ਆਮ ਤੌਰ ’ਤੇ ਇਹ ਸਮਝਿਆ ਜਾਂਦਾ ਹੈ ਕਿ ਅਨੁਵਾਦ ਕਰਨਾ ਇਕ ਸਾਦੀ ਅਤੇ ਇਕਾਂਗੀ ਪ੍ਰਕ੍ਰਿਆ ਹੈ। ਇਹ ਕੇਵਲ ਇਕ ਭਾਸ਼ਾ ਤੋਂ ਦੂਜੀ ਭਾਸ਼ਾ ਵਿਚ ਉਲਟਾਉਣਾ ਹੀ ਹੈ। ਕੇਵਲ ਦੋ ਭਾਸ਼ਾਵਾਂ ਦੀ ਕੁਸ਼ਲਤਾ ਨਾਲ ਹੀ ਅਨੁਵਾਦ ਸੰਪੂਰਣ ਹੋ ਸਕਦਾ ਹੈ। ਅਸੀਂ ਇਹ ਭੁੱਲ ਜਾਂਦੇ ਹਾਂ ਕਿ ਹਰ ਭਾਸ਼ਾ ਇਕ ਜਟਿਲ ਚਿੰਨ੍ਹ ਪ੍ਰਬੰਧ ਹੈ। ਹਰ ਚਿੰਨ੍ਹ ਦਾ ਇਕ ਅਜਿਹਾ ਪਾਸਾਰ ਜਾਂ ਸਤੱਰ ਵੀ ਹੈ ਜੋ ਕਿਸੇ ਰਾਜਨੀਤੀ ਜਾਂ ਸਮਾਜਿਕ ਸਥਿਤੀ ਨਾਲ ਜੁੜਿਆ ਹੋਇਆ ਹੈ। ਹਰ ਸੱਭਿਆਚਾਰ ਨੇ ਚਿੰਨ੍ਹਾਂ ਨੂੰ ਇਕ ਜਾਂ ਇਕ ਤੋਂ ਵੱਧ ਅਰਥ-ਗੌਰਵ / ਸਿਗਨੀਫਾਈਡ ਦਿੱਤੇ ਹੁੰਦੇ ਹਨ। ਚਿੰਨ੍ਹ ਦੀ ਵਰਤੋਂ ਅਤੇ ਪਾਠ ਵਿਚ ਦਿੱਤੇ ਸਥਾਨ ਅਨੁਸਾਰ ਹੀ ਉਸਦੇ ਅਰਥ ਉੱਭਰਦੇ ਹਨ। ਬਹੁਤੀ ਵਾਰ ਕਿਸੇ ਅਨੁਵਾਦ ਵਿਚ ਵਰਤੇ ਗਏ ਚਿੰਨ੍ਹ ਕਿਸੇ ਸਭਿਆਚਾਰਕ-ਰਾਜਨੀਤਕ ਸੰਕਟ ਨੂੰ ਨਿਵਾਰਨ ਲਈ ਕੀਤਾ ਗਿਆ ਯਤਨ ਹੁੰਦੇ ਹਨ।
ਅਨੁਵਾਦ ਦਾ ਸੰਕਟ-ਨਿਵਾਰਨੀ ਪੱਖ ਜੇ ਪੂਰਨ ਤਰ੍ਹਾਂ ਸਮਝਣਾ ਹੋਵੇ ਤਾਂ ਮਾਰਟਿਨ ਬੂਬਰ ਅਤੇ ਫਰਾਂਜ਼ ਰੋਸਨਜ਼ਵਾਈਗ ਵਲੋਂ ਬਾਈਬਲ ਦਾ ਜਰਮਨ ਭਾਸ਼ਾ ਵਿਚ ਕੀਤਾ ਗਿਆ ਅਨੁਵਾਦ ਧਿਆਨ ਵਿਚ ਰੱਖਣਾ ਜ਼ਰੂਰੀ ਹੈ। ਇਹ ਅਨੁਵਾਦ 1921 ਤੋਂ 1961 ਤੱਕ ਚਲਦਾ ਰਿਹਾ। ਰੋਸਨਜ਼ਵਾਈਗ 1928 ਵਿਚ ਸ੍ਵਰਗਵਾਸ ਹੋਇਆ ਅਤੇ ਬੂਬਰ 1965 ਵਿਚ। ਲਗਪਗ 40 ਵਰ੍ਹੇ ਹੀਬਰਿਊ ਬਾਈਬਲ ਦਾ ਇਹ ਅਨੁਵਾਦ ਜਾਰੀ ਰਿਹਾ। ਇਹ ਗੱਲ ਸਮਝਣ ਯੋਗ ਹੈ ਕਿ ਇਹ ਅਨੁਵਾਦ ਹਿਟਲਰ ਦੇ ਯੂਹਦੀ ਮਹਾਂਨਾਸ਼ (ਹੋਲੋਕੌਸਟ) ਤੋਂ ਪਹਿਲਾਂ ਅਰੰਭ ਹੋਇਆ ਅਤੇ ਪਿਛੋਂ ਸਮਾਪਤ ਹੋਇਆ। ਹੋਲੋਕੌਸਟ ਦੇ ਸਾਲ 1939-1945 ਮੰਨੇ ਜਾਂਦੇ ਹਨ। ਬੂਬਰ ਅਤੇ ਰੋਸ਼ਨਜ਼ਵਾਈਗ ਤੋਂ ਪਹਿਲਾਂ ਲੂਥਰ ਅਤੇ ਮੈਂਡਲਸੋਹਨ ਦੇ ਜਰਮਨ ਅਨੁਵਾਦ ਪ੍ਰਾਪਤ ਸਨ। ਬੂਬਰ ਅਤੇ ਰੋਸਨਜ਼ਵਾਈਗ ਨੂੰ ਇਹ ਅਨੁਵਾਦ ਕਰਨ ਦੀ ਕਿਉਂ ਲੋੜ ਪਈ?
ਰੋਸਨਜ਼ਵਾਈਗ ਅਤੇ ਬੂਬਰ ਨੇ ਇਹ ਅਨੁਵਾਦ ਕਰਕੇ ਬਹੁਤ ਵੱਡੇ ਸਭਿਆਚਾਰਕ ਪ੍ਰਸ਼ਨ ਨੂੰ ਖੜ੍ਹਾ ਕੀਤਾ ਹੈ। ਉਹ ਜਰਮਨ ਵਿਚ ਪਹਿਲਾਂ ਹੋਏ ਅਨੁਵਾਦਾਂ ਨੂੰ ਸਮਤਲੀ (Smooth) ਜਾਂ ਜਜ਼ਬ ਕਰਨ ਵਾਲੇ (Assimicative) ਅਨੁਵਾਦ ਮੰਨਦੇ ਹਨ। ਹੀਬਰਿਊ ਬਾਇਬਲ ਵਿਚ ਵਰਤੀ ਗਈ ਭਾਸ਼ਾ ਨੂੰ ਯਹੂਦੀ ਪਛਾਣ ਨਾਲ ਜੋੜਦੇ ਸਨ। ਵਿਸ਼ੇਸ਼ ਕਰਕੇ ਯਾਹਵੇ (ਯਹੂਦੀ ਰੱਬ) ਦੇ ਆਪਣੇ ਬਾਰੇ ਇਸ ਕਥਨ ਨੂੰ : “ਇਯੇਹ ਐਸ਼ਰ ਇਹਯੇ” (iyeh asher iyeh)। ਅੰਗਰੇਜ਼ੀ ਵਿਚ ਇਸ ਦਾ ਅਨੁਵਾਦ “I am that I am” ਵਜੋਂ ਕੀਤਾ ਜਾਂਦਾ ਹੈ।
ਬੂਬਰ ਅਤੇ ਰੋਸਨਜ਼ਵਾਈਗ ਦਾ ਵਿਚਾਰ ਸੀ ਕਿ ਪਹਿਲਾਂ ਪ੍ਰਾਪਤ ਜਰਮਨ ਅਨੁਵਾਦ ਵਿਚ ਵਰਤੀ ਗਈ ਜਰਮਨ ਸਮਤਲੀ ਹੈ, ਹਰ ਅੰਤਰ ਨੂੰ ਸਿੱਧ ਪੱਧਰਾ ਕਰਕੇ ਜਜ਼ਬ ਕਰਨ ਵਾਲੀ ਜਰਮਨ ਹੈ। ਉਸ ਵਿਚ ਹੀਬਰਿਊ ਬਾਈਬਲ ਹੀਬਰਿਊਤਾ ਨੂੰ ਕਾਇਮ ਨਹੀਂ ਰੱਖਿਆ ਜਾ ਸਕਿਆ ਸਪੱਸ਼ਟ ਸ਼ਬਦਾਂ ਵਿਚ ਹੀਬਰਿਊ ਵਾਕ ਦੀ ਇਕ ਵਿਲੱਖਣਤਾ ਹੈ। ਇਸ ਵਿਚ ਵਰਤੇ ਗਏ ਸ਼ਬਦਾਂਸ (ਸਿਲੇਬਲ) ਭਾਰੀ ਹਨ। ਉਨ੍ਹਾਂ ਦਾ ਵਾਕ ਵਿਚ ਜੋੜ ਇਕ ਨਵੇਕਲਾਪਣ ਸਿਰਜਦਾ ਹੈ। ਹੀਬਰਿਊ ਵਾਕ ਅਤੇ ਸ਼ਬਦਾਂਸ ਵਿਚ ਮੌਖਿਕ (ਓਰਲ) ਗੁਣ ਵੀ ਹੈ। ਇਸ ਨੂੰ “ਕੋਲਮੈਟਰਿਕਸ” ਆਖਿਆ ਗਿਆ। ਇਹ ਕੋਲਮੈਟਰਿਕਸ ਇਕ ਲੁਕੇ ਹੋਏ ਕੋਲਨ ੳੱਤੇ ਅਧਾਰਿਤ ਹੈ। ਪਹਿਲਾਂ ਕੀਤੇ ਹੋਏ ਅਨੁਵਾਦ ਇਸ ਕੋਲਮੈਟਰਿਕਸ ਅਤੇ ਲੁਕੇ ਹੋਏ ਕੋਲਨ ਨੂੰ ਸੰਭਾਲ ਨਹੀਂ ਸਕੇ। ਉਨ੍ਹਾਂ ਵਿਚ ਵਰਤੀ ਗਈ ਭਾਸ਼ਾ ਹੀਬਰਿਊਤਾ ਜਾਂ ਯਹੂਦੀਅਤ ਨੂੰ ਜਜ਼ਬ ਕਰਦੀ ਹੈ, ਸਿੱਧ-ਪੱਧਰਾ ਕਰਦੀ ਹੈ। ਇਸ ਦੀ ਵਿਲੱਖਣਤਾ ਕਾਇਮ ਨਹੀਂ ਰੱਖਦੀ। ਰੋਸਨਜਵਾਈਗ ਅਤੇ ਬੂਬਰ ਅਜਿਹੀ ਜਰਮਨ ਚਾਹੰਦੇ ਸਨ ਜੋ ਹੀਬਰਿਊ ਮੌਖਿਕਤਾ ਅਤੇ ਕੋਲਨ ਨੂੰ ਕਾਇਮ ਰੱਖ ਸਕੇ।
ਇਹ ਅਨੁਵਾਦਕ, ਆਪਣੇ ਅਨੁਵਾਦ ਰਾਹੀਂ ਇਹ ਸੁਨੇਹਾ ਦੇ ਰਹੇ ਸਨ ਕਿ ਜਰਮਨ ਭਾਸ਼ਾ ਵਿਚ ਹੀ, ਵਿਸ਼ੇਸ਼ ਕਰਕੇ ਫੋਕ ਜਰਮਨ ਵਿਚ ਉਹ ਭਾਰੇ ਸ਼ਬਦਾਂਸ਼ ਮੌਜ਼ੂਦ ਹਨ, ਜਿਨ੍ਹਾਂ ਰਾਹੀਂ ਵਾਕ ਦੀ ਹੀਬਰਿਊਤਾ ਕਾਇਮ ਰੱਖੀ ਜਾ ਸਕੇ। ਅਨੁਵਾਦ ਰਾਹੀਂ ਇਹ ਵੀ ਕਿਹਾ ਜਾ ਰਿਹਾ ਸੀ ਕਿ ਯਹੂਦੀ ਜਰਮਨ ਭਾਸ਼ਾ ਵਿਚ ਜਰਮਨੀ ਵਿਚ ਯੋਰਪ ਅਤੇ ਪੱਛਮੀ ਦੇਸ਼ਾਂ ਵਿਚ ਵੱਡੇ ਸਭਿਆਚਾਰ ਦਾ ਹਿੱਸਾ ਬਣ ਸਕਦੇ ਹਨ, ਪਰ ਆਪਣੀ ਹਸਤੀ ਗੁਆ ਕੇ ਨਹੀਂ। ਵੱਡੇ ਸਭਿਆਚਾਰ ਨੂੰ ਸਮਤਲੀ ਹੋਣ ਦੀ ਥਾਂ ਸਹਿਤਲੀ ਜਾਂ ਵਿਲੱਖਤਾਵਾਂ ਭਰਪੂਰ ਹੋਣਾ ਪਵੇਗਾ। ਵਾਕ ਇਨ੍ਹਾਂ ਅਨੁਵਾਦਕਾਂ ਲਈ ਇਕ ਐਲਿਗੋਰੀ ਹੈ, ਇਕ ਰੂਪਕ ਹੈ। ਇਸ ਰਾਹੀਂ ਉਹ ਯਹੂਦੀਅਤ ਦੀ ਵਿਲੱਖਣਤਾ ਅਤੇ ਇਸ ਦੇ ਵੱਡੇ ਸੱਭਿਆਚਾਰਾਂ ਨਾਲ ਸੰਬੰਧਾਂ ਬਾਰੇ ਇਕ ਥੀਸਿਸ, ਇਕ ਦਰਸ਼ਨ ਦੇ ਰਹੇ ਸਨ।
ਰੋਸਨਜ਼ਵਾਈਗ ਅਤੇ ਬੂਬਰ ਨੇ ਇਕ ਵੱਖਰੀ ਜਰਮਨ ਈਜਾਦ ਕਰਨ ਦੀ ਕੋਸ਼ਿਸ਼ ਕੀਤੀ ਜਿਸ ਵਿਚ ਸਮਤਲੀ ਵਾਕ ਦੀ ਥਾਂ ਸਹਿਤਲੀ ਵਾਕ ਮਾਧਿਅਮ ਬਣ ਸਕੇ। ਇਹ ਵਾਕ ਇੱਕ ਧ੍ਵਨਿਤ ਜਾਂ ਬਹੁ ਧ੍ਵਨਿਤ ਹੈ। ਇਸ ਵਿਚ ਹੀ ਬਰਿਊ ਧ੍ਵਨੀ ਵੀ ਜਾਗਦੀ ਰਹਿ ਸਕਦੀ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਨੁਵਾਦਕਾਂ ਨੇ ਅਜਿਹੇ ਪ੍ਰਸ਼ਨਾਂ ਦਾ ਸਪੱਸ਼ਟ ਅਜੇ ਨਹੀਂ ਕੀਤਾ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵੱਖਰੀ ਧ੍ਵਨੀ ਜਾਂ ਵਾਕ ਨੇ ਇਕ ਇਨਕਲਾਬ ਲਿਆਂਦਾ। ਮੁਗਲਈ-ਇਸਲਾਮਿਕ ਅਤੇ ਹਿੰਦੂ ਬ੍ਰਾਹਮਣੀ ਹਸਤੀ ਦੇ ਬਰਾਬਰ ਇਕ ਨਵੀਂ ਕੌਮੀ ਪਛਾਣ ਖੜ੍ਹੀ ਕੀਤੀ। ਇਸਨੂੰ ਸਿੱਖ ਪਛਾਣ ਜਾਂ ਵਿਸ਼ਾਲ ਅਰਥਾਂ ਵਿਚ ਗੁਰੂ ਗ੍ਰੰਥ ਪਛਾਣ ਕਹਿ ਸਕਦੇ ਹਾਂ। ਇਸ ਪਛਾਣ ਨੂੰ ਕਾਇਮ ਰੱਖਦਿਆਂ ਅਨੁਵਾਦ ਕਿਵੇਂ ਕਰਨਾ ਹੈ? ਦੂਜੀ ਭਾਸ਼ਾ ਦੇ ਸਮਤਲੀ ਚਰਿੱਤਰ ਨਾਲ ਕਿਵੇਂ ਨਜਿੱਠਣਾ ਹੈ, ਇਹ ਵੱਡਾ ਪ੍ਰਸ਼ਨ ਹੈ। ਇਸ ਦਾ ਸਾਹਮਣਾ ਕਰਨਾ ਬਣਦਾ ਹੈ। ਕੇਵਲ ਦੂਜੀ ਭਾਸ਼ਾ ਵਿਚ ਅਨੁਵਾਦ ਕਰਨਾ ਹੀ ਮੁੱਦਾ ਨਹੀਂ, ਕਿਵੇਂ ਕਰਨਾ ਹੈ? ਪਛਾਣਾਂ ਦਾ ਮਸਲਾ ਕੀ ਹੈ? ਮਹਾਂ ਪਛਾਣ ਅਤੇ ਅਲਪ ਪਛਾਣ ਇਸ ਪ੍ਰਕ੍ਰਿਆ ਵਿਚ ਕਿਵੇਂ ਟਕਰਾਉਂਦੇ ਜਾਂ ਮਿਲਦੇ ਹਨ? ਇਨ੍ਹਾਂ ਸਭ ਗੱਲਾਂ ਬਾਰੇ ਚਿੰਤਨ ਦੀ ਲੋੜ ਹੈ, ਜੋ ਅਜੇ ਤੱਕ ਨਹੀਂ ਹੋਇਆ।
ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਇਕ ਹਿੰਦੀ ਅਨੁਵਾਦਕ ਨੇ ਮੂਲ ਮੰਤਰ ਦੀ ਵਿਆਖਿਆ ਕਰਦਿਆਂ “ਈਸ਼ਵਰ ਬ੍ਰਹਮ” ਸ਼ਬਦ ਵਰਤੇ ਹਨ। ਪਹਿਲੀ ਪਾਉੜੀ ਦੀ ਵਿਆਖਿਆ ਲਈ ਸ਼ਬਦ “ਪਰਮਾਤਮਾ” ਵੀ ਪ੍ਰਯੋਗ ਕੀਤਾ ਹੈ। ਅਨੁਵਾਦਕ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਤੀ ਸ਼ਰਧਾ ਪੂਰੀ ਹੈ, ਇਸ ਵਿਚ ਕੋਈ ਸ਼ੱਕ ਨਹੀਂ। ਪਰ ਅਨੁਵਾਦਕ ਇਹ ਭੁੱਲ ਗਿਆ ਕਿ ਗ੍ਰੰਥ ਦਾ ਮੌਲਿਕ ਸ਼ਬਦ/ਚਿੰਨ੍ਹ ਜੋ ਨਵੀਂ ਚੇਤਨਤਾ ਸਿਰਜਦਾ ਹੈ, ਉਹ “ਵਾਹਿਗੁਰੂ” ਹੈ। ਵਾਹਿਗੁਰੂ ਆਸ਼ਚਰਯ ਦਾ ਗੁਰੂ ਹੈ, ਵਿਸਮਾਦ ਦਾ ਗੁਰੂ ਹੈ, ਜੋ ਵਿਸਮਾਦ ਉਸਦੀ ਵਚਿੱਤਰ ਸਿਰਜਣਾ ਦਾ ਵੱਡਾ ਚਰਿੱਤਰ ਹੈ। ਵਚਿੱਤਰਤਾ ਵਿਚੋਂ ਇਹ ਵਿਸਮਾਦ ਨਿਰੰਤਰ ਪ੍ਰਕਾਸ਼ਮਾਨ ਹੁੰਦਾ ਰਹਿੰਦਾ ਹੈ। “ਵਾਹਿ”/ ਆਸ਼ਚਰਯ ਦਾ ਗੁਰੂ, ਈਸ਼ਵਰ ਅਤੇ ਬ੍ਰਹਮ ਨਾਲੋਂ ਵੱਖਰਾ ਹੈ। ਈਸ਼ਵਰ, ਬ੍ਰਹਮ, ਪਰਮਾਤਮਾ, ਵੇਦਾਂਤਕ ਪੈਰਾਡਾਈਮ ਦੇ ਸ਼ਬਦ ਹਨ। ਇਨ੍ਹਾਂ ਦੀ ਨਿਸ਼ਚਿਤਤ ਹੋ ਚੁੱਕੀ ਸੀ। ਇਹ ਸ਼ਬਦ ਵਾਹਿਗੁਰੂ ਨਾਲ ਸਬੰਧਿਤ ਚੇਤਨਤਾ ਜਾਂ ਅਨੁਭਵ ਨਹੀਂ ਸਾਜਦੇ। “ੴ ” ਦੀ ਵਿਆਖਿਆ ਇਨ੍ਹਾਂ ਤਿੰਨ ਸ਼ਬਦਾਂ ਦੀ ਵਰਤੋਂ ਨਾਲ ਨਹੀਂ ਹੋ ਸਕਦੀ। ਸ਼ਬਦ “ਵਾਹਿਗੁਰੂ” ਹੀ ਵਰਤਣਾ ਪਵੇਗਾ। “ਵਾਹਿਗੁਰੂ” ਸ਼ਬਦ/ ਚਿੰਨ੍ਹ ਦਾ ਨੈਟਵਰਕ ਹੋਰ ਹੈ ਅਤੇ ਉੱਪਰ ਵਰਣਤ ਤਿੰਨ ਸ਼ਬਦਾਂ ਦਾ ਨੈਟਵਰਕ ਹੋਰ।
ਇਸੇ ਤਰ੍ਹਾਂ ਅੰਗਰੇਜੀ ਦੇ ਅਨੁਵਾਦਕ ਸ਼ਬਦ / ਚਿੰਨ ਵਾਹਿਗੁਰੂ ਦਾ ਅਨੁਵਾਦ “ਗੌਡ” ਵਰਤ ਕੇ ਕਰਦੇ ਹਨ। ਇਹ “ਗੌਡ” ਈਸਾਈ ਹੈ, ਇਸਲਾਮੀ ਹੈ, ਵੇਦਾਂਤਕ-ਹਿੰਦੂ ਹੈ? ਇਸ ਦੇ ਸਿਗਨੀਫਾਈਡ / ਅਰਥ ਕਿਸ ਪਰਿਪੇਖ ਨੇ ਨਿਸਚਿਤ ਕੀਤੇ ਹਨ? ਇਹ ਜਾਣਨਾ ਜ਼ਰੂਰੀ ਹੈ। ਅਨੁਵਾਦ ਰਾਹੀਂ ਮੌਲਿਕ ਅਤੇ ਨਵੇਕਲੇ ਪਰਪਿੇਖ ਨਾਲੋਂ ਤੋੜ ਕੇ ਕਿਸੇ ਹੋਰ ਪਰਿਪੇਖ ਨਾਲ ਜੋੜਨ ਦਾ ਯਤਨ ਕੀਤਾ ਹੋ ਸਕਦਾ ਹੈ। ਇਸੇ ਤਰ੍ਹਾਂ ਗੁਰਬਾਣੀ ਦੇ “ਸਾਹਿਬ” ਨੂੰ ਕੇਵਲ “ਲੌਰਡ” ਵਜੋਂ ਨਹੀਂ ਉਲਥਾਇਆ ਜਾ ਸਕਦਾ। ਅੰਗਰੇਜੀ ਵਿਚ “ਲੌਰਡ” ਸ਼ਬਦ ਦੇ ਸਿਗਨੀਫਾਈਡ / ਅਰਥ ਸ੍ਵਾਮੀ, ਮਾਲਿਕ, ਈਸ਼ਾ ਆਦਿ ਹਨ। ਇਹ ਚਿੰਨ ਜਾਗੀਰਦਾਰੀ-ਰਾਜਨੀਤਿਕ-ਆਰਥਿਕ ਪ੍ਰਬੰਧ ਨਾਲ ਵੀ ਜੁੜਿਆ ਹੋਇਆ ਹੈ। ਗੁਰਬਾਣੀ ਦਾ “ਸਾਹਿਬ” ਪ੍ਰਿਯਾ ਹੈ, ਕੰਤ ਹੈ। ਗੁਰਬਾਣੀ ਦਾ “ਸਾਹਿਬ” ਮਨ ਵਿਚ ਈਸਾਈ ਜਾਗੀਰਦਾਰੀ ਅਰਥ ਨਹੀਂ ਜਗਾਉਂਦਾ। ਬਾਈਬਲ ਦਾ “ਲੌਰਡ” ਇਕ ਹੋਰ ਪ੍ਰਬੰਧ ਨਾਲ ਜੋੜਦਾ ਹੈ ਜੋ ਗੁਰਬਾਣੀ ਦਾ ਪ੍ਰਬੰਧ ਜਾਂ ਵਿਸ਼ਵ ਨਹੀਂ। ਇਥੇ ਜੇ “ਲੌਰਡ” ਚਿੰਨ੍ਹ ਦੀ ਵਰਤੋਂ ਹੋਣੀ ਹੈ ਤਾਂ ਉਹ ਬਿਲੱਵਡ ਲੌਰਡ ਵਜੋਂ ਹੀ ਹੋ ਸਕਦੀ ਹੈ ਜਾਂ ਕੇਵਲ “ਬਿਲੱਵਡ” ਵਜੋਂ।
ਮੂਲ ਮੰਤਰ ਵਿਚ “ਪ੍ਰਸ਼ਾਦਿ” ਨੂੰ ਲਗਪਗ ਹਰ ਅੰਗਰੇਜੀ ਅਨੁਵਾਦਕ ਨੇ “ਗ੍ਰੇਸ” ਵਜੋਂ ਉਲਥਾਇਆ ਹੈ। “ਗ੍ਰੇਸ” ਨਾਲ ਪੂਰੀ ਈਸਾਈ ਧਾਰਮਿਕ ਪਰੰਪਰਾ ਜੁੜੀ ਹੋਈ ਹੈ। ਉਹ ਪਰਿਪੇਖ ਵੀ ਜਿਸ ਵਿਚ ਆਦਮ ਅਤੇ ਈਵ ਨੇ “ਗੁਨਾਹ” ਕੀਤਾ। ਪੂਰੀ ਭਾਰਤੀ ਪੂਰਬੀ ਧਾਰਮਿਕ ਪ੍ਰੰਪਰਾ ਵਿਚ, ਵਿਸ਼ੇਸ਼ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਸੰਬੰਧਿਤ ਚਿੰਤਨ-ਪ੍ਰੰਪਰਾ ਵਿਚ ਉਸ ਗੁਨਾਹ ਅਤੇ ਇਸ ਨਾਲ ਸੰਬੰਧਿਤ “ਗ੍ਰੇਸ” ਦੀ ਕੋਈ ਥਾਂ ਨਹੀਂ। ਵਾਹਿਗੁਰੂ ਦੀ ਕ੍ਰਿਪਾ ਪ੍ਰਸਾਦਿ ਦਾ ਵਰਣਨ ਹੈ, ਅਨੁਭਵ ਹੈ, ਜੋ “ਕਾਈਂਡਨੈਸ” ਜਾਂ “ਗਿਫਟ” ਵਜੋਂ ਉਲਥਾਉਣਾ ਵੱਧ ੳਚਿੱਤ ਹੈ। “ਪ੍ਰਸਾਦਿ” ਦੀ ਵਿਲੱਖਣਤਾ ਅਤੇ ਨਵੇਕਲਾਪਣ ਅਨੁਵਾਦਕਾਂ ਨੇ ਨਹੀਂ ਪਕੜੇ। “ਗ੍ਰੇਸ” ਸ਼ਬਦ ਵਰਤਣ ਨਾਲ ਅਨੁਵਾਦ ਨੂੰ ਈਸਾਈ ਪੱਛਮੀ ਪਰਿਪੇਖ ਨਾਲ ਜੋੜ ਦਿੱਤਾ। ਅਜਿਹਾ ਜੋੜ ਈਸਾਈਅਤ ਦੇ ਰਾਜਨੀਤਿਕ ਨੈਟਵਰਕ ਵਲ ਵੀ ਲੈ ਜਾਂਦਾ ਹੈ। ਸਿੱਖ ਅਨੁਵਾਦਕ ਵੀ ਆਪਣੇ ਅਨੁਵਾਦਾਂ ਵਿਚ ਆਈ ਇਸ ਖੋਟ ਜਾਂ ਊਣ ਤੋਂ ਬਚ ਨਹੀਂ ਸਕੇ।
“ਆਸਾ ਕੀ ਵਾਰ” ਵਿਚ (ਪੰਨਾ 463-64) ਵਿਚ ਇਕ ਸਲੋਕ ਵਾਹਿਗੁਰੂ ਦੀ ਵਿਸਮਾਦੀ ਸਿਰਜਣਾ ਨੂੰ ਸਮਰਪਿਤ ਹੈ। ਵਾਹਿਗੁਰੂ ਖੁਦ “ਹਾਜਰਾ ਹਜੂਰਿ ਹੋ ਕੇ ਆਪਣੀ ਸਿਰਜਣਾ ਨੂੰ ਦੇਖ ਰਿਹਾ ਹੈ। ਪੰਨਾ 464 ੳੱਤੇ ਇਕ ਸਲੋਕ ਵਿਚ ਪੌਣ, ਦਰਿਆ, ਅਗਨ, ਧਰਤੀ, ਚੰਦ, ਸੂਰਜ ਆਦਿ “ਭੈ” ਵਿਚ ਕ੍ਰਿਆ ਕਰ ਰਹੇ ਦੱਸੇ ਗਏ ਹਨ। ਕੀ ਇਹ “ਭੈ” ਡਰ ਹੈ ਜੋ “ਫੀਅਰ” ਸ਼ਬਦ ਨਾਲ ਉਲਥਾਇਆ ਜਾਵੇ? ਇਹ ਚਿੰਤਨ ਦੀ ਮੰਗ ਕਰਦਾ ਹੈ? ਵਾਹਿਗੁਰੂ ਵਿਸਮਾਦ ਦਾ ਗੁਰੂ ਹੈ। ਗੁਰਬਾਣੀ ਵਿਚ ਸ਼ਬਦ “ਭਾਉ” ਵੀ ਵਰਤਿਆ ਗਿਆ ਹੈ, ਜਿਸ ਦੇ ਅਰਥ ਭਾਈ ਕਾਨ੍ਹ ਸਿੰਘ ਨਾਭਾ ਨੇ ਮਹਾਨ ਕੋਸ਼ ਵਿਚ “ਪ੍ਰਭਾਵ ਅਸਰ, ਪ੍ਰੇਮ ਪਿਆਰ” ਵੀ ਕੀਤੇ ਹਨ। ਵਾਹਿਗੁਰੂ ਦੇ ਵਿਸਮਾਦੀ ਹੋਣ ਕਾਰਣ ਅਤੇ ਸਿਰਜਨਾ ਨੂੰ ਦੇਖ ਕੇ ਨਿਹਾਲ ਹੋਣ ਕਾਰਣ ਉਹ ਵਿਿਚੱਤਰਤਾ ਉੱਤੇ ਸਰਸ਼ਾਰ ਹੈ, ਇਸ ਲਈ ਆਪਣੀ ਸਿਰਜਣਾ ਨੂੰ ਭੈ-ਭੀਤ ਰੱਖਣ ਵਾਲਾ ਵਾਹਿਗੁਰੂ ਨਹੀਂ ਹੋ ਸਕਦਾ। ਅੰਗਰੇਜੀ ਵਿਚ ਸ਼ਬਦ ਆੱ (ਆੳ) ਵੀ ਮੌਜ਼ੂਦ ਹੈ, ਜਿਸ ਵਿਚ ਵਡਿੱਤਣ ਤੋਂ ਉਪਜੇ ਆਸ਼ਚਰਯ ਭਾਵ ਦਾ ਅਰਥ ਹੈ। ਇਸ ਲਈ ਫੀਅਰ ਦੀ ਥਾਂ ਜੇ “ਆੱ” ਵਰਤਿਆ ਜਾਵੇ ਤਾਂ ਵਧੇਰੇ ਉਚਿੱਤ ਹੈ। ਵਿਸਮਾਦ ਦਾ ਗੁਰੂ ਵਾਹਿਗੁਰੂ “ਆੱਸਮ” ਹੋ ਸਕਦਾ ਹੈ, ਫੀਅਰਫੁਲ ਨਹੀਂ। ਗੁਰਬਾਣੀ ਦਾ ਅਨੁਵਾਦ ਕਰਨ ਲੱਗਿਆਂ ਪੂਰੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵਰਤੇ ਗਏ ਸ਼ੰਕਲਪਾਂ ਅਤੇ ਰੂਪਕਾਂ ਦਾ ਧਿਆਨ ਰੱਖਣਾ ਪਵੇਗਾ। ਇੱਕੋ-ਇਕੱਲੇ ਸ਼ਬਦ ਨੂੰ ਬਿਨਾਂ ਪੂਰੇ ਪ੍ਰਸ਼ੰਗ ਅਤੇ ਪਾਸਾਰਾਂ ਦੇ ਉਲਥਾਉਣਾ ਉਚਿਤ ਨਹੀਂ। ਵਿਸਮਾਦੀ ਵਾਹਿਗੁਰੂ ਦੀ ਥਾਂ ਭੈ-ਭੀਤ ਕਰਨ ਵਾਲਾ ਵਾਹਿਗੁਰੂ ਸਥਾਪਿਤ ਕਰਨਾ ਗੁਰਬਾਣੀ ਦਾ ਮੰਤਵ ਨਹੀਂ। ਅਜਿਹਾ ਭੈ-ਭੀਤ ਕਰਨ ਵਾਲਾ ਕਿਰਦਾਰ ਇਕ ਸੁਲਤਾਨ ਜਾਂ ਬਾਦਸ਼ਾਹ ਦਾ ਹੁੰਦਾ ਸੀ। ਡਰਾ ਕੇ ਰੱਖਣਾ ਗ਼ੁਲਾਮ ਬਣਾਉਣ ਲਈ ਜ਼ਰੂਰੀ ਸੀ। ਗੁਰਬਾਣੀ ਦਾ ਵਾਹਿਗੁਰੂ “ਸੱਚਾ ਪਾਤਸ਼ਾਹ” ਹੈ, ਵਿਸਮਾਦ ਦਾ ਗੁਰੂ ਹੈ, ਬਾਦਸ਼ਾਹ ਜਾਂ ਸੁਲਤਾਨ ਨਹੀਂ।
*ਉਪਰੋਕਤ ਲਿਖਤ ਪਹਿਲਾਂ 16 ਦਸੰਬਰ 2018 ਨੂੰ ਛਾਪੀ ਗਈ ਸੀ