ਚੰਡੀਗੜ੍ਹ/ ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਦੇ ਨਿਜੀ ਸੁਰੱਖਿਆ ਦਸਤੇ ਵਿਚ ਪਹਿਲੀ ਵਾਰ ਦਸਤਾਰ ਧਾਰੀ ਸਿੱਖ ਨੂੰ ਸ਼ਾਮਿਲ ਕੀਤਾ ਗਿਆ ਹੈ। ਸਿੱਖ ਨੌਜਵਾਨ ਅੰਸ਼ਦੀਪ ਸਿੰਘ ਨੇ ਆਪਣੀ ਸਾਬਤ ਸੂਰਤ ਪਛਾਣ ਨਾਲ ਇਸ ਅਹੁਦੇ ਨੂੰ ਪ੍ਰਾਪਤ ਕਰਨ ਲਈ ਕਾਨੂੰਨੀ ਮਦਦ ਲਈ। ਇਸ ਤੋਂ ਪਹਿਲਾਂ ਅੰਸ਼ਦੀਪ ਸਿੰਘ ਨੂੰ ਕਿਹਾ ਗਿਆ ਸੀ ਕਿ ਇਸ ਨਿਯੁਕਤੀ ਲਈ ਉਨ੍ਹਾਂ ਦਾ ਘੋਨ-ਮੋਨ ਹੋਣਾ ਜ਼ਰੂਰੀ ਹੈ। ਪਰ ਅੰਸ਼ਦੀਪ ਸਿੰਘ ਨੇ ਇਸ ਦੇ ਖਿਲਾਫ ਅਦਾਲਤ ਵਿਚ ਪਹੁੰਚ ਕੀਤੀ ਤੇ ਫੈਂਸਲਾ ਉਨ੍ਹਾਂ ਦੇ ਹੱਕ ਵਿਚ ਆਇਆ।
ਇਸ ਦੇ ਨਾਲ ਹੀ ਇਹ ਗੱਲ ਵੀ ਅਹਿਮ ਹੈ ਕਿ ਅੰਸ਼ਦੀਪ ਸਿੰਘ ਦਾ ਪਰਿਵਾਰ ਨਵੰਬਰ 1984 ਵਿਚ ਭਾਰਤ ਅੰਦਰ ਹੋਏ ਸਿੱਖ ਕਤਲੇਆਮ ਦਾ ਪੀੜਤ ਹੈ। ਉਨ੍ਹਾਂ ਦਾ ਪਰਿਵਾਰ 1984 ਵਿਚ ਭਾਰਤ ਦੇ ਸ਼ਹਿਰ ਕਾਨਪੁਰ ਵਿਚ ਰਹਿੰਦਾ ਸੀ, ਜਿੱਥੇ ਨਵੰਬਰ 1984 ਵਿਚ ਭਾਰਤੀ ਨਿਜ਼ਾਮ ਦੀ ਪੁਸ਼ਤਪਨਾਹੀ ਹੇਠ ਸਿੱਖਾਂ ਦਾ ਕਤਲੇਆਮ ਕੀਤਾ ਗਿਆ ਸੀ। ਇਸ ਕਤਲੇਆਮ ਵਿਚ ਉਨ੍ਹਾਂ ਦੇ ਪਰਿਵਾਰ ਦੇ ਜੀਅ ਵੀ ਮਾਰੇ ਗਏ ਸਨ। ਇਸ ਕਤਲੇਆਮ ਤੋਂ ਬਾਅਦ ਉਨ੍ਹਾਂ ਦਾ ਪਰਿਵਾਰ ਲੁਧਿਆਣਾ ਆ ਵਸਿਆ ਸੀ, ਜਿੱਥੋਂ ਸਾਲ 2000 ਵਿਚ ਉਨ੍ਹਾਂ ਦਾ ਪਰਿਵਾਰ ਅਮਰੀਕਾ ਜਾ ਵਸਿਆ।