ਚੰਡੀਗੜ੍ਹ: ਸ਼੍ਰੋਮਣੀ ਗੁਰੁਦੁਆਰਾ ਪ੍ਰਬੰਧਕ ਕਮੇਟੀ ਅਤੇ ਹੋਰ ਕਈ ਸਿੱਖ ਜਥੇਬੰਦੀਆਂ ਨੇ ਸਿੱਖ ਪ੍ਰਚਾਰਕ ਭਾਈ ਢੱਡਰੀਆਂਵਾਲਿਆਂ ’ਤੇ ਹਮਲੇ ਦੀ ਨਿੰਦਾ ਕੀਤੀ।
ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਕਿਹਾ ਕਿ ਹਮਲਾ ਪੰਥ ਨੂੰ ਵੰਡਣ ਦੀ ਸਾਜਿਸ਼ ਦਾ ਹਿੱਸਾ ਹੈ। ਉਨ੍ਹਾਂ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਅਤੇ ਕਿਹਾ, “ਅਜਿਹੀਆਂ ਘਟਨਾਵਾਂ ਸੂਬੇ ਵਿਚ ਸ਼ਾਂਤੀ ਭੰਗ ਕਰ ਸਕਦੀਆਂ ਹਨ”।
ਹਮਲੇ ਦੀ ਨਿੰਦਾ ਕਰਦੇ ਹੋਏ ਦਲ ਖ਼ਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਕਿਹਾ, “ਸਿੱਖ ਪ੍ਰਚਾਰਕ ’ਤੇ ਹਮਲਾ ਅਤਿ ਨਿੰਦਣਯੋਗ ਹੈ, ਉਨ੍ਹਾਂ ’ਤੇ ਹਮਲਾ ਅਜ਼ਾਦ ਵਿਚਾਰ ਰੱਖਣ ਕਰਕੇ ਹੋਇਆ। ਹਮਲਾ ਖੁਫੀਆ ਤੰਤਰ ਦੀ ਨਾਕਾਮੀ ਸਾਬਤ ਕਰਦਾ ਹੈ”।
ਰਿਪੋਰਟਾਂ ਦਾ ਹਵਾਲਾ ਦਿੰਦੇ ਹੋਏ ਕੰਵਰਪਾਲ ਸਿੰਘ ਨੇ ਕਿਹਾ ਕਿ ਭਾਈ ਰਣਜੀਤ ਸਿੰਘ ’ਤੇ ਹਮਲਾ ਕਰਨ ਵਾਲਿਆਂ ਨੇ ਖ਼ਾਲਿਸਤਾਨ ਦੇ ਨਾਅਰੇ ਵੀ ਮਾਰੇ। ਜਦਕਿ ਭਾਈ ਢੱਡਰੀਆਂਵਾਲੇ ਨਾ ਖ਼ਾਲਿਸਤਾਨ ਵਿਰੋਧੀ ਹਨ ਅਤੇ ਨਾ ਹੀ ਪੰਥ ਦੇ ਦੁਸ਼ਮਣ। ਸਗੋਂ ਉਨ੍ਹਾਂ ਦਾ ਪੰਥਕ ਹਲਕਿਆਂ ਵਿਚ ਚੰਗਾ ਸਤਿਕਾਰ ਹੈ। ਉਨ੍ਹਾਂ ਕਿਹਾ ਕਿ ਖ਼ਾਲਿਸਤਾਨ ਦੇ ਨਿਸ਼ਾਨੇ ਦਾ ਅਜਿਹੇ ਸ਼ਰਮਨਾਕ ਕਾਰੇ ਨਾਲ ਕੋਈ ਵੀ ਸਬੰਧ ਨਹੀਂ।
ਯੂਨਾਇਟਿਡ ਅਕਾਲੀ ਦਲ ਦੇ ਆਗੂ ਨਿਰਮਲ ਸਿੰਘ ਅਤੇ ਲਵਸ਼ਿੰਦਰ ਸਿੰਘ ਡੱਲੇਵਾਲ ਨੇ ਕਿਹਾ ਕਿ ਭਾਈ ਰਣਜੀਤ ਸਿੰਘ ਢੱਡਰੀਆਂਵਾਲਿਆਂ ’ਤੇ ਹਮਲਾ ਕਿਸੇ ਡੂੰਘੀ ਸਾਜਿਸ਼ ਦਾ ਹਿੱਸਾ ਹੈ ਅਤੇ ਕਿਸੇ ਨਿਰਪੱਖ ਏਜੰਸੀ ਤੋਂ ਇਸਦੀ ਜਾਂਚ ਹੋਣੀ ਚਾਹੀਦੀ ਹੈ।
ਭਾਈ ਧਿਆਨ ਸਿੰਘ ਮੰਡ ਅਤੇ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਸਿੱਖ ਪ੍ਰਚਾਰਕ ’ਤੇ ਹਮਲਾ ਸਮਾਜ-ਵਿਰੋਧੀ ਅਨਸਰਾਂ ਦਾ ਕੰਮ ਹੈ।
ਆਮ ਆਦਮੀ ਪਾਰਟੀ ਦੇ ਆਗੂ ਐਡਵੋਕੇਟ ਹਰਵਿੰਦਰ ਸਿੰਘ ਫੂਲਕਾ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਲਿਖੀ ਚਿੱਠੀ ਵਿਚ ਕਿਹਾ, “ਸਾਨੂੰ ਇਸ ਮਸਲੇ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ, ਜਦੋਂ ਹਮਲਾਵਰ ਗ੍ਰਿਫਤਾਰ ਹੋ ਜਾਣਗੇ ਤਾਂ ਜੇ ਉਹ ਸਿੱਖ ਹੋਏ, ਉਨ੍ਹਾਂ ਨੂੰ ਅਕਾਲ ਤਖ਼ਤ ਸਾਹਿਬ ’ਤੇ ਸੱਦ ਕੇ ਪੰਥ ’ਚੋਂ ਛੇਕਿਆ ਜਾਵੇ।