ਮਜੀਠਾ ਆਪਣੇ ਨਾਮ ਦੇ ਅੰਦਰ ਇਕ ਐਸੀ ਅਛੂਤੀ ਖਿੱਚ ਰੱਖਦਾ ਹੈ ਜਿਸ ਦੇ ਨਾਮ ਸੁਣਨ ਤੇ ਹੀ ਖਾਲਸਾ ਇਤਿਹਾਸ ਨਾਲ ਪਿਆਰ ਰੱਖਣ ਵਾਲਿਆਂ ਦਾ ਲਹੂ ਉਛਾਲੇ ਖਾਣ ਲੱਗ ਪੈਂਦਾ ਹੈ। ਇਸ ਗਰਾਮ ਨੇ ਖਾਲਸਾ ਕੌਮ ਲਈ ਉਹ ਮਹਾਨ ਹਸਤੀਆਂ ਜਨਮੀਆਂ, ਜਿਨ੍ਹਾਂ ਦੇ ਨਾਮ ਰਹਿੰਦੀ ਦੁਨੀਆਂ ਤੱਕ ਸਦਾ ਵਡਿਆਈ ਦਾ ਹਕ ਪ੍ਰਾਪਤ ਕਰ ਚੁਕੇ ਹਨ। ਸਰਦਾਰ ਦੇਸਾ ਸਿੰਘ ਵਰਗਾ ਮੁਦੱਬਰ, ਸਰਦਾਰ ਲਹਿਣਾ ਸਿੰਘ ਜਿਹਾ ਰੌਸ਼ਨ ਦਿਮਾਗ ਕਾਢ-ਕਾਰ ਅਤੇ ਮਿਕੈਨੀਕਲ ਇੰਜੀਨੀਅਰ ਜਿਸ ਕੌਮ ਵਿਚ ਹੋਣ ਉਹ ਕਿੰਨੀ ਮਾਨਯੋਗ ਹੈ। ਇਨ੍ਹਾਂ ਦੀਆਂ ਖਾਲਸਾ ਰਾਜ ਲਈ ਘਾਲਾਂ ਕਿਸ ਨੂੰ ਭੁੱਲਣੀਆਂ ਹਨ ? ਸਰਦਾਰ ਅਮਰ ਸਿੰਘ ਕਲਾਨ, ਸ: ਅਮਰ ਸਿੰਘ ਖੁਰਦ, ਬਹਾਦਰ ਸਰਦਾਰ ਅਤਰ ਸਿੰਘ ਤੇ ਨਿਡਰ ਰਾਜਾ ਸੂਰਤ ਸਿੰਘ ਵਰਗੇ ਜੋਧਿਆਂ ਦੇ ਕਾਰਨਾਮੇ ਪੜਿਆਂ ਸੁਣਿਆਂ ਮੁੜ ਸੁੱਕੀਆਂ ਰਗਾਂ ਵਿਚ ਸੂਰਮਤਾ ਦਾ ਖੂਨ ਗੇੜੇ ਲਾਉਣ ਲੱਗ ਜਾਂਦਾ ਹੈ। ਖਾਲਸਾ ਰਾਜ ਦੀ ਉਸਾਰੀ ਅਤੇ ਸਥਿਰਤਾ ਲਈ ਜਿੰਨਾਂ ਵਧ ਆਪਣਾ ਕੀਮਤੀ ਲਹੂ ਪਾਣੀ ਦੀ ਤਰ੍ਹਾਂ ਇਨ੍ਹਾਂ ਮਹਾਂ ਬੀਰਾਂ ਨੇ ਡੋਲਿਆ ਸੀ ਸ਼ਾਇਦ ਹੀ ਕਿਸੇ ਹੋਰ ਨੇ ਵੀਟਿਆ ਹੋਵੇ। ਗੋਲੀਆਂ, ਤਲਵਾਰਾਂ ਤੇ ਬਲਮਾਂ ਬਰਛੀਆਂ ਦੇ ਫੱਟਾਂ ਨਾਲ ਜਿੱਨੀਆਂ ਇਨ੍ਹਾਂ ਆਪਣੀਆਂ ਛਾਤੀਆਂ ਛਾਨਣੀ ਕਰਵਾਈਆਂ ਸਨ ਉਹ ਹੋਰਥੇ ਘਟ ਹੀ ਮਿਲਦੀਆਂ ਹਨ, ਅਤੇ ਇਸ ਮਹਾਨ ਕਾਰਜ ਲਈ ਜਿੱਨੀਆਂ ਜਾਨਾਂ ਬਲੀਦਾਨ ਕੀਤੀਆਂ ਇਨ੍ਹਾਂ ਵਿਚੋਂ ਕੁਝ ਕੁ ਕੌਮੀ ਸ਼ਹੀਦਾਂ ਦੇ ਨਾਮ ਇਹ ਹਨ :- ਸਰਦਾਰ ਮੰਨਾਂ ਸਿੰਘ ਮਜੀਠੀਆ ਚਨੋਟ ਦਾ ਕਿਲ੍ਹਾ ਖਾਲਸਾ ਰਾਜ ਲਈ ਫਤਹ ਕਰਦਾ ਹੋਇਆ ਆਪਣੀ ਕੌਮ ਪਰ ਕੁਰਬਾਨ ਹੋਇਆ। ਸਰਦਾਰ ਅਮਰ ਸਿੰਘ ਕਲਾਨ ਅਤੇ ਬਹਾਦਰ ਸਰਦਾਰ ਅਤਰ ਸਿੰਘ ਨੇ ਹਜ਼ਾਰੇ ਨੂੰ ਖਾਲਸਾ ਰਾਜ ਨਾਲ ਮਿਲਾਉਂਦਿਆਂ ਹੋਇਆਂ ਆਪਣੇ ਸੀਸ ਭੇਟਾ ਚਾੜੇ। ਇਨ੍ਹਾਂ ਦੀਆਂ ਸਾਰੀਆਂ ਘਾਲਾਂ ਦੇ ਵੇਰਵੇ ਲਈ ਇਕ ਵੱਖ ਪੁਸਤਕ ਦੀ ਲੋੜ ਹੈ।
ਅਸੀਂ ਇੱਥੇ ਕੁਝ ਕੁ ਬੀਰਾਂ ਦੇ ਹਾਲ ਦਿੰਦੇ ਹਾਂ :
ਇਸ ਘਰਾਣੇ ਦੀ ਰਾਜ ਸੇਵਾ: ਸਰਦਾਰ ਦੇਸਾ ਸਿੰਘ ਆਪਣੀ ਵਰਯਾਮਤਾ ਅਤੇ ਸਿਆਣਪ ਲਈ ਖਾਲਸਾ ਦਰਬਾਰ ਵਿਚ ਬੜਾ ਨਾਮੀ ਮੰਨਿਆ ਜਾਂਦਾ ਸੀ। ਇਸਨੇ ਆਪਣੀ ਪਹਾੜੀ ਇਲਾਕੇ ਦੀ ਨਿਜ਼ਾਮਤ ਸਮੇਂ ਪਹਾੜੀ ਰਾਜਿਆਂ ਨਾਲ ਰੋਅਬ ਤੇ ਸਿਆਣਪ ਦਾ ਸੰਮਿਲਤ ਵਰਤਾਵ ਐਸੀ ਸੁਚੱਜਤਾ ਨਾਲ ਵਰਤਿਆ ਕਿ ਇਹ ਸਾਰੇ ਰਾਜੇ, ਬਿਨਾਂ ਕਿਸੇ ਖੂਨ ਖਰਾਬੇ ਦੇ, ਖਾਲਸਾ ਰਾਜ ਦੇ ਅਧੀਨ ਹੋ ਕੇ ਇਸਦੀ ਨਿਜ਼ਾਮਤ ਵਿਚ ਮਿਲ ਗਏ। ਇਨ੍ਹਾਂ ਰਿਆਸਤਾਂ ਦੇ ਨਾਮ ਇਹ ਹਨ :- ਕਾਂਗੜਾ, ਚੰਬਾ, ਨੂਰਪੁਰ, ਕੋਟਲਾ, ਸ਼ਾਹਪੁਰ, ਜਸਰੋਟਾ ਬਸੌਲੀ, ਮਾਨਕੋਤ, ਜਸਵਾਨ, ਸੀਬਾ, ਗੁਲੇਰ, ਕਹਿਲੂਰ. ਮੰਡੀ ਸੁਕੇਤ, ਕੁਲੁ ਅਤੇ ਦਾਤਾਰ ਪੁਰਾ। ਇਸ ਦੇ ਬਾਅਦ ਆਪ ਨੂੰ ਅੰਮ੍ਰਿਤਸਰ ਦਾ ਨਾਜਰ ਮੁਕੱਰਰ ਕੀਤਾ ਗਿਆ। ਇਸ ਸਮੇਂ ਸ੍ਰੀ ਦਰਬਾਰ ਸਾਹਿਬ ਦਾ ਪ੍ਰਬੰਧ ਪੂਰਨ ਗੁਰਸਿੱਖੀ ਮਰਯਾਦਾ ਅਨੁਸਾਰ ਚਲਦਾ ਰਿਹਾ। ਆਪਨੇ ਇੱਥੋਂ ਦੇ ਗੁਰਦਵਾਰਿਆਂ ਦੀ ਰੌਣਕ ਵਧਾਉਣ ਵਿਚ ਵਡੀ ਯੋਗਤਾ ਤੋਂ ਕੰਮ ਲਿਆ। ਸ਼ੇਰਿ ਪੰਜਾਬ ਆਪ ਦੀ ਸੇਵਾ ਤੋਂ ਇੰਨੇ ਪ੍ਰਸੰਨ ਹੋਏ ਸਨ ਕਿ ਉਨ੍ਹਾਂ ਵੱਲੋਂ ਆਪ ਨੂੰ ੧੨੪੨੫੦ ਰੁਪਿਆ ਸਾਲਨਾ ਦੀ ਜਾਗੀਰ ਮਿਲੀ ਹੋਈ ਸੀ। ਸਰਦਾਰ ਦੇਸਾ ਸਿੰਘ ਜੀ ਸੰਨ ੧੮੩੨ ਵਿਚ ਪਰਲੋਕ ਸਿਧਾਰ ਗਏ।
ਸਰਦਾਰ ਦੇਸਾ ਸਿੰਘ ਸਪੁੱਤ੍ਰ ਸਰਦਾਰ ਲਹਿਣਾ ਸਿੰਘ ਨੇ ਆਪਣੇ ਉੱਚ ਗੁਣਾਂ ਦੇ ਕਾਰਣ ਆਪਣੇ ਪਿਤਾ ਤੋਂ ਵੀ ਵੱਧ ਨਾਮਵਰੀ ਪਾਈ ਸੀ। ਇਸ ਦਾ ਤੇਜ਼ ਦਿਮਾਗ ਨਵੀਆਂ ਕਾਢਾਂ ਕੱਢਣ ਲਈ ਤੇ ਇੰਜੀਨੀਅਰੀ ਦੇ ਕੰਮਾਂ ਲਈ ਸਾਰੇ ਪੰਜਾਬ ਵਿਚ ਅਦੁਤੀ ਮੰਨਿਆ ਜਾਂਦਾ ਸੀ। ਇਸਦੀ ਆਪਣੀ ਕਾਢ ਅਨੁਸਾਰ ਉਸਦੀ ਬਣਾਈ ਹੋਈ ਘੜੀ, ਜਿਸ ਵਿਚ ਨਾ ਕੇਵਲ ਘੜੀਆਂ, ਪਲਾਂ ਅਤੇ ਪਹਿਰਾਂ ਦਾ ਹੀ ਪਤਾ ਲਗਦਾ ਸੀ, ਸਗੋਂ ਚੰਦ ਦਾ ਵਧਣਾ ਘਟਣਾ ਵੀ ਸਾਫ਼ ਸਾਫ ਦਿੱਸਦਾ ਸੀ। ਆਪ ਨੇ ਇਹ ਘੜੀ ਜਦ ਪਹਿਲੀ ਵਾਰ ਸ਼ੇਰਿ ਪੰਜਾਬ ਦੀ ਹਜ਼ੂਰੀ ਵਿਚ ਪੇਸ਼ ਕੀਤੀ ਤਾਂ ਸ੍ਰੀ ਹਜ਼ੂਰ ਜੀ ਇੰਨੇ ਪ੍ਰਸੰਨ ਹੋਏ ਕਿ ਭਰੇ ਦਰਬਾਰ ਵਿਚ ਆਪ ਦੀ ਵੱਡੀ ਸ਼ਲਾਘਾ ਕੀਤੀ ਗਈ। ਇਸ ਤੋਂ ਛੁੱਟ ਇਕ ਵੱਡੀ ਜਾਗੀਰ ਦੇ ਨਾਲ ਖਾਲਸਾ ਰਾਜ ਦਾ ਉੱਚਾ ਖ਼ਿਤਾਬ “ਕੈਸਰਉਲ ਇਕਤਦਾਰ” ਬਖਸ਼ਿਆ। ਸਰਦਾਰ ਲਹਿਣਾ ਸਿੰਘ ਦੀ ਇਕ ਹੋਰ ਕਾਢ ਬੜੀ ਪ੍ਰਸਿੱਧ ਹੈ: ਇਹ ਇਕ ਨਵੇਂ ਨਮੂਨੇ ਦੀ ਬੰਦੂਕ ਸੀ, ਜਿਸ ਵਿਚ ਤਿੰਨ ਗੋਲੀਆਂ ਵਾਰੋ ਵਾਰੀ ਚਲਦੀਆਂ ਸਨ। ਆਪਦੀ ਨਿਗਰਾਨੀ ਵਿਚ ਢਲੀਆਂ ਹੋਈਆਂ ‘ਸੂਰਜ ਮੁਖੀ’ ਨਾਮ ਦੀਆਂ ਤੋਪਾਂ ਅਤੇ ਪਾਟਵੇਂ ਗੋਲੇ ਖਾਲਸਾ ਰਾਜ ਦੀ ਜੰਗੀ ਸੇਵਾ ਲਈ ਬਹੁਮੁਲੀਆਂ ਕਾਢਾਂ ਸਨ। ਉਸ ਸਮੇਂ ਕਈ ਨਾਮੀ ਯੂਰਪੀਨ ਜੰਗੀ ਮਾਹਿਰਾਂ ਦੀ ਰਾਇ ਸੀ ਕਿ ਇਨ੍ਹਾਂ ਤੋਪਾਂ ਤੋਂ ਵਧੀਆ ਤੋਪਾਂ ਸੰਸਾਰ ਭਰ ਵਿਚ ਕਿਤੇ ਵੀ ਨਹੀਂ ਸਨ ਬਣੀਆਂ। ਇਸ ਮਹਾਨ ਕੰਮ ਦੀ ਸਫ਼ਲਤਾ ਦੀ ਖੁਸ਼ੀ ਵਿਚ ਮਹਾਰਾਜਾ ਸਾਹਿਬ ਨੇ ਆਪ ਨੂੰ ਇਕ ਹੋਰ ਖ਼ਿਤਾਬ ‘ਹੈਸਾਮਉਲ ਦੌਲਾ” ਦਾ ਦਿੱਤਾ ਸੀ। ਹੈਰਾਨ ਕਰਨ ਵਾਲੀ ਤਾਂ ਇਹ ਗੱਲ ਹੈ ਕਿ ਜਿੱਥੇ ਸਰਦਾਰ ਲਹਿਣਾ ਸਿੰਘ ਇਨ੍ਹਾਂ ਕਾਢਾਂ ਲਈ ਪ੍ਰਸਿੱਧ ਸੀ ਉੱਥੇ ਆਪ ਨੂੰ ਮੁਲਕੀ ਪ੍ਰਬੰਧ ਵਿਚ ਵੱਡੀ ਸਫ਼ਲਤਾ ਪ੍ਰਾਪਤ ਸੀ। ਆਪਣੇ ਪਿਤਾ ਦੇ ਚਲਾਣੇ ਉਪਰੰਤ ਉਹ ਸਾਰਾ ਇਲਾਕਾ, ਜਿਹੜਾ ਸਰਦਾਰ ਦੇਸਾ ਸਿੰਘ ਦੀ ਨਿਜ਼ਾਮਤ ਵਿਚ ਸੀ, ਮਹਾਰਾਜਾ ਸਾਹਿਬ ਨੇ ਸਰਦਾਰ ਲਹਿਣਾ ਸਿੰਘ ਨੂੰ ਸੌਂਪ ਦਿੱਤਾ ਸੀ, ਜਿਸ ਦਾ ਪ੍ਰਬੰਧ ਇਹ ਬੜੀ ਯੋਗਤਾ ਨਾਲ ਚਲਾਉਂਦਾ ਰਿਹਾ, ਖਾਸ ਕਰ ਪਾਵਨ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੇ ਇਸ ਨਾਲ ਲਾਗਵੇਂ ਗੁਰਧਾਮਾਂ ਦੀ ਜਿਹੜੀ ਰੌਣਕ ਸਰਦਾਰ ਲਹਿਣਾ ਸਿੰਘ ਦੀ ਰਹਿਨੁਮਾਈ ਵਿਚ ਹੋਈ ਉਹ ਸਦਾ ਯਾਦ ਰਹੇਗੀ।
ਮਜੀਠਾ ਘਰਾਣ ਦਾ ਇਕ ਹੋਰ ਨਾਮਵਰ ਸਰਦਾਰ ਅਮਰ ਸਿੰਘ ਕਲਾਰ ਸੀ, ਜਿਸਨੂੰ ਸ਼ੇਰਿ ਪੰਜਾਬ ਖਾਲਸਾ ਰਾਜ ਦਾ ਥੰਮ ਕਹਿੰਦੇ ਹੁੰਦੇ ਸਨ। ਇਹ ਸਰਦਾਰ ਆਪਣੇ ਬਾਹੂਬਲ ਲਈ ਇੱਨਾਂ ਪ੍ਰਸਿੱਧ ਸੀ ਕਿ ਇਸ ਦੀਆਂ ਸਾਖੀਆਂ ਅੱਜ ਦਿਨ ਤੱਕ ਸਰਹੱਦ ਦੇ ਪਠਾਣਾਂ ਦੀ ਜ਼ਬਾਨੀ ਸੁਣੀ ਦੀਆਂ ਹਨ। ਇਨ੍ਹਾਂ ਵਿਚੋਂ ਇਸ ਦੇ ਬਲ ਦੀ ਇਕ ਕਹਾਣੀ, ਜੋ ਹੁਣ ਯੂਸਫਜ਼ਈ ਪਠਾਣ ਦੱਸਦੇ ਹਨ, ਇਸ ਤਰ੍ਹਾਂ ਹੈ ਕਿ “ਡਾਗੀ ਨਾਮੇ ਪਿੰਡ ਵਿਚ, ਜੋ ਮਰਦਾਨ ਦੇ ਲਾਗੇ, ਇਕ ਤੂਤ ਦੇ ਦਰਖਤ ਪਰ ਇਸ ਸਰਦਾਰ ਨੇ ਆਪਣੀ ਕਮਾਨ ਵਿੱਚੋਂ ਇੱਨੇ ਜ਼ੋਰ ਦਾ ਤੀਰ ਚਲਾਇਆ ਜਿਸ ਨਾਲ ਉਹ ਦਰਖਤ ਦੁਸਾਰ ਛਿਦ ਗਿਆ।” ਇਸ ਦਾ ਇੱਥੋਂ ਦੇ ਵਸਨੀਕਾਂ ਪਰ ਸਰਦਾਰ ਅਮਰ ਸਿੰਘ ਦੇ ਅਸਾਧਾਰਨ ਬਲ ਦਾ ਇੰਨਾਂ ਡੂੰਘਾ ਪ੍ਰਭਾਵ ਛਾਇਆ ਕਿ ਬਿਨਾਂ ਕਿਸੇ ਲੜਾਈ ਦੇ ਉਹ ਖਾਲਸੇ ਦੇ ਬਾਜਗੁਜਾਰ ਬਣ ਗਏ । ਇਸ ਬਾਰੇ ਸਰ ਲੈਪਲ ਗਿਫਨ ਲਿਖਦਾ ਹੈ “ਅਜ ਦੇ ਦਿਨ ਤੱਕ ਇਲਾਕਾ ਯੂਸਫਜ਼ਈ ਵਿਚ ਸਰਦਾਰ ਅਮਰ ਸਿੰਘ ਕਲਾਨ ਦਾ ਨਾਮ ਖੂਬ ਯਾਦ ਹੈ। ਇੱਥੋਂ ਦੇ ਲੋਕ ਹੁਣ ਵੀ ਇਕ ਦਰਖਤ ਦੱਸਦੇ ਹਨ, ਜਿਸ ਵਿਚ ਦੁਸਾਰਇਕ ਸੁਰਾਖ ਹੈ, ਇਹ ਸੁਰਾਖ਼ ਇਕ ਤੀਰ ਨਾਲ ਹੋਇਆ ਸੀ, ਜੋ ਸਰਦਾਰ ਅਮਰ ਸਿੰਘ ਨੇ ਆਪਣੀ ਕਮਾਨ ਵਿੱਚੋਂ ਚਲਾਇਆ ਸੀ।”
ਸੰਨ ੧੮੨੦ ਈ: ਵਿਚ ਸਰਦਾਰ ਅਮਰ ਸਿੰਘ ਕਲਾਨ ਹਜ਼ਾਰੇ ਦਾ ਗਵਰਨਰ ਨੀਯਤ ਹੋਇਆ। ਇਸ ਨੇ ਥੋੜੇ ਦਿਨਾਂ ਵਿਚ ਹੀ ਆਪਣੀ ਯੋਗਤਾ ਨਾਲ ਇਸ ਖੁਦਸਰ ਇਲਾਕੇ ਵਿਚ ਪੂਰੀ ਸ਼ਾਂਤੀ ਕਾਇਮ ਕਰ ਲਈ। ਅਗਲੇ ਸਾਲ ਮੁਹੰਮਦ ਖਾਨ ਤਾਰੀਨ ਨੇ ਮੁੜ ਸਿਰ ਚੁਕਿਆ ਅਤੇ ਬਹੁਤ ਸਾਰੇ ਢੰਗ, ਤਰੀਨ, ਤਨਾਵਲੀ ਅਤੇ ਕਰਾਲਾਂ ਨੂੰ ਆਪਣੇ ਨਾਲ ਮਿਲਾ ਕੇ ਬਗਾਵਤ ਕਰ ਦਿੱਤੀ। ਖਾਲਸਾ ਫੌਜ ਨੇ ਸਰਦਾਰ ਅਮਰ ਸਿੰਘ ਦੀ ਸਰਦਾਰੀ ਵਿਚ ਤਾਰਾਗੜ ਦੇ ਇਲਾਕੇ ਪਰ ਲੜਾਈ ਕਰਕੇ ਬਾਗੀਆਂ ਨੂੰ ਭਾਰੀ ਹਾਰ ਦਿੱਤੀ। ਖਾਲਸਾ ਫੌਜ ਜਦ ਫਤਹ ਦਾ ਝੰਡਾ ਝੁਲਾਉਂਦੀ ਹੋਈ ਪਿਛਾਂਹ ਪਰਤ ਆਈ ਤਾਂ ਇਸ ਸਮੇਂ ਸਰਦਾਰ ਅਮਰ ਸਿੰਘ ‘ਸਮੁੰਦਰ ਕਸ’ ਨਾਮੀ ਕੱਠੇ ਪਰ ਇਸ਼ਨਾਨ ਕਰਨ ਲਈ ਠਹਿਰ ਗਏ। ਕੁਝ ਗਾਜ਼ੀ ਖਾਲਸੇ ਤੋਂ ਮੈਦਾਨ ਜੰਗ ਵਿਚ ਹਾਰ ਖਾ ਕੇ ਇਸ ਨਾਲੇ ਵਿਚ ਜਾਨ ਬਚਾਉਣ ਲਈ ਆ ਲੁਕੇ ਸਨ। ਉਨ੍ਹਾਂ ਨੇ ਜਦ ਸਰਦਾਰ ਅਮਰ ਸਿੰਘ ਨੂੰ ਥੋੜੇ ਜਿਹੇ ਸਵਾਰਾਂ ਨਾਲ ਫੌਜ ਤੋਂ ਵੱਖ ਡਿੱਠਾ ਤਾਂ ਉਨ੍ਹਾਂ ਨੇ ਦੂਰ ਤੋਂ ਹੀ ਆਪਣੀਆਂ ਬੰਦੂਕਾਂ ਇੱਨ੍ਹਾਂ ਪਰ ਚਲਾ ਦਿੱਤੀਆਂ, ਜਿਨ੍ਹਾਂ ਨਾਲ ਸਣੇ ਸਰਦਾਰ ਅਮਰ ਸਿੰਘ ਦੇ ਕਈ ਜਵਾਨ ਫੱਟੜ ਹੋਏ। ਚੂੰਕਿ ਸਰਦਾਰ ਜੀ ਦੇ ਫਟ ਤੋਂ ਬਹੁਤ ਸਾਰਾ ਲਹੂ ਵਗ ਰਿਹਾ ਸੀ ਤੇ ਸਮੇਂ ਸਿਰ ਕੋਈ ਫਟਬੰਨ੍ਹ ਵੀਨਾ ਪਹੁੰਚ ਸਕਿਆ, ਜਿਸ ਦੇ ਕਾਰਨ ਸਰਦਾਰ ਜੀ ਚਲਾਣਾ ਕਰ ਗਏ। ਜਦ ਖਾਲਸਾ ਫੌਜ ਨੂੰ ਇਸ ਹਿਰਦੇ-ਬੇਧਿਕ ਖਬਰ ਦਾ ਪਤਾ ਲੱਗਾ ਤਾਂ ਉਨ੍ਹਾਂ ਇਨ੍ਹਾਂ ਸਾਰਿਆਂ ਬਾਗੀਆਂ ਨੂੰ ਘੇਰ ਲਿਆ ਅਤੇ ਜੋ ਸਜ਼ਾ ਇਸ ਤਰ੍ਹਾਂ ਦੇ ਦੋਸ਼ੀਆਂ ਲਈ ਲੋੜੀਂਦੀ ਹੈ ਉਸੀ ਵਕਤ ਦਿੱਤੀ ਗਈ।
ਸ਼ੇਰਿ ਪੰਜਾਬ ਨੂੰ ਜਦ ਇਹ ਦੁਖ ਭਰੀ ਖਬਰ ਪਹੁੰਚੀ ਤਾਂ ਆਪ ਨੇ ਬੜਾ ਹੀ ਦੁਖ ਮਨਾਇਆ ਅਤੇ ਸਰਦਾਰ ਹਰੀ ਸਿੰਘ ਨਲੂਆ ਨੂੰ ਇਨ੍ਹਾਂ ਲੋਕਾਂ ਨੂੰ ਪੂਰੀ ਸਿੱਖਿਆ ਦੇਣ ਲਈ ਹਜ਼ਾਰੇ ਵੱਲ ਤੋਰਿਆ ।
ਕੁਝ ਸਮੇਂ ਉਪਰੰਤ ਸਰਦਾਰ ਅਤਰ ਸਿੰਘ ਮਜੀਠਾ ਨੂੰ ਮਹਾਰਾਜਾ ਸਾਹਿਬ ਨੇ ਧੰਨੀ ਤੇ ਪੁਠੋਹਾਰ ਦਾ ਨਾਜ਼ਮ ਮੁਕੱਰਰ ਕੀਤਾ। ਇਹ ਆਪਣੇ ਇਸ ਕੰਮ ਵਿਚ ਚੰਗਾ ਕਾਮਯਾਬ ਰਿਹਾ। ਇਸ ਤੋਂ ਛੁਟ ਮੈਦਾਨੇ ਜੰਗ ਵਿਚ ਵੀ ਆਪਣੀ ਤਲਵਾਰ ਦੇ ਜੌਹਰ ਕਈ ਮੌਕਿਆਂ ਪਰ ਦਿਖਾ ਚੁੱਕਾ ਸੀ। ਇਸ ਤਰ੍ਹਾਂ ਖਾਲਸਾ ਰਾਜ ਦੇ ਵਾਧੇ ਲਈ ਇਸਨੇ ਸੰਨ ੧੮੪੩ ਨੂੰ ਹਜ਼ਾਰੇ ਵਿਚ ਆਪਣੀ ਕੁਰਬਾਨੀ ਦਿੱਤੀ। ਇਕ ਸਮੇਂ ਸਾਰੇ ਮਜੀਠੀਆ ਘਰਾਣੇ ਵਿਚ ਸਰਦਾਰ ਅਤਰ ਸਿੰਘ ਸਭ ਤੋਂ ਵੱਧ ਬਹਾਦਰ ਤੇ ਸੁਘੜ ਸਮਝਿਆ ਜਾਂਦਾ ਸੀ। ਇਸ ਦੀ ਰਾਜਸੀ ਖਿਦਮਤਾਂ ਬੜੀਆਂ ਸ਼ਾਨਦਾਰ ਸਨ। ਸਰਦਾਰ ਅਤਰ ਸਿੰਘ ਦਾ ਨਿਧੜਕ ਸਪੁੱਤ ਸਰਦਾਰ ਸੂਰਤ ਸਿੰਘ ਆਪਣੀ ਪਹਿਲੀ ਉਮਰ ਵਿਚ ਹੀ ਇਲਾਕਾ ਪਿਸ਼ਾਵਰ ਤੇ ਨੁਸ਼ਹਿਰੇ ਦਾ ਮੁਲਕੀ ਪ੍ਰਬੰਧ ਬੜੀ ਯੋਗਤਾ ਨਾਲ ਚਲਾਉਂਦਾ ਰਿਹਾ। ਇਹ ਸਰਦਾਰ ਆਪਣੇ ਉੱਚ ਆਚਰਨ ਅਤੇ ਸਿੱਖੀ ਜੀਵਨ ਦੇ ਕਾਰਨ ਖਾਲਸਾ ਪੰਥ ਤੇ ਫੌਜਾਂ ਵਿਚ ਬੜਾ ਸਤਕਾਰਿਆ ਜਾਂਦਾ ਸੀ। ਪਿਤਾ ਦੇ ਚਲਾਣੇ ਸਮੇਂ ਜਿੱਨਾਂ ਇਸ ਸਰਦਾਰ ਦਾ ਅਸਰ ਖਾਲਸੇ ਵਿਚ ਮੰਨਿਆ ਜਾਂਦਾ ਸੀ, ਸ਼ਾਇਦ ਹੀ ਕਿਸੇ ਹੋਰ ਦਾ ਹੋਵੇ। ਇਹ ਖੁਲ੍ਹ ਦਿਲਾ, ਦਾਨੀ ਅਤੇ ਗੁਰੂ ਦਾ ਪੱਕਾ ਨਿਤਨੇਮੀ ਸੀ। ਇਸ ਦਾ ਦਿਲ ਕੌਮੀ ਪਿਆਰ ਨਾਲ ਐਸਾ ਭਰਪੂਰ ਸੀ ਕਿ ਇਸ ਲਈ ਇਹ ਵੱਡੀ ਤੋਂ ਵੱਡੀ ਕੁਰਬਾਨੀ ਦੇਣ ਲਈ ਹਮੇਸ਼ਾ ਤਿਆਰ ਰਹਿੰਦਾ ਸੀ। ਆਪਦੀ ਅਸਰ-ਭਰਪੂਰ ਕਥਨੀ ਮਨਾਂ ਦੀ ਡੂੰਘਾਈ ਤੱਕ ਪਹੁੰਚਦੀ ਹੁੰਦੀ ਸੀ, ਇਸ ਲਈ ਆਪਦੀ ਰਾਏ ਤੋਂ ਕੋਈ ਬਾਹਰ ਨਹੀਂ ਸੀ ਜਾ ਸਕਦਾ।
ਸੰਨ ੧੮੪੯ ਦੇ ਮੁਲਤਾਨ ਦੇ ਰੌਲੇ ਸਮੇਂ ਸਰਦਾਰ ਸੁਰਤ ਸਿੰਘ ਨੇ ਖਾਲਸੇ ਵੱਲੋਂ ਬੜਾ ਬੇਧੜਕ ਹੋ ਕੇ ਹਿੱਸਾ ਲਿਆ, ਇਸ ਬਾਰੇ ਸਰ ਲੈਪਲ ਗਿਫਨ ਸ਼ੇਖ ਇਮਾਮਦੀਨ ਦੀ ਗਵਾਹੀ ਦੇ ਆਧਾਰ ਪੁਰ ਲਿਖਦਾ ਹੈ ਕਿ ਰਾਜਾ ਸ਼ੇਰ ਸਿੰਘ ਨੇ ੧੪ ਸਤੰਬਰ ਦੀ ਰਾਤ ਨੂੰ ਆਪਣੇ ਸਾਰੇ ਫੌਜੀ ਅਫ਼ਸਰਾਂ ਨੂੰ ਇਕੱਠਾ ਕੀਤਾ ਅਤੇ ਉਨ੍ਹਾਂ ਨੂੰ ਵਫ਼ਾਦਾਰ ਰੱਖਣ ਦੀ ਕੋਸ਼ਸ਼ ਕੀਤੀ, ਪਰ ਸਰਦਾਰ ਸੂਰਤ ਸਿੰਘ ਨੇ ਇਸ ਸਮੇਂ ਫੌਜ ਦੇ ਸਰਦਾਰਾਂ ਦੇ ਸਾਹਮਣੇ ਐਸੀ ਪੁਰਜੋਸ਼ ਤੇ ਉਕਤੀਆਂ ਪੂਰਤ ਤਕਰੀਰ ਕੀਤੀ, ਜਿਸ ਦੇ ਅਸਰ ਨਾਲ ਉਹ ਸਾਰੇ ਐਸੇ ਭੜਕ ਗਏ ਕਿ ਰਾਜਾ ਸ਼ੇਰ ਸਿੰਘ ਆਪਣੀ ਜਾਨ ਕੇਵਲ ਇਸ ਤਰ੍ਹਾਂ ਹੀ ਬਚਾ ਸਕਦਾ ਸੀ ਕਿ ਉਹ ਮੂਲ ਰਾਜ ਨਾਲ ਅੰਗੇਜ਼ਾਂ ਦੇ ਉਲਟ ਮਿਲ ਜਾਏ।
ਸਰਦਾਰ ਸੂਰਤ ਸਿੰਘ ਜਦ ਖਾਲਸਾ ਫੌਜ ਨਾਲ ਮੁਲਤਾਨ ਤੋਂ ਜਲਾਲਪੁਰ ਵਲ ਆ ਰਿਹਾ ਸੀ ਤਾਂ ਇਸਨੂੰ ਕਿਸੇ ਤਰ੍ਹਾਂ ਪਤਾ ਲੱਗ ਗਿਆ ਕਿ ਅੰਗੇਜ਼ੀ ਫੌਜ ਲਈ ਮੁਲਤਾਨ ਵਲ ਸਰਕਾਰੀ ਖਜ਼ਾਨਾ – ਜਿਸ ਵਿਚ ਦੋ ਲੱਖ ਰੁਪਿਆ ਸੀ ਫੌਜ ਦੀ ਸੌਂਪਣੀ ਵਿਚ ਜਾ ਰਿਹਾ ਹੈ । ਸਰਦਾਰ ਸੁਰਤ ਸਿੰਘ ਝੱਟ ਇਸ ਪੁਰ ਜਾ ਪਿਆ ਅਤੇ ਸਾਰਾ ਖਜ਼ਾਨਾ ਪਾਈ ਸੁਧਾ ਲੁਟ ਲਿਆ।
ਖਾਲਸਾ ਰਾਜ ਦੀ ਜ਼ਬਤੀ ਨਾਲ ਸਰਦਾਰ ਸੁਰਤ ਸਿੰਘ ਦੀ ਭਾਰੀ ਜਾਗੀਰ ਜ਼ਬਤ ਹੋ ਗਈ ਤੇ ਆਪ ਨੂੰ ਬਨਾਰਸ ਵਿਚ ਨਜ਼ਰਬੰਦ ਰੱਖਿਆ ਗਿਆ। ਇਹ ਇਕ ਮੰਨੀ ਹੋਈ ਗੱਲ ਹੈ ਕਿ ਬਹਾਦਰ ਆਦਮੀ ਸ਼ਤ੍ਰਤਾ ਅਤੇ ਮਿੱਤ੍ਰਤਾ ਦੋਵੇਂ ਅਤਿ ਪਰ ਪੁੱਜੀਆਂ ਹੋਈਆਂ ਹੁੰਦੀਆਂ ਹਨ, ਅਰਥਾਤ ਸਰਦਾਰ ਸੂਰਤ ਸਿੰਘ ਦਾ ਅੰਗਰੇਜ਼ਾਂ ਨਾਲ ਵੈਰ ਵੀ ਅਤਿ ਦਾ ਸੀ, ਪਰ ਜਦ ਆਪ ਜਲਾਵਤਨੀ ਦੇ ਦਿਨ ਬਨਾਰਸ ਵਿਚ ਗੁਜ਼ਾਰ ਰਹੇ ਸਨ ਅਤੇ ਸੰਨ ੧੮੫੭ ਦੀ ਸ਼ੋਰਸ਼ ਦੇ ਭਿਆਨਕ ਦਿਨਾਂ ਵਿਚ ਆਪਨੇ ਪੂਰਬੀਆਂ ਨੂੰ ਬੱਚਿਆਂ ਤੇ ਇਸਤੀਆਂ ਪਰ ਜ਼ੁਲਮ ਕਰਦਾ ਡਿੱਠਾ ਤਾਂ ਆਪ ਤੋਂ ਇਹ ਨਾ ਸਹਾਰਿਆ ਗਿਆ ਤੇ ਅੰਗਰੇਜ਼ਾਂ ਲਈ ਵੈਰ ਭਰਿਆ ਮਨ ਹਮਦਰਦੀ ਵਿਚ ਪਲਟ ਗਿਆ ਅਤੇ ਆਪਣੇ ਆਪ ਨੂੰ ਭਾਰੀ ਖਤਰੇ ਵਿਚ ਪਾਕੇ ਬਹੁਤ ਸਾਰੀਆਂ ਇਸਤੀਆਂ ਅਤੇ ਬੱਚਿਆਂ ਦੀ ਜਾਨ ਬਚਾਈ, ਜਿਸ ਵਿਚ ਆਪ ਨੂੰ ਬੜਾ ਕਰੜਾ ਜ਼ਖਮ ਲੱਗਾ ਸੀ।
ਦੂਜਾ ਸਰਦਾਰ ਅਮਰ ਸਿੰਘ ਮਜੀਠੀਆ – ਜਿਹੜਾ ‘ਅਮਰ ਸਿੰਘ ਖੁਰਦ’ ਦੇ ਨਾਮ ਪੁਰ ਫੌਜਾਂ ਵਿਚ ਪ੍ਰਸਿੱਧ ਸੀ – ਸਰਦਾਰ ਮਹਿਤਾਬ ਸਿੰਘ ਦਾ ਪਿਤਾ ਸੀ। ਇਸ ਦਾ ਕੱਦ ਛੋਟਾ ਸੀ ਤੇ ਇਸ ਨੂੰ ਮਹਾਰਾਜਾ ਸਾਹਿਬ ਅਮਰ ਸਿੰਘ ‘ਖੁਰਦ’ ਕਹਿ ਕੇ ਬੁਲਾਉਂਦੇ ਹੁੰਦੇ ਸਨ। ਇਹ ਸਰਦਾਰ ਬੜਾ ਬੀਰ ਬਹਾਦਰ ਅਤੇ ਜੰਗੀ ਹੁਨਰਾਂ ਦਾ ਵੱਡਾ ਮਾਹਿਰ ਸੀ। ਇਸ ਦੇ ਸੁਯੋਗ ਪੁਤ੍ਰ ਮਹਿਤਾਬ ਸਿੰਘ ਨੇ ਪਿਸ਼ਾਵਰ ਅਤੇ ਸਰਹੱਦੀ ਸੂਬੇ ਵਿਚ ਖਾਲਸਾ ਫੌਜ ਨੂੰ ਅਜਿੱਤ ਬਣਾਣ ਵਿਚ ਵੱਡੀਆਂ ਘਾਲਾਂ ਘਾਲੀਆਂ ਸਨ। ਸਰਦਾਰ ਅਮਰ ਸਿੰਘ ਦੇ ਖਾਸ ਕਾਰਨਾਮਿਆਂ ਵਿਚੋਂ ਸੰਨ ੧੮੧੮ ਦੀ ਮੁਲਤਾਨ ਦੀ ਫਤਹ ਅਤੇ ਅਗਲੇ ਸਾਲ ਕਸ਼ਮੀਰ ਨੂੰ ਖਾਲਸਾ ਰਾਜ ਨਾਲ ਸੰਮਿਲਤ ਕਰਨ ਸਮੇਂ ਐਸੀ ਬੀਰਤਾ ਦੱਸੀ ਕਿ ਸਾਰੀ ਫੌਜ ਦੰਗ ਰਹਿ ਗਈ ਸੀ। ਸ਼ਾਹਪੁਰ ਦੀ ਸ਼ੋਰਸ਼, ਜਿਸ ਵਿਚ ਸਾਰੇ ਇਲਾਕੇ ਦੇ ਵਸਨੀਕਾਂ ਸਰਕਾਰੀ ਬਾਜ ਦੇਣੀ ਬੰਦ ਕਰ ਦਿੱਤੀ ਸੀ ਤੇ ਇਸ ਤੋਂ ਵੱਡੇ ਹੰਗਾਮੇ ਦੇ ਉੱਠਣ ਦਾ ਖਤਰਾ ਪੈਦਾ ਹੋ ਗਿਆ ਸੀ, ਇਸ ਨਾਜ਼ਕ ਸਮੇਂ ਆਪ ਨੇ ਜਿਸ ਯੋਗਤਾ ਤੇ ਜੁਰਅਤ ਨਾਲ ਇਸ ਖਰੂਦ ਨੂੰ, ਬਿਨਾਂ ਖੂਨ ਖਰਾਬੇ ਦੇ, ਮਿਟਾ ਕੇ ਸਾਰਾ ਬਕਾਇਆ ਉਗਰਾਹ ਲਿਆ, ਇਹ ਇਸੇ ਬਹਾਦਰ ਦਾ ਕੰਮ ਸੀ । ਸੰਨ ੧੮੩੪ ਵਿਚ ਜਦ ਪਿਸ਼ਾਵਰ ਨੂੰ ਫਤਹ ਕਰਕੇ ਖਾਲਸਾ ਰਾਜ ਨਾਲ ਮਿਲਾਇਆ ਗਿਆ ਤਾਂ ਸਰਦਾਰ ਅਮਰ ਸਿੰਘ ਇਸ ਬਿਜਈ ਫੌਜ ਦੇ ਨਾਲ ਸੀ। ਇਸ ਸਮੇਂ ਸਭ ਤੋਂ ਕਠਨ ਤੇ ਸੋਚ ਵਾਲੀ ਸੇਵਾ ਜੋ ਕੰਵਰ ਨੌਨਿਹਾਲ ਸਿੰਘ ਤੇ ਸਰਦਾਰ ਹਰੀ ਸਿੰਘ ਨੇ ਆਪ ਦੇ ਜ਼ਿੰਮੇ ਲਾਈ ਸੀ ਉਹ ਇਹ ਸੀ ਕਿ ਇਸ ਨਵੇਂ ਫਤਹ ਕੀਤੇ ਹੋਏ ਇਲਾਕੇ ਵਿਚ ਦੌਰਾ ਕਰਕੇ, ਜਿੱਥੇ ਵੀ ਨਵੇਂ ਕਿਲ੍ਹੇ ਅਤੇ ਚੌਕੀਆਂ ਬਣਾਉਣ ਦੀ ਲੋੜ ਸਮਝੀ ਜਾਏ, ਉੱਥੇ ਬਣਾਈਆਂ ਜਾਣ। ਇਹ ਕੰਮ ਸਰਹੱਦੀ ਸੂਬੇ ਵਿਚ ਸੁਤੰਤ੍ਰ ਕਬਾਇਲੀ ਲੋਕ ਆਪਣੇ ਸਿਰ ਪਰ ਕਿਲ੍ਹੇ ਬਣਨ ਦੇਣ ਨਾਲੋਂ ਆਪ ਮਰ ਜਾਣਾ ਯਾ ਬਨਾਉਣ ਵਾਲੇ ਨੂੰ ਮਾਰ ਦੇਣਾ ਆਪਣੇ ਲਈ ਵਡਿਆਈ ਦਾ ਕਾਰਨ ਸਮਝਦੇ ਸਨ। ਇਸ ਸਮੇਂ ਇਸ ਅਮੋਲਕ ਹੀਰੇ ਨੇ ਇਹ ਨਾਜ਼ਕ ਕੰਮ ਆਪਣੇ ਸਿਰ ਧੜ ਦੀ ਬਾਜ਼ੀ ਲਾ ਕੇ ਐਸੀ ਸੁਚੱਜਤਾ ਨਾਲ ਨਿਬਾਹਿਆ ਕਿ ਦੂਰ ਦੂਰ ਤੱਕ ਸਾਰਾ ਇਲਾਕਾ, ਬਿਨਾਂ ਲਹੂ ਦੀ ਇਕ ਬੂੰਦ ਡੁਲਣ ਦੇ, ਸੌਖਾ ਹੀ ਖਾਲਸਾ ਰਾਜ ਦੇ ਅਧੀਨ ਹੋ ਗਿਆ। ਇਸ ਦੇ ਬਾਅਦ ਕਿਲ੍ਹਾ ਸ਼ਕਰਗੜ ਦੇ ਹੰਗਾਮੇ ਸਮੇਂ ਇਹ ਇਤਿਹਾਸਕ ਫ਼ਤਹ ਸਦਾ ਆਪ ਦੀ ਯਾਦ ਨੂੰ ਅਮਿੱਟ ਰੱਖੇਗੀ। ਇਹ ਕਿਲ੍ਹਾ ਅਜੇ ਮੁਕੰਮਲ ਨਾ ਸੀ ਹੋਇਆ ਅਤੇ ਇਸ ਦੀ ਪੱਛਮੀ ਬਾਹੀ ਉਸਾਰੀ ਜਾ ਰਹੀ ਸੀ ਕਿ ਇਕ ਘੋਰ ਹਨੇਰੀ ਰਾਤ ਸਮੇਂ ਅਫਗਾਨਾਂ ਦੇ ਬੇਗਿਣਤ ਲਸ਼ਕਰ ਨੇ ਇਸ ਪੁਰ ਰਾਤ ਛਪੋਲ ਮਾਰਿਆ। ਇਸ ਸਮੇਂ ਬਹਾਦਰ ਸਰਦਾਰ ਅਮਰ ਸਿੰਘ ਪਾਸ ਬੜੀ ਘਟ ਫੌਜ ਸੀ, ਪਰ ਇਸ ਜਮਾਂਦਰੂ ਜੋਧੇ ਨੇ ਬੜੀ ਅਡੋਲਤਾ ਤੇ ਨਿਰਭੈਤਾ ਨਾਲ ਇਨ੍ਹਾਂ ਹਜਾਰਾਂ ਜਹਾਦੀਆਂ ਨੂੰ ਐਸੀ ਸਿਖਿਆ ਦਿੱਤੀ ਜੋ ਉਨ੍ਹਾਂ ਨੂੰ ਕਦੇ ਨਾ ਭੁੱਲਣ ਵਾਲੀ ਸੀ। ਇਸ ਰਣਭੂਮੀ ਵਿਚ ਆਪ ਨੂੰ ਇਕ ਗੋਲੀ ਦਾ ਬੜਾ ਕਾਰੀ ਫੱਟ ਲੱਗਾ ਸੀ, ਪਰ ਇੱਨੇ ਸਖਤ ਫੱਟੜ ਹੋ ਜਾਣ ਪੁਰ ਵੀ ਆਪ ਬਰਾਬਰ ਖਾਲਸਾ ਫੌਜ ਨੂੰ ਉਸ ਵਕਤ ਤਕ ਅੱਗੇ ਵਧਾਂਦੇ ਰਹੇ ਜਦ ਤੱਕ ਕਿ ਅਫ਼ਗਾਨ ਮੈਦਾਨ ਖਾਲਸੇ ਦੇ ਹੱਥ ਸੌਂਪ ਕੇ ਪਹਾੜਾਂ ਵਿਚ ਨਾ ਜਾ ਲੁਕੇ ਸਨ ।
੩੦ ਅਪ੍ਰੈਲ ਸੰਨ ੧੮੩੭ ਵਾਲੀ ਜਮਰੌਦ ਦੀ ਲੜਾਈ ਵਿਚ ਆਪ, ਸਣੇ ਆਪਣੇ ਵਰਗੇ ਬਹਾਦਰ ਸਪੁੱਤ੍ਰ ਸਰਦਾਰ ਮਹਿਤਾਬ ਸਿੰਘ ਦੇ, ਵੱਡੀ ਜੀਦਾਰੀ ਨਾਲ ਲੜੇ ਸੀ। ਇਸ ਦੀ ਪ੍ਰਸਿੱਧ ਰਜਮੰਟ ‘ਜਮਾਂਦਾਰ ਵਾਲਾ ਡੇਰਾ’ (ਬਾਡੀਗਾਰਡ) ਨੇ ਜੋ ਕਮਾਲ ਇਸ ਮੈਦਾਨ ਵਿਚ ਦੱਸੇ ਸਨ ਉਹ ਕਦੇ ਨਾ ਭੁੱਲਣ ਵਾਲੇ ਸਨ।
ਇਹ ਸਰਦਾਰ ਆਪਣੀ ਠੀਕ ਨਿਸ਼ਾਨੇਬਾਜ਼ੀ ਲਈ ਉਸ ਸਮੇਂ ਅਦੁਤੀ ਮੰਨਿਆ ਜਾਂਦਾ ਸੀ। ਜਦ ਮਹਾਰਾਜਾ ਦਲੀਪ ਸਿੰਘ ਨੂੰ ਬੰਦੂਕ ਚਲਾਉਣ ਵਿਚ ਉੱਚਾ ਕਮਾਲ ਪ੍ਰਾਪਤ ਕਰਨ ਅਤੇ ਹੋਰ ਜੰਗੀ ਵਿਦਿਆ ਦੇਣ ਲਈ ਕਿਸੇ ਵੱਡੇ ਗੁਣੀ ਦੀ ਲੋੜ ਪਈ ਤਾਂ ਇਸੇ ਸਰਦਾਰ ਨੂੰ ਯੋਗ ਸਮਝ ਕੇ ਇਸ ਕੰਮ ਲਈ ਨੀਯਤ ਕੀਤਾ ਗਿਆ ਸੀ।