਰਾਂ ਭਾਈ ਮੋਹਨ ਅਤੇ ਮੋਹਰੀ ਅਤੇ ਦੋ ਸਪੁੱਤਰੀਆਂ ਬੀਬੀ ਦਾਨੀ ਅਤੇ ਬੀਬੀ ਭਾਨੀ ਜੀ ਦਾ ਜਨਮ ਹੋਇਆ। ਸ੍ਰੀ ਗੁਰੂੁ ਅੰਗਦ ਦੇਵ ਜੀ ਦੀ ਸਪੁੱਤਰੀ ਬੀਬੀ ਅਮਰੋ ਜੀ ਜੋ ਰਿਸ਼ਤੇ ਵਿਚ ਆਪ ਜੀ ਦੀ ਨੂੰਹ ਲੱਗਦੇ ਸਨ, ਉਨ੍ਹਾਂ ਦੇ ਮੁਖੋਂ ਬਾਣੀ ਸੁਣਕੇ ਆਪ ਜੀ ਨੂੰ ਗੁਰੂ ਅੰਗਦ ਦੇਵ ਜੀ ਦੇ ਦਰਸ਼ਨ ਕਰਨ ਦੀ ਤਾਂਘ ਉੱਠੀ। ਆਪ ਜੀ ਖਡੂਰ ਸਾਹਿਬ ਵਿਖੇ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਸੇਵਾ ਵਿਚ ਲੱਗ ਗਏ। ਗੁਰੂੁ ਅਮਰਦਾਸ ਜੀ ਨੇ ਬਾਰ੍ਹਾਂ ਸਾਲ ਖਡੂਰ ਸਾਹਿਬ ਵਿਖੇ ਸੇਵਾ ਵਿਚ ਗੁਜ਼ਾਰੇ। ਗੁਰੁ ਸੇਵਾ ਅਤੇ ਪ੍ਰਭੂ ਸਿਮਰਨ ਰਾਹੀਂ ਮਨ ਨੂੰ ਗੁਰਮਤਿ ਨਾਲ ਪ੍ਰਕਾਸ਼ਵਾਨ ਕਰਨ ਦਾ ਨਤੀਜਾ ਇਹ ਹੋਇਆ ਕਿ ਗੁਰੂੁ ਅੰਗਦ ਦੇਵ ਜੀ ਨੇ ਆਪ ਜੀ ਨੂੰ ਗੁਰੂ ਨਾਨਕ ਦੇਵ ਜੀ ਦੀ ਗੱਦੀ ਦਾ ਵਾਰਸ ਥਾਪ ਦਿੱਤਾ। ਗੁਰਿਆਈ ਪ੍ਰਾਪਤੀ ਉਪਰੰਤ ਆਪ ਜੀ ਨੇ ਗੋਇੰਦਵਾਲ ਸਾਹਿਬ ਨੂੰ ਪ੍ਰਚਾਰ ਦਾ ਕੇਂਦਰ ਬਣਾਇਆ। ਇਥੇ ਹੀ 95 ਸਾਲ ਦੀ ਉਮਰ ਵਿਚ 1574 ਈ. ਨੂੰ ਸ੍ਰੀ ਗੁਰੂ ਅਮਰਦਾਸ ਜੀ ਜੋਤੀ ਜੋਤਿ ਸਮਾ ਗਏ।

2. ਸਿੱਖ ਧਰਮ ਦੇ ਵਿਕਾਸ ਵਿਚ ਸ੍ਰੀ ਗਰੂੁ ਅਮਰਦਾਸ ਜੀ ਦਾ ਯੋਗਦਾਨ ਸਿੱਖ ਪੰਥ ਅੰਦਰ ਇਕ ਗੁਰ ਜੋਤਿ ਵੱਖ-ਵੱਖ ਦਸ ਸਰੀਰਾਂ ਰਾਹੀਂ ਸਫ਼ਰ ਕਰਦੀ ਹੈ। ਇਹ ਗੁਰੁ ਜੋਤਿ ਈਸ਼ਵਰੀ ਨੂਰ ਸੀ। ਗੁਰੁ ਜੋਤਿ ਨੇ ਸਿਰਫ਼ ਆਪਣਾ ਸਰੀਰ ਹੀ ਬਦਲਿਆ ਸੀ, ਜੋਤਿ ਇਕ ਹੀ ਰਹੀ। ਇਸ ਗੁਰੁ ਜੋਤ ਨੇ 239 ਸਾਲ ਦਾ ਸਫ਼ਰ ਤੈਅ ਕੀਤਾ। ਇਸ ਗੁਰੁ ਜੋਤ ਦੁਆਰਾ ਆਪਣੇ ਦਸ ਜਾਮਿਆਂ ਦੌਰਾਨ ਹਰ ਸਿਧਾਂਤ ਅਤੇ ਸਿੱਖ ਸੰਸਥਾ ਨੂੰ ਧੁਰ ਦਰਗਾਹੋਂ ਪ੍ਰਗਟ ਕੀਤਾ ਗਿਆ। ਇਸ ਨਿਰੰਤਰਤਾ ਵਿਚ ਹੀ ਗੁਰ ਜੋਤਿ ਨੇ ਆਪਣੇ ਆਪਣੇ ਸਮੇਂ ਅੰਦਰ ਅਕਾਲ ਪੁਰਖ ਦੇ ਹੁਕਮ ਅਨੁਸਾਰ ਤੈਅ ਹੋਇਆ ਕਾਰਜ ਕਰਕੇ ਯੋਗਦਾਨ ਪਾਉਂਦੇ ਜਾਣਾ ਸੀ। ਸ੍ਰੀ ਗੁਰੂ ਅਮਰਦਾਸ ਜੀ ਨੇ ਵੀ ਧੁਰੋਂ ਹੋਏ ਹੁਕਮ ਅਨੁਸਾਰ ਸਿੱਖ ਪੰਥ ਦੇ ਵਿਕਾਸ ਲਈ ਜੋ ਯੋਗਦਾਨ ਪਾਇਆ ਉਹ ਨਿਮਨ ਲਿਖਤ ਅਨੁਸਾਰ ਹੈ:

2.1 ਨਗਰ ਵਸਾਉਣਾ ਸਭਿਆਤਾਵਾਂ ਦੇ ਖੋਜੀਆਂ ਦਾ ਮੰਨਣਾ ਹੈ ਕਿ ਵੱਡੇ ਸਭਿਆਚਾਰ ਦੇ ਪ੍ਰਫੁਲਤ ਹੋਣ ਲਈ ਦਰਿਆ ਦੀ ਲੋੜ ਹੁੰਦੀ ਹੈ। ਸੰਸਾਰ ਦੇ ਇਤਿਹਾਸ ਤੋਂ ਵੀ ਪਤਾ ਲਗਦਾ ਹੈ ਕਿ ਬਹੁਤ ਸਾਰੀਆਂ ਸਭਿਆਤਾਵਾਂ ਦਾ ਵਿਕਾਸ ਖੁਲੇ ਦਰਿਆਵਾਂ ਕਿਨਾਰੇ ਹੀ ਹੋਇਆ ਹੈ। ਗੁਰੂੁ ਅਮਰਦਾਸ ਜੀਨੇ ਵੀ ਸ੍ਰੀ ਗੁਰੁ ਅੰਗਦ ਦੇਵ ਜੀ ਦੇ ਹੁਕਮ ਅਨੁਸਾਰ ਬਿਆਸ ਦਰਿਆ ਦੇ ਕਿਨਾਰੇ ਗੋਇੰਦਵਾਲ ਨਗਰ ਵਸਾਇਆ ਸੀ:

ਕਹਹੁ ਬਸਾਵਨਿ ਸੁੰਦਰ ਪੁਰੀ॥ ਜਨੁ ਗੁਰ ਕੀਰਤਿ ਕੀ ਹੁਇ ਪੁਰੀ॥

ਸ੍ਰੀ ਗੁਰੂੁ ਅਮਰਦਾਸ ਜੀ ਨੇ ਗੋਇੰਦਵਾਲ ਨਗਰ ਲਾਹੌਰ-ਪੱਟੀ-ਸੁਲਤਾਨਪੁਰ ਲੋਧੀ, ਲੋਧੀ-ਦਿੱਲੀ ਸਾਹਰਾਹ ਉਤੇ ਬਿਆਸ ਦਰਿਆ ਦੇ ਪੱਤਣ ਤੇ ਵਸਾਇਆ। ਸ੍ਰੀ ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਵਿਚ ਕਈ ਵਪਾਰੀ ਤੇ ਕਿਰਤੀ ਲਿਆ ਕੇ ਵਸਾਏ। ਇਸ ਇਲਾਕੇ ਵਿਚ ਸਰੋਂ, ਤੋਰੀਆ ਤੇ ਗੰਨੇ ਦੀ ਫ਼ਸਲ ਆਮ ਹੁੰਦੀ ਹੈ। ਗੁਰੂ ਸਾਹਿਬ ਨੇ ਇਸ ਨਗਰ ਵਿਚ ਤੇਲ ਕੱਢਣ ਤੇ ਗੁੜ ਬਣਾਉਣ ਦੇ ਉੇਦਯੋਗ ਸਥਾਪਤ ਕਰਵਾਏ। ਧਰਮ ਪ੍ਰਚਾਰ ਕੇਂਦਰ ਨੂੰ ਵਪਾਰ ਤੇ ੳੇੁਦਯੋਗ ਨਾਲ ਜੋੜਨਾ ਅਸਲ ਵਿਚ ਨਗਰਾਂ ਤੇ ਸ਼ਹਿਰਾਂ ਨੂੰ ਆਰਥਿਕ ਆਧਾਰ ਦੇਣ ਦਾ ਉਪਰਾਲਾ ਸੀ। ਇਸ ਤਰ੍ਹਾਂ ਗੋਇੰਦਵਾਲ ਵਿਚ ਲੂਣ ਤੇ ਗੁੜ ਦੀ ਮੰਡੀ ਸਥਾਪਤ ਹੋ ਗਈ। ਹਲਵਾਈਆਂ ਨੇ ਇਕ ਖ਼ਾਸ ਕਿਸਮ ਦੀ ਬੂੰਦੀ ਜੋ ਗੁੜ ਤੇ ਦੇਸੀ ਘਿਉ ਨਾਲ ਬਣਦੀ ਸੀ, ਬਣਾਉਣੀ ਸ਼ੁਰੂ ਕਰ ਦਿੱਤੀ। ਦਰਿਆ ਦੇ ਕੰਢੇ ਕਈ ਮਲਾਹ ਆਣ ਵੱਸੇ। ਬੇਟ ਵਿਚ ਉੱਗੇ ਸਰਕੰਡੇ ਤੇ ਹੋਰ ਘਾਹ ਤੋਂ ਫੂਹੜ, ਮੂਹੜੀ, ਸੁਤੜੀ ਤੇ ਸਣ ਦੇ ਧੰਦੇ ਸ਼ੁਰੂ ਹੋ ਗਏ ਤੇ ਰੱਸੇ ਰੱਸੀਆਂ ਵੱਟੇ ਜਾਣ ਲੱਗੇ। ਇਸ ਤਰ੍ਹਾਂ ਗੁਰੁ ਜੀ ਨੇ ਬਿਆਸ ਦਰਿਆ ਕੰਢੇ ਗੋਇੰਦਵਾਲ ਨਗਰ ਵਸਾ ਕੇ ਇਕ ਨਵੇਂ ਸਭਿਆਚਾਰ ਦੇ ਨਾਲ ਸਿੱਖ ਪੰਥ ਨੂੰ ਆਰਥਿਕ ਖੁਸ਼ਹਾਲੀ ਵੀ ਦਿੱਤੀ।

2.2 ਗੁਰੂ ਸਾਹਿਬਾਨ ਦੇ ਗੁਰਪੁਰਬ ਮਨਾਉਣ ਦੀ ਪਰੰਪਰਾ ਸਥਾਪਿਤ ਕਰਨੀ ਸ੍ਰੀ ਗਰੂੁ ਅਮਰਦਾਸ ਜੀ ਨੇ ਪਹਿਲੇ ਦੋ ਗੁਰੂ ਸਾਹਿਬਾਨ ਦੇ ਗੁਰਪੁਰਬ ਮਨਾਉਣ ਦੀ ਰੀਤ ਤੋਰੀ ਸੀ। ਜਦੋਂ ਗੁਰੂੁ ਅਮਰਦਾਸ ਪਾਤਸ਼ਾਹ ਜੀ ਨੂੰ ਖਡੂਰ ਸਾਹਿਬ ਗੁਰਿਆਈ ਪ੍ਰਾਪਤੀ ਪਿਛੋਂ ਗੋਇੰਦਵਾਲ ਸਾਹਿਬ ਆਉਣ ਲੱਗੇ ਤਾਂ ਉਦੋਂ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਗੁਰਪੁਰਬ ਸੀ। ਆਪ ਜੀ ਗੁਰਪੁਰਬ ਮਨਾ ਕੇ ਹੀ ਗੋਇੰਦਵਾਲ ਆਏਸਨ। ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਵਿਚ ਇਸ ਦਾ ਜ਼ਿਕਰ ਇਵੇਂ ਮਿਲਦਾ ਹੈ:

ਗੁਰਪੁਰਬ ਆਦਿ ਕਰਿਕੈ ਖਡੂਰ॥ ਗੋਇੰਦਵਾਲ ਪਹੁੰਚੇ ਹਦੂਰ॥

2.3 ਮੰਜੀ ਸੰਸਥਾ ਜਿਵੇਂ ਜਿਵੇਂ ਪੰਥ ਦਾ ਵਿਕਾਸ ਹੁੰਦਾ ਗਿਆ ਤਿਵੇਂ-ਤਿਵੇਂ ਪੰਥ ਅੰਦਰ ਗੁਰੂ ਸਾਹਿਬਾਨ ਨੇ ਨਵੇਂ ਪ੍ਰਬੰਧ ਅਤੇ ਸੰਸਥਾਵਾਂ ਨੂੰ ਪ੍ਰਗਟ ਕੀਤਾ। ਸ੍ਰੀ ਗੁਰੂ ਅਮਰਦਾਸ ਜੀ ਨੇ ਜਿਹੜੀ ਸੰਸਥਾ ਪ੍ਰਗਟ ਕੀਤੀ ਉਹ ਮੰਜੀ ਸੰਸਥਾ ਸੀ। ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਵਿਚ ਇਸ ਬਾਰੇ ਇਸ ਤਰ੍ਹਾਂ ਜ਼ਿਕਰ ਹੈ-

ਦ੍ਵੈ ਬਿੰਸਤ ਦਿੱਲੀ ਉਮਰਾਵ॥ ਤਿਤੇ ਸਿਖ ਮੰਜੀ ਸੁ ਬਿਠਾਵ॥

ਮੰਜੀ ਪ੍ਰਬੰਧ ਦੀ ਸਥਾਪਨਾ ਸਮਕਾਲੀ ਲੋੜ ਵਿਚੋਂ ਪੈਦਾ ਹੋਈ ਸੀ। ਇਹ ਗੁਰੂ ਅਮਰਦਾਸ ਜੀ ਦੇ ਥਾਉਂ-ਥਾਈਂ ਸਥਾਪਿਤ ਕੀਤੇ ਸਿੱਖੀ ਦੇ ਪ੍ਰਚਾਰ ਕੇਂਦਰ ਸਨ ਜਿਨ੍ਹਾਂ ਦੀ ਗਿਣਤੀ ਬਾਈ (22) ਸੀ। ਇਹ ਇਕ ਤਰ੍ਹਾਂ ਦਾ ਅਹੁਦਾ ਸੀ ਤੇ ਅਧਿਕਾਰ ਪਖੋਂ ਸਿਖ ਪੰਥ ਵਿਚ ਗੁਰੁ ਅਮਰਦਾਸ ਜੀ ਵੱਲੋਂ ਸਿੱਖਾਂ ਨੂੰ ਬਖਸ਼ਿਆ ਜਾਣ ਵਾਲਾ ਸਭ ਤੋਂ ਵੱਡਾ ਸਤਿਕਾਰਤ ਸਨਮਾਨ ਸੀ।  ਮੰਜੀ ਸੰਸਥਾ ਨੇ ਸਿੱਖੀ ਦਾ ਪ੍ਰਚਾਰ ਪਿੰਡਾਂ ਦੀਆਂ ਸੱਥਾਂ ਵਿਚ ਲੈ ਆਂਦਾ ਸੀ।

2.4 ਵਰਣ ਵੰਡ ਦਾ ਭਰਮ ਤੋੜਿਆ ਬ੍ਰਾਹਮਣ ਦੁਆਰਾ ਸਥਾਪਿਤ ਵਰਣ ਵੰਡ ਨੂੰ ਤੋੜ ਕੇ ਗੁਰੂ ਸਾਹਿਬ ਨੇ ਸਮਾਜ ਵਿਚ ਇਕਸਾਰਤਾ ਲਿਆਉਣ ਦਾ ਜਤਨ ਕੀਤਾ। ਗੁਰੂ ਸਾਹਿਬ ਅਨੁਸਾਰ ਸਾਰੇ ਅਖੌਤੀ ਵਰਣ ਇਕੋ ਪਰਮਾਤਮਾ ਦੇ ਹੀ ਰੂਪ ਹਨ-

ਵਰਨ ਰੂਪ ਵਰਤਹਿ ਸਭ ਤੇਰੇ॥ ਮਰਿ ਮਰਿ ਜੰਮਹਿ ਫੇਰ ਪਵਹਿ ਘਣੇਰੇ॥

ਸ੍ਰੀ ਗੁਰੂੁ ਅਮਰਦਾਸ ਜੀ ਨੇ ਜਾਤ ਦਾ ਹੰਕਾਰ ਕਰਨ ਵਾਲਿਆਂ ਨੂੰ ਮੂਰਖ ਕਿਹਾ ਅਤੇ ਸਿੱਖਿਆ ਦਿੱਤੀ ਕਿ ਜਾਤ ਦੇ ਹੰਕਾਰ ਕਰਕੇ ਮਨੁੱਖ ਅੰਦਰ ਕਈ ਵਿਕਾਰ ਜਨਮ ਲੈਂਦੇ ਹਨ-

ਜਾਤਿ ਕਾ ਗਰੁਬ ਨ ਕਰਿ ਮੂਰਖ ਗਵਾਰਾ॥ ਇਸੁ ਗਰਬੁ ਤੇ ਚਲਹਿ ਬਹੁਤੁ ਵਿਕਾਰਾ॥

2.5 ਬਉਲੀ ਦਾ ਨਿਰਮਾਣ ਗੁਰੁੂ ਸਾਹਿਬਾਨ ਵੱਲੋਂ ਕਰਵਾਏ ਗਏ ਹਰੇਕ ਕਾਰਜ ਅਤੇ ਪ੍ਰਗਟ ਕੀਤੀ ਗਈ ਹਰੇਕ ਸੰਸਥਾ ਪਿੱਛੇ ਗੁੱਝਾ ਕਾਰਨ ਅਤੇ ਉਦੇਸ਼ ਛੁਪਿਆ ਹੋਇਆ ਹੈ। ਹਰੇਕ ਕਾਰਜ ਅਤੇ ਸੰਸਥਾ ਸਿਧਾਂਤਬਧ ਤਰੀਕੇ ਨਾਲ ਮਨੁੱਖੀ ਜੀਵਾਂ ਦੇ ਹਲਤ ਪਲਤ ਨਾਲ ਸੰਬੰਧਿਤ ਹੈ। ਅਜਿਹਾ ਹੀ ਕਰਵਾਇਆ ਗਿਆ ਇਕ ਕਾਰਜ ਬਉਲੀ ਸਾਹਿਬ ਹੈ। ਗੁਰੂ ਅਮਰਦਾਸ ਜੀ ਨੇ ਸਮਾਜ ਅੰਦਰ ਫੈਲੀ ਵਰਣ ਵੰਡ ਨੂੰ ਬਾਣੀ ਰਾਹੀਂ ਤੋੜਿਆ, ਉਥੇ ਹੀ ਇਸ ਨੂੰ ਵਿਵਹਾਰਕ ਰੂਪ ਵਿਚ ਤੋੜਨ ਲਈ ਬਉਲੀ ਦਾ ਨਿਰਮਾਣ ਕਰਵਾਇਆ। ਉਸ ਸਮੇਂ ਦੇ ਸਮਾਜ ਵਿਚ ਪਾਣੀ ਦੀ ਵੀ ਭਿੱਟ ਸੀ। ਬ੍ਰਾਹਮਣਵਾਦ ਨੇ ਵਰਣ ਵੰਡ ਅਨੁਸਾਰ ਹੀ ਪਾਣੀ ਦੇ ਸਰੋਤ ਨਿਸ਼ਚਿਤ ਕਰ ਦਿੱਤੇ ਸਨ। ਇਹ ਪਾਣੀ ਦੀ ਭਿੱਟ ਵਗਦੇ ਪਾਣੀ ਦੀ ਬਜਾਏ ਖਲੋਤੇ ਪਾਣੀ ਵਿਚ ਜ਼ਿਆਦਾ ਮੰਨੀ ਜਾਂਦੀ ਸੀ । ਸ੍ਰੀ ਗੁਰੂੁ ਅਮਰਦਾਸ ਜੀ ਨੇ ਦੇਖਿਆ ਕਿ ਸੰਗਤ, ਲੰਗਰ ਅਤੇ ਪੰਗਤ ਦੀ ਸੰਸਥਾ ਨੇ ਖਾਣ-ਪੀਣ, ਉਠਣ-ਬੈਠਣ, ਊਚ-ਨੀਚ ਦੀ ਭਿੱਟ ਤਾਂ ਖਤਮ ਕਰ ਦਿੱਤੀ, ਪਰ ਪਾਣੀ ਦੀ ਭਿੱਟ ਦਾ ਵਹਿਮ ਸਾਰਿਆਂ ਵਰਣਾਂ ਦੇ ਲੋਕਾਂ ਨੂੰ ਇਕ ਥਾਂ ਖਲੋਤੇ ਜਲ ਵਿਚ ਇਸ਼ਨਾਨ ਕਰਾ ਕੇ ਖਤਮ ਕੀਤਾ ਜਾ ਸਕਦਾ ਹੈ। ਇਸ ਕਰਕੇ ਗੁਰੂੁ ਸਾਹਿਬ ਨੇ ਬਉਲੀ ਬਣਾਉਣ ਦੀ ਸੇਵਾ ਸ਼ੁਰੂ ਕਰਵਾਈ। ਕਵੀ ਸੰਤ ਰੇਣ ਪ੍ਰੇਮ ਸਿੰਘ ਅਨੁਸਾਰ ਗੁਰੂ ਜੀ ਨੇ ਕੱਤਕ ਦੀ ਪੰਨਿਆ ਵਾਲੇ ਦਿਨ ਬਉਲੀ ਦਾ ਟੱਕ ਲਾ ਕੇ ਇਸ ਦੀ ਸੇਵਾ ਆਰੰਭੀ:

ਸੰਮਤ ਵਸੂ ਗ੍ਰਹਿ ਜਬ ਆਯੋ॥ ਕਾਤਕ ਪੁੰਨਮ ਪੁਰਬ ਸੁਹਾਯੋ॥ ਸ੍ਰੀ ਗੁਰ ਨੇ ਅਸ ਪੁਰਬ ਨਿਹਾਰਾ॥ ਨਿਕਸੇ ਵਹਿਰ ਅਨੰਦ ਉਦਾਰਾ॥

ਬਉਲੀ ਦੀ ਸੇਵਾ ਦਾ ਇਕ ਹੋਰ ਪੱਖ ਵੀ ਸੀ ਕਿ ਸ੍ਰੀ ਗੁਰੂੁ ਅਮਰਦਾਸ ਜੀ ਦੁਆਰਾ ਗੁਰ ਜੋਤਿ ਨੂੰ ਯੋਗ ਹਿਰਦੇ ਅੰਦਰ ਟਿਕਾਉਣ ਲਈ ਸਰੀਰ ਦੀ ਚੋਣ ਵੀ ਬਉਲੀ ਦੀ ਕਾਰ ਸੇਵਾ ਦੌਰਾਨ ਹੀ ਨਿਰਧਾਰਿਤ ਹੋਈ ਸੀ। ਸ੍ਰੀ ਗੁਰੂ ਰਾਮਦਾਸ ਜੀ ਉਹ ਸੇਵਾ ਭਾਈ ਜੇਠਾ ਜੀ ਦੇ ਰੂਪ ਵਿਚ ਕਰ ਰਹੇ ਸਨ।ਗੁਰੁ ਜੀ ਨੇ  ਇਸ ਬਉਲੀ ਰਾਹੀ ਬ੍ਰਾਹਮਣਵਾਦ ਦੀ ਸਥਾਪਿਤ ਕੀਤੀ ਵਰਣ ਵੰਡ ਹੀ ਖਤਮ ਨਹੀਂ ਕੀਤੀ ਸਗੋਂ ਬਉਲੀ ਵਿਚ ਇਸ਼ਨਾਨ ਕਰਨ ਵਾਲਿਆਂ ਦੀ ਆਵਾਗਵਣ ਦੀ ਚੁਰਾਸੀ ਵੀ ਕੱਟ ਦਿੱਤੀ ਸੀ। ਕਵੀ ਸੰਤੋਖ ਸਿੰਘ ਲਿਖਦੇ ਹਨ:

ਬਾਰਿ ਚੁਰਾਸੀ ਕਰਹਿ ਸਨਾਨ॥ ਇਤਨੇ ਜਪੁਜੀ ਪਾਠ ਬਖਾਨ॥ ਸਤਿਗੁਰ ਮੂਰਤਿ ਕਰਿਕੈ ਧਯਾਨ॥ ਮਿਟਹਿ ਚੁਰਾਸੀ ਆਵਨਿ ਜਾਨਿ॥

ਇਸ ਤਰ੍ਹਾਂ ਸ੍ਰੀ ਗੁਰੁ ਅਮਰਦਾਸ ਜੀ ਨੇ ਬਉਲੀ ਸਾਹਿਬ ਰਚ ਕੇ ਜੀਵਾਂ ਉਪਰ ਮਹਾਨ ਪਰਉਪਕਾਰ ਕੀਤਾ ਹੈ।

2.6 ਇਸਤਰੀਆਂ ਦੀ ਪਰਦੇ ਦੀ ਰੀਤ ਖਤਮ ਕਰਨੀ ਸਮਾਜ ਦੀਆਂ ਬਾਕੀ ਕੁਰੀਤੀਆਂ ਵਾਂਗ ਇਸਤਰੀ ਨੂੰ ਪਰਦੇ (ਘੁੰਡ) ਵਿਚ ਰੱਖਣਾ ਵੀ ਇਕ ਸਮਾਜਕ ਕੁਰੀਤੀ ਸੀ। ਇਹ ਕੁਰੀਤੀ ਮਰਦ ਅਤੇ ਔਰਤ ਵਿਚਇਕ ਵੱਡਾ ਵਿਤਕਰਾ ਪੈਦਾ ਕਰਦੀ ਸੀ। ਗੁਰੂੁ ਜੀ ਨੇ ਗੁਰ ਦਰਬਾਰ ਅੰਦਰ ਔਰਤਾਂ ਨੂੰ ਘੁੰਡ ਕੱਢ ਕੇ ਰੱਖਣ ਤੋਂ ਮਨ੍ਹਾਂ ਕੀਤਾ ਸੀ। ਇਕ ਵਾਰ ਹਰੀਪੁਰ ਦੇ ਰਾਜੇ ਦੀ ਰਾਣੀ ਗੁਰੂ ਜੀ ਦੇ ਦਰਸ਼ਨ ਕਰਨਾ ਚਾਹੁੰਦੀ ਸੀ ਪਰ ਗਰੂ ਜੀ ਨੇ ਕਿਹਾ ਕਿ ਸਫ਼ੈਦ ਕੱਪੜੇ ਪਹਿਨ ਕੇ ਬਿਨ੍ਹਾਂ ਘੁੰਡ ਤੋਂ ਦਰਸ਼ਨ ਕਰਨ। ਕਵੀ ਸੰਤੋਖ ਸਿੰਘ ਲਿਖਦੇ ਹਨ-

ਸਭਿ ਸੋਂ ਕਹਹੁ ਸ੍ਵੈਤ ਕਰ ਪੋਸ਼ਸ਼ ਕੋ ਨਹੀਂ ਛਪਾਵਹਿ ਕੋਇ॥

ਪਰ ਉਹ ਰਾਣੀ ਗਰੂ ਜੀ ਦੀ ਆਗਿਆ ਦੇ ਉਲਟ ਪਰਦਾ ਕਰਕੇ ਆ ਗਈ। ਗੁਰੂੁ ਜੀ ਨੇ ਕਿਹਾ ਕਿ ਇਹ ਝੱਲੀ ਕੌਣ ਹੈ? ਉਹ ਉਸ ਵੇਲੇ ਝੱਲੀਹੋ ਗਈ। ਸੰਗਤ ਨੇ ਉਸ ਰਾਣੀ ਦੀ ਭੁੱਲ ਬਖਸ਼ਾਈ। ਇਸ ਸਾਖੀ ਤੋਂ ਬਾਅਦ ਸਿੱਖ ਬੀਬੀਆਂ ਵਿਚੋਂ ਪਰਦੇ ਦੀ ਰਸਮ ਬਿਲਕੁਲ ਖਤਮ ਹੋ ਗਈ ਸੀ।

2.7 ਪੰਗਤ ਰਾਹੀਂ ਊਚ-ਨੀਚ ਤੋੜਨੀ ਉਸ ਸਮੇਂ ਦੇ ਸਮਾਜ ਅੰਦਰ ਇਕ ਪੰਗਤ ਵਿਚ ਬੈਠ ਕੇ ਪਰਸ਼ਾਦਾ ਛਕਣ ਦੀ ਵੀ ਊਚ-ਨੀਚ ਦੀ ਭਿੱਟ ਸੀ। ਇਸ ਬੁਰਾਈ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਹੀ ਤੋੜ ਦਿੱਤਾ ਸੀ। ਸ੍ਰੀ ਗਰੂੁ ਅਮਰਦਾਸ ਜੀ ਨੇ ਅਜਿਹੀ ਬੁਰਾਈ ਨੂੰ ਖਤਮ ਕਰਨ ਲਈ ਸੰਗਤ ਨੂੰ ਵਿਸ਼ੇਸ਼ ਹੁਕਮ ਕੀਤਾ ਕਿ ‘ਪਹਿਲੇ ਪੰਗਤ ਪਾਛੈ ਸੰਗਤ’ ਭਾਵ ਕਿ ਸਾਡੇ ਦਰਸ਼ਨਾਂ ਤੋਂ ਪਹਿਲਾਂ ਹਰੇਕ ਪ੍ਰਾਣੀ ਨੂੰ ਲੰਗਰ ਵਿਚੋਂ ਪ੍ਰਸ਼ਾਦਾ ਛਕਣਾ ਪਵੇਗਾ। ਇਸ ਨਾਲ ਇਕੋ ਪੰਗਤ ਵਿਚ ਰਾਣਾ ਰੰਕ ਬਰਾਬਰ ਬੈਠ ਕੇ ਪ੍ਰਸ਼ਾਦਾ ਛਕ ਰਹੇ ਸਨ।

2.8 ਸਤੀ ਪ੍ਰਥਾ ਬੰਦ ਕਰਵਾਉਣੀ ਮੱਧਕਾਲੀਨ ਸਮਾਜ ਅੰਦਰ ਪਤੀ ਦੀ ਮ੍ਰਿਤਕ ਦੇਹ ਨਾਲ ਵਿਧਵਾ ਇਸਤਰੀ ਦੇ ਸੜ ਮਰਨ ਦਾ ਭੈੜਾ ਰਿਵਾਜ ਸੀ। ਸ੍ਰੀ ਗੁਰੁ ਅਮਰਦਾਸ ਜੀ ਨੇ ਸਿਰਫ ਸਤੀ ਪ੍ਰਥਾ ਦੇ ਵਿਰੋਧ ਕਰਕੇ ਇਸ ਨੂੰ ਖਤਮ ਹੀ ਨਹੀਂ ਕੀਤਾ ਸਗੋਂ ਸਤੀ ਦੇ ਅਰਥ ਵੀ ਬਦਲ ਦਿੱਤੇ। ਗੁਰੂ ਜੀ ਕਹਿਣ ਲੱਗੇ ਕਿ ਜਿਹੜੀ ਇਸਤਰੀ ਪਤੀ ਦੇ ਮਰਨ ਤੇ ਪਤੀ ਯਾਦ, ਪਿਆਰ ਨੂੰ ਵਿਸਾਰਦੀ ਨਹੀਂ, ਉਹ ਸਤੀ ਹੈ:

ਸਤੀਆ ਏਹਿ ਨ ਆਖੀਅਨਿ ਜੋ ਮੜਿਆ ਲਗਿ ਜਲੰਨਿ੍॥ ਨਾਨਕ ਸਤੀਆ ਜਾਣੀਅਨਿ੍ ਜਿ ਬਿਰਹੇ ਚੋਰ ਮਰੰਨਿ੍॥

2.9 ਜੰਮਦੀਆਂ ਧੀਆਂ ਨੂੰ ਮਾਰਨ ਦਾ ਰਿਵਾਜ ਮੱਧਕਾਲੀਨ ਸਮਾਜ ਅੰਦਰ ਇਕ ਬੁਰਾਈ ਕੁੜੀਆਂ ਨੂੰ ਜੰਮਦਿਆਂ ਮਾਰਨ ਦੀ ਸੀ। ਇਸ ਲਈ ਕਈ ਤਰੀਕੇ ਵਰਤੇ ਜਾਂਦੇ ਸਨ। ਸ੍ਰੀ ਗੁਰੂ ਅਮਰਦਾਸ ਜੀ ਨੇ ਸਿੱਖਾਂ ਨੂੰ ਕੁੜੀ ਮਾਰ ਨਾਲ ਸਾਂਝ ਰੱਖਣ ਤੋਂ ਵਰਜਿਆ ਅਤੇ ਪ੍ਰਚਾਰ ਰਾਹੀਂ ਇਸ ਕੁਰੀਤੀ ਨੂੰ ਖਤਮ ਕਰਨ ਦਾ ਜਤਨ ਕੀਤਾ। ਗੁਰੁ ਜੀ ਨੇ ਆਪਣੀ ਬਾਣੀ ਰਾਹੀਂ ਇਸ ਕੁਰੀਤੀ ਵਿਰੁੱਧ ਇਸ ਤਰ੍ਹਾਂ ਅਵਾਜ਼ ਉਠਾਈ-

ਬ੍ਰਹਮਣ ਕੈਲੀ ਘਾਤੁ ਕੰਞਕਾ ਅਣਚਾਰੀ ਕਾ ਧਾਨੁ॥ ਫਿਟਕ ਫਿਟਕਾ ਕੋੜੁ ਬਦੀਆ ਸਦਾ ਸਦਾ ਅਭਿਮਾਨੁ॥

2.10 ਗੁਰੂ ਜੀ ਨੇ ਆਪਣੇ ਜੀਵਨ ਰਾਹੀਂ ਸਿੱਖਾਂ ਨੂੰ ਸੰਜਮ ਦਿੱਤਾ ਸੰਜਮ ਮਨੁੱਖ ਦੇ ਮਨੋਵੇਗਾਂ, ਵਿਕਾਰਾਂ ਤੇ ਕਾਬੂ ਪਾਉਣ ਦਾ ਬਿਹਤਰ ਗੁਣ ਹੈ। ਸੰਜਮ ਇਤਨਾ ਵੱਡਾ ਗੁਣ ਹੈ ਕਿ ਸੰਜਮੀ ਮਨੁਖ ਦਾ ਆਵਾਗਵਣ ਕੱਟਿਆ ਜਾਂਦਾ ਹੈ:

ਸਚੁ ਸੰਜਮੁ ਕਰਣੀ ਕਿਰਤਿ ਕਮਾਵਹਿ ਆਵਣੁ ਜਾਣੁ ਰਹਾਈ॥

ਗੁਰੂ ਲੰਗਰ ਅੰਦਰ ਗੁਰੁ ਜੀ ਨੇ ਅਨਾਜ ਭੰਡਾਰ ਕਰਨ ਤੋਂ ਰੋਕਿਆ ਸੀ। ਉਸ ਸਮੇਂ ਅਨਾਜ ਦੀ ਕਮੀ ਸੀ ਤੇ ਅਨਾਜ ਨੂੰ ਭੰਡਾਰ ਕਰਨ ਦਾ ਭਾਵ ਕਈਆਂ ਨੂੰ ਭੁੱਖੇ ਰੱਖਣਾ ਸੀ। ਲੰਗਰ ਵਿਚ ਅਨਾਜ ਹਰ ਰੋਜ਼ ਨਵਾਂ ਆਉਂਦਾ ਸੀ। ਇਹ ਸੰਜਮ ਦੀ ਹੀ ਨਿਸ਼ਾਨੀ ਹੈ।

ਦੁਤਿਯ ਰਹਹਿ ਨਹਿਂ ਸਦਨ ਮੈ ਐਸੇ ਕਹਿ ਦੀਨਾ॥ ਖੈਬੇ ਹੇਤ ਜੁ ਅਮਨ ਹੁਇ ਨਿਤਿ ਆਇ ਨਵੀਨਾ॥

ਇਹ ਸੰਜਮ ਸੰਗਤਾਂ ਦੀਆਂ ਭੇਟਾਵਾਂ ਤੇ ਵੀ ਲਾਗੂ ਸੀ, ਜਿਸ ਵਿਚ ਗੁਰੂੁ ਜੀ ਕੇਵਲ ਇਕ ਦਿਨ ਦੇ ਖਰਚ ਜਿੰਨੀ ਹੀ ਭੇਟਾ ਲੈਂਦੇ ਸਨ:

ਏਕ ਦਿਵਸ ਕੇ ਖਰਚਿ ਕੋ ਲੇਵਂਹਿ ਤਿਨ ਪਾਸੇ॥ ਔਰ ਹਟਾਇ ਸੁ ਦੇਤਿ ਤਿਨ ਨਂਹਿ ਰਖਹਿਂ ਅਵਾਸੇ॥

ਗਰੂੁ ਜੀ ਦਾ ਇਹ ਵਿਵਹਾਰ ਸਿੱਖਾਂ ਅੰਦਰ ਸੰਜਮ ਕਾਇਮ ਕਰਨ ਲਈ ਸੀ।

2.11 ਟੈਕਸ ਨਾ ਦੇ ਕੇ ਸਿੱਖ ਪੰਥ ਦੇ ਨਿਆਰੇਪਨ ਅਤੇ ਨਿਰਭੈਤਾ ਨੂੰ ਹਕੂਮਤ ਅੱਗੇ ਰੱਖਣਾ ਪ੍ਰਚਾਰ ਦੌਰੇ ਦੌਰਾਨ ਗੁਰੁੂ ਜੀ ਜਦ ਜਮਨਾ ਨਦੀ ਪਾਰ ਕਰਨ ਲੱਗੇ ਤਾਂ ਜਗਾਤੀ ਟੈਕਸ ਵਸੂਲਣ ਲਈ ਆ ਪਹੁੰਚੇ। ਪਰ ਸਿੱਖ ਪੰਥ ਦੀ ਮਹਿਮਾ ਅਤੇ ਨਿਆਰੇਪਨ ਨੂੰ ਦੇਖ ਕੇ ਉਹ ਡਰ ਗਏ। ਉਨ੍ਹਾਂ ਨੇ ਸਿੱਖ ਸੰਗਤ ਕੋਲੋਂ ਜ਼ਜੀਆ ਨਾ ਲਿਆ, ਸਗੋਂ ਗੁਰੂੁ ਜੀ ਦੇ ਚਰਨਾਂ ਤੇ ਢਹਿ ਪਏ। ਕਵੀ ਸੰਤੋਖ ਸਿੰਘ ਲਿਖਦੇ ਹਨ-

ਤ੍ਰਾਸਤ ਭਏ ਜਗਾਤੀ ਹੇਰ॥ਨਹੀ ਜੇਜਵਾ ਲੀਨਸਿ ਘੇਰ॥ ਡਰ ਕਰਿ ਨਮੋ ਕਰੀ ਪਗ ਆਇ॥ ਹਾਥ ਜੋਰ ਬੋਲੇ ਹਿਤ ਪਾਇ॥

ਸ੍ਰੀ ਗੁਰੂੁ ਰਾਮਦਾਸ ਜੀ ਆਪਣੀ ਬਾਣੀ ਵਿਚ ਜ਼ਿਕਰ ਕਰਦੇ ਹਨ ਕਿ ਗੁਰੁ ਜੀ ਨੇ ਜਮਨਾ ਪਾਰ ਕਰਨ ਸਮੇਂ ਅਤੇ ਗੰਗਾ ਕੰਢੇ ਜਾਗਾਤੀਆਂ ਨੂੰ ਕੋਈ ਟੈਕਸ ਨਾ ਦਿੱਤਾ। ਗੰਗਾ ਦੇ ਕੰਢੇ ਜਾਗਾਤੀਆਂ ਦੇ ਚਲੇ ਜਾਣ ਦਾ ਜ਼ਿਕਰ ਗਰੂ ਜੀ ਨੇ ਬਾਣੀ ਵਿਚ ਇਸ ਤਰ੍ਹਾਂ ਕੀਤਾ ਹੈ-

ਜਾਗਾਤੀਆ ਉਪਾਵ ਸਿਆਣਪ ਕਰਿ ਵੀਚਾਰੁ ਡਿਠਾ ਭੰਨਿ ਬੋਲਕਾ ਸਭਿ ਉਠਿ ਗਇਆ॥

ਜਜੀਆ ਦੇਣਾ ਗੁਲਾਮੀ ਦਾ ਪ੍ਰਤੀਕ ਸੀ ਅਤੇ ਜਜੀਆ ਨਾ ਦੇਣਾ ਸਿੱਖ ਪੰਥ ਦੇ ਪਾਤਸ਼ਾਹੀ ਦਾਅਵੇ ਦਾ ਪ੍ਰਤੀਕ ਸੀ।

2.12 ਗੁਰੂ ਜੀ ਨੇ ਬਾਣੀ ਰਾਹੀਂ ਸਿੱਖਾਂ ਨੂੰ ਰਾਜਨੀਤਿਕ ਮਾਡਲ ਦਿੱਤਾ ਸ੍ਰੀ ਗੁਰੂ ਅਮਰਦਾਸ ਜੀ ਨੇ ਸਿੱਖਾਂ ਨੂੰ ਦੱਸਿਆ ਕਿ ਅਕਾਲ ਪੁਰਖ ਦਾ ਰਾਜ ਸਦਾ ਰਹਿਣ ਵਾਲਾ ਹੈ। ਉਸਨੂੰ ਨਾ ਕੋਈ ਰਾਜ ਦਿੰਦਾ ਹੈ ਨਾ ਕੋਈ ਰਾਜ ਖੋਹ ਸਕਦਾ ਹੈ:

ਨਿਹਚਲ ਰਾਜੁ ਹੈ ਸਦਾ ਤਿਸੁ ਕੇਰਾ ਨਾ ਆਵੈ ਨਾ ਜਾਈ॥

ਉਸ ਅਕਾਲ ਪੁਰਖ ਤੋਂ ਬਿਨਾਂ ਸਾਡਾ ਹੋਰ ਕੋਈ ਰਾਜਾ ਨਹੀਂ ਹੈ:

ਤਿਸੁ ਬਿਨੁ ਅਵਰੁ ਨ ਕੋਈ ਰਾਜਾ ਕਰਿ ਤਪਾਵਸੁ ਬਣਤ ਬਣਾਈ॥

ਸਿੱਖ ਉਸ ਅਕਾਲ ਪੁਰਖ ਦੇ ਹੁਕਮ ਨੂੰ ਮੰਨਦਾ ਹੈ ਜਿਹੜਾ ਜੁਗਾਂ ਜੁਗਾਂ ਤੋਂ ਇਸ ਧਰਤੀ ਤੇ ਲਾਗੂ ਹੈ-

ਏਕੋ ਅਮਰੁ ਏਕਾ ਪਤਿਸਾਹੀ ਜੁਗੁ ਜੁਗੁ ਸਿਰਿ ਕਾਰ ਬਣਾਈ ਹੇ॥

ਇਸ ਕਰਕੇ ਸਿੱਖਾਂ ਲਈ ਸੱਚੀ ਸਰਕਾਰ ਵਾਹਿਗੁਰੂ ਹੀ ਹੈ।

ਹਰਿ ਜੀਉ ਕੀ ਹੈ ਸਭ ਸਿਰਕਾਰਾ॥

ਇਸ ਤਰ੍ਹਾਂ ਗੁਰੂੁ ਪਾਤਸ਼ਾਹ ਨੇ ਲੁਕਾਈ ਨੂੰ ਹਕੂਮਤੀ ਹੁਕਮ ਦੀ ਥਾਂ ਵਾਹਿਗੁਰੂ ਦੇ ਅਟੱਲ ਹੁਕਮ ਨੂੰ ਮੰਨਣ ਲਈ ਕਿਹਾ, ਜਿਸ ਹੁਕਮ ਨੂੰ ਮੰਨ ਕੇ ਹੀ ਸੁਖ ਪ੍ਰਾਪਤ ਹੁੰਦਾ ਹੈ।

2.13 ਪਿੰਡਾਂ ਵਿਚ ਧਰਮਸਾਲਾਵਾਂ ਦੀ ਸਥਾਪਨਾ ਕਰਵਾਉਣਾ ਸ੍ਰੀ ਗੁਰੂ ਅਮਰਦਾਸ ਜੀ ਦੇ ਦੋ ਸਿੱਖ ਭਾਈ ਫਿਰਯਾ ਤੇ ਕਟਾਰਾ ਜੀ ਗੁਰੁ ਜੀ ਦੇ ਦਰਸ਼ਨਾਂ ਲਈ ਆਏ। ਗੁਰੁ ਜੀ ਨੇ ਉਨ੍ਹਾਂ ਨੂੰ ਪੁਛਿਆ ਕਿ ਤੁਹਾਡੇ ਇਲਾਕੇ ਵਿਚ ਕਿਸ ਮਤ ਦਾ ਉਪਦੇਸ਼ ਹੈ। ਉਹ ਕਹਿਣ ਲੱਗੇ ਕਿ ਸਾਡੇ ਇਲਾਕੇ ਵਿਚ ਕੰਨ ਪਾਟੇ ਜੋਗੀਆਂ ਦੀ ਪੂਜਾ ਹੁੰਦੀ ਹੈ। ਗੁਰੁ ਜੀ ਨੇ ਇਨ੍ਹਾਂ ਦੋਵਾਂ ਸਿੱਖਾਂ ਨੂੰ ਕਿਹਾ ਕਿ ਤੁਸੀਂ ਹੁਣੇ ਆਪਣੇ ਇਲਾਕੇ ਵਿਚ ਜਾਵੋ ਤੇ ਸਤਿਨਾਮ ਦਾ ਉਪਦੇਸ਼ ਦੇਵੋ। ਗੁਰੂ ਜੀ ਨੇ ਕਿਹਾ ਕਿ ਪਿੰਡਾਂ ਵਿਚ ਧਰਮਸਾਲਾਵਾਂ ਸਥਾਪਿਤ ਕਰੋ। ਨਾਮ ਦਾਨ ਇਸ਼ਨਾਨ ਦ੍ਰਿੜ ਕਰਵਾ ਕੇ ਸਾਰੇ ਇਲਾਕੇ ਨੂੰ ਪਵਿੱਤਰ ਕਰੋ। ਕਵੀ ਸੰਤੋਖ ਸਿੰਘ ਇਸ ਬਾਰੇ ਲਿਖਦੇ ਹਨ-

ਧਰਮਸਾਲ ਸਭਿ ਗ੍ਰਾਮ ਕਰਾਵਹੁ॥ ਭਜਨ ਕੀਰਤਨ ਕਰਿ ਸੁਖ ਪਾਵਹੁ॥ ਨਾਮ ਦਾਨ ਇਸਨਾਨ ਦ੍ਰਿੜਾਇ॥ ਪਾਵਨ ਦੇਸ ਕਰਹੁ ਸਭਿ ਜਾਇ॥

2.14 ਵਿਸਾਖੀ ਦਾ ਜੋੜ-ਮੇਲ ਸ਼ੁਰੂ ਕਰਾਉਣਾ ਭਾਈ ਪਾਰੋ ਜੀ ਨੇ ਇਕ ਵਾਰ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਸੰਗਤ ਵੱਖ-ਵੱਖ ਜਥਿਆਂ ਵਿਚ ਵੱਖ-ਵੱਖ ਦਿਨ ਆਉਂਦੀ ਹੈ। ਸਾਰੀ ਸੰਗਤ ਲਈ ਸਾਲ ਵਿਚ ਕੋਈ ਇਕ ਦਿਨ ਜੋੜ ਮੇਲ ਦਾ ਹੋਣਾ ਚਾਹੀਦਾ ਹੈ। ਇਸ ਜੋੜ ਮੇਲ ਨਾਲ ਸੰਗਤ ਭਾਈਚਾਰਕ ਤੌਰ ’ਤੇ ਜੁੜੇਗੀ ਤੇ ਸਿੱਖ ਸਮਾਜ ਦੀ ਉਸਾਰੀ ਹੋਰ ਬਿਹਤਰ ਹੋਵੇਗੀ। ਇਸ ਤਰ੍ਹਾਂ ਸਾਰੀ ਸੰਗਤ ਨੂੰ ਸਾਂਝਾ ਉਪਦੇਸ਼ ਵੀ ਦ੍ਰਿੜ ਕਰਵਾਇਆ ਜਾ ਸਕਦਾ ਹੈ। ਸ੍ਰੀ ਗੁਰੂ ਅਮਰਦਾਸ ਜੀ ਨੇ ਭਾਈ ਪਾਰੋ ਨੂੰ ਕਿਹਾ ਕਿ ਸਾਰੇ ਸਿੱਖ ਵਿਸਾਖੀ ਦੇ ਦਿਹਾੜੇ ਤੇ ਗੋਇੰਦਵਾਲ ਇਕੱਤਰ ਹੋਵਣ, ਇਹ ਹੁਕਮ ਸਾਰੀ ਸੰਗਤ ਨੂੰ ਭੇਜੋ:

ਜੋ ਤੁਮ ਚਿਤਵੀ ਮਮ ਚਿਤ ਸੋਏ॥ ਸਗਰੇ ਆਵਹਿ ਦਿਵਸ ਬਸੋਏ॥ ਸਭਿ ਸਿੱਖਨ ਕੋ ਲਿਖਹੁ ਪਠਾਵਹੁ॥ ਗੁਰ ਦਰਸਨ ਕੋ ਇਕਠੇ ਆਵਹੁ॥

ਇਸ ਤਰ੍ਹਾਂ ਵਿਸਾਖੀ ਦਾ ਜੋੜ ਮੇਲਾ ਸ੍ਰੀ ਗਰੂ ਅਮਰਦਾਸ ਜੀ ਨੇ ਆਰੰਭ ਕਰਵਾਇਆ।

2.15 ਕਥਾ ਅਤੇ ਬਾਣੀ ਦੀਆਂ ਪੋਥੀਆਂ ਲਿਖਣ ਦੀ ਪ੍ਰਥਾ ਨੂੰ ਅੱਗੇ ਤੋਰਿਆ ਸ੍ਰੀ ਗਰੂੁ ਅਮਰਦਾਸ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਚਲੀ ਆ ਰਹੀ ਕਥਾ ਪਰੰਪਰਾ ਨੂੰ ਜਾਰੀ ਕਰਵਾਇਆ ਸੀ। ਉਥੇ ਹੀ ਇਸਦੇ ਸੰਬੰਧ ਵਿਚ ਗੁਰਬਾਣੀ ਦੇ ਅਰਥਾਂ ਅਤੇ ਉਤਮ ਫਲ ਸੰਬੰਧੀ ਪੋਥੀ ਵੀ ਲਿਖਵਾਈ ਸੀ। ਇਕ ਵਾਰ ਭਾਈ ਬੂਲਾ ਪਾਂਧਾ ਗੁਰੂ ਅਮਰਦਾਸ ਜੀ ਕੋਲ ਆਇਆ ਤੇ ਕਿਹਾ ਕਿ ਆਪ ਜੀ ਕੋਈ ਉਪਦੇਸ਼ ਦਿਉ, ਜਿਸ ਨਾਲ ਮੇਰਾ ਕਲਿਆਣ ਹੋ ਸਕੇ। ਸਤਿਗੁਰਾਂ ਫੁਰਮਾਇਆ ਕਿ ਗੁਰਬਾਣੀ ਪੜ੍ਹ ਕੇ ਪ੍ਰੇਮ ਸਹਿਤ ਉਸ ਦੀ ਕਥਾ ਸੰਗਤ ਵਿਚ ਕਰੋ। ਸਿੱਖਾਂ ਨੂੰ ਗੁਰਮਤਿ ਦਾ ਮਾਰਗ ਦੱਸਣ ਲਈ ਗੁਰਬਾਣੀ ਦੇ ਉਤਮ ਫ਼ਲ ਸੰਬੰਧੀ ਪੋਥੀ ਲਿਖੋ ਤੇ ਸਿੱਖਾਂ ਵਿਚ ਵੰਡੋ। ਕਵੀ ਸੰਤੋਖ ਸਿੰਘ ਅਨੁਸਾਰ:

ਸਤਿ ਸੰਗਤਿ ਮਹਿਂ ਕਰਿਹੁ ਸੁਨਾਵਨਿ॥ ਗੁਰਮਤਿ ਸਿੱਖਨ ਕੋ ਸਿਖਰਾਵਨਿ॥ ਪੋਥੀ ਲਿਖਹੁ ਸੁਫਲ ਗੁਰਬਾਨੀ॥ ਗੁਰ ਨਮਿੱਤ ਦੀਜਹਿ ਸਿੱਖ ਜਾਨੀ॥

ਸਾਰੰਸ਼ ਉਪਰੋਕਤ ਤੋਂ ਬਿਨਾਂ ਸ੍ਰੀ ਗੁਰੂ ਅਮਰਦਾਸ ਜੀ ਦੁਆਰਾ ਕਰਵਾਏ ਕਾਰਜਾਂ ਦੀ ਸੂਚੀ ਹੋਰ ਲੰਮੇਰੀ ਹੋ ਸਕਦੀ ਹੈ, ਪਰ ਮਨੁਖੀ ਬੁਧੀ ਦੀ ਸੀਮਾ ਤੁਛ ਹੈ। ‘ਤੂ ਸਮਰਥੁ ਵਡਾ ਮੇਰੀ ਮਤਿ ਥੋਰੀ ਰਾਮ॥’ ਸ੍ਰੀ ਗੁਰੁ ਅਮਰਦਾਸ ਜੀ ਦੁਆਰਾ ਸਿੱਖ ਧਰਮ ਦੇ ਵਿਕਾਸ ਵਿਚ ਪਾਇਆ ਯੋਗਦਾਨ ਬਹੁਤ ਹੀ ਮਹੱਤਵਪੂਰਨ ਅਤੇ ਵਿਸ਼ਾਲ ਹੈ। ਉਨ੍ਹਾਂ ਦੁਆਰਾ ਪਾਏ ਯੋਗਾਦਨ ਨੇ ਸਿੱਖ ਧਰਮ ਨੂੰ ਹੋਰ ਵੀ ਮਜ਼ਬੂਤ ਕੀਤਾ। ਕਲਜੁਗੀ ਜੀਵਾਂ ਪਾਸੋਂ ਸ੍ਰੀ ਗੁਰੂ ਅਮਰਦਾਸ ਜੀ ਦੇ ਪਰਉਪਕਾਰ ਗਿਣਾਏ ਨਹੀਂ ਜਾ ਸਕਦੇ:

ਤਿਤੁ ਕੁਲਿ ਗੁਰ ਅਮਰਦਾਸੁ ਆਸਾ ਨਿਵਾਸੁ ਤਾਸੁ ਗੁਣ ਕਵਣ ਵਖਾਣਉ॥ ਜੋ ਗੁਣ ਅਲਖ ਅਗੰਮ ਤਿਨਹ ਗੁਣ ਅੰਤੁ ਨ ਜਾਣਉ॥