– ਅਮਨਦੀਪ ਸਿੰਘ ਮਾਲੇਰਕੋਟਲਾ
ਕਾਦਰ ਨੇ ਮਨੁੱਖ ਨੂੰ ਸਰਵਉੱਤਮ ਜੀਵ ਬਣਾਇਆ। ਇਸ ਧਰਤ ਤੇ ਆਪਣੀ ਲੰਮੀ ਜੱਦੋਜਹਿਦ ਵਿੱਚੋਂ ਲੰਘਦਿਆਂ ਅੱਜ ਦਾ ਆਧੁਨਿਕ ਮਨੁੱਖ ਰੂਪਮਾਨ ਹੋਇਆ। ਇਸ ਜੱਦੋਜਹਿਦ ਦੌਰਾਨ ਮਨੁੱਖ ਨੇ ਕਈ ਖੇਡਾਂ ਖੇਡੀਆਂ, ਕੁਦਰਤ ਨਾਲ ਕਈ ਖਿਲਵਾੜ ਕੀਤੇ ਅਤੇ ਉਸ ਕਾਦਰ ਦੀ ਸਭ ਤੋਂ ਹੁਸੀਨ ਕਿਰਤ ਭਾਵ ਕੁਦਰਤ ਤੋਂ ਦੂਰ ਹੋਇਆ। ਇਸ ਤਰ੍ਹਾਂ ਕਈ ਸਰੀਰਕ ਅਤੇ ਮਾਨਸਿਕ ਰੋਗ ਸਹੇੜ ਲਏ।
ਬਿਮਾਰੀ ਜਾਂ ਰੋਗ ਕੀ ਹੈ ਅਤੇ ਰੋਗ ਆਉਂਦਾ ਕਿਵੇਂ ਹੈ? ਇਹ ਜਾਨਣ ਤੋਂ ਪਹਿਲਾਂ ਮਨੁੱਖੀ ਸਰੀਰ ਨੂੰ ਸਮਝਣਾ ਪਵੇਗਾ।
ਮਨੁੱਖ ਨੂੰ ਮੁੱਢਲੇ ਤਿੰਨ ਪੱਧਰਾਂ ਤੇ ਸਮਝਿਆ ਜਾ ਸਕਦਾ ਹੈ। ਇਹ ਹਨ ਮਨੁੱਖੀ ਸਰੀਰ,ਮਨੁੱਖੀ ਮਨ ਅਤੇ ਬਿਮਾਰੀ ਜਾਂ ਰੋਗ।
ਆਧੁਨਿਕ ਡਾਕਟਰੀ ਵਿਗਿਆਨ ਦਾ ਸਭ ਤੋਂ ਵੱਡਾ ਨੁਕਸ ਇਹ ਹੈ ਕਿ ਇਹ ਮਨੁੱਖ ਦੇ ਸਰੀਰ ਨੂੰ ਕੇਵਲ ਭੌਤਿਕ ਮੰਨ ਕੇ ਕਿਸੇ ਵੀ ਬਿਮਾਰੀ ਦਾ ਇਲਾਜ ਰਸਾਇਣਾਂ (ਦਵਾਈਆਂ) ਨਾਲ ਕਰਦਾ ਹੈ। ਰੋਗ ਆਉਣ ਤੇ ਰਸਾਇਣ ਸਰੀਰ ਵਿੱਚ ਪਾਉ ਅਤੇ ਸਰੀਰ ਨੂੰ ਮਸ਼ੀਨਰੀ ਵਾਂਗ ਸੁਆਰ ਲਉ। ਨਿਰਾ ਪੁਰਾ ਭੌਤਿਕ ਵਰਤਾਰਾ।
ਮਨੁੱਖ ਦੇ ਸਰੀਰ ਨੂੰ ਊਰਜਾ ਦੇ ਕੇ ਚਲਾਉਣ ਲਈ ਪਦਾਰਥ ਦੇ ਦੋ ਰੂਪ ਸਰੀਰ ਦੇ ਅੰਦਰ ਜਾਂਦੇ ਹਨ- ਇੱਕ ਭੋਜਨ ਅਤੇ ਦੂਜਾ ਹਵਾ। ਭੋਜਨ ਰਸ ਦੇ ਰੂਪ ਵਿੱਚ ਸਰੀਰ ਦੇ ਅੰਦਰ ਜਾਂਦਾ ਹੈ ਅਤੇ ਸਾਹ ਕਿਰਿਆ ਰਾਹੀਂ ਅੰਦਰ ਗਈ ਆਕਸੀਜਨ ਰਾਹੀਂ ਬਲ ਕੇ ਸਰੀਰ ਨੂੰ ਊਰਜਾ ਦਿੰਦਾ ਹੈ। ਭੋਜਨ ਰਸ ਇਮਾਰਤ ਰੂਪੀ ਸਰੀਰ ਦੇ ਇੱਟਾਂ ਰੂਪੀ ਸੈਲਾਂ ਤੱਕ ਲੱਗਭਗ ਉਵੇਂ ਹੀ ਪੁੱਜਦਾ ਹੈ ਜਿਵੇਂ ਨਵੀਂ ਬਣੀ ਇੱਟਾਂ ਦੀ ਕੰਧ ਨੂੰ ਤਰ ਕਰੀਦਾ ਹੈ। ਜਿਵੇਂ ਇੱਟਾਂ ਲੋੜੀਂਦਾ ਪਾਣੀ ਸੋਖ ਲੈਂਦੀਆਂ ਹਨ ਉਸੇ ਤਰ੍ਹਾਂ ਸਰੀਰ ਦੀ ਇਮਾਰਤ ਦੀਆਂ ਇੱਟਾਂ ਭਾਵ ਸੈੱਲ ਭੋਜਨ ਰਸ ਨੂੰ ਸੋਖ ਲੈਂਦੇ ਹਨ। ਇਸ ਰਸ ਸੋਖਣ ਦੇ ਕਾਰਜ ਵਿੱਚ ਬਿਜਲਈ ਕਣ ਅਹਿਮ ਭੂਮਿਕਾ ਨਿਭਾਉਂਦੇ ਹਨ ਜਿਹਨਾਂ ਨੂੰ ਵਿਗਿਆਨ ਦੀ ਭਾਸ਼ਾ ਵਿੱਚ ਆਈਨ ਕਿਹਾ ਜਾਂਦਾ ਹੈ। ਭੋਜਨ ਪਚਣ ਦਾ ਸਾਰਾ ਕੰਮ ਦਿਮਾਗ ਤੋਂ ਮਿਲੇ ਸੁਨੇਹਿਆਂ ਰਾਹੀਂ ਚੱਲਦਾ ਹੈ।
ਹੁਣ ਸਮਝੀਏ ਕਿ ਬਿਮਾਰੀ ਕੀ ਹੈ?
ਡਾਕਟਰੀ ਭਾਸ਼ਾ ਵਿੱਚ ਗੱਲ ਕਰੀਏ ਤਾਂ ਤੰਦਰੁਸਤ ਨਾ ਹੋਣ ਦੀ ਸਥਿਤੀ ਹੀ ਬਿਮਾਰੀ ਹੈ। ਪਰ ਇਹ ਆਉਂਦੀ ਕਿਵੇਂ ਹੈ ਤੇ ਇਹ ਕੀ ਪ੍ਰਭਾਵ ਪਾਉਂਦੀ ਹੈ ਇਹ ਸਮਝਣ ਲਈ ਇਹ ਜਰੂਰੀ ਹੈ ਕਿ ਇਸ ਦੇ ਵੱਖੋ ਵੱਖਰੇ ਰੂਪਾਂ ਨੂੰ ਸਮਝਿਆ ਜਾਵੇ।
ਬਿਮਾਰੀ ਦੇ ਮੂਲ ਤਿੰਨ ਰੂਪ ਹਨ-
(ੳ) ਨਿੱਜੀ ਬਿਮਾਰੀ- ਜਿਵੇਂ ਕਿ ਅਸੀਂ ਪਹਿਲਾਂ ਪੜਿਆ ਹੈ ਕਿ ਸਰੀਰਕ ਇਮਾਰਤ ਦੀਆਂ ਇੱਟਾਂ ਭਾਵ ਸੈੱਲਾਂ ਤੱਕ ਭੋਜਨ ਰਸ ਪੁੱਜਦਾ ਹੈ ਤਾਂ ਸਰੀਰ ਨੂੰ ਊਰਜਾ ਮਿਲਦੀ ਹੈ ਅਤੇ ਸਰੀਰ ਸਹੀ ਢੰਗ ਨਾਲ ਕਾਰੋ ਵਿਹਾਰ ਕਰਦਾ ਹੈ। ਜਦੋਂ ਇਸ ਪਹੁੰਚ ਤਰਤੀਬ ਵਿੱਚ ਕੋਈ ਅੜਿੱਕਾ ਆ ਜਾਂਦਾ ਹੈ ਤਾਂ ਦਿਮਾਗ ਨੂੰ ਸੁਨੇਹਾ ਮਿਲ ਜਾਂਦਾ ਹੈ ਕਿ ਕੋਈ ਗੜਬੜ ਹੋ ਗਈ ਹੈ ਅਤੇ ਦਿਮਾਗ ਸਥਿਤੀ ਨੂੰ ਬਿਮਾਰ ਐਲਾਨ ਦਿੰਦਾ ਹੈ। ਇਸੇ ਤਰ੍ਹਾਂ ਸਾਹ ਰਾਹੀਂ ਅੰਦਰ ਜਾਣ ਵਾਲੀ ਹਵਾ ਰਾਹੀਂ ਆਕਸੀਜਨ ਦਾ ਸਹੀ ਸੰਚਾਰ ਨਾ ਹੋਣ ਤੇ ਵੀ ਅੰਦਰੂਨੀ ਖੇਡ ਵਿਗੜਦੀ ਹੈ। ਸਾਹ ਲੈਣ ਨਾਲ ਸਬੰਧਤ ਅੰਗ ਪੂਰੀ ਆਕਸੀਜਨ ਮੰਗਦੇ ਨੇ ਤੇ ਜਦ ਪੂਰਤੀ ਨਹੀਂ ਹੁੰਦੀ ਤਾਂ ਇਹ ਅੰਗ ਬਿਮਾਰੀ ਦੇ ਖਤਰਨਾਕ ਪੱਧਰ ਤੇ ਚਲੇ ਜਾਂਦੇ ਹਨ।
(ਅ) ਲਾਗ ਜਾ ਛੂਤ ਦੀ ਬਿਮਾਰੀ- ਲਾਗ ਜਾਂ ਛੂਤ ਉਸ ਬਿਮਾਰੀ ਹੁੰਦੀ ਹੈ ਜੋ ਇੱਕ ਜੀਵ ਤੋਂ ਦੂਜੇ ਜੀਵ ਨੂੰ ਲੱਗਦੀ ਹੈ ਭਾਵ ਇਹ ਨਿੱਜੀ ਨਾ ਹੋ ਕੇ ਸਮੂਹ (ਸਮਾਜ) ਨੂੰ ਪ੍ਰਭਾਵਿਤ ਕਰਦੀ ਹੈ। ਹੁਣ ਤੱਕ ਹੋਣ ਵਾਲੀਆਂ ਛੂਤ ਦੀਆਂ ਵਧੇਰੇ ਬਿਮਾਰੀਆਂ ਕਿਸੇ ਨਾ ਕਿਸੇ ਜਿਉਂਦੇ ਵਿਚੋਲੇ ਰਾਹੀਂ ਫੈਲਦੀਆਂ ਸਨ। ਜੇਕਰ ਕੋਈ ਨਿਰਜੀਵ ਮਾਧਿਅਮ ਸਾਮਿਲ ਵੀ ਸੀ ਤਾਂ ਲਾਗ ਦੇ ਜੀਵਾਣੂਆਂ ਦਾ ਜੀਵਨ ਕਾਲ ਇਹਨਾਂ ਨਿਰਜੀਵ ਮਾਧਿਅਮਾਂ ਤੇ ਵਧੇਰੇ ਲੰਮਾ ਨਾ ਸੀ। ਕੋਵਿਡ-19, ਬਿਮਾਰੀ ਦੇ ਵੱਡੇ ਪੱਧਰ ਤੇ ਫੈਲਣ ਦਾ ਵੱਡਾ ਕਾਰਨ ਇਹ ਵੀ ਹੈ ਕਿ ਇਸ ਦੀ ਲਾਗ ਅੱਗੇ ਫੈਲਣ ਵਿੱਚ ਪਦਾਰਥ ਰੂਪੀ ਨਿਰਜੀਵ ਵਿਚੋਲਾ ਵੀ ਸ਼ਾਮਲ ਹੈ।
ਇੱਥੇ ਇੱਕ ਗੱਲ ਵਿਸੇਸ਼ ਤੌਰ ਤੇ ਜ਼ਿਕਰਯੋਗ ਹੈ ਕਿ ਪਿਛਲੀ ਸਦੀ ਵਿੱਚ ਫੈਲੀ ਸਭ ਤੋਂ ਵੱਡੀ ਮਹਾਮਾਰੀ ਪਲੇਗ ਜਿਉਂਦੇ ਸਾਧਨਾਂ ਰਾਹੀਂ ਜਾ ਸਿੱਧੇ ਸੰਪਰਕ ਰਾਹੀਂ ਫੈਲਦੀ ਸੀ। ਕੋਵਿਡ-19 ਦੀ ਲਾਗ ਦੇ ਮਾਮਲੇ ਵਿੱਚ ਪਦਾਰਥ ਦਾ ਫੈਲਾਅ ਸਾਧਨ ਵਜੋਂ ਸ਼ਾਮਿਲ ਹੋਣ ਨਾਲ ਸਥਿਤੀ ਵੱਖਰੀ ਹੈ।
(ੲ) ਬਿਮਾਰੀ ਦਾ ਹਊਆ/ਭੈਅ- ਨਿੱਜੀ ਬਿਮਾਰੀ ਕਦੇ ਵੀ ਕੋਈ ਵੱਡਾ ਸਮੂਹਿਕ ਹਉਆ ਪੈਦਾ ਨਹੀਂ ਕਰਦੀ ਜੇ ਕੋਈ ਡਰ ਹੁੰਦਾ ਵੀ ਹੈ ਤਾਂ ਉਹ ਨਿੱਜ ਪੱਧਰ ਤੇ ਹੀ ਹੁੰਦਾ ਹੈ। ਰੋਗ ਦਾ ਘੇਰਾ ਜਿੰਨਾਂ ਵੱਡਾ ਹੋਵੇਗਾ ਉਸ ਦਾ ਭੈਅ ਵੀ ਉਨ੍ਹਾਂ ਹੀ ਜਿਆਦਾ ਹੋਵੇਗਾ ਅਤੇ ਇਹ ਸਮਾਜ ਨੂੰ ਭੈਅਭੀਤ ਕਰੇਗਾ। ਕੋਵਿਡ-19 ਦਾ ਘੇਰਾ ਅੰਤਰਰਾਸ਼ਟਰੀ ਪੱਧਰ ਦਾ ਹੋਣ ਕਰਕੇ ਹਉਆ ਕੁਝ ਜਿਆਦਾ ਵੱਡਾ ਹੈ।
ਮਨੋਵਿਗਿਆਨੀਆਂ ਦੀ ਮੰਨੀਏ ਤਾਂ ਭੈਅ ਨਾਲ ਬੰਦੇ ਦੀ ਰੋਗ ਰੋਕਣ ਅਤੇ ਰੋਗ ਨਾਲ ਲੜਨ ਦੀ ਤਾਕਤ ਘਟਦੀ ਹੈ। ਬੰਦਾ ਬਿਮਾਰ ਹੋਣ ਦੇ ਡਰ ਕਰਕੇ ਕੁਝ ਅਲਾਮਤਾਂ ਦਾ ਸਿਕਾਰ ਹੋ ਜਾਂਦਾ ਹੈ ਜਿਹਨਾਂ ਵਿੱਚ ਭੁੱਖ ਨਾ ਲੱਗਣਾ ਪ੍ਰਮੁੱਖ ਹੈ। ਭੁੱਖ ਦੀ ਅਣਹੋਂਦ ਸਰੀਰ ਵਿੱਚ ਜਰੂਰੀ ਤੱਤਾਂ ਦੀ ਘਾਟ ਹੋ ਜਾਂਦੀ ਹੈ ਹਾਲਾਂਕਿ ਸਰੀਰ ਨੂੰ ਬਿਮਾਰੀ ਦਾ ਮੁਕਾਬਲਾ ਕਰਨ ਲਈ ਵਧੇਰੇ ਤਾਕਤ ਦੀ ਲੋੜ ਹੁੰਦੀ ਹੈ। ਇਸ ਤਰ੍ਹਾਂ ਭੈਅ ਕਰਕੇ ਬੰਦਾ ਰੋਗ ਦਾ ਸ਼ਿਕਾਰ ਹੋਣ ਤੋਂ ਪਹਿਲਾਂ ਹੀ ਹਥਿਆਰ ਸੁੱਟ ਦਿੰਦਾ ਹੈ।
ਵੱਖੋ ਵੱਖਰੀਆਂ ਵਿਗਿਆਨਕ ਖੋਜਾਂ ਨੇ ਇਹ ਸਿੱਧ ਕੀਤਾ ਹੈ ਕਿ ਵਿਟਾਮਿਨ ਸੀ (ਖੱਟਾ) ਅਤੇ ਵਿਟਾਮਿਨ ਡੀ (ਧੁੱਪ) ਦਾ ਸਹੀ ਸੁਮੇਲ ਰੋਗ ਨਾਲ ਲੜਨ ਦੀ ਸਮਰੱਥਾ ਵਧਾਉਂਦਾ ਹੈ। ਭਾਵੇਂ ਕਿ ਖੱਟਾ ਖਾ ਕੇ ਵਿਟਾਮਿਨ ਸੀ ਲੈਣ ਦਾ ਬਹੁਤ ਪ੍ਰਚਾਰ ਕੀਤਾ ਜਾ ਰਿਹਾ ਹੈ ਜੋ ਕਿ ਗਲੇ ਅਤੇ ਸਾਹ ਰੋਗਾਂ ਲਈ ਵਧੇਰੇ ਮੁਫੀਦ ਨਾ ਹੈ। ਇਸਦੀ ਵਰਤੋਂ ਵਿਟਾਮਿਨ ਡੀ ਨਾਲ ਸਾਂਝੇ ਰੂਪ ਵਿੱਚ ਹੀ ਲਾਹੇਵੰਦ ਹੈ।
ਬਿਮਾਰੀ ਦੀਆਂ ਉੱਪਰ ਦਿੱਤੀਆਂ ਤਿੰਨੋਂ ਅਵਸਥਾਵਾਂ ਨੂੰ ਵਿਚਾਰਦਿਆਂ ਇਸ ਗੱਲ ਦਾ ਨਿਖੇੜਾ ਸਹਿਜੇ ਹੀ ਕੀਤਾ ਜਾ ਸਕਦਾ ਹੈ ਕਿ ਕੋਵਿਡ-19 ਦੇ ਕੇਸ ਵਿੱਚ ਰੋਗ ਦੇ ਤਿੰਨਾਂ ਰੂਪਾਂ ਦਾ ਮੇਲ ਹੈ। ਇਸੇ ਲਈ ਇਸਦਾ ਘੇਰਾ ਜਿਆਦਾ ਮੋਕਲਾ ਹੈ। ਬਿਮਾਰੀ ਆਉਣ ਤੇ ਕੀ ਹੁੰਦਾ ਹੈ? ਕੋਈ ਵੀ ਬਿਮਾਰੀ ਜਾਂ ਰੋਗ ਹੋਣ ਤੇ ਸਭ ਤੋਂ ਪਹਿਲਾਂ ਉਸ ਰੋਗ ਨੂੰ ਖਤਮ ਕਰਨ ਦੀ ਗੱਲ ਉਠਦੀ ਹੈ। ਮੌਜੂਦਾ ਪ੍ਰਬੰਧ ਵਿੱਚ ਇਲਾਜ ਕਰਨ ਤੇ ਜੋਰ ਦਿੱਤਾ ਜਾਂਦਾ ਹੈ ਅਤੇ ਇਹ ਇਲਾਜ ਦਵਾਈਆਂ ਨਾਲ ਕੀਤਾ ਜਾਂਦਾ ਹੈ। ਭਾਵੇਂ ਕਿ ਕਿਸੇ ਵੀ ਰੋਗ ਦੇ ਇਲਾਜ ਵਿੱਚ ਦਵਾਈਆਂ ਦੇ ਨਾਲ ਹੋਰ ਬਹੁਤ ਸਾਰੇ ਪੱਖ ਵੀ ਸਾਮਿਲ ਹੁੰਦੇ ਹਨ। ਦਵਾਈਆਂ ਵਾਲਾ ਮਾਫੀਆ ਸਹਿਜੇ ਸਹਿਜੇ ਇਹਨਾਂ ਸਾਰੇ ਪੱਖਾਂ ਨੂੰ ਮਨਫੀ ਕਰਨ ਵਿੱਚ ਕਾਮਯਾਬ ਹੁੰਦਾ ਜਾ ਰਿਹਾ ਹੈ। ਦੁਨੀਆ ਨੇ ਇੱਕ ਸੁਰ ਵਿੱਚ ਇਹ ਧਾਰਿਆ ਹੋਇਆ ਹੈ ਕਿ ਇਲਾਜ ਸਿਰਫ ਰਸਾਇਣਾਂ (ਦਵਾਈਆਂ) ਹੀ ਕਰ ਸਕਦੀਆਂ ਹਨ।
ਇਲਾਜ ਲਈ ਵਰਤੇ ਜਾਣ ਵਾਲੇ ਰਸਾਇਣ ਦੋ ਕਿਸਮ ਦੇ ਹੁੰਦੇ ਹਨ, ੧. ਬਿਮਾਰੀ ਰੋਕਣ ਵਾਲੀਆਂ ਦਵਾਈਆਂ ੨. ਇਲਾਜ ਕਰਨ ਵਾਲੀਆਂ ਦਵਾਈਆਂ
ਦੁਖਾਂਤ ਇਹ ਹੈ ਕਿ ਕਰੋਨਾ ਦੇ ਮਾਮਲੇ ਵਿੱਚ ਦੋਨੋਂ ਤਰ੍ਹਾਂ ਦੀਆਂ ਦਵਾਈਆਂ ਹਾਲੀ ਸਾਡੇ ਕੋਲ ਨਹੀਂ ਹਨ। ਇਸ ਸਮੇਂ ਇਲਾਜ ਦੇ ਬਾਕੀ ਪੱਖਾਂ ਨੂੰ ਵਿਚਾਰਨ ਦੀ ਲੋੜ ਹੈ।
ਸਭ ਤੋਂ ਪਹਿਲਾਂ ਤਾਂ ਦਿਲ ਨੂੰ ਕਰੜਾ ਕਰਨ ਦੀ ਵਿਧੀ ਵਰਤੀ ਜਾਣੀ ਚਾਹੀਦੀ ਹੈ। ਹਾਲੇ ਤੀਕ ਕਿਸੇ ਵੀ ਪੜੇ ਲਿਖੇ ਦਾਨਿਸ਼ਵਰ ਜਾਂ ਕਿਸੇ ਰਾਜਨੀਤਿਕ ਅਗਵਾਈ ਦੇਣ ਵਾਲੇ ਨੇਤਾ ਨੇ ਦਿਲ ਖੜਾਉਣ ਵਾਲੀ ਸਿਆਣੀ ਗੱਲ ਨਹੀਂ ਦੱਸੀ। ਬੱਸ ਹਰ ਕੋਈ ਡਰਾ ਰਿਹਾ ਹੈ। ਜਿਵੇਂ ਕਿ ਸਾਨੂੰ ਪਤਾ ਹੈ ਕਿ ਮਨੁੱਖ ਇੱਕ ਸਮਾਜਿਕ ਜੀਵ ਹੈ। ਸਮਾਜ ਦੀ ਹੋਂਦ ਉਸ ਲਈ ਵੱਡਾ ਸਹਾਰਾ ਹੈ। ਕਰੋਨਾ ਦੀ ਲਾਗ ਰੋਕਣ ਲਈ ਭੌਤਿਕ ਤੌਰ ਤੇ ਇੱਕ ਦੂਜੇ ਦੇ ਵਧੇਰੇ ਨੇੜੇ ਨਾ ਆਉਣ ਦੀ ਸਿੱਧੀ ਜਿਹੀ ਸਲਾਹ ਨੂੰ “ਸਮਾਜਿਕ ਦੂਰੀ’ ਵਰਗੀ ਗੁੰਝਲਦਾਰ ਅਤੇ ਦਿਲ ਢਹਿਦੀ ਪਰਿਭਾਸ਼ਾ ਨਾਲ ਜੋੜ ਕੇ ਦਹਿਸ਼ਤੀ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ। ਕੋਈ ਤਾਂ ਕਹੇ ਕਿ ਅਸੀਂ ਰਲ ਕੇ ਬਿਮਾਰੀ ਭਜਾ ਦੇਵਾਂਗੇ ਅਤੇ ਹੁਣ ਸਾਨੂੰ ਆਪਸੀ ਭਾਈਚਾਰੇ ਦੀ ਲੋੜ ਹੈ। ਜੇ ਪ੍ਰਚਾਰ ਹੋ ਰਿਹਾ ਹੈ ਤਾਂ ਸਿਰਫ ‘ਸਮਾਜਿਕ ਦੂਰੀ’ ਦਾ ਭੈਅਭੀਤ ਹੋਇਆ ਬੰਦਾ ਇਹ ਸਭ ਸੁਣ ਕੇ ਇਕੱਲਾ ਮਹਿਸੂਸ ਕਰ ਰਿਹਾ ਹੈ ਅਤੇ ਰੋਗ ਆਉਣ ਤੋਂ ਪਹਿਲਾਂ ਹੀ ਮਰਨ ਵਾਲਾ ਹੋਇਆ ਪਿਆ ਹੈ। ਵਿਦੇਸ਼ਾਂ ਵਿੱਚ ਸਮਾਜ ਦਾ ਅਰਥ ਸਾਡੇ ਨਾਲੋਂ ਵੱਖਰਾ ਹੈ। ਅਸੀਂ ਆਪਸ ਵਿੱਚ ਹੋਰ ਤਰ੍ਹਾਂ ਦੀਆਂ ਡੂੰਘੀਆਂ ਮੋਹ ਦੀਆਂ ਤੰਦਾਂ ਨਾਲ ਜੁੜੇ ਹੋਏ ਹਾਂ। ਪਰਹੇਜ਼ ਦੀ ਸਲਾਹ ਦੇਣਾ ਤਾਂ ਠੀਕ ਹੈ ਪਰ ਘੱਟੋ ਘੱਟ ਸਾਨੂੰ ਸਾਡੀ ਬੋਲੀ ਵਿੱਚ ਤਾਂ ਸਮਝਾਉ।
ਹਸਪਤਾਲ/ਇਕੱਲੇ ਕਰਨਾ
ਜੇਕਰ ਸਿੱਧੀ ਨਜ਼ਰ ਦੇਖਿਆ ਜਾਏ ਤਾਂ ਹਸਪਤਾਲ ਦੀ ਲੋੜ ਮਰੀਜ ਨੂੰ ਵਧੇਰੇ ਗੰਭੀਰ ਹਾਲਤਾਂ ਵਿੱਚ ਪੈਂਦੀ ਹੈ। ਜਦੋਂ ਮਰੀਜ ਸਾਹ ਦੀ ਗੰਭੀਰ ਤਕਲੀਫ ਵਿੱਚ ਹੋਏ ਤੇ ਉਸ ਨੂੰ ਸਾਹ-ਦਵਾਉ ਮਸ਼ੀਨ ਤੇ ਰੱਖਣਾ ਹੋਏ ਉਸ ਹਾਲਤ ਵਿੱਚ ਹੀ ਮਰੀਜ ਨੂੰ ਹਸਪਤਾਲ ਵਿਚ ਭਰਤੀ ਕਰਨਾ ਪੈਂਦਾ ਹੈ। ਪਰ ਹਰ ਮਰੀਜ ਨੂੰ ਹਸਪਤਾਲ ਪਾ ਕੇ ਬਾਕੀ ਸਭ ਕੁਝ ਨਾਲੋਂ ਤੋੜ ਕੇ ਇਲਾਜ ਕਿਵੇਂ ਹਊ? ਮਰੀਜਾਂ ਨੂੰ ਘਰ ਇਕ ਹੀ ਅਲਹਿਦਗੀ ਵਿੱਚ ਰੱਖਣਾ ਵਧੇਰੇ ਲਾਹੇਵੰਦ ਹੋ ਸਕਦਾ ਹੈ। ਠੀਕ ਹਾਲਤ ਵਾਲੇ ਮਰੀਜਾਂ ਲਈ ਇਹ ਵਿਧੀ ਹੁਣੇ ਅਪਣਾਈ ਜਾਣੀ ਚਾਹੀਦੀ ਹੈ ਅਤੇ ਨਤੀਜੇ ਜਿਆਦਾ ਸਾਰਥਕ ਹੋਣਗੇ।
ਸਮਾਜਿਕ ਵਿਹਾਰ ਅਤੇ ਪੁਲਿਸ
ਆਧੁਨਿਕ ਸਮਾਜ ਦਾ ਵਾਹ ਕਦੇ ਵੀ ਵੱਡੇ ਪੱਧਰ ਦੀ ਮਹਾਮਾਰੀ ਨਾਲ ਨਹੀਂ ਪਿਆ ਜਾਂ ਕਹਿ ਲਓ ਕਿ ਸਮਾਜ ਇਸ ਲਈ ਤਿਆਰ ਨਹੀਂ ਸੀ। ਹੁਣ ਜਦ ਬਿਪਤਾ ਪੈ ਗਈ ਹੈ ਤਾਂ ਸਾਨੂੰ ਸਾਡਾ ਰਵੱਈਆ ਬਦਲਣਾ ਪਵੇਗਾ। ਹਰ ਕਿਸੇ ਦੇ ਨਿੱਜੀ ਹਾਲਾਤ ਵੱਖ ਹਨ ਪਰ ਕੋਈ ਵੀ ਜਾਣ ਬੁੱਝ ਕੇ ਬਿਮਾਰ ਨਹੀਂ ਹੋਣਾ ਚਾਹੁੰਦਾ। ਜੇਕਰ ਕੋਈ ਬਿਮਾਰ ਹੈ ਤਾਂ ਉਸਨੂੰ ਪਿਆਰ ਤੇ ਹਮਦਰਦੀ ਵਾਲਾ ਸਲੂਕ ਚਾਹੀਦਾ ਹੈ। ਦਹਿਸ਼ਤੀਮਾਹੌਲ ਨੇ ਸਾਡੇ ਅੰਦਰ ਦੀ ਮਨੁੱਖਤਾ ’ਤੇ ਮਾੜਾ ਅਸਰ ਪਾਇਆ ਹੈ। ਜੇਕਰ 100 ਸਾਲ ਪਹਿਲਾਂ ਪਲੇਗ ਦੇ ਰੋਗੀ ਨੂੰ ਜਿਉਂਦੇ ਜੀਅ ਫੂਕ ਦੇਣ ਵਰਗੇ ਗੈਰ ਮਨੁੱਖੀ ਕੁਕਰਮ ਹੁੰਦੇ ਰਹੇ ਹਨ ਅੱਜ ਦੇ ਆਧੁਨਿਕ ਸਮਾਜ ਦਾ ਰੋਗੀ ਪ੍ਰਤੀ ਨਫਰਤੀ ਰਵੱਈਆ ਵੀ ਉਸ ਕਾਰੇ ਨਾਲੋਂ ਘੱਟ ਨਹੀਂ ਹੈ। ਅਮਨ ਅਤੇ ਕਾਨੂੰਨ ਦੀ ਰਾਖੀ ਤੋਂ ਵੱਧ ਕੇ ਪੁਲਿਸ ਦੇ ਕੁਝ ਸਮਾਜਿਕ ਫਰਜ਼ ਵੀ ਹਨ। ਕਾਨੂੰਨ ਦੀ ਆੜ ਵਿੱਚ ਲੋਕਾਂ ਤੇ ਬੇਲੋੜੀ ਸਖਤੀ ਕਰਨਾ ਕਰਮਯੋਗੀ ਨਿਪੁੰਨਤਾ ਵਾਲੀ ਪਹੁੰਚ ਨਹੀਂ ਹੈ। ਬਦਲੇ ਹੋਏ ਹਲਾਤਾਂ ਵਿੱਚ ਜਿੰਮੇਵਾਰੀਆ ਬਦਲ ਗਈਆਂ ਹਨ। ਇਹ ਨਾ ਹੋਵੇ ਕਿ ਜਦੋਂ ਬਿਮਾਰੀ ਖਤਮ ਹੋ ਗਈ ਤਾਂ ਤੰਦਰੁਸਤ ਸਮਾਜ ਵਿੱਚ ਆਪਣੀ ਥਾਂ ਭਾਲਣ ਲਈ ਕਰੜੇ ਯਤਨ ਕਰਨੇ ਪੈਣ।
ਮਹਾਮਾਰੀ ਅਤੇ ਵਪਾਰ
ਵਪਾਰ ਇੱਕ ਅਜਿਹੇ ਖੇਤਰ ਹੈ ਜਿਸ ਲਈ ਹਰ ਵਰਤਾਰਾ ਮੌਕਾ ਲੈ ਕੇ ਆਉਂਦਾ ਹੈ। ਮਹਾਮਾਰੀ ਕਾਰਨ ਰਵਾਇਤੀ ਵਪਾਰ ਦੇ ਤਰੀਕਿਆਂ ਉੱਤੇ ਅਸਰ ਜਰੂਰ ਪਏਗਾ। ਵਪਾਰ ਨੇ ਛਲੇਡੇ ਵਾਂਗ ਆਪਣਾ ਰੂਪ ਬਦਲ ਲੈਣਾ ਹੈ। ਵਪਾਰ ਛੋਟੇ ਹੱਥਾਂ ਵਿੱਚੋਂ ਨਿਕਲ ਕੇ ਵੱਡੇ ਕਾਰਪੋਰੇਟ ਘਰਾਣਿਆਂ ਦੇ ਚੁੰਗਲ ਵਿੱਚ ਚਲਾ ਜਾਣਾ ਹੈ। ਵਪਾਰ ਦੀ ਲੋੜ ਨੇ ਪਹਿਲਾਂ ਵਿਸ਼ਵੀਕਰਨ ਕਰ ਸੰਸਾਰ ਨੂੰ ਧਰੁਵੀ ਪਿੰਡ ਬਣਾਇਆ। ਹੁਣ ਨਵੀਆਂ ਲੋੜ ਨੇ ਮੁੜ ਟਿੰਡਾਂ ਦੇਣਾ ਹੈ।
ਦਵਾਈ ਕੰਪਨੀਆਂ ਕੋਲ ਇਲਾਜ ਪੁੱਜਣ ਨੂੰ ਸਮਾਂ ਲੱਗਣਾ ਹੈ। ਹਾਲੇ ਸੁਰੱਖਿਆ ਦੇ ਨਾਂ ਹੇਠ ਕੀਟਾਣੂ ਰੋਕੂ ਤਰਲਾਂ (ਸੈਨੇਟਾਈਜਰ) ਅਤੇ ਜੈਨੀ ਪੱਟੀਆਂ (ਮਾਸਕ) ਦੇ ਡਰਾਵੇ ਵਿਚੋਂ ਵਪਾਰ ਮਘਦਾ ਰੱਖਿਆ ਜਾ ਰਿਹਾ ਹੈ। ਦੱਸਣਯੋਗ ਹੈ ਕਿ ਇਲਾਜ ਦੀ ਖੋਜ ਦਾ ਵੱਡਾ ਹਿੱਸਾ ਦਵਾਈ ਕੰਪਨੀਆਂ ਦੇ ਪੈਸੇ ਦੇ ਸਿਰ ਤੇ ਹੈ। ਇਲਾਜ ਵਿਚੋਂ ਵਪਾਰ ਵੀ ਦਵਾਈ ਕੰਪਨੀਆਂ ਨੇ ਈ ਕਰਨਾ ਹੈ।
ਸਿਹਤ ਅਤੇ ਜੀਵਨ ਬੀਮਾ ਅਗਲਾ ਮੁਨਾਫ ਖੇਤਰ ਬਣੇਗਾ। ਹਰ ਇੱਕ ਨੂੰ ਬੀਮੇ ਦੀ ਲੋੜ ਨਾਲੋਂ ਨਾਲ ਜਤਾਈ ਜਾ ਰਹੀ ਹੈ। ਸਰਕਾਰਾਂ ਦਾ ਇਲਾਜ ਵਿੱਚੋਂ ਮਨਫੀ ਹੋਣਾ ਬੀਮੇ ਦੀ ਲੋੜ ਨੂੰ ਰੋਟੀ ਕੱਪੜੇ ਵਾਂਗ ਜਰੂਰੀ ਕਰ ਦੇਵੇਗਾ।
ਸਿਆਸਤ ਅਤੇ ਮਹਾਮਾਰੀ
ਮਹਾਮਾਰੀ ਤੋਂ ਬਾਅਦ ਨਿਖਰਨ ਵਾਲੇ ਸੰਸਾਰ ਵਿੱਚ ਸਿਆਸਤ ਦਾ ਰੂਪ ਵੀ ਵੱਖਰਾ ਹੋਵੇਗਾ। ਅੱਜ ਦੇ ਸਿਆਸੀ ਪ੍ਰਬੰਧ ਨੂੰ ਇਹ ਸਮਝ ਆ ਗਈ ਹੈ। ਇਸੇ ਕਰਕੇ ਵਪਾਰ, ਪ੍ਰਸਾਰ ਅਤੇ ਬਦਲਾਅ ਦੀ ਲਹਿਰ ਵਿੱਚ ਸਿਆਸਤ ਵੀ ਸ਼ਾਮਿਲ ਹੈ। ਸਿਆਸਤ ਨੇ ਇਸ ਖੇਡ ਵਿੱਚ ਆਪਣੀ ਸਹੂਲਤ ਲਈ ਸਥਾਪਤੀ ਵਾਲੇ ਮੀਡੀਏ ਨੂੰ ਸ਼ਾਮਿਲ ਕੀਤਾ ਹੋਇਆ ਹੈ। ਸਿਆਸਤਦਾਨਾਂ ਵੱਲੋ ਕੋਈ ਅਗਵਾਈ ਦੇਣ ਦੇ ਬਜਾਏ ਹੱਥ ਖੜੇ ਕਰ ਦਿੱਤੇ ਗਏ ਹਨ। ਮਹਾਮਾਰੀ ਦੇ ਖੌਫ ਨੂੰ ਸਭ ਵੱਧ ਹਵਾ ਮੀਈਏ ਅਤੇ ਸਿਆਸਤਦਾਨਾਂ ਵੱਲੋਂ ਦਿੱਤੀ ਜਾ ਰਹੀ ਹੈ। ਉਸੇ ਡਰ ਰਾਹੀਂ ਸਿਆਸਤ ਆਪਣੀ ਹੋਂਦ ਤੇ ਲੋੜ ਸਿਰਜ ਰਹੀ ਹੈ। ਚੀਨੀਆਂ ਨੂੰ ਧਮਕੀਆਂ ਤੋਂ ਲੈ ਕੇ ਥਾਲੀਆਂ, ਟੱਲੀਆਂ ਅਤੇ ਜੈਕਾਰਿਆਂ ਦੀ ਗੂੰਜ ਵਿਚੋਂ ਇਹੀ ਝਲਕਾਰਾ ਪੈ ਰਿਹਾ ਹੈ। ਇਸ ਤਰ੍ਹਾਂ ਇਹ ਮਹਾਮਾਰੀ ਨਾਲਾਇਕੀ, ਸਾਜਿਸ਼ ਅਤੇ ਸਿਆਸਤ ਨਾਲ ਲਬਰੇਜ਼ ਹੈ। ਰੱਬ ਮਿਹਰ ਕਰੇ!