ਚੰਡੀਗੜ੍ਹ/ਮੋਹਾਲੀ : ਪੰਜਾਬ ਦੇ ਸਿੱਖਿਆ ਮੰਤਰੀ ਓਮਪ੍ਰਕਾਸ਼ ਸੋਨੀ ਨੇ ਅੱਜ 257 ਅੰਗਰੇਜ਼ੀ ਅਤੇ 342 ਹਿੰਦੀ ਵਿਸ਼ੇ ਦੇ ਉਸਤਾਦਾਂ ਨੂੰ ਨੌਕਰੀ ਦੇ ਨਿਯੁਕਤੀ ਪੱਤਰ ਦਿੱਤੇ। ਇਸ ਦੇ ਨਾਲ ਹੀ ਉਹਨਾਂ 6 ਕਲਰਕਾਂ, 3 ਲਾਇਬ੍ਰੇਰੀ ਮੁਲਾਜ਼ਮਾਂ, ਐੱਸ.ਐਲ.ਏ ਅਤੇ 16 ਚੌਥੇ ਦਰਜੇ ਦੇ ਮੁਲਾਜ਼ਮ ਹਮਦਰਦੀ ਕੋਟੇ ‘ਚ ਭਰਤੀ ਕੀਤੇ। ਜ਼ਿਕਰਯੋਗ ਹੈ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ 3582 ਵਿਚੋਂ 2082 ਉਸਤਾਦਾਂ ਨੂੰ ਹੀ ਨਿਯੁਕਤੀ ਪੱਤਰ ਦਿੱਤੇ ਗਏ ਸਨ, ਅੰਗਰੇਜ਼ੀ ਅਤੇ ਹਿੰਦੀ ਦੇ ਮਾਮਲੇ ਵਿੱਚ ਉਸਤਾਦਾਂ ਨੇ ਅਦਾਲਤ ਤੱਕ ਪਹੁੰਚ ਕੀਤੀ । ਅੱਜ, ਅਦਾਲਤੀ ਫੈਸਲੇ ਤੋਂ ਬਾਅਦ ਮੋਹਾਲੀ ਵਿਖੇ ਨਿਯੁਕਤੀ ਪੱਤਰ ਰਹਿ ਗਏ ਉਸਤਾਦਾਂ ਨੂੰ ਵੰਡੇ ਗਏ।
ਇਸ ਸਮਾਗਮ ਵਿੱਚ ਸਿੱਖਿਆ ਮੰਤਰੀ ਨੇ ਰਵਾਇਤੀ ਤੌਰ ਉੱਤੇ ਸੰਬੋਧਨ ਕਰਦਿਆਂ ਸਿੱਖਿਆ ਅਤੇ ਉਸਤਾਦਾਂ ਦਾ ਭਵਿੱਖ ਦੀ ਉਸਾਰੀ ‘ਚ ਕੀ ਯੋਗਦਾਨ ਹੁੰਦਾ ਹੈ ਬਾਰੇ ਦੱਸਿਆ ਅਤੇ ਕਿਹਾ ਕਿ ” ਜਿਹੜੇ ਉਸਤਾਦਾਂ ਨੂੰ ਅੱਜ ਸਰਕਾਰੀ ਉਸਤਾਦ ਲੱਗਣ ਦੇ ਨਿਯੁਕਤ ਪੱਤਰ ਮਿਲੇ ਹਨ ਉਹਨਾਂ ਨੂੰ ਸਰਕਾਰੀ ਸਕੂਲਾਂ ਵਿੱਚ ਪੜ੍ਹਾਈ ਦਾ ਪੱਧਰ ਉੱਚਾ ਚੁੱਕਣ ਲਈ ਲਾਮਬੰਦ ਹੋਣਾ ਪਵੇਗਾ ਤਾਂ ਜੋ ਸਰਕਾਰੀ ਸਕੂਲਾਂ ਦਾ ਮਿਆਰ ਉੱਚਾ ਚੁੱਕਿਆ ਜਾ ਸਕੇ “|
ਉਹਨਾਂ ਕਿਹਾ ਕਿ ਉਸਤਾਦਾਂ ਨੂੰ ਧਰਨਾ ਪ੍ਰਦਰਸ਼ਨ ਕਰਨ ਦੀ ਜਗ੍ਹਾ ਗੱਲਬਾਤ ਰਾਹੀਂ ਮਾਮਲਾ ਸੁਲਝਾਉਣਾ ਚਾਹੀਦਾ ਹੈ। ਸ੍ਰੀ ਸੋਨੀ ਨੇ ਕਿਹਾ ਕੇ ” ਅਸੀਂ ਉਸਤਾਦਾਂ ਦੀਆਂ ਸਭ ਜਾਇਜ ਮੰਗਾਂ ਮੰਨਣ ਲਈ ਤਿਆਰ ਹਾਂ”।
ਇਸ ਮੌਕੇ ਕ੍ਰਿਸ਼ਨ ਕੁਮਾਰ, ਸੈਕਰੇਟਰੀ, ਸਕੂਲੀ ਸਿੱਖਿਆ, ਪ੍ਰਸ਼ਾਂਤ ਕੁਮਾਰ ਗੋਇਲ, ਸਕੂਲ਼ ਸਿੱਖਿਆ ਦੇ ਡਾਇਰੈਕਟਰ, ਡੀ.ਐਸ ਸਰੋਆ ਅਤੇ ਹੋਰ ਅਫਸਰ ਹਾਜ਼ਰ ਸਨ।