ਭਾਵੇਂ ਕਿ ਭਾਰਤ ਸਰਕਾਰ ਨੇ ਆਨੰਦ ਮੈਰਿਜ ਐਕਟ, 1909 ਵਿਚ ਰਜਿਸਟ੍ਰੇਸ਼ਨ ਦੀ ਮੱਦ ਹੀ ਸ਼ਾਮਲ ਕੀਤੀ ਹੈ ਤੇ ਬਾਕੀ ਮਾਮਲਿਆਂ ਵਿਚ ਸਿੱਖਾਂ ਉੱਤੇ ਹਿੰਦੂ ਕਾਨੂੰਨ ਹੀ ਲਾਗੂ ਰਹਿਣਗੇ ਪਰ ਭਾਰਤ ਸਰਕਾਰ ਦੇ ਉਕਤ ਕਦਮ ਨੇ ਆਨੰਦ ਵਿਆਹ ਕਾਨੂੰਨ ਨੂੰ ਮੁੜ ਚਰਚਾ ਵਿਚ ਲੈ ਆਂਦਾ ਹੈ। ਪਰ ਅਫਸੋਸ ਦੀ ਗੱਲ ਹੈ ਕਿ ਇਸ ਦੇ ਉਸਾਰੂ ਪੱਖਾਂ ਨੂੰ ਉਭਾਰਨ ਤੇ ਸੰਪੂਰਨ ਸਿੱਖ ਨਿੱਜੀ ਕਾਨੂੰਨ ਦੀ ਲੋੜ ਨੂੰ ਉਜਾਗਰ ਕਰਨ ਦੀ ਬਜ਼ਾਏ ਸਮੁੱਚੀ ਚਰਚਾ ਦਾ ਰੁਖ ਨਾਕਾਰਾਤਮਕ ਪੱਖਾਂ ਵੱਲ ਵਧੇਰੇ ਝੁਕ ਰਿਹਾ ਹੈ।
ਬੀਤੇ ਦਿਨੀਂ ਸਿੱਖ ਸਖਸ਼ੀਅਤਾਂ ਜਿਨ੍ਹਾਂ ਵਿਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਮੌਜੂਦਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਅਤੇ ਸ਼੍ਰੌ: ਗੁ: ਪ੍ਰ: ਕਮੇਟੀ ਦੇ ਮੌਜੂਦਾ ਮੁਖੀ ਸ੍ਰ: ਅਵਤਾਰ ਸਿੰਘ ਮੱਕੜ ਸ਼ਾਮਲ ਹਨ ਨੇ ਆਨੰਦ ਵਿਆਹ ਕਾਨੂੰਨ ਵਿਚ ਤਲਾਕ ਦੀ ਮਦ ਸ਼ਾਮਲ ਕੀਤੇ ਜਾਣ ਦਾ ਸਖਤ ਵਿਰੋਧ ਕੀਤਾ ਹੈ। ਹੈਰਾਨੀ ਦੀ ਗੱਲ ਹੈ ਕਿ ਭਾਰਤ ਸਰਕਾਰ ਵੱਲੋਂ ਰਜਿਸਟ੍ਰੇਸ਼ਨ ਦੀ ਮਦ ਸ਼ਾਮਲ ਕੀਤੇ ਜਾਣ ਤੋਂ ਵਧੀਕ ਹੋਰ ਕੋਈ ਮਸਲਾ ਨਹੀਂ ਛੋਹਿਆ ਗਿਆ ਪਰ ਫਿਰ ਵੀ ਸਿੱਖ ਸਖਸ਼ੀਅਤਾਂ ਨੇ ਤਲਾਕ ਦੇ ਮਸਲੇ ਨੂੰ ਉਭਾਰ ਕੇ ਸਾਰੀ ਸਥਿਤੀ ਹੀ ਦੁਬਿਦਾ ਪੂਰਨ ਕਰ ਦਿੱਤੀ ਹੈ।
ਆਨੰਦ ਵਿਆਹ ਕਾਨੂੰਨ ਤੇ ਤਲਾਕ ਦੇ ਮਾਮਲੇ ਉੱਤੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਧਰਮ ਅਧਿਅਨ ਦੇ ਖੋਜਾਰਥੀ ਗੁਰਤੇਜ ਸਿੰਘ ਠੀਕਰੀਵਾਲਾ ਦੀ ਹੇਠਲੀ ਲਿਖਤ ਸਿੱਖ ਸਿਆਸਤ ਨੂੰ ਪ੍ਰਾਪਤ ਹੋਈ ਹੈ ਜੋ ਪਾਠਕਾਂ ਦੇ ਧਿਆਨ ਹਿਤ ਹੇਠਾਂ ਛਾਪੀ ਜਾ ਰਹੀ ਹੈ: ਸੰਪਾਦਕ।
ਜਦੋਂ ਹੁਣ ਸਿੱਖਾਂ ਦੀ ਚਿਰੋਕਣੀ ਮੰਗ ‘ਅਨੰਦ ਮੈਰਿਜ ਐਕਟ’ ਨੂੰ ਪਾਰਲੀਮੈਂਟ ਵਿਚ ਸੋਧ ਲਈ ਪੇਸ਼ ਕਰਨ ਦੀ ਕੇਂਦਰ ਸਰਕਾਰ ਵੱਲੋਂ ਪ੍ਰਵਾਨਗੀ ਮਿਲ ਗਈ ਹੈ ਤੇ ਇਹ ਬਿੱਲ ਹੁਣ ਰਾਜ ਸਭਾ ਵਿਚ ਪੇਸ਼ ਵੀ ਹੋ ਚੁੱਕਿਆ ਹੈ ਤਾਂ ਖਾਸ ਤੌਰ ‘ਤੇ ਇਸ ਐਕਟ ਵਿਚ ‘ਤਲਾਕ’ ਦੀ ਮਦ ਨੂੰ ਲੈ ਕੇ ਕਾਨੂੰਨੀ ਅਤੇ ਸਿੱਖ ਸਿਧਾਂਤਾਂ/ਪਰੰਪਰਾਵਾਂ ਦੇ ਪੱਖਾਂ ਤੋਂ ਇਕ ਬਹਿਸ ਛਿੜ ਪਈ ਹੈ। ਮਸਲਾ ਇਹ ਹੈ ਕਿ ‘ਅਨੰਦ ਮੈਰਿਜ ਐਕਟ 1909’ ਵਿਚ ਵਿਆਹ ਲਈ ਉਮਰ, ਰਿਸ਼ਤੇ, ਰਜਿਸਟਰੇਸ਼ਨ, ਤਲਾਕ ਆਦਿ ਦੀਆਂ ਧਾਰਾਵਾਂ ਨਹੀਂ ਸਨ। ਅਜੋਕੇ ਦੌਰ ਵਿਚ ਇਸ ਕਾਨੂੰਨ ਨੂੰ ਮੁਕੰਮਲ ਕਾਨੂੰਨ ਤਾਂ ਹੀ ਮੰਨਿਆ ਜਾ ਸਕਦਾ ਹੈ ਜੇ ਐਕਟ ਵਿਚ ਅਜਿਹੀਆਂ ਧਾਰਾਵਾਂ ਮੌਜੂਦ ਹੋਣ। ਅਸਲ ਵਿਚ ਜਿਹੜਾ ਬਿੱਲ ਰਾਜ ਸਭਾ ਵਿਚ ਪੇਸ਼ ਕੀਤਾ ਗਿਆ ਹੈ, ਉਸ ਦਾ ਇਨ੍ਹਾਂ ਧਾਰਾਵਾਂ ਵਿਚੋਂ ਕੇਵਲ ਰਜਿਸਟਰੇਸ਼ਨ ਦੀ ਧਾਰਾ ਨਾਲ ਹੀ ਸੰਬੰਧ ਹੈ ਅਤੇ ਇਸ ਐਕਟ ਦਾ ਸੋਧਿਆ ਰੂਪ ਅਨੰਦ ਵਿਆਹਾਂ ਨੂੰ ‘ਅਨੰਦ ਮੈਰਿਜ ਐਕਟ’ ਤਹਿਤ ਦਰਜ ਕਰਨ ਦੀ ਪ੍ਰਵਾਨਗੀ ਦੇਵੇਗਾ। ਇਹ ਆਸ ਕਰਨੀ ਚਾਹੀਦੀ ਹੈ ਕਿ ਇਸ ਤੋਂ ਅੱਗੇ, ਰਹਿੰਦੀਆਂ ਧਾਰਾਵਾਂ ਵੀ ਇਸ ਵਿਚ ਸ਼ਾਮਿਲ ਹੋਣ, ਤਾਂ ਜੋ ਸਿੱਖ ਉਮੰਗਾਂ ਤੇ ਭਾਵਨਾਵਾਂ ਦੀ ਤਰਜਮਾਨੀ ਕਰਨ ਵਾਲਾ ਮੁਕੰਮਲ ‘ਅਨੰਦ ਮੈਰਿਜ ਐਕਟ’ ਹੋਂਦ ਵਿਚ ਆਵੇ। ਦੂਜੇ ਪਾਸੇ ਸ੍ਰੀ ਅਕਾਲ ਤਖਤ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਨੁਸਾਰ ਸਿੱਖ ਸਿਧਾਂਤਾਂ ਅਤੇ ਰਹਿਤ ਮਰਯਾਦਾ ਵਿਚ ਤਲਾਕ ਦੀ ਕੋਈ ਥਾਂ ਨਹੀਂ, ਇਸ ਕਰਕੇ ‘ਅਨੰਦ ਮੈਰਿਜ ਐਕਟ’ ਵਿਚ ਤਲਾਕ ਦੀ ਮਦ ਗ਼ੈਰ-ਪ੍ਰਾਸੰਗਿਕ ਹੈ ਅਤੇ ਇਹ ਐਕਟ ਪਾਸ ਹੋਣ ਉਪਰੰਤ ਸਿੱਖ ਤਲਾਕ ਨਹੀਂ ਲੈ ਸਕਣਗੇ। ਸੋ, ਤਲਾਕ ਦੀ ਮਦ ‘ਅਨੰਦ ਮੈਰਿਜ ਐਕਟ’ ਵਿਚ ਸ਼ਾਮਿਲ ਨਹੀਂ ਹੋਣੀ ਚਾਹੀਦੀ।
‘ਤਲਾਕ’ ਪਦ ਪੱਛਮ ਵਿਚੋਂ ਪ੍ਰਚਲਤ ਹੋਇਆ ਹੈ। ਇਸ ਦਾ ਪ੍ਰਚੱਲਿਤ ਭਾਵ-ਅਰਥ ਪਤੀ-ਪਤਨੀ ਦੀ ਆਪਸੀ ਜੁਦਾਈ ਨੂੰ ਕਾਨੂੰਨੀ ਅਤੇ ਸਮਾਜਿਕ ਮਾਨਤਾ ਹੈ। ਤਲਾਕ ਦੀ ਵਿਵਸਥਾ ਅਨੁਸਾਰ ਬਹੁ-ਪਤਨੀ ਵਿਆਹ ਕਾਨੂੰਨੀ ਹੈ, ਪਰ ਬਹੁਪਤੀ ਵਿਆਹ ਜਾਂ ਪ੍ਰਥਾ ਨਹੀਂ। ਤਲਾਕ ਇਸਤਰੀ ਦੇ ਮੁੜ ਵਿਆਹ ਦੀ ਕਾਨੂੰਨੀ ਪ੍ਰਵਾਨਗੀ ਦਿੰਦਾ ਹੈ। ਇਹ ਵੀ ਧਿਆਨਯੋਗ ਹੈ ਕਿ ਤਲਾਕ ਕੇਵਲ ਪਤੀ-ਪਤਨੀ ਦੀ ਜੁਦਾਈ ਤੱਕ ਹੀ ਸੀਮਿਤ ਨਹੀਂ। ਤਲਾਕ ਦੀ ਕਾਨੂੰਨੀ ਪ੍ਰਕਿਰਿਆ ਅਧੀਨ ਬੱਚਾ ਸਪੁਰਦਗੀ, ਬੱਚੇ ਦਾ ਪਾਲਣ-ਪੋਸ਼ਣ, ਜਾਇਦਾਦ ਦੀ ਵੰਡ ਅਤੇ ਕਰਜ਼ਾ ਜਾਂ ਦੇਣਦਾਰੀ ਦੀ ਵੰਡ ਦੇ ਮਸਲੇ ਵੀ ਸ਼ਾਮਿਲ ਹਨ। ਭਾਰਤੀ ਧਰਮਾਂ ਵਿਚ ਤਲਾਕ ਦੀ ਪ੍ਰਵਾਨਗੀ ਨਹੀਂ ਹੈ। ਸਮਾਜਿਕ ਤੌਰ ‘ਤੇ ਵੀ ਤਲਾਕ ਦਾ ਰੁਝਾਨ ਅਤੇ ਸਿੱਟੇ ਮਾੜੇ ਹਨ। ਪੱਛਮ ਦੇ ਸਮਾਜ ਸ਼ਾਸਤਰੀਆਂ ਅਤੇ ਮਨੋਵਿਗਿਆਨੀਆਂ ਨੇ ਇਕ ਅਧਿਐਨ ਦੁਆਰਾ ਤਲਾਕ ਉਪਰੰਤ ਪੈਣ ਵਾਲੇ ਅਕਾਦਮਿਕ, ਵਿਹਾਰਕ ਅਤੇ ਮਨੋਵਿਗਿਆਨਕ ਨਾਂਹ-ਪੱਖੀ ਪ੍ਰਭਾਵਾਂ ਦਾ ਜ਼ਿਕਰ ਕੀਤਾ ਹੈ ਕਿ ਤਲਾਕਸ਼ੁਦਾ ਪਰਿਵਾਰਾਂ ਦੇ ਬੱਚਿਆਂ ਵਿਚ ਗ਼ੈਰ-ਤਲਾਕਸ਼ੁਦਾ ਪਰਿਵਾਰਾਂ ਦੇ ਬੱਚਿਆਂ ਨਾਲੋਂ ਵੱਧ ਵਿਹਾਰਕ ਜਾਂ ਵਤੀਰਾਮੁਖੀ ਸਮੱਸਿਆਵਾਂ ਦੇ ਲੱਛਣ ਪ੍ਰਗਟ ਹੁੰਦੇ ਹਨ ਅਤੇ ਇਨ੍ਹਾਂ ਬੱਚਿਆਂ ਦੀਆਂ ਅਕਾਦਮਿਕ ਪ੍ਰਾਪਤੀਆਂ ਵੀ ਥੋੜ੍ਹੀਆਂ ਹੁੰਦੀਆਂ ਹਨ। ਭਾਵੇਂ ਬਹੁਤਾ ਕੁਝ ਤਲਾਕ ਵੇਲੇ ਬੱਚੇ ਦੀ ਉਮਰ ‘ਤੇ ਨਿਰਭਰ ਕਰਦਾ ਹੈ, ਫਿਰ ਵੀ ਤਲਾਕ ਦੇ ਕਾਰਨ ਆਮ ਵਰਤਾਰੇ ਦੇ ਨਾ ਹੋ ਕੇ ਇਕ ਖਾਸ ਦਸ਼ਾ (ਦੁਰਦਸ਼ਾ) ਵਿਚੋਂ ਨਿਕਲਦੇ ਹਨ। ਪਤੀ-ਪਤਨੀ ਦੇ ਆਪਸੀ ਅਣਸੁਖਾਵੇਂ ਸਬੰਧਾਂ ਤੋਂ ਪੈਦਾ ਹੋਣ ਵਾਲੇ ਘਾਤਕ ਝਗੜਿਆਂ ਦਾ ਹੱਲ ਆਪਸੀ ਜੁਦਾਈ ਨੂੰ ਹੀ ਸਮਝਿਆ ਜਾਂਦਾ ਹੈ, ਜੋ ਤਲਾਕ ਰਾਹੀਂ ਹੀ ਸੰਭਵ ਹੈ। ਇਸ ਤਰ੍ਹਾਂ ਤਲਾਕ ਇਕ ਦੁਖਾਂਤ ਹੀ ਹੈ। ਤਲਾਕ ਦਾ ਇਕ ਹੋਰ ਸੁਚੇਤ ਕਾਰਨ ਵੀ ਹੈ। ਇਹ ਖਾਸ ਤੌਰ ‘ਤੇ ਆਪਣੇ ਰਿਸ਼ਤੇਦਾਰਾਂ ਜਾਂ ਦੋਸਤਾਂ ਨੂੰ ਵਿਦੇਸ਼ਾਂ ਵਿਚ ਪਹੁੰਚਾਉਣ ਅਤੇ ਵਸਾਉਣ ਲਈ ਕੀਤਾ ਜਾਂਦਾ ਹੈ। ਇਸ ਨੂੰ ਵਿਦੇਸ਼ਾਂ ਵਿਚ ਪਹੁੰਚਣ ਤੇ ਪਨਾਹ ਲਈ ਇਕ ‘ਸਾਧਨ’ ਵਜੋਂ ਵੀ ਵਰਤਿਆ ਜਾਂਦਾ ਹੈ। ਇਹ ਪ੍ਰਵਿਰਤੀ ਸੱਚਮੁਚ ਹੀ ਧਾਰਮਿਕ ਅਤੇ ਸਮਾਜਿਕ ਕਦਰਾਂ-ਕੀਮਤਾਂ ਦੇ ਉਲਟ ਹੈ। ਅਜਿਹੇ ਵਿਆਹਾਂ ਅਤੇ ਤਲਾਕਾਂ ਦੀ ਬਿਲਕੁਲ ਪ੍ਰਵਾਨਗੀ ਨਹੀਂ ਹੋਣੀ ਚਾਹੀਦੀ।
ਬਿਨਾਂ ਸ਼ੱਕ ਸਿੱਖ ਸਿਧਾਂਤਾਂ ਤੇ ਰਹਿਤ ਮਰਯਾਦਾ ਵਿਚ ਤਲਾਕ ਦੀ ਕੋਈ ਵਿਵਸਥਾ ਨਹੀਂ ਅਤੇ ਪੁਨਰ-ਵਿਆਹ ਦੀ ਆਗਿਆ ਪਤੀ ਜਾਂ ਪਤਨੀ ਵਿਚੋਂ ਇਕ ਦੀ ਮੌਤ ਹੋ ਜਾਣ ਦੀ ਹਾਲਤ ਵਿਚ ਹੈ। ਪਰ ਜ਼ਮੀਨੀ ਹਕੀਕਤਾਂ ਵਿਚ ਬਹੁਤ ਕੁਝ ਸਿੱਖ ਰਹਿਤ ਮਰਯਾਦਾ ਦੇ ਉਲਟ ਹੋ ਰਿਹਾ ਹੈ। ਕਹਿਣ ਦਾ ਭਾਵ ਭਾਵੇਂ ‘ਹਿੰਦੂ ਮੈਰਿਜ ਐਕਟ’ ਅਨੁਸਾਰ ਹੀ ਸਹੀ, ਸਿੱਖਾਂ ਵਿਚ ਤਲਾਕ ਬੇਰੋਕ ਹੋ ਰਹੇ ਹਨ ਅਤੇ ਇਸੇ ਐਕਟ ਤਹਿਤ ਅੱਗੇ ਤੋਂ ਵੀ ਹੁੰਦੇ ਰਹਿਣੇ ਹਨ ਭਾਵੇਂ ‘ਅਨੰਦ ਮੈਰਿਜ ਐਕਟ’ ਵਿਚ ਤਲਾਕ ਦੀ ਮਦ ਸ਼ਾਮਿਲ ਨਾ ਵੀ ਹੋਵੇ। ਇਸ ਦੇ ਨਾਲ ਹੀ ਕੁਝ ਸਵਾਲ ਪੈਦਾ ਹੁੰਦੇ ਹਨ ਕਿ ਜੇ ‘ਅਨੰਦ ਮੈਰਿਜ ਐਕਟ’ ਵਿਚ ਤਲਾਕ ਦੀ ਮਦ ਸ਼ਾਮਿਲ ਨਹੀਂ ਹੋਵੇਗੀ ਤਾਂ ਇਹ ਮੁਕੰਮਲ ਕਾਨੂੰਨ ਦਾ ਦਰਜਾ ਕਿਵੇਂ ਹਾਸਿਲ ਕਰੇਗਾ? ਜੇ ਤਲਾਕ ਦੀ ਵਿਵਸਥਾ ‘ਹਿੰਦੂ ਮੈਰਿਜ ਐਕਟ’ ਤਹਿਤ ਹੀ ਜਾਰੀ ਰੱਖੀ ਜਾਵੇਗੀ ਤਾਂ ਸੰਵਿਧਾਨ ਦੀ ਧਾਰਾ 25 (ਬੀ) ਵਿਚ ਤਰਮੀਮ ਕਰਵਾਉਣ ਦੀ ਸਿੱਖਾਂ ਦੀ ਚਿਰੋਕਣੀ ਮੰਗ ਵਧੇਰੇ ਤਰਕਸੰਗਤ ਕਿਵੇਂ ਹੋਵੇਗੀ? ਅਤੇ ਕੀ ਸਿੱਖਾਂ ਦੀ ਵੱਖਰੀ ਧਾਰਮਿਕ ਪਛਾਣ ਤੇ ਹੋਂਦ ਬਾਰੇ ਕਾਨੂੰਨੀ ਅੜਚਣ ਬਰਕਰਾਰ ਨਹੀਂ ਰਹੇਗੀ? ਸੋ ‘ਅਨੰਦ ਮੈਰਿਜ ਐਕਟ’ ਵਿਚ ਤਰਮੀਮ ਨੂੰ ਲੈ ਕੇ ਸਾਨੂੰ ਉਕਤ ਸਵਾਲਾਂ ਦੇ ਉਸਾਰੂ ਅਤੇ ਸਾਰਥਕ ਜਵਾਬ ਲੱਭਣੇ ਪੈਣਗੇ।
ਜਿਥੋਂ ਤੱਕ ਗੁਰੂ-ਹਜ਼ੂਰੀ ਵਿਚ ਅਨੰਦ ਕਾਰਜਾਂ ਦੀ ਰਸਮ ਹੋਣ ਅਤੇ ਇਸ ਰਸਮ ਤਹਿਤ ਹੋਏ ਵਿਆਹ ਨੂੰ ਅੰਤ ਤੱਕ ਨਿਭਾਉਣ ਦੀ ਗੱਲ ਹੈ, ਇਸ ਪਿਛੇ ‘ਏਕ ਜੋਤਿ ਦੁਇ ਮੂਰਤੀ ਧਨ ਪਿਰੁ ਕਹੀਐ ਸੋਇ’ ਦੇ ਗੁਰ-ਵਾਕ ਦੀ ਭਾਵਨਾ ਦਰਸਾਈ ਜਾਂਦੀ ਹੈ। ਇਸ ਅਨੁਸਾਰ ਗੁਰਮਤਿ ਵਿਚ ਵਿਆਹ ਪਤੀ-ਪਤਨੀ ਦਾ ਕੇਵਲ ਵਿਵਹਾਰ ਸਿਧੀ, ਸੰਤਾਨ ਉਤਪਤੀ ਅਤੇ ਸਰੀਰਿਕ ਸੰਯੋਗ ਲਈ ਹੀ ਨਹੀਂ ਹੈ। ਇਸ ਤੋਂ ਅੱਗੇ ਆਪਸੀ ਪ੍ਰੇਮ ਦੁਆਰਾ ਇਕ ਜੋਤ ਹੋ ਕੇ ਆਪਣੇ ਸਾਂਝੇ ਭਰਤਾ (ਅਕਾਲ ਪੁਰਖ) ਨਾਲ ਮਿਲਣਾ ਹੈ। ਇਸ ਤਰ੍ਹਾਂ ਪਤੀ-ਪਤਨੀ ਦੇ ਆਪਸੀ ਸੰਯੋਗ ਜਾਂ ਮਿਲਾਪ ਨੂੰ ਆਤਮਾ ਤੇ ਪ੍ਰਮਾਤਮਾ ਦੇ ਮਿਲਾਪ ਦੇ ਪਰਮਾਰਥਕ ਅਰਥਾਂ ਵਜੋਂ ਲਿਆ ਗਿਆ ਹੈ। ਗੁਰਬਾਣੀ ਵਿਚ ‘ਧਨ ਅਤੇ ਪਿਰ’ ਸ਼ਬਦ ‘ਸਰੀਰ ਅਤੇ ਆਤਮਾ’ ਦੇ ਪ੍ਰਮਾਣ ਵਜੋਂ ਵੀ ਵਰਤੇ ਗਏ ਹਨ। ਸਿੱਖ ਰਹਿਤ ਮਰਯਾਦਾ, ਜਿਸ ਦਾ ਆਧਾਰ ਗੁਰਬਾਣੀ ਹੈ, ਵਿਚ ਸੰਸਕਾਰਾਂ ਅਤੇ ਮਰਯਾਦਾ ਜਾਂ ਰਹੁ-ਰੀਤਾਂ ਦਾ ਜ਼ਿਕਰ ਹੈ। ਮਸਲਨ ‘ਵਿਆਹ’ ਇਕ ਸੰਸਕਾਰ ਹੈ ਤੇ ਇਸ ਦੇ ਤਰੀਕੇ ਨੂੰ ਮਰਯਾਦਾ ਜਾਂ ਰਹੁ-ਰੀਤ ਆਖਦੇ ਹਨ। ਜਦ ਕੋਈ ਧਾਰਮਿਕ ਰਹਿਤ ਮਰਯਾਦਾ (code of conduct) ਬਣਾਈ ਜਾਂਦੀ ਹੈ ਤਾਂ ਜ਼ਰੂਰੀ ਨਹੀਂ ਕਿ ਉਸ ਵਿਚ ਹਰ ਸੰਸਕਾਰ ਦੇ ਸਾਰੇ ਵਿਸਤ੍ਰਿਤ ਪੱਖਾਂ ਦੀ ਗੱਲ ਕੀਤੀ ਗਈ ਹੋਵੇ। ਸਮੇਂ ਤੇ ਸਥਾਨ ਦੇ ਕਾਰਨ ਕਈ ਚਲੰਤ ਮਸਲੇ ਇਸ ਦੇ ਦਾਇਰੇ ਤੋਂ ਬਾਹਰ ਰਹਿ ਜਾਂਦੇ ਹਨ, ਜਿਨ੍ਹਾਂ ‘ਤੇ ਸਮੇਂ ਅਨੁਸਾਰ ਵਿਚਾਰ ਕਰਨ ਦੀ ਗੁੰਜਾਇਸ਼ ਹੁੰਦੀ ਹੈ। ਸਿੱਖ ਰਹਿਤ ਮਰਯਾਦਾ ਸਿੱਖ ਪੰਥ ਦੇ ਧੁਰੰਧਰ ਵਿਦਵਾਨਾਂ ਦੁਆਰਾ ਰਿਵਾਇਤੀ ਮਰਯਾਦਾ (ਜੋ ਗੁਰੂ ਸਾਹਿਬਾਨ ਤੋਂ ਚਲੀ ਆ ਰਹੀ ਸੀ) ਨੂੰ ਮੁੱਖ ਰਖ ਕੇ ਬਣਾਈ ਗਈ ਹੈ। ਇਸ ਤੋਂ ਪਹਿਲਾਂ ਚੀਫ਼ ਖਾਲਸਾ ਦੀਵਾਨ ਵਲੋਂ ‘ਸਿੱਖ ਸੰਸਕਾਰ ਵਿਧੀ’ ਦੇ ਰੂਪ ਵਿਚ ਇਸ ਤਰ੍ਹਾਂ ਦਾ ਇਕ ਖਰੜਾ ਤਿਆਰ ਕੀਤਾ ਗਿਆ ਸੀ। ਇਨ੍ਹਾਂ ਦੋਵਾਂ ਵਿਚ ਇਕੋ ਸ਼ਬਦਾਂ ਨਾਲ ਪੁਨਰ-ਵਿਆਹ (ਕਰੇਵਾ) ਦੀ ਪ੍ਰਵਾਨਗੀ ਦਾ ਜ਼ਿਕਰ ਹੈ। ਮਰਯਾਦਾ ਦੇ ਵਿਧੀ-ਵਿਧਾਨ ਵਿਚ ਆਮ ਤੌਰ ‘ਤੇ ਧਾਰਮਿਕ ਤੇ ਭਾਈਚਾਰਕ ਕਾਰਜਾਂ ਜਾਂ ਸੰਸਕਾਰਾਂ ਦੇ ਖਾਸ-ਖਾਸ ਨਿਯਮ ਅੰਕਿਤ ਕੀਤੇ ਗਏ ਹੁੰਦੇ ਹਨ ਅਤੇ ਇਨ੍ਹਾਂ ਸੰਸਕਾਰਾਂ ਦਾ ਮੰਤਵ ਉਸ ਧਰਮ ਦੇ ਪੈਰੋਕਾਰਾਂ ਵਿਚ ਇਕਸਾਰਤਾ ਕਾਇਮ ਕਰਦਿਆਂ ਉਨ੍ਹਾਂ ਨੂੰ ਨਿਸ਼ਚਿਤ ਮੰਜ਼ਿਲ ‘ਤੇ ਪਹੁੰਚਾਉਣਾ ਹੁੰਦਾ ਹੈ। ਕਿੰਤੂ ‘ਤਲਾਕ’ ਪਤੀ-ਪਤਨੀ ਦੇ ਰਿਸ਼ਤੇ (ਵਿਆਹ) ਦੇ ਅਧੂਰੇਪਣ ਵਿਚੋਂ ਨਿਕਲਿਆ ਹੈ। ਇਸ ਨੂੰ ਵੀ ਅਣਗੌਲਿਆਂ ਨਹੀਂ ਕੀਤਾ ਜਾ ਸਕਦਾ। ਸਿੱਖ ਸਮਾਜ ਵਿਚ ਵੀ ਪਤੀ ਦੇ ਸਵਰਗ ਸਿਧਾਰ ਜਾਣ ਤੋਂ ਬਾਅਦ ਘਰ ਵਿਚ ਹੀ ਪਤੀ ਦੇ ਭਰਾ ਜਾਂ ਨੇੜਲੇ ਸਬੰਧੀ ਨੂੰ ਉਸ ਦੀ ਪੱਗ ਦੇਣ ਜਾਂ ਪਤਨੀ ਨੂੰ ਉਸ ਦੇ ਲੜ ਲਾਉਣ ਦੀ ਸਾਦੀ ਜਿਹੀ ਰਸਮ ਕਰਕੇ ਪੁਨਰ-ਵਿਆਹ ਕੀਤਾ ਜਾਂਦਾ ਹੈ। ਕਿੰਤੂ ਸਿੱਖ ਰਹਿਤ ਮਰਯਾਦਾ ਵਿਚ ਪੁਨਰ-ਵਿਆਹ ਵੇਲੇ ਵੀ ਅਨੰਦ ਵਿਧੀ ਲਾਗੂ ਹੋਣ ਦੀ ਹਦਾਇਤ ਹੈ। ਜੇ ਤਲਾਕ ਤੋਂ ਬਾਅਦ ਵੀ ਵਿਆਹ ਗੁਰੂ ਦੀ ਹਜ਼ੂਰੀ ਵਿਚ ਹੀ ਹੋਣਾ ਹੈ ਤਾਂ ਇਤਰਾਜ਼ ਕਰਨ ਬਾਰੇ ਸੋਚਿਆ ਜਾ ਸਕਦਾ ਹੈ। ਮੌਜੂਦਾ ਪ੍ਰਸਥਿਤੀਆਂ ਵਿਚ ਤਲਾਕ ਨੂੰ ਬਿਲਕੁਲ ਹੀ ਵਰਜਿਤ ਨਹੀਂ ਠਹਿਰਾਉਣਾ ਚਾਹੀਦਾ ਅਤੇ ‘ਅਨੰਦ ਮੈਰਿਜ ਐਕਟ’ ਵਿਚ ਤਲਾਕ ਦੀ ਮਦ ਸ਼ਾਮਿਲ ਨਾ ਕਰਕੇ ਤਲਾਕ ਦਾ ਰੁਝਾਨ ਖਤਮ ਹੋਣ ਦੀ ਆਸ ਨਹੀਂ ਕਰਨੀ ਚਾਹੀਦੀ। ਸਗੋਂ ਸਿੱਖਾਂ ਵਿਚ ‘ਅਨੰਦ ਵਿਧੀ’ ਨੂੰ ਸ਼ੁੱਧ ਰੂਪ ਵਿਚ ਲਾਗੂ ਕਰਨ, ਆਪਣੇ ਧਾਰਮਿਕ ਵਿਸ਼ਵਾਸਾਂ ਅਤੇ ਸਿੱਖ ਰਹਿਤ ਮਰਯਾਦਾ ਦਾ ਅਨੁਸਰਨ ਕਰਨ ਅਤੇ ਗੁਰੂ ਮਹਾਰਾਜ ਪ੍ਰਤਿ ਸੁਦ੍ਰਿੜ ਸਮਰਪਣ ਤੇ ਭਰੋਸਾ ਪੈਦਾ ਹੋਣ ਦੇ ਯਤਨਾਂ ਨਾਲ ਹੀ ਸਿੱਖ ਮਾਨਸਿਕਤਾ ਵਿਚੋਂ ਤਲਾਕ ਜਿਹੀ ਅਣਚਾਹੀ ਬਲਾ ਖ਼ਤਮ ਕੀਤੀ ਜਾ ਸਕਦੀ। ਕਿਹੜੀਆਂ ਖਾਸ ਹਾਲਤਾਂ ਵਿਚ ਤਲਾਕ ਹੋਣਾ ਚਾਹੀਦਾ ਹੈ? ਪੰਥਕ ਤੌਰ ‘ਤੇ ਹੁਣ ਅਜਿਹੇ ਮਾਪਦੰਡ ਨਿਰਧਾਰਤ ਕਰਨ ਦੀ ਲੋੜ ਹੈ ਅਤੇ ਕਿਸੇ ਵੀ ਬਾਹਰੀ ਤਬਦੀਲੀ ਦੀ ਆਸ ਕਰਨ ਤੋਂ ਪਹਿਲਾਂ ਪੰਥ ਦਾ ਇਸ ਮਸਲੇ ਬਾਰੇ ਆਪ ਇਕਮਤ ਹੋਣਾ ਜ਼ਰੂਰੀ ਹੈ।
ਲੇਖਕ ਨਾਲ ਈ-ਮੇਲ ਪਤੇ gsthikriwal@gmail.com ਰਾਹੀਂ ਸੰਪਰਕ ਕੀਤਾ ਜਾ ਸਕਦਾ ਹੈ।