ਬੋਲਦੀਆਂ ਲਿਖਤਾਂ

ਤੀਜਾ ਘੱਲੂਘਾਰਾ ਜੂਨ ੧੯੮੪ : ਸਿੱਖ-ਯਾਦ ਦਾ ਅਭੁੱਲ ਹਿੱਸਾ

By ਸਿੱਖ ਸਿਆਸਤ ਬਿਊਰੋ

October 12, 2024

ਅਮਰਿੰਦਰ ਸਿੰਘ

ਤੀਜਾ ਘੱਲੂਘਾਰਾ ਜੂਨ ੧੯੮੪ ਸਿੱਖ-ਯਾਦ ਦਾ ਅਭੁੱਲ ਹਿੱਸਾ ਬਣ ਚੁੱਕਾ ਹੈ। ਇਸ ਅਭੁੱਲ ਯਾਦ ਵਿੱਚੋਂ ਹੀ ਜੂਨ ੧੯੮੪ ਪਿੱਛੇ ਕਾਰਜਸ਼ੀਲ ਅਦਿਸ ਤੇ ਸੂਖਮ ਕਾਰਨਾ ਨੂੰ ਭਾਲਕੇ, ਇਸ ਵਰਤਾਰੇ ਨੂੰ ਸਮਝਣ ਦੇ ਯਤਨ ਛੁਪੇ ਹੋਏ ਹਨ। ਓਪਰੀ ਨਜਰੇ ਵੇਖਣਾ ਹੋਵੇ ਤਾਂ ਸਿੱਖੀ ਦੀ ਵਿਰੋਧੀ ਧਿਰ ਬਿਪਰ ਸੰਸਕਾਰੀ ਹਿੰਦੂ ਸੀ ਅਤੇ ਹੈ। ਇਸ ਕਰਕੇ ਜੂਨ ੧੯੮੪ ਦੇ ਵਰਤਾਰੇ ਨੂੰ ਸਮਝਣ ਲਈ ਬਿਪਰ-ਸੰਸਕਾਰੀ ਹਿੰਦੂ-ਮਨ ਦੀ ਬਣਤਰ ਅਤੇ ਇਤਿਹਾਸ ਵਿਚ ਸਿੱਖੀ ਨਾਲ ਇਸਦੇ ਵਿਹਾਰ ਨੂੰ ਸਮਝਣਾ ਬਹੁਤ ਲਾਜਮੀ ਬਣ ਜਾਂਦਾ ਹੈ, ਕਿਉਂਕਿ ਜੂਨ ੧੯੮੪ ਦਾ ਵਾਪਰਨਾ ਸਮਕਾਲੀ ਕਾਰਨਾਂ ਦੀ ਪੈਦਾਇਸ਼ ਨਹੀ ਸੀ। ਦੂਜੀ ਗੱਲ ਸਾਡੇ ਅੱਗੇ ਸੰਤਾਂ ਦੇ ਆਗਮਨ ਅਤੇ ਸ਼ਹਾਦਤ ਨਾਲ ਸਿੱਖੀ ਦੇ ਨਿਆਰੇਪਨ ਨੂੰ ਸਾਕਾਰ ਕਰਨ ਦੇ, ਕੌਤਕ ਨੂੰ ਸਮਝਣ ਦੀ ਹੈ।

ਜੂਨ ੮੪ ਦੇ ਵਾਪਰਨ ਪਿੱਛੇ ਕੋਈ ਤਤਕਾਲੀ ਕਾਰਨ ਨਹੀਂ ਸੀ, ਜਿਵੇਂ ਕਿ ਬਿਪਰ ਸਟੇਟ ਵੱਲੋਂ ਵਿਖਾਇਆ ਜਾਂਦਾ ਹੈ, ਕਿ ਦਰਬਾਰ ਸਾਹਿਬ ਉੱਤੇ ਹਥਿਆਰਬੰਦ ਹਮਲਾ ਸਿਰਫ ਦਰਬਾਰ ਸਾਹਿਬ ਨੂੰ ਖਾੜਕੂਆਂ ਤੋਂ ਮੁਕਤ ਕਰਵਾਉਣ ਲਈ ਸੀ, ਜੋ ਕਿ ਦਰਬਾਰ ਸਾਹਿਬ ਦੀ ਪਵਿੱਤਰਤਾ ਨੂੰ ਭੰਗ ਕਰ ਰਹੇ ਸਨ । ਇਹ ਸਿਰਫ ਵਿਖਾਵੇ ਲਈ ਹੀ ਸਤਹੀ ਕਾਰਨ ਬਣਾਏ ਗਏ ਸਨ, ਜਦਕਿ ਅਸਲ ਕਾਰਨ ਇਸ ਦੇ ਬਿਪਰਵਾਦੀ ਹਿੰਦੂ-ਮਨ ਵਿੱਚ ਪਈ ਵਲੀ-ਹਾਉਮੈ, ਜੋ ਕਿ ਸਿੱਖੀ ਦੇ ਨਿਆਰੇਪਨ ਦੀ ਲਿਸ਼ਕ ਕਾਰਨ ਈਰਖਾ ਅਤੇ ਡਰ ਵਿੱਚ ਪਲਟ ਗਈ, ਵਿੱਚ ਸੀ। ਜੋਕਿ ੧੯੪੭ ਵਿਚ ਸੱਤਾ ਹਥਿਆਉਣ ਤੋਂ ਬਾਅਦ ਇਸ ਇਰਖਾਲੂ ਮਨ ਵਾਲੇ ਬਿਪਰ ਨੇ ਸਦੀਆ ਤੋਂ ਪੱਲ ਰਹੀ ਈਰਖਾ ਨੂੰ ਸਿਧੀ ਤਾਕਤ ਦੀ ਵਰਤੋਂ ਕਰਦਿਆ ਸਿੱਖਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ। ਜੂਨ ੧੯੮੪ ਨੂੰ ਸਮਝਣ ਲਈ ਬਿਪਰ- ਸੰਸਕਾਰੀ ਹਿੰਦੂ-ਮਨ ਦੀਆਂ ਡੂੰਘੀਆਂ ਤੈਹਾਂ ਵਿੱਚ ਪਈ ਈਰਖਾ ਨੂੰ ਸਮਝਣਾ ਬਹੁਤ ਜਰੂਰੀ ਹੈ। ਬਿਪਰ-ਸੰਸਕਾਰੀ ਤਾਕਤਾਂ ਦੇ ਜ਼ਿਹਨ ਅੰਦਰ ਸਿੱਖੀ ਨੂੰ ਸਬੂਤਾ ਨਿਗਲਣ ਦਾ ਖ਼ਾਬ ਉਸ ਦਿਨ ਤੋਂ ਹੀ ਪਲਣ ਲੱਗ ਪਿਆ ਸੀ, ਜਦੋਂ ਗੁਰੂ ਨਾਨਕ ਸਾਹਿਬ ਨੇ ਜਨੇਊ ਪਹਿਨਣ ਤੋਂ ਇਨਕਾਰ ਕੀਤਾ ਸੀ, ਅਤੇ ਦਯਾ, ਸੰਤੋਖ, ਜਤ ਅਤੇ ਸੱਤ ਦਾ ਬ੍ਰਾਹਮਣ ਨੂੰ ਪਾਠ ਪੜ੍ਹਾਇਆ ਸੀ। ਗੁਰੂ ਸੱਚ ਦਾ ਇਹ ਅਮਲ ਸਿੱਖੀ ਦੇ ਨਿਆਰੇਪਨ ਅਤੇ ਤੀਜੇ ਰਾਹ ਵੱਲ ਇਸ਼ਾਰਾ ਸੀ। ਸਮੇਂ-ਸਮੇਂ ਤੇ ਬਿਪਰ-ਸੰਸਕਾਰੀ ਜੋਗੀ ਅਤੇ ਬ੍ਰਾਹਮਣ ਗੁਰੂ ਸਾਹਿਬ ਨੂੰ ਤਰਕ ਦੇ ਪੱਧਰ ਉੱਤੇ ਦਬਾਉਣ ਲਈ ਬਹਿਸ ਕਰਨ ਆਉਂਦੇ ਰਹੇ, ਪਰ ਜਿਉਂ ਹੀ ਉਹ ਖਾਲਸਾ-ਚੇਤਨਾ ਅੰਦਰ ਵਗਦੇ ਅਠੱਲ੍ਹ ਦਰਿਆ ਨੂੰ ਤੱਕਦੇ ,ਤਾਂ ਉਨ੍ਹਾਂ ਦੀ ਪ੍ਰਚੰਡ ਵਲੀ-ਹਉਮੈ ਈਰਖਾ ਦੇ ਰੂਪ ਵਿੱਚ ਪਲਟ ਜਾਂਦੀ। ਹਉਮੈ ਅਤੇ ਈਰਖਾ ਦਾ ਇਹ ਪ੍ਰਚੰਡ ਰੂਪ ਬਿਪਰ-ਸੰਸਕਾਰੀ ਤਾਕਤਾਂ ਦੇ ਅਧਿਆਤਮਿਕ ਨਿਘਾਰ ਦੀ ਸਥਿਤੀ ਪੇਸ਼ ਕਰਦਾ ਹੈ। ਹਉਮੈ ਅਤੇ ਈਰਖਾ ਵੱਸ ਬਿਪਰਾ ਨੂੰ ਜਦੋਂ ਵੀ ਸਹੀ ਅਵਸਰ ਮਿਲਦਾ, ਉਹ ਸਿੱਖੀ ਨੂੰ ਢਾਹ ਲਾਉਣ ਵਿੱਚ ਪਿੱਛੇ ਨਾ ਹਟਦੇ। ਪੰਜਵੇਂ ਪਾਤਸ਼ਾਹ ਦੇ ਸਮੇਂ ਚੰਦੂ ਅਤੇ ਛੋਟੇ ਸਾਹਿਬਜ਼ਾਦਿਆਂ ਨਾਲ ਗੰਗੂ ਦਾ ਵਤੀਰਾ ਵੀ ਇਸੇ ਹਉਮੈ ਅਤੇ ਈਰਖਾ ਦੇ ਪ੍ਰਚੰਡ ਰੂਪ ਵਿੱਚੋਂ ਹੀ ਅਮਲ ਵਿੱਚ ਆਉਂਦਾ ਹੈ, ਬ੍ਰਾਹਮਣਾਂ ਵੱਲੋਂ ਸਿੱਖੀ ਖ਼ਿਲਾਫ਼ ਸਮੇਂ ਦੇ ਮੁਗਲ ਹਾਕਮਾਂ ਦੇ ਕੰਨ ਭਰਨੇ, ਖ਼ਾਲਸੇ ਦੀ ਸਿਰਜਣਾ ਉੱਤੇ ਨਾ -ਖੁਸ਼ ਹੋਣਾ, ਸਿੱਖੀ ਦੇ ਨਿਆਰੇਪਣ ਨੂੰ ਖ਼ਤਮ ਕਰਨ ਲਈ ਪੁੱਟੇ ਕਦਮ ਸਨ। ਸਿੱਖੀ ਦੇ ਨਿਆਰੇਪਨ ਨੂੰ ਖਤਮ ਕਰਨ ਦਾ ਖਾਬ ਸਿਰਫ ਈਰਖਾ ਵਿੱਚੋਂ ਹੀ ਨਹੀਂ, ਸਗੋਂ ਡਰ ਵਿੱਚੋਂ ਵੀ ਉਪਜਦਾ ਹੈ, ਕਿਉਂਕਿ ਸਿੱਖੀ ਦੇ ਸੁਹਜ ਵਿੱਚ ਨਿਮਾਣਿਆਂ ਨੂੰ ਮਾਣ ਅਤੇ ਨਿਵਿਆ ਨੂੰ ਉੱਚਾ ਕਰਨ ਦਾ ਆਤਮਿਕ ਬਲ ਹੈ, ਜਿਸਦੇ ਵਿੱਚ ਜਾਤੀ ਪ੍ਰਥਾ ਦਾ ਕੂੜ ਆਪਣੀ ਵਲੀ-ਹਉਮੇੈ ਨੂੰ ਖਾਤਮੇ ਦੀ ਹੋਣੀ ਵਜੋਂ ਵੇਖਦਾ ਹੈ। ਇਸ ਕਰਕੇ ਬਿਪਰ-ਸੰਸਕਾਰ ਹਿੰਦੂ, ਜਾਤੀ-ਪ੍ਰਥਾ ਦੇ ਕੁਹਜ ਨੂੰ ਬਣਾਈ ਰੱਖਣ ਲਈ ਸਿੱਖੀ ਦੇ ਨਿਆਰੇਪਨ ਨੂੰ ਖਤਮ ਕਰਨ ਲਈ ਸਿੱਧੇ ਜਾਂ ਅਸਿੱਧੇ ਤੌਰ ਤੇ ਹਮੇਸ਼ਾ ਯਤਨਸ਼ੀਲ ਰਹਿੰਦਾ ਹੈ।

ਇਸਦੇ ਨਿਘਾਰ ਦਾ ਇਕ ਕਾਰਨ ਇਹ ਵੀ ਹੈ ਕਿ ਜਦੋ ਹਿੰਦੂ-ਚੇਤਨਾ ਕਿਸੇ ਉੱਚੇ ਇਲਾਹੀ ਫਜ਼ਲ ਵੱਲ ਵਿਗਸ ਰਹੀ ਸੀ, ਉਸ ਸਮੇਂ ਬਿਪਾਰ-ਸੰਸਕਾਰ ਦੀ ਪਕੜ ਵਿੱਚ ਆਉਣ ਨਾਲ ਹਿੰਦੂ-ਚੇਤਨਾ ਦੀ ਦੇੈਵੀ ਤਲਾਸ਼ ਪਦਾਰਥਕ ਪ੍ਰਾਪਤੀ ਦੇ ਦਿਸਹੱਦਿਆਂ ਵਿੱਚ ਪਲਟ ਕੇ ਰਹਿ ਗਈ। ਜਿਵੇਂ ਪ੍ਰੋ. ਹਰਿੰਦਰ ਸਿੰਘ ਮਹਿਬੂਬ ਦਾ ਕਹਿਣਾ ਹੈ ਕਿ “ਬਿਪਰ-ਸੰਸਕਾਰ ਨੇ ਸਭ ਤੋਂ ਪਹਿਲਾਂ ਹਿੰਦੂ-ਖਿਆਲ ਨੂੰ ਨਿਪੁੰਸਕ ਕੀਤਾ, ਫੇਰ ਧਰਮ ਦੇ ਨੈਤਿਕ ਅਤੇ ਦੈਵੀ ਸੰਕਲਪਾਂ ਉੱਤੇ ਮਾਰ ਕੀਤੀ, ਅਤੇ ਅੰਤ ਵਿੱਚ ਪਥਰੀਲੇ ਬੁੱਤਾਂ ਦੀ ਬਹੁ-ਗਿਣਤੀ ਨੂੰ ਸਾਹਮਣੇ ਲਿਆਉਂਦਾ (ਸਫ਼ਾ-੬੩੭, ਸਹਿਜੇ ਰਚਿਓ ਖਾਲਸਾ)। ਉਸ ਸਮੇਂ ਜਾਤੀ-ਪ੍ਰਥਾ ਹਿੰਦੂ ਨਿਪੁੰਸਕਤਾ ਦੇ ਖਲਾਅ ਵਿੱਚੋਂ ਬਾਕੀ ਧਰਮਾਂ ਅਤੇ ਕੌਮਾਂ ਉੱਤੇ ਕਾਬਜ਼ ਹੋਣ ਦੀ ਮਨਸ਼ਾ ਨਾਲ ਹੋਂਦ ਵਿੱਚ ਆਈ। ਜਾਤੀ-ਪ੍ਰਥਾ ਇਸ ਤਰ੍ਹਾਂ ਦੇ ਨਿਪੁੰਸਕ ਹਿੰਦੂ-ਖਿਆਲ ਦਾ ਰੱਥ ਹੈ, ਜਿਸ ਉੱਤੇ ਸਵਾਰ ਹੋ ਕੇ ਉਹ ਸਮਾਜ ਦੇ ਹਰ ਕੁੰਟ ਤੱਕ ਪਹੁੰਚਦਾ ਹੈ। ਦੂਜੇ ਪਾਸੇ ਸਿੱਖੀ ਇਸ ਜਾਤ- ਪਾਤ ਦੇ ਕੁੂੜ ਨੂੰ ਤੋੜਕੇ, ਆਤਮਿਕ ਬਲ ਵਾਲਾ ਨਿਰਮਲ ਜੀਵਨ ਬਖ਼ਸ਼ਦੀ ਹੈ, ਜਿਸ ਵਿੱਚ ਚਹੁ ਵਰਨਾਂ ਨੂੰ ਸਾਂਝਾ ਉਪਦੇਸ਼ ਦੇਣ ਦਾ ਬਲ ਹੈ। ਗੁਰੂ ਅੰਗਦ ਸਾਹਿਬ ਦੁਆਰਾ ਚਲਾਈ ਗਈ ਲੰਗਰ ਪ੍ਰਥਾ ਵੀ ਬੰਦੇ ਦੇ ਦੇਹ ਦੇ ਤੌਰ ਉੱਤੇ ਸ੍ਰੇਸ਼ਠ ਹੋਣ ਦੇ ਭਰਮ ਨੂੰ ਤੋੜਦੀ ਹੈ। ਸਿੱਖੀ ਦੇ ਅਜਿਹੇ ਸੱਚ ਨਾਲ ਬਿਪਰ- ਸੰਸਕਾਰੀ ਹਿੰਦੂ ਦੀ ਵਲੀ-ਹਉਮੈ ਥਰਥਰਾਉਣ ਲੱਗ ਪੈਂਦੀ ਹੈ। ਅਜਿਹੇ ਡਰ ਅਤੇ ਈਰਖਾ ਵਿੱਚੋਂ ਉਹ ਸਿੱਖੀ ਦੇ ਨਿਆਰੇਪਣ ਨੂੰ ਖਤਮ ਕਰਨ ਲਈ ਮੁੱਖ ਰੂਪ ਵਿੱਚ ਦੋ ਤਰ੍ਹਾਂ ਦੇ ਹਥਿਆਰ ਵਰਤਦਾ ਹੈ।

੧. ਕੌਮਾਂ ਨੂੰ ਆਪਣੇ ਵਿੱਚ ਜਜ਼ਬ ਕਰਨ ਦੇ ਯਤਨ :- ਭਾਰਤ ਵਿੱਚ ਰਹਿੰਦਾ ਬਹੁ ਗਿਣਤੀ ਹਿੰਦੂ ਵਰਗ, ਭਾਰਤ ਨੂੰ ਬਹੁ-ਕੌਮੀ ਦੇਸ਼ ਮੰਨਣ ਤੋਂ ਹਮੇਸ਼ਾ ਇਨਕਾਰੀ ਰਿਹਾ ਹੈ। ਅਖੰਡ -ਭਾਰਤ , ਸੈਕੁਲਰਿਜ਼ਮ ਅਤੇ ਨੈਸ਼ਨਲਿਜ਼ਮ ਜਿਹੇ ਰਾਜਨੀਤਕ ਸਿਧਾਂਤ ਵੀ ਇਸੇ ਮਨਸ਼ਾ ਦੀ ਪੂਰਤੀ ਲਈ ਹੋਂਦ ਵਿੱਚ ਆਉਂਦੇ ਹਨ, ਕਿਉਂਕਿ ਵੇਦ, ਸਿਮਰਤੀਆਂ ਤੇ ਪੁਰਾਣ ਹਿੰਦੂਆਂ ਨੂੰ ਕੋਈ ਸਾਂਝਾ ਦੈਵੀ ਕੇਂਦਰ ਨਹੀਂ ਦਿੰਦੇ , ਭਾਵੇਕਿ ਨਵੇ ਵਿਦਵਾਨ ਭਗਵਤ ਗੀਤਾ ਜਿਸਨੂੰ ਕੀ ਸਮੁੱਚੇ ਹਿੰਦੂ ਧਰਮ ਦਾ ਸਾਰ ਮੰਨਿਆ ਗਿਆ ਹੈ, ਨੂੰ ਅੱਗੇ ਲਿਆ ਨਵਾਂ ਕੇਦਰ ਬਣਾਉਣ ਦੇ ਸੰਕਲਪੀ ਯਤਨ ਵਿਚ ਹਨ। ਨੈਸ਼ਨਲਿਜ਼ਮ ਜਿਹੇ ਸਿਧਾਂਤ ਕੌਮਾਂ ਦੇ ਨਿਆਰੇਪਣ ਨੂੰ ਆਪਣੇ ਵਿੱਚ ਜਜ਼ਬ ਕਰਕੇ ਖ਼ਤਮ ਕਰ ਦਿੰਦੇ ਹਨ, ਜਾਂ ਉਨ੍ਹਾਂ ਕੌਮਾਂ ਦੇ ਵਿੱਦਿਅਕ ਪ੍ਰਬੰਧਾ ਵਿੱਚ ਆਪਣੇ ਸਿਲੇਬਸ ਪੜ੍ਹਾ ਕੇ ਮਾਨਸਿਕ ਰੂਪਾਂਤਰਣ ਕਰ ਦਿੱਤਾ ਜਾਂਦਾ ਹੈ। ੧੯੪੭ ਤੋਂ ਬਾਅਦ ਬਿਪਰ ਹਿੰਦੂ ਦਾ ਸਿੱਖੀ ਪ੍ਰਤੀ ਅਜਿਹਾ ਰੂਪ ਹੀ ਸਾਹਮਣੇ ਆਇਆ ਹੈ । ਸਿੱਖਾਂ ਦੇ ਨਿਆਰੇਪਣ ਨੂੰ ਆਪਣੇ ਵਿੱਚ ਜਜ਼ਬ ਕਰਨ ਲਈ ਹਿੰਦੂ ਕਈ ਪ੍ਰਕਾਰ ਦੇ ਯਤਨ ਕਰ ਰਿਹਾ ਹੈ ਜਿਵੇਂ ਸਿੱਖ ਇਤਿਹਾਸ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਹਿੰਦੂ ਦੇਵੀ ਦੇਵਤਿਆਂ ਦੀ ਸਰਵਉੱਚਤਾ ਦੇ ਅੰਸ਼ ਵਿਆਪਕ ਹਨ , ਇਹ ਇਤਿਹਾਸਕ ਮਿਲਾਵਟ ਸਿੱਖਾਂ ਨੂੰ ਹਿੰਦੂਆਂ ਦਾ ਕੇਸਾਧਾਰੀ ਰੂਪ ਵਿਖਾ ਕੇ ਆਪਣੇ ਵਿੱਚ ਜਜ਼ਬ ਕਰਨ ਦੀ ਸਾਜ਼ਿਸ਼ ਹੈ। ਮਸੰਦਾਂ ਦੇ ਗੁਰਦੁਆਰਿਆਂ ਉੱਤੇ ਕਾਬਜ਼ ਹੋਣ ਵੇਲੇ ਗੁਰਦੁਆਰਿਆਂ ਅੰਦਰ ਦੇਵੀ ਦੇਵਤਿਆਂ ਦੀ ਸਥਾਪਨਾ ਦਾ ਕਾਰਜ ਵੀ ਸਿੱਖੀ ਨੂੰ ਹਿੰਦੂਤਵ ਵਿੱਚ ਜਜ਼ਬ ਕਰਨ ਦੀ ਮਨਸ਼ਾ ਵਿੱਚੋਂ ਹੀ ਰੂਪਮਾਨ ਸੀ । ਸਿੱਖ ਚੇਤਨਾ ਅੰਦਰ ਸਿਧਾਂਤਕ ਅਸਪੱਸ਼ਟਤਾ ਇੰਝ ਵਿਆਪਕ ਕਰ ਦਿੱਤੀ ਜਾਂਦੀ ਹੈ ਕਿ ਉਨ੍ਹਾਂ ਦਾ ਧਿਆਨ ਸਾਂਝੀ ਕੌਮੀ ਪ੍ਰਾਪਤੀ ਤੋਂ ਹਟਾ ਕੇ ਆਪਸੀ ਮੱਤਭੇਦਾਂ ਵਿੱਚ ਉਲਟਾ ਦਿੱਤਾ ਜਾਂਦਾ ਹੈ । ਜਿਵੇਂ ਮੌਜੂਦਾ ਸਮੇਂ ਵਿੱਚ ਦਸਮ-ਗ੍ਰੰਥ ਦਾ ਮਸਲਾ ਸਿੱਖ ਧਿਰਾਂ ਵਿੱਚ ਆਪਸੀ ਮਤਭੇਦ ਦਾ ਕਾਰਨ ਬਣਿਆ ਹੋਇਆ ਹੈ । ਦਿਸਹੱਦਿਆਂ ਵਿੱਚ ਵਿਚਰਦੇ ਡੇਰਾਵਾਦ ਦਾ ਪੰਜਾਬ ਵਿੱਚ ਬੜਾਵਾ ਸਿੱਖ ਨੂੰ ਉਸ ਦੇ ਆਤਮਿਕ ਬਲ ਦੇ ਸੋਮੇ ਗੁਰਬਾਣੀ ਨਾਲੋਂ ਤੋੜਨ ਦੇ ਮਨਸ਼ੇ ਨਾਲ ਹੋਂਦ ਵਿੱਚ ਆਇਆ ਸੀ, ਕਿਉਂਕਿ ਬਿਪਰ ਜਾਣਦਾ ਹੈ ਕਿ ਆਪਣੇ ਵਿੱਚ ਜਜ਼ਬ ਕਰਨ ਲਈ ਸਿੱਖਾਂ ਦੀ ਗੁਰਬਾਣੀ ਤੋਂ ਦੂਰੀ ਬਣਾਉਣੀ ਜ਼ਰੂਰੀ ਹੈ ੧੯੪੮ ਤੱਕ ਪੰਜਾਬ ਵਿੱਚ ਨਿਰੰਕਾਰੀਆਂ ਦੇ ਡੇਰੇ ੪੮ ਸਨ, ਜਦਕਿ ੧੯੮੩ ਤੱਕ ਇਹ ਗਿਣਤੀ ੭੦੦ ਤੱਕ ਪਹੁੰਚ ਗਈ ।

੨: ਨਸਲਕੁਸ਼ੀ ਦੀ ਹੱਦ ਤੱਕ ਜਾਣਾ :- ੧੯੪੭ ਤੋਂ ਬਾਅਦ ਸੱਤਾ ਬਿਪਰ – ਸੰਸਕਾਰੀ ਹਿੰਦੂ ਦੇ ਹੱਥ ਆ ਗਈ, ਜਿਸਦੇ ਕਾਰਨ ਉਸਦਾ ਘੱਟ ਗਿਣਤੀਆਂ ਪ੍ਰਤੀ ਨਸਲਕੁਸ਼ੀ ਵਾਲਾ ਰਵੱਈਆ ਸਾਹਮਣੇ ਆਇਆ। ਹਿੰਦੂ ਮਾਨਸਿਕਤਾ ਵਿਚ ਪਈ ਨਸਲਕੁਸ਼ੀ ਦੀ ਮਾਰ ਆਦਿ ਸੰਕਰਾਚਾਰਿਆ ਦੇ ਸਮੇਂ ਬੋਧੀਆਂ ਨੂੰ ਵੱਡੇ ਪੱਧਰ ਤੇ ਝੱਲਣੀ ਪਈ। ਜਦੋਂ ਇਨਾਂ ਸੱਤਾ ਦੇ ਗਰੂਰ ਵਿਚ ਮਦਮਸਤ ਹਾਕਮਾ ਵਲੋਂ ਸਿੱਖੀ ਨੂੰ ਢਾਹ ਲਾਉਣ ਦੇ ਸਾਰੇ ਅਸਿੱਧੇ ਹਥਿਆਰ ਜਿਵੇਂ ਸੈਕੁਲਰਿਜਮ, ਨੈਸ਼ਨਲਿਜ਼ਮ ਆਦਿ ਫੇਲ੍ਹ ਹੋ ਗਏ ਤਾਂ ਉਨ੍ਹਾਂ ਨੇ ਸਿੱਖਾਂ ਦੀ ਨਸਲ ਖ਼ਤਮ ਕਰਨ ਦਾ ਕਾਰਜ ਆਰੰਭ ਕੀਤਾ । ਜੂਨ ਤੇ ਨਵੰਬਰ ੧੯੮੪ ਦਾ ਵਾਪਰਨਾ ਇਸੇ ਬਿਪਰਵਾਦੀ ਹਿੰਦੂ ਦੇ ਹੱਥ ਸੱਤਾ ਦੀ ਆਪਣੇ ਨਿੱਜ ਲਈ ਕੀਤੀ ਦੁਰਵਰਤੋਂ ਸੀ । ਸਿੱਖਾਂ ਦੀ ਨਸਲਕੁਸ਼ੀ ਦੀ ਹੱਦ ਤੱਕ ਜਾਣ ਲਈ ਬਿਪਰ ਇੱਕ ਮੈਦਾਨ ਤਿਆਰ ਕਰਦਾ ਹੈ ਜਿਵੇਂ :- ਦਰਬਾਰ ਸਾਹਿਬ ਉੱਤੇ ਹਥਿਆਰਬੰਦ ਹਮਲਾ ਸਿੱਖਾਂ ਦੀ ਮਾਨਸਿਕ ਨਸਲਕੁਸ਼ੀ ਸੀ। ਜਿਸ ਨੇ ਸਿੱਖ ਮਨਾ ਨੂੰ ਧੁਰ ਅੰਦਰ ਤੱਕ ਝੰਜੋੜ ਕੇ ਰੱਖ ਦਿੱਤਾ। ਦਰਬਾਰ ਸਾਹਿਬ ਉੱਤੇ ਹਮਲਾ ਕਰਨ ਲਈ ਹਿੰਦੂਆਂ ਨੇ ਪਹਿਲਾਂ ਲੋਕਾਂ ਦੀ ਹਮਦਰਦੀ ਹਾਸਲ ਕੀਤੀ , ਜਿਸ ਵਿੱਚ ਇਹ ਦੱਸਿਆ ਗਿਆ ਕਿ ਦਰਬਾਰ ਸਾਹਿਬ ਅੰਦਰ ਅੱਤਵਾਦੀਆਂ ਵੱਲੋਂ ਮੋਰਚਾਬੰਧ ਹਮਲਾ ਕਰਨਾ , ਜੋ ਕਿ ਹਿੰਦੂ ਬਹੁਗਿਣਤੀ ਪ੍ਰਮਾਣਿਕ ਹੋ ਗਿਆ । ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ ਭਾਰਤੀ ਫੌਜ ਵੱਲੋਂ ਜਲਾਉਣ ਦਾ ਢੌਂਗ ਕਰਨਾ, ਉਨ੍ਹਾਂ ਦੀ ਇਹ ਮਨਸ਼ਾ ਸਿੱਧ ਕਰਦਾ ਹੈ ਕਿ ਸਿੱਖਾਂ ਨੂੰ ਉਨ੍ਹਾਂ ਦੇ ਇਤਿਹਾਸਕ ਪਿਛੋਕੜ ਨਾਲੋਂ ਤੋੜ ਦਿੱਤਾ ਜਾਵੇ, ਜੋਕਿ ਨਸਲਕੁਸ਼ੀ ਦਾ ਬਹੁਤ ਸੂਖਮ ਵਤੀਰਾ ਹੈ। ਹਿੰਦੂ ਨਸਲਕੁਸ਼ੀ ਨੂੰ ਅੰਜਾਮ ਦੇਣ ਲਈ ਉਸ ਕੌਮ ਦੀ ਆਜ਼ਾਦੀ ਲਈ ਲੜ ਰਹੀ ਧਿਰ ਨੂੰ ਦੁਸ਼ਮਣ ਬਣਾ ਕੇ ਸਮਾਜ ਵਿੱਚ ਪੇਸ਼ ਕਰਦਾ ਹੈ, ਜਿਵੇਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਸਟੇਟ ਦੁਆਰਾ ਅੱਤਵਾਦੀ ਗਰਦਾਨ ਦਿੱਤਾ ਗਿਆ ਸੀ। ਇਸ ਦੇ ਨਾਲ ਲੜ ਰਹੀ ਧਿਰ ਨੂੰ ਸ਼ਰੇਆਮ ਚਿੱਟੇ ਦਿਨ ਵਿੱਚ ਮਾਰਨ ਦੀ ਸਾਂਝੀ ਪ੍ਰਵਾਨਗੀ ਮਿਲ ਜਾਂਦੀ ਹੈ। ਜੂਨ ਚੁਰਾਸੀ ਤੋਂ ਬਾਅਦ ਅਗਲਾ ਇਕ ਦਹਾਕਾ ਸਿੱਖ ਪ੍ਰਤੀਭਾ ਦੀ ਨਸਲਕੁਸ਼ੀ ਦਾ ਦੋਰ ਚੱਲਿਆ । ਜਿਸ ਵਿੱਚ ਪ੍ਰਤੀਭਾਵਾਨ ਸਿੱਖ ਨੌਜਵਾਨਾਂ ਨੂੰ ਵੱਡੀ ਗਿਣਤੀ ਵਿਚ ਕਤਲ ਕੀਤਾ ਗਿਆ। ਸਟੇਟ ਦੇ ਇਸ ਜੁਲਮ ਨਾਲ ਸਿੱਖ ਸੰਘਰਸ਼ ਨੂੰ ਵੱਡੀ ਢਾਹ ਲੱਗੀ ਅਤੇ ਸੰਘਰਸ਼ ਦੀ ਲਗਾਤਾਰਤਾ ਵਿਚ ਇਕ ਪੀੜ੍ਹੀ ਦਾ ਪਾੜਾ ਪੈ ਗਿਆ।

ਇਹ ਗੱਲ ਸਾਫ ਹੈ ਕਿ ਦਰਬਾਰ ਸਾਹਿਬ ਉੱਤੇ ਹਥਿਆਰਬੰਦ ਹਮਲਾ ਬਿਪਰਵਾਦੀ ਹਿੰਦੂ ਦੀ ਸਿੱਖਾਂ ਪ੍ਰਤੀ ਈਰਖਾ ਤੇ ਡਰ ਵਿੱਚੋਂ ਅਮਲ ਵਿੱਚ ਆਉਂਦਾ ਹੈ । ਬਾਕੀ ਸਾਰੇ ਸਤਹੀ ਕਾਰਨ ਇਸ ਅੰਦਰੂਨੀ ਮਨਸ਼ਾ ਨੂੰ ਲੁਕਾਉਣ ਲਈ ਵਕਤੀ ਕਾਰਨ ਹਨ। ਪਰ ਇੱਥੇ ਪ੍ਰਸ਼ਨ ਉੱਠਦਾ ਹੈ ਕਿ ਦਰਬਾਰ ਸਾਹਿਬ ਨੂੰ ਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਹੀ ਨਿਸ਼ਾਨਾ ਕਿਉਂ ਬਣਾਇਆ ਗਿਆ? ਇਸ ਦਾ ਮੁੱਖ ਕਾਰਨ ਇਹ ਹੈ ਕਿ ਦਰਬਾਰ ਸਾਹਿਬ ਧਰਤੀ ਉੱਤੇ ਨਾਨਕ-ਸੱਚ ਦੇ ਨਿਆਰੇਪਣ ਦਾ ਪ੍ਰਤੀਕ ਹੈ ਅਤੇ ਜਦਕਿ ਸ੍ਰੀ ਅਕਾਲ ਤਖਤ ਇਸ ਨਿਆਰੇ ਨਾਨਕ-ਸੱਚ ਨੂੰ ਧਰਤੀ ਉੱਤੇ ਸਥਾਪਤੀ ਵਿਚ ਲਿਆਉਂਦਾ ਹੈ। ਜਿਸ ਵਿੱਚੋ ਫਿਰ ਅਨਿਆਂ ਅਤੇ ਅਨੈਤਿਕਤਾ ਦੇ ਖਿਲਾਫ ਸੰਗਠਿਤ ਸੰਘਰਸ਼ ਪੈਦਾ ਹੁੰਦਾ ਹੈ। ਬਿਪਰ ਹਿੰਦੂ ਧਾਰਮਿਕ ਨਿਆਰਾਪਨ ਤਾਂ ਕਿਸੇ ਹੱਦ ਤੱਕ ਸਹਿ ਸਕਦਾ ਹੈ ਪਰ ਉਸ ਦੀ ਸਥਾਪਤੀ ਬਿਪਰ ਹਿੰਦੂ ਲਈ ਅਸਹਿ ਹੈ। ਇਹ ਦੋਨੋਂ ਸਥਾਨ ਮੁਕੱਦਸ ਅਸਥਾਨ ਸਿੱਖਾਂ ਦੇ ਧਾਰਮਿਕ ਤੇ ਰਾਜਨੀਤਕ ਸੋਮੇ ਵਜੋਂ ਹਨ, ਬਿਪਰ ਇਹ ਗੱਲ ਚੰਗੀ ਤਰ੍ਹਾਂ ਜਾਣਦਾ ਹੈ ਕਿ ਸਿੱਖੀ ਦੇ ਨਿਆਰੇਪਨ ਉੱਤੇ ਵਾਰ ਕਰਨ ਲਈ ਸਭ ਤੋਂ ਨਾਜ਼ੁਕ ਜਗ੍ਹਾ ਇਹ ਦੋਨੋਂ ਕੇਂਦਰ ਹਨ। ਜਿਨ੍ਹਾਂ ਦਾ ਨਿਸ਼ਾਨ ਧਰਤੀ ਉੱਤੋ ਮਿਟਾਉਣ ਨਾਲ ਉਨ੍ਹਾਂ ਪਿੱਛੇ ਕਾਰਜਸ਼ੀਲ ਅਦ੍ਰਿਸ਼ਟ ਖਿਆਲ ਨੂੰ ਮਿਟਾਇਆ ਜਾ ਸਕਦਾ ਹੈ। ਇਸ ਤਰ੍ਹਾਂ ਦੇ ਇਰਾਦੇ ਨਾਲ ਹਿੰਦੂ ਲਸ਼ਕਰ ਦਰਬਾਰ ਸਾਹਿਬ ਤੇ ਹਮਲਾ ਕਰਨ ਲਈ ਲਾਮਬੰਦ ਹੋਣ ਲੱਗੇ।

ਅਜਿਹੀ ਪ੍ਰਸਥਿਤੀ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਆਗਮਨ ਹੋਇਆ। ਸੰਤ ਜੀ ਸ਼ਹਾਦਤ ਦਾ ਗਜਬ ਪੈਦਾ ਕਰਨ ਜਾ ਰਹੇ ਸਨ। ਸੰਤ ਜਰਨੈਲ ਸਿੰਘ ਅੱਗੇ ਗੁਰਸਿੱਖੀ ਦਾ ਮਾਰਗ ਅਤੇ ਨਿਸ਼ਾਨਾ ਬਿਲਕੁਲ ਸ਼ਪੱਸ਼ਟ ਸੀ। ਸੰਤ ਜਰਨੈਲ ਸਿੰਘ ਕੋਲ ਸਿੱਖ ਅਦਰਸ਼ ਦੀ ਸਿਖਰਲੀ ਬਖਸ਼ਿਸ਼ ਸੀ। ਜਿਸਨੇ ਇਸਨੂੰ ਅਮਲ ਦੀ ਨੁਹਾਰ ਵਿਚ ਤਬਦੀਲ ਕਰਦਿਆ ਆਤਮਿਕ ਇਤਿਹਾਸ ਦਾ ਪਾਠ ਮੁੜ ਦੋਹਰਾਉਣਾ ਸੀ। ਸੰਤਾ ਦੇ ਉੱਚੇ ਅਮਲ , ਸੁੱਚੇ ਸੁਖਨ, ਰਾਜਨੀਤਿਕ ਚੇਤਨਾ ਅਤੇ ਨਿਰਭਉ ਫੈਸਲੇ ਸਿੱਖਾਂ ਅੰਦਰ ਇਕ ਜਾਗ੍ਰਿਤੀ ਪੈਦਾ ਕਰ ਰਹੇ ਸਨ। ਸੰਤ ਜੀ ਜੰਗ ਦੀਆ ਦੁਨਿਆਵੀ ਜਿੱਤਾ ਹਾਰਾ ਤੋਂ ਪਾਰ ਬਿੰਬ-ਸਾਜਣ ਜਾ ਰਹੇ ਸਨ। ਸੰਤਾਂ ਦੀ ਆਮਦ ਨਾਲ ਸਿੱਖੀ ਦਾ ਜਲਾਲੀ ਰੂਪ ਇੱਕ ਵਾਰੀ ਫਿਰ ਅਮਲ ਵਿੱਚ ਪ੍ਰਗਟ ਹੋਇਆ। ਸੰਤਾਂ ਨੇ ਸਭ ਤੋਂ ਪਹਿਲੇ ਕਾਰਜਾ ਵਿੱਚ ਆਤਮਿਕ ਨਿਘਾਰ ਵਿਚ ਜਾ ਚੁੱਕੇ ਸਿੱਖਾਂ ਵਿੱਚ ਆਤਮਿਕ ਬਲ ਭਰਨ ਦਾ ਕੀਤਾ, ਅਤੇ ਜਿਸ ਵਿਚ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਅਤੇ ਧਾਰਮਿਕ ਅਸਥਾਨਾਂ ਦੀ ਰੱਖਿਆ ਲਈ ਸੀਸ ਤੱਕ ਨਿਸ਼ਾਵਰ ਕਰਨ ਦੀ ਪ੍ਰੇਰਨਾ ਸੀ। ਸੰਤ ਜੀ ਸਿੱਖਾਂ ਨੂੰ ਆਉਣ ਵਾਲੇ ਵੱਡੇ ਸੰਕਟ ਲਈ ਰੂਹਾਨੀ ਪੱਧਰ ਉਤੇ ਤਿਆਰ ਕਰ ਰਹੇ ਸਨ । ਸੰਤਾਂ ਦੇ ਅਜਿਹੇ ਅਮਲ ਤੋਂ ਇਹ ਗੱਲ ਨਜ਼ਰ ਪੈਂਦੀ ਹੈ ਕਿ ਉਨ੍ਹਾਂ ਦੀ ਸੁਰਤਿ ਕਿਸੇ ਉੱਚੇ ਅਗਾਮੀ ਤੇ ਨਿਹਚਲਤਾ ਦੇ ਮੰਡਲਾਂ ਵਿੱਚ ਵਿਚਰ ਰਹੀ ਸੀ, ਜਿੱਥੇ ਪਹੁੰਚ ਕੇ ਵਿਅਕਤੀ ਹਰ ਕਿਸਮ ਦੇ ਲਾਲਚ ਅਤੇ ਭੈਅ ਤੋਂ ਉੱਪਰ ਉੱਠ ਜਾਂਦਾ ਹੈ। ਸੰਤ ਜੀ ਦੀ ਨਿਰਮਲ ਸੁਰਤਿ ਸਿੱਖ-ਚੇਤਨਤਾ ਦੁਆਲੇ ਮੰਡਰਾਉਂਦੇ ਖਤਰਿਆਂ ਨੂੰ ਸਪੱਸ਼ਟ ਵੇਖਣ ਦੇ ਸਮਰੱਥ ਸੀ। ਉਸ ਸਮੇਂ ਦੌਰਾਨ ਗੁਰੂ ਗ੍ਰੰਥ ਸਾਹਿਬ ਵਿਚੋਂ ਰੂਪਵੰਤ ਹੁੰਦਾ ਵਿਸ਼ਵ ਵਿਆਪੀ ਰਾਜਨੀਤਿਕ ਮਾਡਲ ਅਤੇ ਚੇਤਨਾ ਬਿੱਪਰ ਨੂੰ ਲਗਾਤਾਰ ਤੰਗ ਕਰ ਰਹੀ ਸੀ। ਸੰਤਾਂ ਦੀ ਰਾਜਨੀਤਕ ਸਮਝ ਦੁਨਿਆਵੀ ਰਾਜਨੀਤਿਕ ਥਿਊਰੀਆਂ ਨਾਲੋਂ ਬਿਲਕੁਲ ਭਿੰਨ ਸੀ, ਇਹ ਹੀ ਪ੍ਰਮੁੱਖ ਕਾਰਨ ਸੀ ਕਿ ਬਹੁਤ ਸਾਰੇ ਸਿੱਖ ਵੀ ਸੰਤਾਂ ਨੂੰ ਸਮਝਣ ਵਿੱਚ ਅਸਫ਼ਲ ਰਹੇ। ਆਖ਼ਰ ੬ ਜੂਨ ੧੯੮੪ ਨੂੰ ਸੰਤਾਂ ਨੇ ਅਤੇ ਨਾਲ ਲੜ ਰਹੇ ਮੁੱਠੀ ਭਰ “ਸਿੰਘਾਂ” ਨੇ ਭਾਰਤੀ ਫ਼ੌਜ ਦਾ ਮੁਕਾਬਲਾ ਕਰਦਿਆਂ ਮੈਦਾਨ-ਏ-ਜੰਗ ਵਿੱਚ ਸਿੱਖੀ ਦੇ ਨਿਆਰੇਪਨ ਨੂੰ ਪ੍ਰਗਟ ਕਰਦਿਆਂ ਸ਼ਹੀਦੀਆਂ ਪ੍ਰਾਪਤ ਕੀਤੀਆਂ। ਜਿਵੇਂ ਅਜਿਹੇ ਦ੍ਰਿਸ਼ਟਾਤ ਨੂੰ ਬਿਆਨ ਕਰਦਾ ‘ਪ੍ਰੋ਼ ਹਰਿੰਦਰ ਸਿੰਘ ਮਹਿਬੂਬ’ ਦਾ ਕਥਨ ਹੈ ਕਿ-

“ਮੈਦਾਨ-ਏ-ਜੰਗ ਵਿੱਚ ਉੱਚੇ ਸੱਚਾਂ ਦਾ ਫੈਸਲਾ ਸ਼ਮਸ਼ੀਰਾਂ ਹੀ ਕਰਦੀਆਂ ਹਨ”।

ਸੰਤਾ ਵਲੋਂ ਅਕਾਲ ਤਖਤ ਸਾਹਿਬ ਦੀ ਅਜਮਤ ਲਈ ਦਿੱਤੀ ਅਜੀਮ ਸ਼ਹਾਦਤ ਤੋਂ ਬਾਅਦ ਬਿਰਤਾਤਕਾਰੀ ਦਾ ਦੌਰ ਸ਼ੁਰੂ ਹੁੰਦਾ ਹੈ। ਜਿਸਦੇ ਤਹਿਤ ਇੰਡੀਅਨ ਸਟੇਟ ਵਲੋਂ ਇਸ ਸਾਰੇ ਵਰਤਾਤੇ ਦੇ ਇਵਜ ਵਜੋ ਆਪਣਾ ਪੱਖ ਰੱਖਿਆ ਜਾਦਾ ਹੈ। ਫਿਰ ਸਟੇਟ ਦਾ ਬਿਰਤਾਂਤ ਹਿੰਸਾ ਅਤੇ ਅਹਿੰਸਾ ਨੂੰ ਪ੍ਰਭਾਸ਼ਿਤ ਕਰਦਾ ਹੈ ਜਿਸ ਵਿਚ ਫੌਜ ਵਲੋਂ ਕੀਤੇ ਹੱਲੇ ਨੂੰ ਜਾਇਜ ਦੱਸਿਆ ਜਾਦਾ ਹੈ ਅਤੇ ਸਿੱਖ ਯੋਧਿਆ ਦੀ ਸ਼ਹਾਨਾ ਜੰਗ ਨੂੰ ਹਿੰਸਾ ਵਜੋਂ ਪ੍ਰਚਾਰਿਆ ਜਾਦਾ ਹੈ ਇਸਵਿੱਚ ਸਟੇਟ ਆਪਣੀਆ ਹਿੰਸਕ ਗਤੀਵਿਧੀਆਂ ਨੂੰ ਜਾਇਜ ਦਰਸਾਉਦੀ ਹੋਈ ਹਿੰਸਾ ਦਾ ਆਖਰੀ ਅਧਿਕਾਰੀ ਸਟੇਟ ਨੂੰ ਹੀ ਬਣਾਉਦੀ ਹੈ। ਸਰਕਾਰੀ ਬਿਰਤਾਤਕਾਰੀ ਦੀ ਧੁੰਦ ਵਿਚ ਲੋਕ ਸਿੱਖ ਇਤਿਹਾਸ ਦੀਆਂ ਜੰਗਾ ਨੂੰ ਭੁੱਲ ਗਏ ਅਤੇ ਕੁਝ ਸਮੇਂ ਲਈ ਆਪਣੇ ਹੀ ਯੋਧਿਆ ਨੂੰ ਸ਼ੱਕ ਦੀ ਨਿਗਾਹ ਨਾਲ ਵੇਖਣ ਲੱਗ ਗਏ। ਇਸ ਸਮੇਂ ਦੌਰਾਨ ਉਪਰੇਸ਼ਨ ਬਲੂ ਸਟਾਰ, ਜਾਂ ਸਾਕਾ ਨੀਲਾ ਤਾਰਾ ਆਦਿ ਨਾਂ ਸਟੇਟ ਦੀ ਵਿਆਖਿਆ ਅਧੀਨ ਪ੍ਰਚਾਰੇ ਜਾ ਰਹੇ ਸਨ , ਜਿਸ ਨਾਲ ਸਰਕਾਰ ਇਸ ਘੱਲੂਘਾਰੇ ਨੂੰ ਇਤਿਹਾਸ ਦੀ ਲੜੀ ਨਾਲੋ ਤੋੜ ਵਕਤੀ ਕਾਰਨਾਂ ਕਰਕੇ ਯੋਗ ਕਦਮ ਚੁੱਕਣ ਲਈ ਕੀਤਾ ਗਿਆ ਉਪਰੇਸ਼ਨ ਵਜੋਂ ਪ੍ਰਚਾਰਦੀ ਹੈ। ਲਹਿਰ ਦੇ ਸਮੇਂ ਦਰਮਿਆਨ ਸਾਡੇ ਵਿਦਵਾਨ ਪੁਰਸ਼ਾਂ ਦੀ ਇਹ ਘਾਟ ਰਹੀ ਹੈ ਜਿਹੜੇ ਸਰਕਾਰ ਦੇ ਸਰੀਰਕ ਜਬਰ ਦੇ ਨਾਲ ਨਾਲ ਬਿਰਤਾਤਕ ਜਬਰ ਨੂੰ ਨੰਗਾ ਕਰਨ ਦੀ ਜੁਅਰਤ ਨਾ ਕਰ ਸਕੇ। ਜਿਸਦੇ ਸਿੱਟੇ ਵਜੋਂ ਸਰਕਾਰੀ ਬਿਰਤਾਂਤ ਬੜੀ ਜੋਰ ਸ਼ੋਰ ਨਾਲ ਫੈਲਿਆ। ਜਿਸ ਕਾਰਨ ਸਿੱਖ ਸਾਝੇ ਇੰਡੀਆ ਵਿਚ ਨਫਰਤ ਦੇ ਹਕਦਾਰ ਬਣੇ। ਜਿਹੜੀ ਨਫਰਤ ਫਿਰ ਨਵੰਬਰ ੮੪ ਵਿਚ ਬਾਹਰ ਆਈ। ਸਿਰਫ ਚੌਣਵੇ ਵਿਦਵਾਨ ਹੀ ਔਖੇ ਸਮਿਆ ਵੇਲੇ ਸਿੱਖੀ ਦਾ ਦਾਮਨ ਫੜ ਬਾਗੀ ਕਲਮ ਨਾਲ ਸਿੱਖ ਸਿਦਕ ਦੀ ਦਾਸਤਾਨ ਨੂੰ ਲਿਖਣ ਦੀ ਜੁਅਰਤ ਕਰ ਸਕੇ । ਸੋ ਇਕ ਲੰਬੇ ਅਰਸੇ ਬਾਅਦ ਸਿੱਖਾਂ ਨੂੰ ਇਸ ਸਾਰੇ ਵਰਤਾਰੇ ਦੀ ਅਨੇਕ ਦਿਸ਼ਾਵੀ ਸਮਝ ਬਣਾਉਣੀ ਚਾਹੀਦੀ ਹੈ ਅਤੇ ਸਿੱਖ ਪ੍ਰੰਪਰਾਵਾਂ ਅਨੁਸਾਰ ਹੀ ਇਸ ਸਾਰੇ ਵਰਤਾਰੇ ਨੂੰ ਵੇਖਣਾ ਚਾਹੀਦਾ ਹੈ ਜਿਸ ਦਰਮਿਆਨ ਵਰਤਿਆ ਹਰੇਕ ਸ਼ਬਦ ਅਤੇ ਟਰਮ ਸਾਡੀ ਪੀੜ ਦੇ ਧੁਰ ਅੰਦਰੋ ਉਪਜਣਾ ਚਾਹੀਦਾ ਹੈ ਨਾਕਿ ਅਖਬਾਰੀ ਵਿਆਖਿਆਵਾਂ ਨੂੰ ਆਪਣੀ ਪੜਚੋਲ ਦਾ ਹਿੱਸਾ ਬਣਾਉਣਾ ਚਾਹੀਦਾ ਹੈ। ਸੰਤਾ ਵੱਲੋਂ ਦਰਬਾਰ ਸਾਹਿਬ ਦੀ ਪਵਿੱਤਰ ਹਦੂਦ ਅੰਦਰ ਬਿਪਰ ਦੇ ਨਾਲ ਲੜੀ ਜੰਗ ਨੂੰ ਆਪਣੀ ਜੰਗ ਦੀ ਪਰੰਪਰਾ ਦੇ ਅਰਥਾਂ ਵਿੱਚ ਸਮਝਣਾ ਚਾਹੀਦਾ ਹੈ ਅਤੇ ਸ਼ਮਸ਼ੀਰਾਂ ਦੀ ਇਸ ਅਲੌਕਿਕ ਕਰਾਮਾਤ ਨੂੰ ਕਿਸੇ ਵੱਡੇ ਪ੍ਰਸੰਗ ਵਿੱਚ ਵੇਖਣਾ ਚਾਹੀਦਾ ਹੈ ਕਿਉਂਕਿ ਇਸ ਜੰਗ ਪਿੱਛੇ ਬਿਪਰ ਦਾ ਪੰਜ ਸਦੀਆਂ ਦਾ ਵੈਰ ਖਲੋਤਾ ਸੀ। ਅਤੇ ਸੰਤ ਜੀ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਜੀ ਦੀ ਪਵਿੱਤਰ ਅਗਵਾਈ ਵਿੱਚ ਜੂਝ ਲੜਨ ਲਈ ਤਿਆਰ ਬਰ ਤਿਆਰ ਸਨ।