ਚੰਡੀਗੜ੍ਹ: ਪੰਜਾਬੀ ਅਦਾਕਾਰ ਅਤੇ ਕਿਸਾਨੀ ਸੰਘਰਸ਼ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਦੀਪ ਸਿੱਧੂ ਦੀ ਅੰਤਿਮ ਅਰਦਾਸ 24 ਫਰਵਰੀ, 2022 ਨੂੰ ਦੀਵਾਨ ਟੋਡਰ ਮੱਲ ਹਾਲ, ਫਤਹਿਗੜ੍ਹ ਸਾਹਿਬ ਵਿਖੇ ਹੋਵੇਗੀ। ਦੀਪ ਸਿੱਧੂ ਦੀ 15 ਫਰਵਰੀ ਨੂੰ ਕੇ.ਐਮ.ਪੀ. ਰੋਡ ‘ਤੇ ਇੱਕ ਸੜਕ ਦੁਰਘਟਨਾ ਵਿੱਚ ਮੌਤ ਹੋ ਗਈ ਸੀ।
ਦੀਪ ਸਿੱਧੂ ਦਾ ਅੰਤਿਮ ਸੰਸਕਾਰ 16 ਫਰਵਰੀ ਨੂੰ ਲੁਧਿਆਣਾ ਨੇੜੇ ਪਿੰਡ ਥਰੀਕੇ ਦੇ ਸ਼ਮਸ਼ਾਨਘਾਟ ਵਿੱਚ ਕੀਤਾ ਗਿਆ, ਜਿਸ ਵਿੱਚ ਪੰਜਾਬ ਭਰ ਵਿਚੋਂ ਵੱਡੀ ਗਿਣਤੀ ਵਿਚ ਨੌਜਵਾਨਾਂ ਨੇ ਸ਼ਿਰਕਤ ਕੀਤੀ ਸੀ। ਇਸ ਮੌਕੇ ਉੱਤੇ ਭਾਈ ਦਲਜੀਤ ਸਿੰਘ ਬਿੱਟੂ, ਸਾਬਕਾ ਮੈਂਬਰ ਪਾਰਲੀਮੈਂਟ ਸ. ਸਿਮਰਨਜੀਤ ਸਿੰਘ ਮਾਨ ਅਤੇ ਸਿੱਖ ਸਿਆਸੀ ਵਿਸ਼ਲੇਸ਼ਕ ਭਾਈ ਅਜਮੇਰ ਸਿੰਘ ਸਮੇਤ ਕਈ ਸਿੱਖ ਸ਼ਖਸੀਅਤਾਂ ਵੀ ਹਾਜ਼ਰ ਸਨ।
ਦੀਪ ਸਿੱਧੁ ਵੱਲੋਂ ਕਿਰਸਾਨੀ ਸੰਘਰਸ਼ ਦੌਰਾਨ ਸ਼ੰਭੂ ਮੋਰਚਾ ਲਗਾ ਕੇ ਪੰਜਾਬ ਦੀ ਖੁਦਮੁਖਤਿਆਰੀ ਦਾ ਬਿਰਤਾਂਤ ਉਭਾਰਿਆ ਗਿਆ ਸੀ ਜਿਸ ਨੇ ਨੌਜਵਾਨਾਂ ਦਾ ਉਚੇਰੇ ਤੌਰ ਉੱਤੇ ਧਿਆਨ ਖਿੱਚਿਆ ਸੀ।
ਕਈ ਸਿੱਖ ਹਲਕਿਆਂ ਵਲੋਂ ਦੀਪ ਸਿੱਧੂ ਦੀ ਮੌਤ ਨਾਲ ਜੁੜੇ ਹਾਲਾਤ ‘ਤੇ ਸ਼ੱਕ ਜ਼ਾਹਰ ਕਰਦੇ ਹੋਏ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ।