ਬੋਲਦੀਆਂ ਲਿਖਤਾਂ

ਮਨੁੱਖ ਅਤੇ ਉਸਦੀਆਂ ਨਵੀਆਂ ਸਮੱਸਿਆਵਾਂ

By ਸਿੱਖ ਸਿਆਸਤ ਬਿਊਰੋ

October 09, 2024

ਪੱਛਮ ਦਾ ਤਾਰਕਿਕ ਖਿਆਲ ਸਦਾ ਹੀ ਦਵੰਦ ਵਿੱਚ ਵਿਚਰਦਾ ਹੈ। ਇਹ ਤਾਰਕਿਕ ਵਰਤਾਰਾ ਜੀਵਨ ਨੂੰ ਸਮੁੱਚਤਾ ਵੱਲ ਵਿਗਸਣ ਵਿੱਚ ਖੜੋਤ ਬਣਦਾ ਰਿਹਾ ਹੈ। ਮਨੁੱਖ ਅਤੇ ਉਸਦੀ ਤਾਰਕਿਕ ਬੁੱਧੀ ਇਸ ਖਿਆਲ ਦਾ ਕੇਂਦਰ ਹਨ। ਤਾਰਕਿਕ ਮਨ ਦਾ ਇਹ ਸੁਭਾਅ ਹੁੰਦਾ ਹੈ ਕਿ ਉਹ ਦਿਸਦੇ ਸੰਸਾਰ ਜਾਂ ਇੰਦਰਿਆਵੀ ਪੱਧਰ ‘ਤੇ ਸਿੱਧ ਹੋਣ ਵਾਲੀਆਂ ਵਸਤਾਂ ਨੂੰ ਹੀ ਅਸਲ ਮੰਨਦਾ ਹੈ। ਇਸ ਕਰਕੇ ਅਜਿਹੇ ਮਨ ਦਾ ਵਿਕਾਸ ਖੇਤਰ ਵੀ ਦਿਸਦਾ ਸੰਸਾਰ ਜਾਂ ਇਕਾਂਗੀ ਪੱਖ ਹੀ ਹੁੰਦਾ ਹੈ। ਤਰਕ ਅਧਾਰਿਤ ਖਿਆਲ ਦੀ ਸੰਗਠਿਤ ਢੰਗ ਨਾਲ ਸ਼ੁਰੂਆਤ ਫਰੈਂਚ ਫਿਲਾਸਫਰ ਦੇਕਾਰਤ ਦੀ ਖਿਆਲੀ ਪੜਚੋਲ ਨਾਲ ਹੋਈ। ਦੇਕਾਰਤ ਨੇ ਆਪਣੇ ਖੋਜ ਨੂੰ ਆਪਣੀ ਮਸ਼ਹੂਰ ਟੂਕ “I think therefore i am” ਰਾਹੀ ਥਿੰਕਿੰਗ ਨੂੰ ਕੇਦਰ ਵਿਚ ਰੱਖਕੇ ਸਿਧ ਕਰਨ ਦਾ ਯਤਨ ਕੀਤਾ। ਜਿਸਤੋਂ ਬਾਅਦ ਫਿਰ ਉਸਦੇ ਸ਼ਗਿਰਦ Spinoza ਨੇ ਇਸ ਖਿਆਲ ਨੂੰ ਅੱਗੇ ਵਧਾਇਆ। ਇਹ ਨਹੀ ਹੈ ਕਿ ਤਰਕ ਦਾ ਜਨਮ ਦੇਕਾਰਤ ਦੇ ਆਉਣ ਨਾਲ ਹੋਇਆ। ਇਹ ਖਿਆਲ ਬਹੁਤ ਪੁਰਾਣਾ ਹੈ ਗ੍ਰੀਕ ਫ਼ਿਲਾਸਫ਼ਰ ਅਰਸਤੂ ਦੇ ਫ਼ਲਸਫ਼ੇ  ਵਿਚ ਇਸਦੇ ਸ਼ੁਰੂਆਤੀ ਨਕਸ਼ ਮਿਲਦੇ ਹਨ। ਭਾਰਤੀ ਦਰਸ਼ਨ ਵਿੱਚ ਚਾਰਵਾਕ ਮਤ ਅਤੇ ਸਾਂਖ ਦਰਸ਼ਨ ਨਿਰੋਲ ਤਰਕਵਾਦੀ ਹਨ। ਦੇਕਾਰਤ ਨੇ ਮੁੱਖ ਰੂਪ ਵਿਚ ਇਸ ਖਿਆਲ ਨੂੰ ਮੁੜ ਸਿਧਾਂਤਬਧ ਕੀਤਾ। ਇਸ ਤੋਂ ਬਾਅਦ ਪੱਛਮੀ ਖਿਆਲ ਰੀਜ਼ਨ ਦੀ ਵਿਆਪਕਤਾ ਹੇਠ ਵਿਕਸਿਤ ਹੋਣ ਲੱਗਾ।

ਆਧੁਨਿਕ ਦੌਰ ਵਿੱਚ ਪ੍ਰਵੇਸ਼ ਕਰਨ ਤੋਂ ਬਾਅਦ ਫਿਲਾਸਫੀ ਅਤੇ ਵਿਗਿਆਨ ਤੇਜੀ ਨਾਲ ਤਕਨੀਕ ਵਿੱਚ ਬਦਲਣੇ ਸ਼ੁਰੂ ਹੋ ਗਏ। ਜਿਸ ਤੋਂ ਬਾਅਦ ਪਦਾਰਥ ਦੀ ਭਰਮਾਰ ਹੋਣ ਲੱਗੀ। ਆਧੁਨਿਕ ਅਤੇ ਉਤਰ ਆਧੁਨਿਕ ਦੌਰ ਦਾ ਇਹ ਅਟੱਲ ਨਿਸਚਾ ਸੀ ਕਿ ਵਿਵੇਕ ਦੀ ਵਰਤੋਂ ਨਾਲ ਮਨੁੱਖ ਨੂੰ ਮੁਕਤ ਕਰਨਾ ਹੈ ਅਤੇ ਕੁਦਰਤ ‘ਤੇ ਕਾਬੂ ਪਾਉਣਾ ਹੈ। ਇਸ ਗੱਲ ਨੂੰ ਡਾ ਗੁਰਭਗਤ ਸਿੰਘ ਸਪਸ਼ਟ ਕਰਦਿਆਂ ਲਿਖਦੇ ਹਨ, ” ਆਧੁਨਿਕਤਾ ਦਾ ਵਿਵੇਕ ਰਾਹੀਂ ਸਾਰੀ ਮਨੁੱਖਤਾ ਨੂੰ ਮੁਕਤ ਕਰਨ ਦਾ ਲਖਸ਼, ਪਰਕਿਰਤੀ ਉੱਤੇ ਨਿਰੰਤਰ ਵਿਗਿਆਨਿਕ ਉੱਨਤੀ ਰਾਹੀਂ ਅਧਿਕਾਰ ਪ੍ਰਾਪਤ ਕਰਨ ਦੀ ਪ੍ਰਬਲ ਇੱਛਾ , ਇੱਕ ਰੇਖਕੀ ਪ੍ਰਕਾਰ ਦੇ ਮੰਤਵਬੱਧ ਵਿਕਾਸ ਵਿੱਚ ਵਿਸ਼ਵਾਸ , ਗਿਆਨਕਰਣ ਚਿੰਤਨ ਦੀ ਦੇਣ ਹਨ । ਸਮਾਜਿਕ ਅਤੇ ਰਾਜਨੀਤਕ ਸੰਸਥਾਵਾਂ ਨੂੰ ਤਾਰਕਿਕ ਰੂਪ ਦੇਣਾ , ਜੋ ਅਭਿਆਸ ਵਿੱਚ ਸਮੇਂ ਦੇ ਪ੍ਰਬਲ ਪੂੰਜੀਵਾਦ ਦੀਆਂ ਕੀਮਤਾਂ ਨੂੰ ਅੱਗੇ ਲੈ ਜਾਣ ਜਾਂ ਸਮਾਜਵਾਦ ਦੇ ਇੱਕ-ਮੁਖੀ ਲਖਸ਼ਾਂ ਦਾ ਅਨੁਕਰਣ ਬਣ ਕੇ ਰਹਿ ਗਿਆ , ਆਧੁਨਿਕਵਾਦ ਦਾ ਇਕ ਵਿਸ਼ੇਸ਼ ਜਤਨ ਰਿਹਾ ਹੈ ਜਿਸ ਨਾਲ ਇਕ ਵਿਹਾਰਵਾਦ ( ਸੈਕੂਲਰਿਜਮ ) ਵੀ ਵਿਕਸਿਤ ਹੋਇਆ ਜਿਸ ਨੇ ਧਰਮ , ਮਿੱਥ ਆਦਿ ਦਾ ਵਿਨਾਸ਼ ਕੀਤਾ । (ਉਤਰਆਧੁਨਿਕਵਾਦ – ਪੰਨਾ ੨) ਇਸ ਤਰਾਂ ਇਕਾਂਗੀ ਪੱਧਰ ਤੋਂ ਲੈ ਕੇ ਸਮੂਹਿਕ ਪੱਧਰ ਤੱਕ ਜ਼ਿੰਦਗੀ ਦਾ ਕੇਂਦਰ ਬਦਲ ਦਿੱਤਾ ਗਿਆ । ਸਮੂਹਿਕ ਜ਼ਿੰਦਗੀ ਨੂੰ ਕੁਝ ਹੱਦ ਤੱਕ ਸਹਾਰਾ ਦੇਣ ਅਤੇ ਪਾਲਣ ਵਾਲੀਆਂ ਪ੍ਰੰਪਰਾਗਤ ਚੀਜ਼ਾਂ ਨੂੰ ਹੌਲੀ-ਹੌਲੀ ਖਤਮ ਕਰ ਦਿੱਤਾ ਗਿਆ।

ਇਸ ਨਵੀਨ ਕਿਸਮ ਦੀ ਜੀਵਨ ਸ਼ੈਲੀ ਨਾਲ ਜਿੰਦਗੀ ਨੂੰ ਹੁਲਾਰਾ ਦੇਣ ਵਾਲੀਆਂ ਉਚੀਆ ਕਦਰਾਂ ਕੀਮਤਾਂ ਆਪਣਾ ਮੁੱਲ ਗੁਆ ਰਹੀਆ ਹਨ। ਉਨ੍ਹਾਂ ਦੀ ਜਗ੍ਹਾ ‘ਤੇ ਨਵੀਆਂ ਕਦਰਾਂ ਕੀਮਤਾਂ ਆ ਰਹੀਆ ਹਨ, ਜਿਹੜੀਆਂ ਕਿ ਮਨੁੱਖ ਨੂੰ ਉਸਦੀ ਨੈਤਿਕਤਾ ਤੋਂ ਦੂਰ ਕਰਨ ਵਿਚ ਭੂਮਿਕਾ ਨਿਭਾ ਰਹੀਆਂ ਹਨ। ਨਵੀਆਂ ਕਦਰਾਂ ਕੀਮਤਾਂ ਮਨੁੱਖ ਨੂੰ ਮੁਨਾਫੇ ਦੀ ਦੌੜ ਵਿੱਚ ਲਾਲਚੀ ਅਤੇ ਸਵਾਰਥੀ ਬਣਾ ਰਹੀਆਂ ਹਨ। ਪੂੰਜੀ ਅਧਾਰਿਤ ਇਨ੍ਹਾਂ ਕਦਰਾਂ ਕੀਮਤਾਂ ਨੂੰ ਫਿਰ ਮਾਨਤਾ ਦਿਵਾਈ ਜਾ ਰਹੀ ਹੈ ਅਤੇ ਮਕਬੂਲ ਕੀਤਾ ਜਾ ਰਿਹਾ ਹੈ। ਮਨੁੱਖ ਨੂੰ ਉਸਦੇ ਰਵਾਇਤੀ ਅਤੇ ਪ੍ਰੰਪਰਿਕ ਜੀਵਨ ਤੋਂ ਦੂਰੀ ਬਣਾਉਣ ਵਿਚ ਇਸ ਨਵੀਨ ਕਿਸਮ ਦੀ ਜੀਵਨ ਸ਼ੈਲੀ ਦਾ ਮੁੱਖ ਯੋਗਦਾਨ ਹੈ। ਜਦ ਕਿ ਪ੍ਰੰਪਰਿਕ ਜੀਵਨ ਕੁਦਰਤੀ ਸਹਿਜ ਵਿੱਚ ਲੰਮੇ ਸਮੇਂ ਦੀ ਕਠੋਰ ਪਰਖ ਤੋਂ ਬਾਅਦ ਹੋਂਦ ਵਿੱਚ ਆਈਆ ਕਦਰਾਂ ਕੀਮਤਾਂ ਦਾ ਆਦਰਸ਼ ਹੁੰਦਾ ਹੈ। ਸੋ ਪਦਾਰਥਕ ਅਤੇ ਪੂੰਜੀ ਦੇ ਵਿਕਾਸ ਨੂੰ ਮੁੱਖ ਰੱਖਕੇ ਵਿਕਸਿਤ ਹੋਈਆਂ ਕਦਰਾਂ ਕੀਮਤਾਂ ਮਨੁੱਖ ਨੂੰ ਨਿੱਜਵਾਦੀ ਅਤੇ ਲਾਲਚੀ ਬਣਾਉਂਦੀਆਂ ਹਨ। ਜਿਵੇਂ ਡਾ ਗੁਰਭਗਤ ਸਿੰਘ ਇਕ ਪੁਸਤਕ ਦਾ ਹਵਾਲਾ ਦਿੰਦਿਆਂ ਇਸ ਤ੍ਰਾਸਦੀ ਨੂੰ ਸਮਝਾਉਂਦੇ ਹਨ , “ ਇਸ ਪੁਸਤਕ ਮੁਤਾਬਕ ਗਿਆਨਵਾਦ ਦੇ ਪ੍ਰਭਾਵ ਅਧੀਨ ਜੋ ਸਮਾਜਿਕ ਅਤੇ ਆਰਥਿਕ ਸੰਕਲਪ ਜਾਂ ਸੰਗਠਨ ਪੱਛਮ ਵਿੱਚ ਬਣੇ, ਉਨ੍ਹਾਂ ਵਿੱਚ ਸਾਰੀਆਂ ਕੌਮਾਂ ਦੀ ਮੁਕਤੀ ਲਈ ਵਿਗਿਆਨ ਨਾਲ ਜੁੜਿਆ ਇੱਕੋ ਮੁਕਤੀ ਮਾਰਗ ਹੀ ਉਭਾਰਿਆ ਗਿਆ ਹੈ । ਇਸ ਮਾਰਗ-ਦਰਸ਼ਨ ਨਾਲ ਜੋ ਪ੍ਰਬੰਧ ਉਸਾਰੇ ਗਏ , ਉਨ੍ਹਾਂ ਵਿੱਚ ਫਾਸ਼ੀਵਾਦੀ ਹੋਣ ਦੀ ਸੰਭਾਵਨਾ ਲੁਕੀ ਹੋਈ ਹੈ । ਇੰਨਾਂ ਪ੍ਰਬੰਧਾਂ ਦਾ ਬਲ ਪੂੰਜੀ ਵਿਕਸਿਤ ਕਰਨ ਨਾਲ ਤਰੱਕੀ ਕਰਨ ਉੱਤੇ ਹੈ । ਪੂੰਜੀ ਦਾ ਵਿਕਾਸ ਅਤੇ ਇੱਕੋ ਮੁਕਤੀ ਮਾਰਗ ਉੱਤੇ ਬਲ ਇੰਨ੍ਹਾਂ ਪ੍ਰਬੰਧਾਂ ਦੇ ਮੁੱਖ ਪ੍ਰਯੋਜਨ ਨੂੰ ਸਿੱਧ ਕਰਨ ਲਈ ਸੰਗਠਿਤ ਕੀਤੀਆਂ ਗਈਆਂ ।”(ਵਿਸਮਾਦੀ ਪੂੰਜੀ ੩੬-੩੭ )

ਪੂੰਜੀ ਅਤੇ ਪਦਾਰਥ ਅਧਾਰਿਤ ਪ੍ਰਬੰਧ ਵਿਚ ਪਲ਼ ਰਿਹਾ ਮਨੁੱਖ ਆਪਣੀਆਂ ਅਧਿਆਤਮਕ ਪ੍ਰੰਪਰਾਵਾਂ ਅਤੇ ਚੌਗਿਰਦੇ ਨਾਲੋਂ ਲਗਾਤਾਰ ਦੂਰ ਹੁੰਦਾ ਜਾ ਰਿਹਾ ਹੈ। ਉਸਦੀ ਜੀਵਨ ਸ਼ੈਲੀ ਨਵੀਆਂ ਕਦਰਾਂ ਕੀਮਤਾਂ ਵੱਲ ਅਕਰਸ਼ਿਤ ਹੋ ਰਹੀ ਹੈ। ਨਵੀਆਂ ਕਦਰਾਂ ਕੀਮਤਾਂ ਮਨੁੱਖ ਨੂੰ ਭੋਗੀ ਬਿਰਤੀ ਵਾਲਾ  ਬਣਾ ਰਹੀਆਂ ਹਨ। ਜਿਸਨੂੰ ਕੇਦਰ ਵਿੱਚ ਰੱਖਕੇ ਸਾਰਾ ਤਾਣਾ ਬਾਣਾ ਬੁਣਿਆ ਜਾ ਰਿਹਾ ਹੈ। ਪਦਾਰਥ ਦੀ ਭਰਮਾਰ ਵਾਲੇ ਇਸ ਸਮੇਂ ਵਿੱਚ ਮਨੁੱਖ ਇਸ ਦੇ ਉਪਯੋਗ ਨਾਲ ਆਪਣਾ ਯੋਗ ਰਿਸ਼ਤਾ ਬਣਾਉਣ ਵਿੱਚ ਨਾਕਾਮਯਾਬੀ ਹਾਸਿਲ ਕਰ ਰਿਹਾ ਹੈ। ਪਦਾਰਥ ਉੱਤੇ ਕਾਬੂ ਰੱਖਦਾ ਹੋਇਆ ਇਸ ਤੋਂ ਆਪਣੇ ਕਾਰਜਾਂ ਵਿੱਚ ਬਣਦਾ ਸਹਿਯੋਗ ਲੈਣ ਦੀ ਬਜਾਏ ਮਨੁੱਖ, ਪਦਾਰਥਕ ਉਪਕਰਨਾਂ ਦਾ ਗੁਲਾਮ ਬਣਕੇ ਜੀਵਨ ਬਸਰ ਕਰ ਰਿਹਾ ਹੈ। ਇਕ ਤਰਾਂ ਨਾਲ ਕਹਿਣਾ ਹੋਵੇ ਤਾਂ ਪਦਾਰਥ ਮਨੁੱਖ ਦੀਆਂ ਲੋੜਾਂ ਤੋਂ ਅੱਗੇ ਲੰਘ ਮਨੁੱਖ ਨੂੰ ਗੁਲਾਮ ਕਰਨ ਵਿੱਚ ਸਫਲ ਰਿਹਾ ਹੈ। ਪਦਾਰਥ ਦੇ ਇਸ ਚੁੰਧਿਆ ਦੇਣ ਵਾਲੇ ਪ੍ਰਤਾਪ ਦੇ ਮਗਰ ਲੱਗ ਮਨੁੱਖ ਨੇ ਆਪਣੇ ਜ਼ਿੰਦਗੀ ਦੇ ਉਚਿਤ ਸੁਹਜ ਨੂੰ ਕੋਹ-ਕੋਹ ਮਾਰ ਮੁੱਕਾ ਦਿੱਤਾ ਹੈ। ਅੱਜ ਦਾ ਮਨੁੱਖ ਪਦਾਰਥ ਦੀ ਤਰਾਂ ਹੀ ਨਿਰਜਿੰਦ ਹੋ ਰਿਹਾ ਹੈ। ਪਦਾਰਥਕ ਭੋਗ ਇਕ ਪੱਧਰ ਤਕ ਮਨੁੱਖ ਨੂੰ ਰਸ ਦਿੰਦਾ ਹੈ ਅਤੇ ਉਸਨੂੰ ‘ਹੁਣ’ ਦੇ ਨੈਤਿਕ-ਸਦਾਚਾਰਕ ਅਸਤਿਤਵ ਨੂੰ ਭੁਲਾਉਣ ਵਿਚ ਮਦਦ ਕਰਦਾ ਹੈ। ਨਵੀਨ ਜਿੰਦਗੀ ਮਨੁੱਖ ਅੰਦਰ ‘ਹੁਣ’ ਦੇ ਅਚੇਤ ਅਨੁਭਵ ਨੂੰ ਲਗਾਤਾਰ ਖੋਰਨ ਦਾ ਕੰਮ ਕਰਦੀ ਹੈ। ਭਾਵ ਪਦਾਰਥਕ ਭੋਗ ਦੀ ਵਧ ਰਹੀ ਤ੍ਰਿਸ਼ਨਾ ਮਨੁੱਖ ਨੂੰ ਉਸਦੇ ਅਸਲ ਅਸਤਿਤਵ ਤੱਕ ਪਹੁੰਚਣ ਵਿਚ ਅਨੈਤਿਕ ਖੜੋਤ ਬਣ ਖੜ੍ਹੀ ਹੈ।

ਪਦਾਰਥਕ ਭੋਗ ਵਿੱਚ ਪ੍ਰਵਿਰਤ ਮਨੁੱਖ ਅਗਲੇ ਪੜਾਅ ‘ਤੇ ਆਪਣੇ ਆਪ ਨੂੰ ਸਹੀ ਸਿੱਧ ਕਰਨ ਲਈ ਫਲਸਫੇ ਘੜਦਾ ਹੈ। ਇਹ ਫਲਸਫੇ ਸਿਰਫ ਬੁੱਧੀ ਨੂੰ ਹੀ ਆਪਣਾ ਆਸਰਾ ਮੰਨ ਬੁੱਧੀ ਦੀ ਪਕੜ ਅਤੇ ਭਾਲ ‘ਤੇ ਹੀ ਟੇਕ ਰੱਖਦੇ ਹਨ। ਬੁੱਧੀ ਤੋਂ ਉਪਜੇ ਗਿਆਨ ਤੋਂ ਫਿਰ ਗਿਆਨ-ਹਊਮੈ ਜਨਮ ਲੈਂਦੀ ਹੈ। ਜਿਸ ਵਿਚੋਂ ਦਿਮਾਗੀ ਕਸਰਤ ਸ਼ੁਰੂ ਹੁੰਦੀ ਹੈ। ਜਿਸਦੀ ਬਦੌਲਤ ਮਨੁੱਖ ਆਪਣੀਆਂ ਕਦਰਾਂ ਕੀਮਤਾਂ ਨੂੰ ਜੀਵਨ ਨਾਲ ਇਨਸਾਫ ਕਰਦੀਆਂ ਵਿਖਾਉਣ ਦਾ ਯਤਨ ਕਰਦਾ ਹੈ। ਅਖੀਰ ਇਸ ਤਰਾਂ ਦੀ ਜੀਵਨ ਸ਼ੈਲੀ ਦੇ ਅਭਿਆਸ ਵਿੱਚ ਪਿਆ ਮਨੁੱਖ ਆਪਣੇ ਅੰਦਰ ਬੇਦਿਲੀ ਅਤੇ ਡੂੰਘੀ ਬੇਚੈਨੀ ਮਹਿਸੂਸ ਕਰਦਾ ਹੈ। ਇਸ ਪੱਧਰ ‘ਤੇ ਪਹੁੰਚ ਉਸਦਾ ਸਮੁੱਚਾ ਅਮਲ ਗੁਮਰਾਹ ਸਾਬਿਤ ਹੁੰਦਾ ਹੈ।

ਇਸ ਕਰਕੇ ਮਨੁੱਖ ਆਪਣੇ ਮੌਜੂਦਾ ਜੀਵਨ ਢੰਗ ਜੋ ਕਿ ਰੋਗ ਪੈਦਾ ਕਰ ਰਿਹਾ ਹੈ ਤੋਂ ਪੂਰੀ ਤਰ੍ਹਾਂ ਅੱਕ ਚੁੱਕਾ ਹੈ ਅਤੇ ਉਸ ਅੰਦਰ ਇਕ ਤਲਾਸ਼ ਜਨਮ ਲੈ ਰਹੀ ਹੈ। ਉਹ ਜੀਵਨ ਦੇ ਕੁੱਲ ਪਸਾਰਾਂ ਨੂੰ ਪ੍ਰਫੁੱਲਿਤ ਕਰਨ ਵਾਲੀ ਜੀਵਨ ਤਰਜ਼ ਦੀ ਭਾਲ ਚ ਹਨ। ਜਿਸ ਨਾਲ ਉਹ ਆਪਣੀਆਂ ਰੂਹਾਨੀ ਕਦਰਾਂ ਕੀਮਤਾਂ ‘ਤੇ ਚੱਲਦਿਆਂ ਪਦਾਰਥਕ ਵਿਕਾਸ ਦੀ ਗਤੀ ਦੀ ਉਪਯੋਗੀ ਵਰਤੋਂ ਕਰਦਿਆਂ ਜੀਵਨ ਬਸਰ ਕਰ ਸਕਣ। ਪੱਛਮੀ ਜਗਤ ਦਾ ਕੁਝ ਹਿੱਸਾ ਆਪਣੀ ਭੋਗੀ ਬਿਰਤੀ ਤੋਂ ਤੰਗ ਹੈ। ਬੇਚੈਨੀ, ਖਿਆਲਾਂ ਵਿਚ ਰਹਿਣਾ, ਮੋਹ ਪਿਆਰ ਦਾ ਭੰਗ ਹੋਣਾ, ਪਾਸ਼ਵਿਕ ਬਿਰਤੀਆ ਦਾ ਉਜਾਗਰ ਹੋਣਾ, ਸਵਾਰਥੀ ਹੋਣਾ ,ਲਾਲਚ ਵਸ ਅਮਲ ਕਰਨਾ ਆਦਿ ਚੀਜਾ ਮਨੁੱਖ ਦੇ ਜੀਵਨ ਤੇ ਭਾਰ ਪਾ ਰਹੀਆ ਹਨ। ਜਿਸ ਕਰਕੇ ਮਨੁੱਖ ਆਪਣੇ ਅਧਿਆਤਮਿਕ ਅਤੇ ਕੁਦਰਤੀ ਸਹਿਜ ਨਾਲੋ ਟੁੱਟ ਰਿਹਾ ਹੈ। ਸਮੇਂ ਵਿਚ ਪਦਾਰਥਵਾਦ ਨੇ ਇਨੀ ਤੀਬਰ ਗਤੀ ਨਾਲ ਪਰਵੇਸ਼ ਕੀਤਾ ਕੇ ਮਨੁੱਖ ਆਪਣੇ ਸਹਿਜ ਨੂੰ ਪਾਲਦਿਆਂ ਹੋਇਆਂ ਉਸਦੇ ਹਾਣ ਦਾ ਨਾ ਹੋ ਸਕਿਆ। ਜਿਸ ਕਾਰਨ ਪਦਾਰਥਵਾਦ ਦੀ ਹਨੇਰੀ ਨੇ ਉਸਦੇ ਅੰਦਰਲੇ ਪ੍ਰਕਾਸ਼ ਨੂੰ ਡੂੰਘਿਆਂ ਹਨੇਰਿਆ ਵਿਚ ਪਹੁੰਚਾ ਦਿੱਤਾ।

ਸੋ ਆਧੁਨਿਕਤਾ ਦੇ ਦੌਰ ਵਿਚ ਮਨੁੱਖ ਚੌਰਾਹੇ ‘ਤੇ ਖਲੋਤਾ ਹੈ। ਜਿਸਨੂੰ ਸਹੀ ਦਿਸ਼ਾ ਨਹੀਂ ਮਿਲ ਰਹੀ ਅਤੇ ਉਹ ਕਿਸੇ ਪੂਰਨ ਉਪਦੇਸ਼ ਦੀ ਉਡੀਕ ਕਰ ਰਿਹਾ ਹੈ। ਦੁਵਿਧਾ ਵਿੱਚ ਪਏ ਆਧੁਨਿਕ ਮਨੁੱਖ ਦੀ ਇਹ ਉਡੀਕ ਗੁਰੂ ਦੇ ਉਪਦੇਸ਼ ਨਾਲ ਜੁੜਨ ‘ਤੇ ਹੀ ਪੂਰੀ ਹੋ ਸਕਦੀ ਹੈ। ਗੁਰੂ ਗ੍ਰੰਥ ਸਾਹਿਬ ਵਿਸ਼ਵ ਗੁਰੂ ਹਨ ਅਤੇ ਗੁਰੂ ਦਾ ਉਪਦੇਸ਼ ਵੀ ਸਰਵ ਸਾਝਾ ਹੈ। ਗੁਰੂ ਸਾਹਿਬ ਇਕ ਵਿਸ਼ੇਸ਼ ਜਾਤ, ਭੂਗੋਲਿਕ ਸਮੇਂ -ਸਥਾਨ ਦੀਆਂ ਹੱਦਾ ਤੋਂ ਪਾਰ “ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ” ਦਾ ਉਪਦੇਸ਼ ਦਿੰਦੇ ਹਨ। ਇਸ ਦੇ ਨਾਲ ਹੀ ਗੁਰੂ ਸਾਹਿਬ ਦੇ ਉਪਦੇਸ਼ ਵਿੱਚ ਦੋਨੋ ਜਹਾਨਾਂ ਨੂੰ ਆਪਣੀ ਨਿਵਾਜਿਸ਼ ਵਿੱਚ ਲੈਣ ਦਾ ਬਲ ਮੌਜੂਦ ਹੈ। ਸਿੱਖੀ ਵਿੱਚ ਅੰਦਰੂਨੀ ਅਤੇ ਬਹਿਰੂਨੀ ਦੋਨਾਂ ਤਰ੍ਹਾਂ ਦੇ ਵਿਗਾਸ ਅਤੇ ਵਿਕਾਸ ਲਈ ਉਚਿਤ ਸਥਾਨ ਅਤੇ ਪ੍ਰੇਰਨਾ ਹੈ। ਜਿੱਥੇ ਹਰਿਮੰਦਰ ਸਾਹਿਬ ਦੀ ਸਾਜਨਾ ਅੰਦਰੂਨੀ ਪ੍ਰਕਾਸ਼ ਦਾ ਕੇਦਰ ਹੈ ਉੱਥੇ ਨਾਲ ਹੀ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਾਜਨਾ ਦੁਨਿਆਵੀ ਮਾਮਲਿਆਂ ਨੂੰ ਅਕਾਲ ਦੇ ਨਿਯਮ ਅਧੀਨ ਚਲਾਉਣ ਦਾ ਕੇਦਰ ਹੈ। ਅਕਾਲ ਤਖ਼ਤ ਸਾਹਿਬ ਸਿੱਖਾਂ ਦੀ ਅਧਿਆਤਮਕ-ਰਾਜਸੀ ਪ੍ਰਭੂਸੱਤਾ ਦਾ ਪ੍ਰਤੀਕ ਹੈ। ਸਿੱਖ ਸ਼੍ਰੀ ਅਕਾਲ ਤਖਤ ਸਾਹਿਬ ਦੀ ਰਹਿਨੁਮਾਈ ਵਿੱਚ ਸਰਬੱਤ ਦੇ ਭਲੇ ਹਿਤ ਜੂਝਦੇ ਹਨ।

ਸੋ ਸਿੱਖਾਂ ਕੋਲ ਪੂਰਨ ਗੁਰੂ ਹੈ। ਸਾਨੂੰ ਆਪਣੇ ਗੁਰੂ ਦੇ ਆਸ਼ੇ ਅਨੁਸਾਰ ਜਿਊਂਦਿਆਂ ਜ਼ਿੰਦਗੀ ਦੇ ਸਮੁੱਚੇ ਪਸਾਰਾਂ ਨੂੰ ਰੂਪਮਾਨ ਕਰ ਵਿਖਾਉਣ ਲਈ ਯਤਨਸ਼ੀਲ ਹੋਣਾ ਚਾਹੀਦਾ ਹੈ। ਇਸ ਨਵੇਂ ਦੌਰ ਜਾਂ ਜੀਵਨ ਤਰਜ ਨਾਲ ਆਉਣ ਵਾਲੀਆ ਚੁਣੌਤੀਆਂ ਨੂੰ ਮੁਖ਼ਾਤਿਬ ਹੁੰਦਿਆਂ, ਗੁਰੂ ਗ੍ਰੰਥ ਸਾਹਿਬ ਜੀ , ਗੁਰੂ ਅਮਲ ਅਤੇ ਰੂਹਾਨੀ ਸਿੱਖ ਇਤਿਹਾਸ ਦੇ ਸਾਂਝੇ ਉਪਦੇਸ਼ ਅਤੇ ਅਮਲ ਦੀ ਇਕਸੁਰਤਾ ਵਿਚੋਂ ਪ੍ਰਕਾਸ਼ਮਾਨ ਹੁੰਦੀਆਂ ਚੀਜਾਂ ਨੂੰ ਇਕੱਤਰ ਕਰਕੇ ਇਕ ਦ੍ਰਿਸ਼ਟੀ ਬਣਾਉਣ ਦੀ ਲੋੜ ਹੈ। ਸਿੱਖਾਂ ਨੂੰ ਗੁਰਬਾਣੀ ਦੀ ਪ੍ਰੇਰਨਾ ਅਨੁਸਾਰ ਸੰਸਾਰ , ਮਨੁੱਖ , ਕੁਦਰਤ, ਬਨਸਪਤੀ ਆਦਿ ਚੀਜਾਂ ਦੀ ਇਕ ਅਧਿਆਤਮਕ ਵਿਆਖਿਆ ਦੇਣੀ ਚਾਹੀਦੀ ਹੈ। ਅਤੇ ਮੁੜ ਗੁਰੂ ਅਮਲ ਅਤੇ ਰੂਹਾਨੀ ਸਿੱਖ ਇਤਿਹਾਸ ਵਿੱਚ ਪ੍ਰਕਾਸ਼ਮਾਨ ਹੋ ਰਹੀਆ ਚੀਜਾਂ ਨੂੰ ਪਰਿਭਾਸ਼ਿਤ ਕਰਨਾ ਬਣਦਾ ਹੈ। ਕਿਉਂਕਿ ਆਧੁਨਿਕਤਾ ਦੇ ਦੌਰ ਵਿਚ ਚੌਰਾਹੇ ‘ਤੇ ਖੜੇ ਮਨੋਰੋਗੀ ਮਨੁੱਖ ਦੀ ਮੈਲ ਸਿਰਫ ਗੁਰੂ ਦਾ ਉਪਦੇਸ਼ ਹੀ ਉਤਾਰ ਸਕਦਾ ਹੈ , ਅਤੇ ਉਸਨੂੰ ਜਿੰਦਗੀ ਦੇ ਉੱਚੇ ਅਦਰਸ਼ਾਂ ਵੱਲ ਪ੍ਰੇਰਿਤ ਕਰ ਸਕਦਾ ਹੈ। ਗੁਰੂ ਗ੍ਰੰਥ ਸਾਹਿਬ ਦੇ ਉਪਦੇਸ਼ ਸਦਕਾ ਅਮਲ ਵਿੱਚ ਆਈਆਂ ਕਦਰਾ ਕੀਮਤਾ ਹੀ ਮਨੁੱਖ ਨੂੰ ਡੂੰਘਾ ਧਰਵਾਸ ਬਖਸ਼ ਸਕਦੀਆ ਹਨ। ਜਿਸ ਅੰਦਰ ਮਨੁੱਖ ਰੁਹਾਨੀਅਤ ਨਾਲ ਜੁੜਿਆ ਹੋਇਆ ਜਿੰਦਗੀ ਦਾ ਅਸਲ ਵਿਗਾਸਮਈ ਖੇੜਾ ਅਨੁਭਵ ਕਰ ਸਕੇਗਾ। ਗੁਰੂ ਸਾਹਿਬ ਦੇ ਉਪਦੇਸ਼ ਵਿਚੋਂ ਪੈਦਾ ਹੋਣ ਵਾਲੀਆ ਕਦਰਾਂ ਕੀਮਤਾਂ ਮਨੁੱਖ ਨੂੰ ਨਿਮਰਤਾ ਵਾਲਾ ਬਣਾਉਣਗੀਆ ਅਤੇ ਉਸਦਾ ਕੁਦਰਤ ਅਤੇ ਬਨਸਪਤੀ ਨਾਲ ਰਿਸ਼ਤਾ ਸਹਿ-ਹੋਂਦ ਵਾਲਾ ਹੋਵੇਗਾ। ਗੁਰੂ ਤੋਂ ਅਗਵਾਈ ਲੈਣ ਵਾਲੇ ਮਨੁੱਖ ਲਈ ਪੂੰਜੀ ਦੀ ਪਰਿਭਾਸ਼ਾ, ਅਤੇ ਉਸ ਨੂੰ ਪ੍ਰਾਪਤ ਕਰਨ ਵਾਲੇ ਸਾਧਨ ਅਤੇ ਹੀਲੇ ਵੀ ਬਦਲ ਜਾਣਗੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: