ਅੰਮ੍ਰਿਤਸਰ: ਪਾਕਿਸਤਾਨ ‘ਚ ਬਾਬਾ ਗੁਰੂ ਨਾਨਕ ਇੰਟਰਨੈਸ਼ਨਲ ਯੂਨੀਵਰਸਿਟੀ ਨੂੰ ਜ਼ਿਲ੍ਹਾ ਨਨਕਾਣਾ ਸਾਹਿਬ ਵਿਚ ਖੋਲ੍ਹੇ ਜਾਣ ਦਾ ਐਲਾਨ ਕੀਤਾ ਗਿਆ ਹੈ। ਇਸ ਸਬੰਧੀ ਇਵੈਕੁਈ ਟਰੱਸਟ ਪ੍ਰਾਪਰਟੀ ਬੋਰਡ (ਈ.ਟੀ.ਪੀ.ਬੀ.) ਦੇ ਚੇਅਰਮੈਨ ਸਾਦਿਕ-ਉੱਲ-ਫ਼ਾਰੂਕ ਦੀ ਪ੍ਰਧਾਨਗੀ ਹੇਠ ਹੋਈ ਬੈਠਕ ‘ਚ ਐਲਾਨ ਕੀਤਾ ਗਿਆ। ਫ਼ਾਰੂਕ ਨੇ ਕਿਹਾ ਕਿ ਬਹੁਤ ਜਲਦ ਬਾਬਾ ਗੁਰੂ ਨਾਨਕ ਇੰਟਰਨੈਸ਼ਨਲ ਯੂਨੀਵਰਸਿਟੀ ਨਨਕਾਣਾ ਸਾਹਿਬ ‘ਚ ਕਾਇਮ ਕਰਕੇ ਉਸ ਵਿਚ 16 ਵੱਖ-ਵੱਖ ਕੋਰਸਾਂ ਦੀਆਂ ਕਲਾਸਾਂ ਸ਼ੁਰੂ ਕੀਤੀਆਂ ਜਾਣਗੀਆਂ।
ਇਸ ਸਭ ਦੇ ਚੱਲਦਿਆਂ 4 ਸਾਲ ਦੇ ਬੀ.ਐੱਸ. ਤੋਂ ਬਾਅਦ 2 ਸਾਲ ਦੇ ਐੱਮ.ਐੱਸ. ਕੋਰਸ ਦੀ ਪੜ੍ਹਾਈ ਲਈ ਸਟਾਫ਼ ਰੱਖਣ ਦੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਗਈ ਹੈ। ਫ਼ਾਰੂਕ ਨੇ ਕਿਹਾ ਹੈ ਕਿ ਯੂਨੀਵਰਸਿਟੀ ਨੂੰ ਨਨਕਾਣਾ ਸਾਹਿਬ ‘ਚ ਸ਼ੁਰੂ ਕੀਤੇ ਜਾਣ ਦੇ ਮਾਮਲੇ ਨੂੰ ਲੈ ਕੇ ਕੀਤੀ ਗਈ 18ਵੀਂ ਸੋਧ ਦੇ ਆਧਾਰ ‘ਤੇ ਫੈਡਰਲ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਦੇ ਮੁੱਖ ਦਫ਼ਤਰਾਂ ਦਾ ਇਸਲਾਮਾਬਾਦ ਵਿਚ ਸਥਾਪਿਤ ਕੀਤਾ ਜਾਣਾ ਲਾਜ਼ਮੀ ਹੈ ਤੇ ਐੱਮ.ਫਿਲ. ਦੀ ਪੜ੍ਹਾਈ ਲਈ ਵਿਦਿਆਰਥੀਆਂ ਨੂੰ ਉੱਥੇ ਹੀ ਜਾਣਾ ਹੋਵੇਗਾ।
ਅਜਿਹਾ ਨਾ ਕਰਨ ‘ਤੇ ਯੂਨੀਵਰਸਿਟੀ ਸੂਬਾਈ ਅਦਾਰਾ ਹੋਵੇਗਾ, ਜਿਸ ਨਾਲ ਵਿਦਿਆਰਥੀਆਂ ਨੂੰ ਵਧੇਰੇ ਲਾਭ ਪ੍ਰਾਪਤ ਨਹੀਂ ਹੋ ਸਕੇਗਾ। ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਦੇ ਮੁੱਖ ਦਫ਼ਤਰਾਂ ਤੇ ਐੱਮ.ਫਿਲ. ਦੀਆਂ ਕਲਾਸਾਂ ਲਈ ਇਸਲਾਮਾਬਾਦ ਵਿਚਲੇ ਮੈਡੀਏਟ ਹੋਟਲ ਦੇ ਨਾਲ ਲਗਦੇ ਮਹਿਕਮਾ ਓਕਾਫ਼ ਦਫ਼ਤਰ ਦੀਆਂ ਉੱਪਰਲੀਆਂ ਚਾਰ ਮੰਜ਼ਿਲਾਂ ਹੁਣ ਤੋਂ ਹੀ ਖ਼ਾਲੀ ਕਰਵਾ ਲਈਆਂ ਗਈਆਂ ਹਨ। ਬੈਠਕ ‘ਚ ਮੈਂਬਰ ਆਫ ਨੈਸ਼ਨਲ ਅਸੈਂਬਲੀ (ਐਮ.ਐਨ.ਏ.) ਰਮੇਸ਼ ਸਿੰਘ ਅਰੋੜਾ, ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤਾਰਾ ਸਿੰਘ, ਮੰਤਰੀ ਚੌਧਰੀ ਬਰਜੀਸ਼ ਤਾਹਿਰ ਆਦਿ ਹਾਜ਼ਰ ਸਨ।
ਸਬੰਧਤ ਖ਼ਬਰ: ਬਾਬਾ ਗੁਰੂ ਨਾਨਕ ਇੰਟਰਨੈਸ਼ਨਲ ਯੂਨੀਵਰਸਿਟੀ ਨਨਕਾਣਾ ਸਾਹਿਬ ‘ਚ ਹੀ ਬਣਨੀ ਚਾਹੀਦੀ ਹੈ:ਡਾ.ਅਮਰਜੀਤ ਸਿੰਘ …
ਜਾਣਕਾਰੀ ਦਿੰਦੇ ਹੋਏ ਸਾਦਿਕ-ਉਲ-ਫ਼ਾਰੂਕ, ਨਾਲ ਰਮੇਸ਼ ਸਿੰਘ ਅਰੋੜਾ, ਤਾਰਾ ਸਿੰਘ, ਡਾ. ਸ਼ਿਜਰਾ ਮਨਸਬ ਤੇ ਰਾਣਾ ਅਰਸ਼ਦ