ਜੂਨ 1984 ਵਿਚ ਸ਼੍ਰੀ ਦਰਬਾਰ ਸਾਹਿਬ ਅਤੇ ਸ਼੍ਰੀ ਅਕਾਲ ਤਖਤ ਸਾਹਿਬ, ਅੰਮ੍ਰਿਤਸਰ ਵਿਖੇ ਭਾਰਤੀ ਫੌਜ ਵੱਲੋਂ ਕੀਤਾ ਗਿਆ ਕਹਿਰੀ ਹਮਲਾ ਸਿੱਖ ਸਮੂਹਕ ਯਾਦ ਉੱਤੇ ਅਮਿਟ ਨਿਸ਼ਾਨ ਛੱਡ ਗਿਆ ਹੈ। ਸਿੱਖ ਇਤਿਹਾਸ ਵਿਚ ਵਾਪਰੇ ਦੋ ਮਹਾਂਘਾਣਾਂ, ਜਿਨ੍ਹਾਂ ਨੂੰ ਵੱਡੇ ਅਤੇ ਛੋਟੇ ਘੱਲੂਘਾਰੇ ਦੇ ਨਾਂ ਨਾਲ ਯਾਦ ਕੀਤਾ ਜਾਂਦਾ ਹੈ, ਵਾਙ ਹੀ ਜੂਨ 1984 ਦਾ ਇਹ ਹਮਲਾ ਸਿੱਖਾਂ ਲਈ ਸਭਿਆਚਾਰਕ ਦੁਖਾਂਤ ਦਾ ਰੁਤਬਾ ਰੱਖਦਾ ਹੈ ਜਿਸ ਨੂੰ ਹੁਣ ਸਿੱਖ ਇਤਿਹਾਸ ਦੇ ਤੀਜੇ ਘੱਲੂਘਾਰੇ ਦੇ ਨਾਂ ਨਾਲ ਯਾਦ ਕੀਤਾ ਜਾਂਦਾ ਹੈ।
ਇਸ ਘੱਲੂਘਾਰੇ ਨੂੰ ਵਾਪਰਿਆਂ 28 ਸਾਲ ਬੀਤ ਚੱਲੇ ਹਨ ਤੇ ਸਿੱਖ ਕੌਮ ਇਕ ਪੀੜ੍ਹੀ ਦੀ ਹਥਿਆਰਬੰਦ ਜਦੋ-ਜਹਿਦ ਹੰਢਾਉਣ ਤੋਂ ਬਾਅਦ ਹੁਣ ਫਿਰ ਬੀਤੇ ਦੀ ਪੜਚੋਲ ਕਰਦਿਆਂ, ਵਾਪਰ ਰਹੇ ਨੂੰ ਸਮਝਣ ਅਤੇ ਆਪਣੇ ਚਿਤਵੇ ਭਵਿੱਖ ਨੂੰ ਸਾਕਾਰ ਕਰਨ ਲਈ ਰਾਹ ਲੱਭਣ ਦੇ ਯਤਨ ਕਰ ਰਹੀ ਹੈ। ਜੂਨ ਅਤੇ ਨਵੰਬਰ 1984 ਭਵਿੱਖ ਸਿਰਜਣ ਦੇ ਅਜਿਹੇ ਕਿਸੇ ਵੀ ਯਤਨ ਸੰਬੰਧੀ ਹੋਣ ਵਾਲੀ ਵਿਚਾਰ ਦਾ ਅਹਿਮ ਹਿੱਸਾ ਰਹੇਗਾ। ਇਹ ਉਹ ਘਟਨਾਵਾਂ ਹਨ ਜਿਨ੍ਹਾਂ ਭਾਰਤ ਅਤੇ ਸਿੱਖਾਂ ਦੇ ਸੰਬੰਧਾਂ ਨੂੰ ਮੁਢ ਤੋਂ ਮੁੜ-ਪਰਭਾਸ਼ਤ ਕੀਤਾ ਅਤੇ ਸਿੱਖ ਕੌਮ ਨੂੰ ਭਾਰਤ ਅੰਦਰ ਆਪਣੀ ਹੋਣੀ ਦਾ ਗੰਭੀਰਤਾ ਨਾਲ ਅਹਿਸਾਸ ਕਰਵਾਇਆ।
ਹੁਣ ਜਦੋਂ ਸਿੱਖਾਂ ਦੀ ਨਵੀਂ ਪੀੜ੍ਹੀ ਪਰਵਾਰਕ, ਸਮਾਜਕ ਅਤੇ ਰਾਜਸੀ ਮੰਚ ਉੱਤੇ ਉੱਭਰ ਰਹੀ ਹੈ ਅਤੇ ਸਮੇਂ ਦਾ ਰੌਂ 28 ਵਰ੍ਹਿਆਂ ਵਿਚ ਬਹੁਤ ਬਦਲ ਚੁੱਕਾ ਹੈ ਤਾਂ ਸਿੱਖ ਨੌਜਵਾਨਾਂ ਲਈ ਜੂਨ 1984 ਦੇ ਘੱਲੂਘਾਰੇ ਨੂੰ ਦੇਖਣ ਸਮਝਣ ਦਾ ਆਪਣਾ ਨਜ਼ਰੀਆ ਵਿਕਸਤ ਕਰਨਾ ਜਰੂਰੀ ਹੋ ਗਿਆ ਹੈ ਜਿਸ ਦੀਆਂ ਜੜ੍ਹਾਂ ਸਿੱਖੀ ਅਤੇ ਸਿੱਖ ਵਿਰਸੇ ਵਿਚ ਹੋਣ ਅਤੇ ਹੋ ਅਜੋਕੇ ਹਾਲਾਤਾਂ ਨੂੰ ਧਿਆਨ ਵਿਚ ਰੱਖਦਾ ਹੋਵੇ।
ਇਸੇ ਯਤਨ ਤਹਿਤ “ਸਿੱਖ ਸਿਆਸਤ” ਵੱਲੋਂ ਇਕ ਵਿਸ਼ੇਸ਼ ਲਿਖਤ ਲੜੀ “ਜ਼ਖਮ ਨੂੰ ਸੂਰਜ ਬਣਾਓ …” ਸਿਰਲੇਖ ਹੇਠ ਸ਼ੁਰੂ ਕੀਤੀ ਜਾ ਰਹੀ ਹੈ ਜਿਸ ਵਿਚ ਵੱਖ-ਵੱਖ ਨਵੀਆਂ ਪੁਰਾਣੀਆਂ ਅਜਿਹੀਆਂ ਲਿਖਤਾਂ ਛਾਪੀਆਂ ਜਾਣਗੀਆਂ ਜੋ ਇਸ ਘੱਲੂਘਾਰੇ ਬਾਰੇ ਸਿੱਖ ਨੌਜਵਾਨਾਂ ਨੂੰ ਆਪਣਾ ਨਜ਼ਰੀਆਂ ਵਿਕਸਤ ਕਰਨ ਵਿਚ ਮਦਦਗਾਰ ਸਾਬਤ ਹੋ ਸਕਦੀਆਂ ਹਨ।
ਆਸ ਕਰਦੇ ਹਾਂ ਕਿ ਇਹ ਲੜੀ ਪਾਠਕਾਂ ਦੀਆਂ ਉਮੀਦਾਂ ਅਤੇ ਅਜੋਕੇ ਦੌਰ ਦੀ ਮੰਗ ਉੱਤੇ ਪੂਰੀ ਉਤਰ ਸਕੇ – ਸੰਪਾਦਕ
ਜ਼ਖ਼ਮ ਨੂੰ ਚੇਤਨਤਾ ਬਣਾਉਣ ਦੀ ਲੋੜ
– ਡਾ. ਗੁਰਭਗਤ ਸਿੰਘ
ਬਲਿਊ ਸਟਾਰ ਉਪਰੇਸ਼ਨ ਨੂੰ ਹਰ ਸਾਲ ਯਾਦ ਕਰਨਾ ਠੀਕ ਹੈ, ਪਰ ਕੇਵਲ ਜ਼ਖ਼ਮ ਵਜੋਂ ਨਹੀਂ। ਇਹੋ ਜਿਹਾ ਜ਼ਖ਼ਮ ਕੋਈ ਕੌਮ ਭੁੱਲ ਨਹੀਂ ਸਕਦੀ। ਇਹ ਉਸ ਦੀ ਸਿਮਰਤੀ ਵਿਚ ਕਾਇਮ ਰਹਿੰਦੀ ਹੈ ਜੇ ਉਹ ਜਿਉਂਦੀ ਕੌਮ ਹੈ ਅਤੇ ਆਪਣੇ ਭਵਿੱਖ ਵਿਚ ਵਿਸ਼ਵਾਸ ਰੱਖਦੀ ਹੈ। ਕੌਮ ਵਜੋਂ ਜਿਉਂਦੇ ਰਹਿਣ ਦੀ ਨਿਸ਼ਾਨੀ ਹਰ ਡੂੰਘੇ ਘਾਉ ਨੂੰ ਚੇਤਨਤਾ ਵਿਚ ਬਦਲਣ ਦੀ ਸ਼ਕਤੀ ਹੈ। ਇਸ ਸਥਿਤੀ ਵਿਚ ਜ਼ਖ਼ਮ ਸਰੀਰਕ ਜਾਂ ਭੂਗੋਲਿਕ ਨਹੀਂ ਰਹਿੰਦਾ ਸਗੋਂ ਇਕ ਪਰਿਪੇਖ ਬਣ ਜਾਂਦਾ ਹੈ ਜਿਸ ਨਾਲ ਆਪਣੇ ਵਾਤਾਵਰਣ ਵਿੱਚ ਮੌਜੂਦ ਦਰਸ਼ਨ, ਰਾਜਨੀਤੀ ਅਤੇ ਅਮਲ ਦੀ ਨਵੀਂ ਵਿਆਖਿਆ ਕਰਨ ਦੀ ਲੋੜ ਮਹਿਸੂਸ ਹੁੰਦੀ ਹੈ।
ਸਾਡੇ ਸਮਕਾਲੀ ਇਤਿਹਾਸ ਵਿੱਚ ਸਭ ਤੋਂ ਵੱਡਾ ਕੌਮੀ ਜ਼ਖ਼ਮ ਹਿਟਲਰ ਵਲੋਂ ਯੋਜਨਾਬੱਧ ਢੰਗ ਨਾਲ ਕੀਤਾ ‘‘ਮਹਾਂਨਾਸ’’ (ਹੋਲੋਕੌਸਟ) ਸੀ ਜਿਸ ਨੇ ਯਹੂਦੀ ਕੌਮ ਨੂੰ ਤਹਿਸ ਨਹਿਸ ਕੀਤਾ। ਪਰ ਉਸ ਤੋਂ ਪਿਛੋਂ ਯਹੂਦੀ ਚਿੰਤਕਾਂ ਨੇ ਪੱਛਮ ਦੇ ਸਮੁੱਚੇ ਦਰਸ਼ਨ, ਰਾਜਨੀਤੀ ਅਤੇ ਹੋ ਰਹੇ ਅਭਿਆਸਾਂ ਨੂੰ ਫਰੋਲਿਆ। ਮਹਾਂਨਾਸ ਦੇ ਕਾਰਣ ਲੱਭੇ। ਯੂਨਾਨੀ ਦਾਰਸ਼ਨਿਕਾਂ ਤੋਂ ਆਰੰਭ ਹੋ ਰਹੇ ਉਸ ਦਰਸ਼ਨ ਦਾ ਵਿਸ਼ਲੇਸ਼ਣ ਕੀਤਾ ਜਿਸ ਨੇ ਗਿਆਨਵਾਦ (ਐਨਲਾਈਟਨਮੈਂਟ), ਤਰਕਵਾਦ ਆਦਿ ਬਣਕੇ ਆਧੁਨਿਕ ਰੂਪ ਵਿਚ ਉਸ ਇਕਾਂਗੀ ਅਤੇ ਫਾਸ਼ੀਵਾਦੀ ਪਹੁੰਚ ਨੂੰ ਜਨਮ ਦਿੱਤਾ ਜਿਸ ਅਨੁਸਾਰ ਮਹਾਂਨਾਸ ਵਾਪਰਿਆ। ਜਿਸ ਉੱਤਰ-ਆਧੁਨਿਕ ਵਾਦ ਨੇ ਅੱਜ ਵੱਖ-ਵੱਖ ਪੱਧਰਾਂ ਉੱਤੇ ਵੱਡਾ ਪ੍ਰਭਾਵ ਪਾਇਆ ਹੈ ਉਹ ਮਹਾਂਨਾਸ ਵਿਰੁੱਧ ਪ੍ਰਤੀਕਰਮ ਅਤੇ ਪੁਣ ਛਾਣ ਦਾ ਨਤੀਜਾ ਹੈ। ਇਕ ਨਵੀਂ ਚੇਤਨਤਾ, ਇਕ ਨਵੀਂ ਸਿਮਰਤੀ ਸਾਜੀ ਜਾ ਰਹੀ ਹੈ ਜੋ ਕਦੇ ‘‘ਮਹਾਂਨਾਸ’’ ਵਰਗੀ ਘਟਨਾ ਨੂੰ ਵਾਪਰਨ ਲਈ ਮਾਹੌਲ ਨਾ ਬਣਨ ਦੇਵੇ।
ਵੀਹਵੀਂ ਸਦੀ ਦੇ ਪਹਿਲੇ ‘‘ਮਹਾਂਨਾਸ’’ ਤੋਂ ਪਿੱਛੋਂ ਦੂਜਾ ਵੱਡਾ ‘‘ਮਹਾਂਨਾਸ’’, ਵੱਡਾ ਕੌਮੀ ਜ਼ਖ਼ਮ, ਬਲਿਊ ਸਟਾਰ ਉਪਰੇਸ਼ਨ ਸੀ। ਪਰ ਸਿੱਖ ਚਿੰਤਕਾਂ/ਵਿਦਵਾਨਾਂ ਨੇ ਜਿਵੇਂ ਇਸ ਨੂੰ ਅਜੇ ਤਕ ਇੱਕ ਕੌਮੀ ਪਰਿਪੇਖ ਬਣਾਉਣ ਵਿੱਚ ਅਸਮੱਰਥਾ ਦਿਖਾਈ ਹੈ। ਉਥੋਂ ਜ਼ਾਹਿਰ ਹੁੰਦਾ ਹੈ ਕਿ ਸ੍ਰ: ਕਪੂਰ ਸਿੰਘ ਤੋਂ ਪਿੱਛੋਂ ਅਜੇ ਸਿੱਖਾਂ ਕੋਲ ਕੋਈ ਕੌਮੀ ਵਿਦਵਾਨ ਜਾਂ ਚਿੰਤਕ ਨਹੀਂ।
ਇਤਿਹਾਸ ਵਿੱਚ ਕੋਈ ਘਟਨਾ ਬਿਨਾਂ ਤਰਕ ਤੋਂ ਨਹੀਂ ਵਾਪਰਦੀ। ਜਦੋਂ ਸ਼ਾਇਰ ਜਾਂ ਪੈਗੰਬਰ ਦੀ ਚੇਤਨਤਾ ਜਾਂ ਅਨੁਭੂਤੀ ਲਾਵੇ ਵਾਂਗ ਫਟਦੀ ਹੈ ਉਸ ਪਿੱਛੇ ਵੀ ਕੁਝ ਕਾਰਨ ਹੁੰਦੇ ਹਨ, ਭਾਵੇਂ ਕੇਵਲ ਕਾਰਨ ਉਸ ਦੀ ਪ੍ਰਾਪਤੀ ਅਤੇ ਰੌਸ਼ਨੀ ਦੀ ਵਿਆਖਿਆ ਨਹੀਂ ਕਰ ਸਕਦੇ। ਬਲਿਊ ਸਟਾਰ ਉਪਰੇਸ਼ਨ ਵੀ ਬਿਨਾਂ ਤਰਕ ਤੋਂ ਵਾਪਰਿਆ ‘‘ਮਹਾਂਨਾਸ’’ ਨਹੀਂ।
ਸਮਝਣ ਵਾਲੀ ਗੱਲ ਇਹ ਹੈ ਕਿ ਭਾਵੇਂ ਭਾਰਤੀ ਉਪਮਹਾਂਦੀਪ ਭੂਗੋਲਕ, ਭਾਸ਼ਾਈ ਅਤੇ ਸਭਿਆਚਾਰਕ ਵਿਲੱਖਣਤਾ ਵਿਕਸਿਤ ਕਰਨ ਵਾਲਾ ਉਪਮਹਾਂਦੀਪ ਰਿਹਾ ਹੈ, ਪਰ ਇਸ ਵਿਚ ਜੋ ਦੋ ਪ੍ਰਧਾਨ ਦਰਸ਼ਨ, ਧਰਮ ਜਾਂ ਪਰਿਪੇਖ ਕ੍ਰਿਆਵੰਤ ਰਹੇ ਹਨ, ਉਹ ਹਨ: ਬ੍ਰਾਹਮਣਵਾਦ ਅਤੇ ਇਸਲਾਮ। ਬ੍ਰਾਹਮਣਵਾਦ ਦੀ ਸਿਖਰ ਵੇਦਾਂਤ ਹੈ ਜਿਸ ਦਾ ਪਰਮਾਣਿਕ ਗੰ੍ਰਥ ਸ਼ੰਕਰਾਚਾਰੀਆ ਦਾ ‘‘ਬ੍ਰਹਮਸੂਤਰ ਭਾਸ਼ਯ’’ ਹੈ। ਇਸ ਵਿੱਚ ਸਪਸ਼ਟ ਤੌਰ ’ਤੇ ਕਿਹਾ ਗਿਆ ਹੈ ਕਿ ਬ੍ਰਹਮ ਦਾ ਅਭਿਵਿਅੰਜਕ ਬਹੁ ਪੱਧਤਾ ਜਾਂ ਵਿਲੱਖਣਤਾ ਵਿੱਚ ਨਹੀਂ ਹੋ ਸਕਦਾ। ਜੇ ਕੋਈ ਕਰਦਾ ਹੈ ਤਾਂ ਉਹ ਅਗਿਆਨੀ ਹੈ। ਇਸਲਾਮ ਦਾ ਆਧਾਰ ‘‘ਕੁਰਾਨ’’ ਉੱਤੇ ਹੈ। ਇਸ ਵਿੱਚ ਵੀ ਵੱਡਾ ਬਲ, ਰੱਬ ਦੀ ਏਕਤਾ ਉੱਤੇ ਹੈ। ਅਨਿਕ ਪੱਖਤਾ ਉੱਤੇ ਨਹੀਂ।
ਬ੍ਰਾਹਮਣਵਾਦ ਇੱਕ ਪਰਿਪੇਖੀ ਹੈ, ਇਕਾਂਗੀ ਹੈ। ਇਸੇ ਇਕਾਂਗਿਤਾ ਵਿੱਚੋਂ ਹੀ ਬ੍ਰਾਹਮਣਵਾਦ ਦਾ ਬੁੱਧਵਾਦ ਨਾਲ ਵਿਰੋਧ ਪੈਦਾ ਹੋਇਆ। ਨਤੀਜੇ ਵਜੋਂ ਬੋਧੀ ਭਿੱਖੂ ਅਤੇ ਬੋਧੀ ਵਿਸ਼ਵ ਵਿਦਿਆਲਿਆਂ ਨੂੰ ਸਾੜ ਦਿੱਤਾ ਗਿਆ, ਇਤਿਹਾਸ ਇਸ ਗੱਲ ਦਾ ਗਵਾਹ ਹੈ।
ਇੰਦਰਾ ਗਾਂਧੀ ਦੀ ਕਾਂਗਰਸ ਅਤੇ ਹਿੰਦੂਤਵੀ ਬੀ.ਜੇ.ਪੀ. ਦਾ ਕੌਮਵਾਦ ਵੀ ਇਕਾਂਗੀ ਹੈ। ਬੀ.ਜੇ.ਪੀ. ਨੇ ਆਪਣੇ ਅਭਿਆਸ ਵਿੱਚ, ਭਾਵੇਂ ਵਕਤ ਅਤੇ ਉਪਯੋਗਵਾਦੀ ਦ੍ਰਿਸ਼ਟੀ ਤੋਂ ਹੀ ਸੀ, ਕੁਝ ਲਚਕ ਦਿਖਾਈ ਹੈ। ਇਸਨੇ ਹੋਰਾਂ ਖੇਤਰੀ ਪਾਰਟੀਆਂ ਨਾਲ ਰਲ ਕੇ ਸਰਕਾਰ ਬਣਾਈ ਹੋਈ ਹੈ। ਕਾਂਗਰਸ ਨੇ ਅਜਿਹੀ ਲਚਕ ਵੀ ਅਜੇ ਸਵੀਕਾਰ ਨਹੀਂ ਕੀਤੀ। ਭਾਰਤ ਨੂੰ ਆਧੁਨਿਕ ਬਣਾਉਣ ਦੇ ਪਰਦੇ ਪਿੱਛੇ ਕਾਂਗਰਸ ਦੇ ਕੌਮਵਾਦ ਅਤੇ ਇਕਾਂਗੀ ਬ੍ਰਾਹਮਣਵਾਦ ਵਿੱਚ ਕੋਈ ਫ਼ਰਕ ਨਹੀਂ। ਜੇ ਕਾਂਗਰਸ ਨੇ ਭਾਸ਼ਾਈ ਸੂਬੇ ਬਣਾਏ ਤਾਂ ਉਨ੍ਹਾਂ ਨੂੰ ਵਿਲੱਖਣ ਸੱਭਿਆਚਾਰਾਂ ਦੇ ਘਰ ਨਹੀਂ ਮੰਨਿਆ ਗਿਆ। ਨਾ ਹੀ ਸੰਵਿਧਾਨ ਵਿੱਚ ਜਾਂ ਹੋਰ ਕਿਧਰੇ ਕਿਸੇ ਖੇਤਰੀ ਕੌਮ ਜਾਂ ਸੱਭਿਆਚਾਰ ਨੂੰ ਸਮੂਹਕ ਤੌਰ ’ਤੇ ਕੋਈ ਵਿਸ਼ੇਸ਼ ਅਧਿਕਾਰ ਦਿੱਤਾ ਗਿਆ ਹੈ। ਪਾਰਲੀਮੈਂਟ ਵਿੱਚ ਵੀ ਆਧਾਰ ਵੋਟਾਂ ਦੀ ਗਿਣਤੀ ਦਾ ਹੈ, ਸੱਭਿਆਚਾਰਕ ਵਿਸ਼ੇਸ਼ਤਾ ਦਾ ਨਹੀਂ।
ਭਾਰਤੀ ਸ਼ਾਸਕਾਂ ਦੀ ਚਿੰਤਨ, ਸੰਸਥਾ ਅਤੇ ਅਭਿਆਸ ਦੀ ਪੱਧਰ ਉੱਤੇ ਇੱਕਵਾਦੀ ਹੈ। ਬਹੁ ਕੌਮੀ, ਬਹੁ ਸਭਿਆਚਾਰਕ ਸੰਸਥਾਵਾਂ, ਮੁਹਾਵਰਾ, ਅਭਿਆਸ ਹੋਂਦ ਵਿਚ ਨਹੀਂ ਲਿਆਂਦੇ ਜਾ ਸਕੇ ਜਿਵੇਂ ਸਵਿਟਜ਼ਰਲੈਂਡ ਜਾਂ ਅੱਜ ਦੇ ਰੂਸ ਵਿੱਚ ਹੋ ਰਹੇ ਯਤਨ ਹਨ। ਕੈਨੇਡਾ ਅਤੇ ਅਮਰੀਕਾ ਨੇ ਵੀ ਅਜਿਹੇ ਭਵਿੱਖਮੁਖੀ ਯਤਨ ਆਰੰਭ ਕੀਤੇ ਹੋਏ ਹਨ।
ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਪਿੱਛੋਂ, ਪਹਿਲੀ ਵਾਰ ਸਿੱਖ ਆਪਣੀਆਂ ਕੌਮੀ ਅਤੇ ਸੱਭਿਆਚਾਰਕ ਵਿਸ਼ੇਸ਼ਤਾਵਾਂ ਪ੍ਰਤੀ ਸੁਚੇਤ ਹੋਏ ਹਨ। ਨੌਜਵਾਨਾਂ ਦੀ ਗਰਮ ਲਹਿਰ ਭਾਵੇਂ ਪ੍ਰਮਾਣਿਕ ਦਰਸ਼ਨ ਅਤੇ ਪਰਿਪੇਖ ਤੋਂ ਵਿਹੂਣੀ ਸੀ, ਇਸ ਵਿਚ ਬਹੁਤ ਗਲਤੀਆਂ ਹੋਈਆਂ, ਪਰ ਇਹ ਕੌਮੀ ਵਿਸ਼ੇਸ਼ਤਾ ਪ੍ਰਤੀ ਸੁਚੇਤ ਸੀ। ਬਲਿਊ ਸਟਾਰ ਉਪਰੇਸ਼ਨ, ਇਕਵਾਦੀ, ਇਕਾਂਗੀ, ਪਰਿਪੇਖ ਦਾ ਅਭਿਆਸ ਕਰਨ ਵਾਲੇ ਸ਼ਾਸਕਾਂ ਦਾ ਉਪਰੇਸ਼ਨ ਸੀ ਜਿਸ ਨੇ ਇੱਕ ਸੱਭਿਆਚਾਰਕ/ਕੌਮੀ ਵਿਸ਼ੇਸ਼ਤਾ ਨੂੰ ਸਥਾਪਿਤ ਕਰਨ ਲਈ ਉੱਠੀ ਲਹਿਰ ਨੂੰ ਹਿੰਸਾਤਮਕ ਢੰਗ ਨਾਲ ਦਬਾਇਆ। ਇਹ ਕਿਸੇ ਵੀ ਲੋਕਤੰਤਰੀ ਨਿਯਮਾਂ ਦੇ ਉਲਟ ਸੀ।
ਬਲਿਊ ਸਟਾਰ ਉਪਰੇਸ਼ਨ, ਇਕਾਂਗੀ ਬ੍ਰਾਹਮਣਵਾਦ ਅਤੇ ਇਕਾਰਥਕ ਤਰਕ ਵਾਲੇ ਆਧੁਨਿਕਵਾਦੀ ਪਰਿਪੇਖ ਦਾ ਜੋੜ ਸੀ। ਇਸ ਦੀ ਪਹੁੰਚ ਅਣਲੋਕਤੰਤਰੀ ਅਤੇ ਫਾਸ਼ੀਵਾਦੀ ਸੀ। ਇਸ ਨੂੰ ਦਿੱਤੀ ਗਈ ਪ੍ਰਬੰਧਵਾਦੀ ਅਤੇ ਕੌਮਵਾਦੀ ਪੁੱਠ ਕੇਵਲ ਭੁਲੇਖਾ ਪਾਉਣ ਲਈ ਸੀ।ਸਿੱਖ ਪਹੁੰਚ ਬੁਨਿਆਦੀ ਤੌਰ ’ਤੇ ਬਹੁ-ਪਰਿਪੇਖੀ ਹੈ, ਵਿਲੱਖਣਤਾ ਨੂੰ ਸਵੀਕਾਰ ਕਰਨ ਵਾਲੀ ਹੈ। ਸਿੱਖ ਗ੍ਰੰਥਾਂ/ਪਾਠਾਂ ਦਾ ਦਰਸ਼ਨ, ਅਨੁਭਵ, ਅਭਿਆਸ, ਬਹੁ-ਭਾਵੀ, ਬਹੁ-ਪਰਿਪੇਖੀ ਅਤੇ ਬਹੁ-ਕੋਣੀ ਹੈ। ਹਰ ਸਤਰ ਇਸ ਗੱਲ ਦੀ ਗਵਾਹ ਹੈ। ਵਰਤੀ ਗਈ ਭਾਸ਼ਾ, ਰੂਪਕ ਆਦਿ ਇਹ ਦ੍ਰਿਸ਼ਟੀ ਅਭਿਆਸ ਵਿਚ ਲਿਆਉਣ ਦਾ ਚੇਤੰਨ ਯਤਨ ਹੈ।
ਬਲਿਊ ਸਟਾਰ ਉਪਰੇਸ਼ਨ ਇਕਾਂਗੀ ਅਤੇ ਬਹੁ-ਕੋਣੀ ਅਭਿਆਸਾਂ ਦੀ ਟੱਕਰ ਹੈ। ਇਹ ਟੱਕਰ ਇਸ ਘਟਨਾ ਰਾਹੀਂ ਨਾ ਹੁੰਦੀ, ਹੋਰ ਢੰਗ ਨਾਲ ਹੋ ਸਕਦੀ ਸੀ। ਭਵਿੱਖ ਵਿੱਚ ਇਸ ਟੱਕਰ ਤੋਂ ਬਚਣ ਲਈ ਅਤੇ ਹੋਰ ਕੌਮਾਂ ਦੇ ਹਿਤਾਂ ਦੀ ਰੱਖਿਆ ਵਿੱਚ ਆਉਣ ਲਈ, ਭਾਰਤੀ ਉਪਮਹਾਂਦੀਪ ਦੇ ਇਤਿਹਾਸ, ਦਰਸ਼ਨ ਅਤੇ ਅਭਿਆਸਾਂ ਨੂੰ ਨਵੇਂ ਸਿਰਿਉਂ ਪੜ੍ਹਨ ਅਤੇ ਪੇਸ਼ ਕਰਨ ਦੀ ਲੋੜ ਹੈ। ਇਨ੍ਹਾਂ ਵਿਚ ਲੁਕੀ ਇਕਾਂਗਿਤਾ ਅਤੇ ਇਸ ਦੀਆਂ ਫਾਸ਼ੀ ਸੰਭਾਵਨਾਵਾਂ ਨੂੰ ਸਾਹਮਣੇ ਲਿਆਉਣਾ ਲੋਕਤੰਤਰ ਨੂੰ ਵੱਡੀ ਦੇਣ ਹੋਵੇਗੀ। ਇਹੀ ਸਿੱਖੀ ਦੇ ਸੱਭਿਆਚਾਰ ਅਤੇ ਕੌਮ ਵਜੋਂ ਵਧਣ ਫੁੱਲਣ ਲਈ ਇਕ ਅਹਿਮ ਕਦਮ ਹੋਵੇਗਾ।