Site icon Sikh Siyasat News

ਕਿਹੜਾ ਰੰਗ ਸਾਡਾ? ਲੇਖਕ- ਪਰਮ ਸਿੰਘ (ਚਿੱਤਰਕਾਰ)

Parm Singh Paint

Parm Singh Paint

https://heritageproductions.in/ssnextra/podcast/kehda_rang_sada.mp3?_=1

ਰੰਗਾਂ ਬਾਰੇ ਪੜ੍ਹਦਿਆਂ ਸਿੱਖਿਆ ਸੀ ਕਿ ਇਹ ਰੌਸ਼ਨੀ ਦਾ ਇੱਕ ਗੁਣ ਹੈ। ਰੌਸ਼ਨੀ ਕਿਸੇ ਦੀ ਜਾਇਦਾਦ ਨਹੀਂ ਹੁੰਦੀ। ਅਕਾਲ ਪੁਰਖ ਦੀ ਰਜ਼ਾ ’ਚ ਸੂਰਜ ਚੜ੍ਹਦਾ ਹੈ ਤੇ ਬਿਨਾ ਭੇਦ ਭਾਵ ਸਭ ਨੂੰ ਚਾਨਣ ਵੰਡਦਾ ਹੈ ਤੇ ਹਨ੍ਹੇਰੇ ’ਚ ਲੁਕੇ ਰੰਗ ਜ਼ਾਹਰ ਹੋ ਜਾਂਦੇ ਹਨ। ਇਹੋ ਕੁੱਝ ਬਾਕੀ ਚਾਨਣ ਵਖੇਰਨ ਵਾਲੇ ਸਾਧਨਾਂ ਰਾਹੀਂ ਵਾਪਰਦਾ ਹੈ।

ਜਿਵੇਂ ਰੌਸ਼ਨੀ ਕਿਸੇ ਦੀ ਮਲਕੀਅਤ ਨਹੀਂ ਉਸੇ ਤਰਾਂ ਰੰਗ ਵੀ ਕਿਸੇ ਦੀ ਮਲਕੀਅਤ ਨਹੀਂ। ਰੰਗ ਮੇਰਾ ਤੇਰਾ ਨਹੀਂ ਹੁੰਦਾ, ਰੰਗ ਸਭ ਦੇ ਹਨ। ਬੱਸ, ਗੱਲ ਇੰਨੀ ਕੁ ਹੈ ਕਿ ਕੌਮਾਂ ਆਪਣੀਆਂ ਸਮੂਹਕ ਭਾਵਨਾਵਾਂ ਦੀ ਤਰਜਮਾਨੀ ਕਰਨ ਲਈ ਕੁੱਝ ਰੰਗ ਚੁਣਦੀਆਂ ਹਨ। ਉਨ੍ਹਾਂ ਖਾਸ ਰੰਗਾਂ ਨਾਲ ਇਤਿਹਾਸ ਜੁੜਿਆ ਹੁੰਦਾ ਹੈ। ਸਮਾਂ ਪਾ ਕੇ ਉਹ ਖ਼ਾਸ ਰੰਗ ਕੌਮਾਂ ਦੇ ਜੀਵਨ ਦਾ ਹਿੱਸਾ ਬਣ ਜਾਂਦੇ ਹਨ। ਇਹ ਬਹੁਤ ਸਹਿਜ ਵਰਤਾਰਾ ਹੈ ਪਰ ਇਹ ਵਰਤਾਰਾ ਸਾਧਾਰਨ ਬਿਲਕੁਲ ਵੀ ਨਹੀਂ ਹੈ, ਜੋ ਕਿ ਨਜ਼ਰ ਅੰਦਾਜ਼ ਕੀਤਾ ਜਾ ਸਕੇ।

ਪੰਥ ਵਿੱਚ ਵੀ ਇਸੇ ਤਰਾਂ ਸਹਿਜੇ ਹੀ ਕੁੱਝ ਰੰਗ ਪ੍ਰਵਾਨ ਹੋਏ ਹਨ। ਚਿੱਟਾ ਰੰਗ ਪਹਿਲੀਆਂ ਪੰਜ ਪਾਤਸ਼ਾਹੀਆਂ ਵੇਲੇ ਪ੍ਰਚੱਲਤ ਰਿਹਾ ਮੰਨਿਆ ਜਾਂਦਾ ਹੈ। ਬਸੰਤੀ ਰੰਗ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਜੀ ਦੇ ਵੇਲੇ ਤੋਂ ਪ੍ਰਚੱਲਤ ਹੋਇਆ। ਨੀਲਾ ਰੰਗ ਸਾਹਿਬਜ਼ਾਦਾ ਬਾਬਾ ਫ਼ਤਿਹ ਸਿੰਘ ਜੀ ਵੱਲੋਂ ਪੰਥ ਨੂੰ ਬਖਸ਼ਿਆ ਗਿਆ ਮੰਨਿਆ ਜਾਦਾ ਹੈ। ਦੂਜੀ ਮੋਹਰ ਇਸ ਰੰਗ ਉੱਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਉੱਚ ਦਾ ਪੀਰ ਬਣਨ ਵੇਲੇ ਲਗਾਈ ਗਈ। ਕੇਸਰ ਰੰਗੀਆਂ ਦਸਤਾਰਾਂ ਲਈ ਸਾਡੇ ਅਜੋਕੇ ਇਤਿਹਾਸ ਵਿੱਚ ਬਹੁਤ ਕੁਰਬਾਨੀਆਂ ਹੋਈਆਂ। ਇਹ ਰੰਗ ਪੰਜਾਬ ਦੀ ਬਾਗੀ ਨੌਜਵਾਨੀ ਵੱਲੋਂ ਦਿੱਲੀ ਤਖ਼ਤ ਨੂੰ ਉਸਦੇ ਜ਼ੋਰ ਦੀ ਸੀਮਾ ਦਿਖਾਉਣ ਲਈ ਸਿਰਾਂ ਉੱਤੇ ਸਜਾਇਆ ਗਿਆ।

ਜੇ ਰੰਗਾਂ ਦੇ ਰੂਹਾਨੀ ਪੱਖ ਨੂੰ ਦੇਖਣਾ ਹੋਵੇ ਤਾਂ ਇਹ ਬਾਣੀ ਵਿਚ ਬਾਖੂਬੀ ਮਿਲਦਾ ਹੈ। ਬਾਣੀ ਜਗਤ ਗੁਰੂ ਹੈ ਤੇ ਆਤਮਾ ਦਾ ਗੀਤ ਹੈ ਸੋ ਉਥੇ ਰੰਗਾਂ ਦੇ ਭਾਵ ਬਿਲਕੁਲ ਹੀ ਵੱਖਰੇ ਹਨ। ਬਾਣੀ ਵਿਚ ਰੰਗਾਂ ਦੀ ਕੁੱਲ ਸਬਜੈਕਟੀਵੀਟੀ ਤੇ ਔਬਜੈਕਟੀਵੀਟੀ ਨੂੰ ਸੁਰਤਿ ਦੀ ਅਕਾਲ ਪੁਰਖ ਨਾਲ ਮੁਹੱਬਤ ਵਿਚੋਂ ਦੇਖਿਆ ਗਿਆ ਹੈ। ਗੁਰੂ ਸਾਹਿਬ ਨੇ ਉਚਾਰਿਆ ਹੈ:

ਆਪੇ ਰੰਗਣਿ ਰੰਗਿਓਨੁ ਸਬਦੇ ਲਇਓਨੁ ਮਿਲਾਇ॥
ਸਚਾ ਰੰਗੁ ਨ ਉਤਰੈ ਜੋ ਸਚਿ ਰਤੇ ਲਿਵ ਲਾਇ॥ (ਸਿਰੀ ਰਾਗ ਮ:੩ , ਅੰਗ ੩੬)

ਮੁਹੱਬਤ ਦੀ ਇਸ ਰੰਗਣ ਨੂੰ ਗੁਰੂ ਸਾਹਿਬ ਨੇ ਲਾਲ ਰੰਗ ਵੀ ਕਿਹਾ ਹੈ। ਲਾਲ ਰੰਗ ਦੇ ਹਵਾਲੇ ਨਾਲ ਰੰਗਾਂ ਨਾਲ ਜੁੜੇ ਮਸਲੇ ਨੂੰ ਸਮਝਣਾ ਬਹੁਤ ਸੌਖਾ ਹੈ। ਲਾਲ ਰੰਗ ਨੂੰ ਪੰਥ ਵਿਚ ਪਹਿਰਾਵੇ ਲਈ ਵਰਤਣ ਤੋਂ ਵਰਜਿਆ ਗਿਆ ਹੈ, ਅਜਿਹੇ ਹਵਾਲੇ ਮਿਲਦੇ ਹਨ। ਪ੍ਰਾਚੀਨ ਪੰਥ ਪ੍ਰਕਾਸ਼ ਵਿਚ ਜਿੱਥੇ ਗਿਆਨੀ ਰਤਨ ਸਿੰਘ ਜੀ ਤੱਤ ਖ਼ਾਲਸਾ ਤੇ ਬੰਦਈ ਖ਼ਾਲਸੇ ਦੇ ਵਖਰੇਵਿਆਂ ਦਾ ਜ਼ਿਕਰ ਕਰਦੇ ਹਨ ਤਾਂ ਇਕ ਵਖਰੇਵਾਂ ਨੀਲੇ ਤੇ ਲਾਲ ਰੰਗ ਦੇ ਪਹਿਰਾਵੇ ਦਾ ਵੀ ਦੱਸਦੇ ਹਨ। ਲਾਲ ਰੰਗ ਦੇ ਵਰਜਿਤ ਹੋਣ ਦਾ ਇਕ ਕਾਰਨ ਮੁਗਲਾਂ ਤੇ ਦੁਰਾਨੀ ਫੌਜਾਂ ਵਲੋਂ ਇਸ ਰੰਗ ਨੂੰ ਬਹੁਤ ਵਰਤਣ ਕਰਕੇ ਵੀ ਹੋ ਸਕਦਾ ਹੈ। ਜਦਕਿ ਬਾਣੀ ਵਿਚ ਲਾਲ ਰੰਗ ਨੂੰ ਬਹੁਤ ਉੱਚ ਅਵਸਥਾ ਨਾਲ ਜੋੜਿਆ ਗਿਆ ਹੈ:

ਹਰਿ ਰੰਗਿ ਰਾਤਾ ਸੋ ਮਨੁ ਸਾਚਾ ॥ ਲਾਲ ਰੰਗ ਪੂਰਨ ਪੁਰਖੁ ਬਿਧਾਤਾ ॥੧॥ ਰਹਾਉ ॥ (ਗਉੜੀ ਮ ਃ0 ੫, ਅੰਗ ੧੯੪)
ਬਿਲਾਵਲੁ ਮਹਲਾ ੫॥
ਲਾਲ ਰੰਗੁ ਤਿਸ ਕਉ ਲਗਾ ਜਿਸ ਕੇ ਵਡਭਾਗਾ ॥
ਮੈਲਾ ਕਦੇ ਨ ਹੋਵਈ ਨਹ ਲਾਗੈ ਦਾਗਾ ॥੧॥ (ਅੰਗ: ੮੦੮)

ਸੋ ਲਾਲ ਰੰਗ ਤੋਂ ਸਮੱਸਿਆ ਨਹੀਂ ਹੈ ਤੇ ਨਾਹੀ ਨੀਲਾ ਰੰਗ ਲਾਲ ਦੀ ਕਿਸੇ ਵਿਰੋਧਤਾ ਵਿਚੋਂ ਚੁਣਿਆ ਗਿਆ ਹੈ। ਨਾ ਵਿਰੋਧ ਹੈ ਤੇ ਨਾ ਕੋਈ ਰੰਗ ਸਾਡਾ ਹੀ ਹੈ, ਅਜਿਹਾ ਦਾਅਵਾ ਹੈ। ਰੰਗਾਂ ਨੂੰ ਕਿਸੇ ਵੱਲੋਂ ਆਪਣੀ ਜਾਂ ਕਿਸੇ ਦੀ ਮਲਕੀਅਤ ਕਹਿਣਾ ਬਿਪਰ ਬਿਰਤੀ ਹੈ। ੨੦੧੬ ’ਚ ਇੰਗਲੈਂਡ ਦੀ ਇੱਕ ਕੰਪਨੀ ਨੇ ਇੱਕ ਕਾਲਾ ਰੰਗ ਖੋਜਿਆ ਤੇ ਉਸਦੇ ਐਗਕਲਯੂਜ਼ਿਬ ਰਾਈਟਜ਼ ਕਪੂਰ ਨਾਂ ਦੇ ਕਲਾਕਾਰ ਨੇ ਖਰੀਦ ਲਏ ਤੇ ਸਿਰਫ ਆਪਣੇ ਲਈ ਰਾਖਵੇਂ ਰੱਖ ਲਏ। ਬਿਪਰਵਾਦੀ ਮਨੁੱਖ ਇਸੇ ਤਰਾਂ ਹੀ ਸੋਚ ਸਕਦਾ ਹੈ। ਬਿਪਰ ਖੁਦ ਨੂੰ ਸ਼੍ਰੋਮਣੀ ਮੰਨਦਾ ਹੈ ਤੇ ਬਾਕੀਆਂ ਨੂੰ ਗ਼ੈਰ ਪਰ ਖ਼ਾਲਸਾ ਇੰਝ ਨਹੀਂ ਹੈ ਬਲਕਿ ਸੁਤੰਤਰ ਵਿਚਰਣ ਦਾ ਹਾਮੀ ਹੈ ਤੇ ਹਰ ਵਸਤ ਨੂੰ ਚਾਨਣ ਵਾਂਗ ਸਿਰਫ ਅਕਾਲ ਪੁਰਖ ਦੀ ਮਲਕੀਅਤ ਮੰਨਦਾ ਹੈ।

ਸੋ ਅੰਤ ਵਿਚ ਇਹੀ ਕਹਿਣਾ ਚਾਹੁੰਦਾ ਹਨ ਕਿ ਕੋਈ ਕਿਹੜਾ ਰੰਗ ਵਰਤ ਰਿਹਾ, ਇਹ ਗੱਲ ਸਾਡੇ ਲਈ ਮਾਇਨੇ ਨਹੀਂ ਰੱਖਣੀ ਚਾਹੀਦੀ ਪਰ ਅਸੀਂ ਕਿਹੜਾ ਰੰਗ ਵਰਤਣਾ ਹੈ, ਇਹ ਅਸੀਂ ਸੁਤੰਤਰ ਰੂਪ ’ਚ ਤਹਿ ਕਰਾਂਗੇ ਤੇ ਹੁਣ ਤੱਕ ਕੀਤਾ ਵੀ ਹੈ। ਅੱਗੋਂ ਵੀ ਕਿਸ ਰੰਗ ਨੂੰ ਧਾਰਨ ਕਰਨਾ ਜਾਂ ਤਿਆਗਣਾ ਹੈ ਇਹ ਸਾਡਾ ਸੁਤੰਤਰ ਫੈਸਲਾ ਹੋਣਾ ਚਾਹੀਦਾ ਹੈ ਨਾ ਕਿ ਇਹ ਗੱਲ ਕਿਸੇ ਵੱਲੋਂ ਕੋਈ ਰੰਗ ਵਰਤੇ ਜਾਣ ਦੇ ਵਿਰੋਧ ਵਿੱਚੋਂ ਤਹਿ ਹੋਵੇ।

(ਨੋਟ: ਜਿਹੜਾ ਰੰਗ ਆਮ ਤੌਰ ‘ਤੇ ਸਿੱਖਾਂ ਵੱਲੋਂ ਕੇਸਰੀ ਕਹਿ ਕੇ ਵਰਤਿਆ ਜਾ ਰਿਹਾ, ਉਹ ਅਸਲ ਚ ਸੰਗਤਰੀ ਰੰਗ ਹੈ। ਕੇਸਰੀ ਰੰਗ ਪੀਲ਼ੇ ਦੇ ਜ਼ਿਆਦਾ ਨੇੜੇ ਹੁੰਦਾ ਹੈ। ਸੰਗਤਰੀ ਰੰਗ ਪ੍ਰਤੀਕਾਤਮਿਕ ਤੌਰ ’ਤੇ ਇਤਿਹਾਸ ’ਚ ਕਦੇ ਵਰਤਿਆ ਗਿਆ ਹੋਵੇ ਐਸੇ ਕਿਸੇ ਹਵਾਲੇ ਬਾਰੇ ਮੈਨੂੰ ਜਾਣਕਾਰੀ ਨਹੀਂ ਹੈ।)

ਲੇਖਕ – ਪਰਮ ਸਿੰਘ (ਚਿੱਤਰਕਾਰ)

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version