ਜਲੰਧਰ: ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁਖੀ ਭਾਈ ਹਰਮਿੰਦਰ ਸਿੰਘ ਮਿੰਟੂ ਦਾ ਅੰਤਿਮ ਸੰਸਕਾਰ ਬੀਤੇ ਕਲ੍ਹ ਜਲੰਧਰ ਜ਼ਿਲ੍ਹੇ ਵਿਚ ਪੈਂਦੇ ਉਨ੍ਹਾਂ ਦੇ ਜੱਦੀ ਪਿੰਡ ਡੱਲੀ ਵਿਖੇ ਕੀਤਾ ਗਿਆ। ਜਿਕਰਯੋਗ ਹੈ ਕਿ 2014 ਤੋਂ ਭਾਰਤੀ ਜੇਲ੍ਹ ਵਿਚ ਨਜ਼ਰਬੰਦ ਸਿੱਖ ਸਿਆਸੀ ਕੈਦੀ ਭਾਈ ਹਰਮਿੰਦਰ ਸਿੰਘ ਮਿੰਟੂ ਦੀ 18 ਅਪ੍ਰੈਲ ਨੂੰ ਸੈਂਟਰਲ ਜੇਲ੍ਹ ਪਟਿਆਲਾ ਵਿਚ ਮੌਤ ਹੋ ਗਈ ਸੀ।
ਭਾਈ ਹਰਮਿੰਦਰ ਸਿੰਘ ਮਿੰਟੂ ਦੀ ਮੌਤ ਦੀ ਖਬਰ ਸੁਣਨ ਤੋਂ ਬਾਅਦ ਉਨ੍ਹਾਂ ਦੇ ਮਾਤਾ ਜੀ ਗੁਰਦੇਵ ਕੌਰ ਅਤੇ ਭਰਾ ਸਤਵਿੰਦਰ ਸਿੰਘ ਤੇ ਲਖਵਿੰਦਰ ਸਿੰਘ ਗੋਆ ਤੋਂ ਪੰਜਾਬ ਪਹੁੰਚੇ ਸਨ। ਉਨ੍ਹਾਂ ਦੇ ਸ਼ਰੀਰ ਨੂੰ ਰਜਿੰਦਰ ਹਸਪਤਾਲ ਪਟਿਆਲਾ ਤੋਂ 19 ਅਪ੍ਰੈਲ ਨੂੰ ਪਿੰਡ ਡੱਲੀ ਲਿਆਂਦਾ ਗਿਆ ਸੀ।
ਭਾਈ ਹਰਮਿੰਦਰ ਸਿੰਘ ਮਿੰਟੂ ਦੇ ਅੰਤਿਮ ਸੰਸਕਾਰ ਮੌਕੇ ਪਰਿਵਾਰ ਤੋਂ ਇਲਾਵਾ ਪਿੰਡ ਡੱਲੀ ਦੇ ਵਸਨੀਕ ਅਤੇ ਸਿੱਖ ਜਥੇਬੰਦੀਆਂ ਦੇ ਨੁਮਾਂਇੰਦੇ ਪਹੁੰਚੇ ਹੋਏ ਸਨ ਜਿਹਨਾਂ ਵਿਚ ਭਾਈ ਦਲਜੀਤ ਸਿੰਘ ਬਿੱਟੂ, ਦਲ ਖਾਲਸਾ ਮੁਖੀ ਭਾਈ ਹਰਪਾਲ ਸਿੰਘ ਚੀਮਾ, ਭਾਈ ਹਰਚਰਨਜੀਤ ਸਿੰਘ ਧਾਮੀ, ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਧੁਮਾ, ਦਮਦਮੀ ਟਕਸਾਲ (ਅਜਨਾਲਾ) ਮੁਖੀ ਭਾਈ ਅਮਰੀਕ ਸਿੰਘ ਅਜਨਾਲਾ, ਰੋਜ਼ਾਨਾ ਪਹਿਰੇਦਾਰ ਅਖਬਾਰ ਦੇ ਸੰਪਾਦਕ ਜਸਪਾਲ ਸਿੰਘ ਹੇਰਾਂ, ਪੱਤਰਕਾਰ ਜਸਵੀਰ ਸਿੰਘ ਮਾਣਕੀ, ਪੱਤਰਕਾਰ ਮੇਜਰ ਸਿੰਘ ਮੋਹਾਲੀ, ਮਨਪ੍ਰੀਤ ਸਿੰਘ ਦਿੱਲੀ ਅਤੇ ਸੁਖਜੀਤ ਸਿੰਘ ਖੋਸਾ ਸ਼ਾਮਿਲ ਸਨ।
ਇਸ ਮੌਕੇ ਪਿੰਡ ਡੱਲੀ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸੰਗਤਾਂ ਲਈ ਲੰਗਰ ਦੇ ਇੰਤਜ਼ਾਮ ਕੀਤੇ ਗਏ। ਭਾਈ ਹਰਮਿੰਦਰ ਸਿੰਘ ਮਿੰਟੂ ਦੀ ਯਾਦ ਵਿਚ ਅਖੰਡ ਪਾਠ ਸਾਹਿਬ ਪਿੰਡ ਡੱਲੀ ਦੇ ਗੁਰਦੁਆਰਾ ਸਾਹਿਬ ਵਿਖੇ 25 ਅਪ੍ਰੈਲ ਨੂੰ ਅਰੰਭ ਹੋਣਗੇ ਤੇ 27 ਅਪ੍ਰੈਲ ਨੂੰ ਅੰਤਿਮ ਅਰਦਾਸ ਹੋਵੇਗੀ।