ਭਾਰਤੀ ਲੋਕ ਸਭਾ ਲਈ ਪਈਆਂ ਵੋਟਾਂ ਦੀ ਗਿਣਤੀ ਭਲਕੇ ਹੋਵੇਗੀ ਤੇ ਕੱਲ ਹੀ ਨਤੀਜੇ ਵੀ ਸਾਹਮਣੇ ਆ ਜਾਣਗੇ। ਚੋਣ ਸਰਵੇਖਣਾਂ ਨੇ ਤਾਂ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੇ ਨੈਸ਼ਨਲ ਡੈਮੋਕਰੈਟਿਕ ਅਲਾਇੰਸ (ਨੈ.ਡੈ.ਅ.) ਦੀ ਸਰਕਾਰ ਦੀ ਵਾਪਸੀ ਦਾ ਐਲਾਨ ਕਰ ਦਿੱਤਾ ਹੈ ਜਿਸ ਤੋਂ ਭਾਜਪਾ ਤੇ ਉਸ ਦੇ ਸਹਿਯੋਗੀ ਉਤਸ਼ਾਹ ਵਿਚ ਹਨ ਪਰ ਦੂਜੇ ਬੰਨੇ ਵਿਰੋਧੀ ਧਿਰਾਂ ਕਹਿ ਰਹੀਆਂ ਹਨ ਕਿ ਚੋਣ ਸਰਵੇਖਣ ਗਲਤ ਵੀ ਸਾਬਤ ਹੁੰਦੇ ਆਏ ਹਨ। ਇਸ ਵਾਰ ਭਾਰਤ ਦੀ ਚੋਣ ਪ੍ਰਣਾਲੀ, ਇਸ ਦੇ ਢੰਗ ਤਰੀਕੇ ਤੇ ਇਥੋਂ ਤੱਕ ਕਿ ਚੋਣ ਕਮਿਸ਼ਨ ਦੀ ਆਪਣੀ ਦੀ ਭੂਮਿਕਾ ਵੀ ਸਵਾਲਾਂ ਦੇ ਘੇਰੇ ਵਿਚ ਰਹੀ ਅਤੇ ਸਿਆਸੀ ਦਲਾਂ ਵਲੋਂ ਵਰਤੇ ਜਾਂਦੇ ਹਰਭੇ ਤੇ ਹਥਕੰਡੇ- ਜਿਨ੍ਹਾਂ ਵਿਚ ਚੋਣਾਂ ਦੌਰਾਨ ਨਸ਼ੇ ਤੇ ਪੈਸੇ ਦੀ ਦੁਰਵਰਤੋਂ ਸ਼ਾਮਲ ਹੈ, ਲਗਾਤਾਰ ਚਰਚਾ ਦਾ ਵਿਸ਼ਾ ਰਹੇ। ਇਸ ਸਾਰੇ ਦੇ ਮੱਦੇ-ਨਜ਼ਰ ਜੇਕਰ ਚੋਣ ਨਤੀਜੇ ਸਰਵੇਖਣਾਂ ਦੀ ਦੱਸੀ ਲੀਹ ਤੇ ਆਉਂਦੇ ਹਨ ਤਾਂ ਉਕਤ ਗਿਣਾਏ ਮਾਮਲਿਆਂ ਉੱਤੇ ਹੋਰ ਉੱਚੀ ਸੁਰ ਵਿਚ ਰੌਲਾ ਪੈਣਾ ਲਾਜਮੀ ਹੈ।
ਪੰਜਾਬ ਦੀ ਗੱਲ ਕਰੀਏ ਤਾਂ ਵੋਟਾਂ ਤੋਂ ਪਹਿਲਾਂ ਦੇ ਸਿਆਸੀ ਹਾਲਾਤ ਦੇ ਮਿਜਾਜ਼ ਦੀ ਦੱਸ ਪਾਉਂਦਿਆਂ ਵੱਖ-ਵੱਖ ਸਰਵੇਖਣਾਂ (ਐਗਜ਼ਿਟ ਪੋਲ ਨਹੀਂ ਉਸ ਤੋਂ ਪਹਿਲਾਂ ਸਿਆਸੀ ਹਾਲਾਤ ਨੂੰ ਜਾਨਣ ਲਈ ਕੀਤੇ ਗਏ ਸਰਵੇਖਣਾਂ) ਮੁਤਾਬਕ ਪੰਜਾਬ ਹੀ ਸਹੀ ਮਾਅਨਿਆਂ ਵਿਚ ਭਾਰਤੀ ਉਪਮਹਾਂਦੀਪ ਦਾ “ਮੋਦੀ-ਪ੍ਰਭਾਵ” ਤੋਂ ਮੁਕਤ ਸੂਬਾ ਸੀ। ਸੀ-ਵੋਟਰ ਦੇ ਸਰਵੇਖਣ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਪੰਜਾਬ ਸਿਰਫ ਮੋਦੀ-ਪ੍ਰਭਾਵ ਤੋਂ ਅਣਛੋਹ ਹੀ ਨਹੀਂ ਹੈ ਬਲਕਿ ਇਹ ਸੂਬਾ ਭਾਰਤੀ ਉਪਮਹਾਂਦੀਪ ਦੇ ਉਨ੍ਹਾਂ ਤਿੰਨ ਸੂਬਿਆਂ ਵਿਚੋਂ ਵੀ ਪਹਿਲੀ ਥਾਂ ਤੇ ਹੈ ਜਿੱਥੇ ਮੋਦੀ ਤੱਤ (ਫੈਕਟਰ) ਨਾਕਾਰਾਤਮਕ ਅਸਰ ਰੱਖਦਾ ਹੈ। ਸਰਵੇਖਣ ਵਿਚ ਕਿਹਾ ਗਿਆ ਸੀ ਕਿ ਪੰਜਾਬ ਦੇ ਸਿੱਖ ਮੋਦੀ ਨੂੰ ਪਸੰਦ ਨਹੀਂ ਕਰਦੇ। ਦੂਜਾ ਭਾਜਪਾ ਵਲੋਂ ਬਾਕੀ ਦੇ ਭਾਰਤੀ ਉਪਮਹਾਂਦੀਪ ਵਿਚ ਉਭਾਰੀ ਗਈ “ਦੇਸ਼ ਦੀ ਸੁਰੱਖਿਆ” ਦੀ ਸੁਰ ਵੀ ਪੰਜਾਬ ਵਿਚ ਅਸਰਅੰਦਾਜ਼ ਨਹੀਂ ਹੈ। ਇਹੀ ਕਾਰਨ ਸੀ ਕਿ ਭਾਜਪਾ ਨੇ ਪੰਜਾਬ ਦੀ ਚੋਣ ਮੁਹਿੰਮ ਵਿਚ ‘ਪਾਕਿਸਤਾਨ ਨੂੰ ਸਬਕ ਸਿਖਾਉਣ’ ਤੇ ‘ਦੇਸ਼ ਦੀ ਰਾਖੀ ਕਰਨ’ ਦਾ ਰਾਗ ਨਹੀਂ ਅਲਾਪਿਆ ਬਲਕਿ ਸਿੱਖ ਭਾਵਨਾਵਾਂ ਨਾਲ ਜੁੜੇ ਨਵੰਬਰ 1984 ਦੀ ਸਿੱਖ ਨਸਲਕੁਸ਼ੀ ਦੇ ਮੁੱਦੇ ਦਾ ਇਸਤੇਮਾਲ ਕੀਤਾ।
ਪਰ ਉਕਤ ਦ੍ਰਿਸ਼ ਪੰਜਾਬ ਦੇ ਸਿਆਸੀ ਹਾਲਾਤ ਦੀ ਪੂਰੀ ਤਸਵੀਰ ਪੇਸ਼ ਨਹੀਂ ਕਰਦਾ। ਵੋਟਾਂ ਦੇ ਦਿਨਾਂ ਦੌਰਾਨ ਹਾਲਾਤ ਇਸ ਕਦਰ ਬਦਲੇ ਕਿ ਪੰਜਾਬ ਦੇ ਹਿੰਦੂ ਵਰਗ ਨੇ ਇਸ ਵਾਰ ਖੁੱਲ੍ਹ ਕੇ ਮੋਦੀ ਹੇਜ ਪਰਗਟ ਕੀਤਾ। ਇਹ ਗੱਲ ਪਿਛਲੀ ਵਿਧਾਨ ਸਭਾ ਵਿਚ ਇਸ ਵਰਗ ਵਲੋਂ ਪ੍ਰਗਟਾਏ ਗਏ ਰੁਝਾਨ ਤੋਂ ਬਿਲਕੁਲ ਉਲਟ ਸੀ। 2017 ਦੀ ਵਿਧਾਨ ਸਭਾ ਵਿਚ ਹਿੰਦੂ ਵਰਗ ਕਾਂਗਰਸ ਦੇ ਹੱਕ ਵਿਚ ਭੁਗਤਿਆ ਸੀ। ਆਮ ਆਦਮੀ ਪਾਰਟੀ ਨੂੰ ਸੱਤਾ ਵਿਚ ਆਉਣ ਤੋਂ ਰੋਕਣਾ ਅਤੇ ਭਾਜਪਾ ਦੇ ਭਾਈਵਾਲ ਸ਼੍ਰੋਮਣੀ ਅਕਾਲੀ ਦਲ (ਬਾਦਲ) ਤੋਂ ਬਦਜ਼ਨੀ ਇਸ ਦੇ ਮੁੱਖ ਕਾਰਨ ਮੰਨੇ ਜਾਂਦੇ ਹਨ। ਪਰ ਇਹ ਗੱਲ ਧਿਆਨ ਦੇਣ ਯੋਗ ਹੈ ਕਿ ਉਸ ਸਮੇਂ ਹਿੰਦੂ ਵਰਗ ਦਾ ਇਹ ਰੁਝਾਨ ਵੋਟਾਂ ਤੋਂ ਪਹਿਲਾਂ ਪਕੜ ਵਿਚ ਨਹੀਂ ਸੀ ਆਇਆ ਕਿਉਂਕਿ ਇਹ ਰੁਝਾਨ ਹਿੰਦੂ ਵਰਗ ਵਿਚ ਅੰਦਰਖਾਤੇ ਚੱਲਿਆ ਸੀ।
ਲੰਘੀ 19 ਮਈ ਨੂੰ ਪਈਆਂ ਵੋਟਾਂ ਵਿਚ 2017 ਨਾਲੋਂ ਸਿਰਫ ਇਸੇ ਗੱਲ ਦਾ ਹੀ ਫਰਕ ਨਹੀਂ ਹੈ ਕਿ ਇਸ ਵਾਰ ਹਿੰਦੂ ਵਰਗ ਨੇ ਮੋਦੀ ਦੇ ਨਾਂ ਤੇ ਭਾਜਪਾ ਨੂੰ ਵੋਟਾਂ ਪਾਈਆਂ ਹਨ ਬਲਕਿ ਇਕ ਤਾਂ ਇਸ ਵਾਰ ਇਸ ਵਰਗ ਨੇ ਵੋਟਾਂ ਤੋਂ ਪਹਿਲਾਂ ਹੀ ਇਸ ਗੱਲ ਦਾ ਖੁੱਲ੍ਹ ਕੇ ਪ੍ਰਗਟਾਵਾ ਕਰਨਾ ਸ਼ੁਰੂ ਕਰ ਦਿੱਤਾ ਸੀ।
ਸਾਲ 2014 ਦੀਆਂ ਚੋਣਾਂ ਵਿਚ ਭਾਰਤੀ ਜਨਤਾ ਪਾਰਟੀ ਨੇ ਆਪਣੇ ਚੋਣ ਪ੍ਰਚਾਰ ਦੌਰਾਨ ਭਾਰਤੀ ਉਪਮਹਾਂਦੀਪ ਦੇ ਅੰਦਰਲੀਆਂ ਘੱਟ-ਗਿਣਤੀਆਂ ਤੋਂ ਹਿੰਦੂਤਵ ਨੂੰ ਕਥਿਤ ਖਤਰੇ ਦੀ ਦੁਹਾਈ ਪੁੱਟੀ ਸੀ। ਇਸ ਸੁਰ ਤੋਂ ਪੰਜਾਬ ਦੇ ਹਾਲਾਤ ਮੁਤਾਬਕ ਹਿੰਦੂ-ਸਿੱਖ ਟਕਰਾਅ ਦਾ ਖਦਸ਼ਾ ਬਣਦਾ ਸੀ ਤੇ ਇਹ ਹਾਲਾਤ ਪੰਜਾਬ ਦੇ ਹਿੰਦੂ ਵਰਗ ਦੇ ਹਿਤ ਵਿਚ ਨਹੀਂ ਸੀ ਜਾਂਦੀ ਸਗੋਂ ਉਨ੍ਹਾਂ ਦੇ ਸੰਸਿਆਂ ਨੂੰ ਵਧਾਉਂਦੀ ਸੀ, ਜਿਸ ਕਾਰਨ ਉਨ੍ਹਾਂ ਮੋਦੀ ਦੀ ਬਜਾਏ ਕਾਂਗਰਸ ਦਾ ਸਾਥ ਦਿੱਤਾ।
ਪਰ ਇਸ ਵਾਰ ਮੋਦੀ-ਭਾਜਪਾ ਵਲੋਂ ਆਪਣੇ ਚੋਣ ਪ੍ਰਚਾਰ ਦੀ ਸੁਰ ‘ਅੰਦਰੂਨੀ’ ਦੀ ਬਜਾਏ ‘ਬਾਹਰੀ ਖਤਰੇ’ ਵਾਲੀ ਰੱਖੀ ਗਈ। ਇਹ ਸੁਰ ਸਿਰਫ ਪੰਜਾਬ ਵਿਚ ਹਿੰਦੂ ਵਰਗ ਨੂੰ ਉਪਰੋਕਤ ਖਦਸ਼ਿਆਂ ਜਾਂ ਸੰਸਿਆਂ ਤੋਂ ਮੁਕਤ ਹੀ ਨਹੀਂ ਸੀ ਕਰਦੀ ਸਗੋਂ ਇਸ ਮਾਮਲੇ ਵਿਚ ਉਨ੍ਹਾਂ ਦੀ ਭਾਵਨਾਵਾਂ ਵੀ ਬਾਕੀ ਭਾਰਤੀ ਉਪਮਹਾਂਦੀਪ ਵਿਚਲੇ ਹਿੰਦੂ ਵਰਗ ਵਾਲੀਆਂ ਹੀ ਹਨ। ਇਸ ਹਾਲਾਤ ਵਿਚ ਇਹ ਵਰਗ ਸਿਰਫ ਭਾਜਪਾ ਦੇ ਹੱਕ ਵਿਚ ਹੀ ਨਹੀਂ ਹੋਇਆ ਬਲਕਿ ਮੋਦੀ ਦੇ ਨਾਂ ਤੇ ਬਾਦਲ ਦਲ ਦੇ ‘ਕੋਟੇ’ ਵਿਚੋਂ ਖੜ੍ਹੇ ਉਮੀਦਵਾਰਾਂ ਪਿੱਛੇ ਵੀ ਲਾਮਬੰਦ ਹੋਇਆ ਹੈ। ਚੋਣ ਨਤੀਜਿਆਂ ਵਿਚ ਭਾਰਤੀ ਜਨਤਾ ਪਾਰਟੀ ਦੇ ਨਾਲ-ਨਾਲ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਇਸ ਗੱਲ ਦਾ ਫਾਇਦਾ ਮਿਲਣ ਦੇ ਆਸਾਰ ਹਨ।
ਸਿਰਫ ਇਹ ਤੱਤ ਹੀ ਇਨ੍ਹਾਂ ਲੋਕ ਸਭਾ ਚੋਣਾਂ ਵਿਚ ਉੱਭਰਣ ਵਾਲਾ ਇਕੱਲਾ ਰੁਝਾਨ ਨਹੀਂ ਹੈ। ਦੂਜਾ ਅਹਿਮ ਤੱਤ ਇਹ ਹੈ ਕਿ ਇਸ ਵਾਰ ਬਹੁਜਨ (ਦਲਿਤ) ਵੋਟ ਬਹੁਜਨ ਸਮਾਜ ਪਾਰਟੀ (ਬਸਪਾ) ਨੂੰ ਵਧੇਰੇ ਬੱਝਵੇਂ ਰੂਪ ਵਿਚ ਪਈ ਹੈ। ਇਸ ਦਾ ਇਕ ਕਾਰਨ ਦਲਤਿ ਵਰਗ ਵਿਚ ਮੋਦੀ-ਭਾਜਪਾ-ਹਿੰਦੂਤਵੀ ਧਿਰ ਦਾ ਵਿਰੋਧ ਹੈ; ਦੂਜਾ ਸਥਾਨਕ ਪੱਧਰ ਤੇ ਬਸਪਾ ਵਲੋਂ ਦੂਜੀਆਂ ਪਾਰਟੀਆਂ ਨਾਲ ਕੀਤਾ ਗਿਆ ਗੱਠਜੋੜ ਅਤੇ ਤੀਜਾ ਬਸਪਾ ਮੁਖੀ ਮਾਇਆਵਤੀ ਦਾ ਕੇਂਦਰੀ ਪੱਧਰ ਦੀਆਂ ਵਿਰੋਧੀ ਧਿਰਾਂ ਵਿਚ ਵਿਚ ਇਸ ਵਾਰ ਮਜਬੂਤ ਹੋਇਆ ਅਕਸ।
ਬਹੁਜਨ ਵੋਟ ਦਾ ਬਸਪਾ ਨੂੰ ਪੰਜਾਬ ਵਿਚ ਕਿਸੇ ਸੀਟ ਦੇ ਤੌਰ ਤੇ ਫਾਇਦਾ ਹੋਣ ਜਾਂ ਨਾਂ ਹੋਣ ਨਾਲੋਂ ਵੀ ਇਸ ਮੌਕੇ ਦੀ ਅਹਿਮ ਗੱਲ ਇਹ ਹੈ ਇਸ ਦਾ ਕਾਂਗਰਸ ਨੂੰ ਕਿੰਨਾ ਨੁਕਸਾਨ ਹੋਵੇਗਾ? ਕਿਉਂਕਿ ਬਹੁਜਨ ਵੋਟ ਜੇਕਰ ਬਸਪਾ ਜਾਂ ਇਸ ਦੀਆਂ ਸਹਿਯੋਗੀ ਧਿਰਾਂ ਕੋਲ ਗਈ ਹੈ ਤਾਂ ਇਸ ਦਾ ਕਸਾਰਾ ਯਕੀਕਨ ਕਾਂਗਰਸ ਦੇ ਵੋਟ-ਬੈਂਕ ਨੂੰ ਹੀ ਲੱਗੇਗਾ ਤੇ ਇਹ ਗੱਲ ਬਾਦਲ-ਭਾਜਪਾ ਗਠਜੋੜ ਦੇ ਹੱਕ ਵਿਚ ਹੀ ਜਾਂਦੀ ਹੈ।
ਤੀਜਾ ਅਹਿਮ ਰੁਝਾਨ ਇਨ੍ਹਾਂ ਚੋਣਾਂ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਸਿੱਖਾਂ ਵਲੋਂ ਕਾਂਗਰਸ ਨੂੰ ਪੈਣ ਵਾਲੀਆ ਵੋਟਾਂ ਦੀ ਗਿਣਤੀ ਵਧੀ ਹੈ। ਸਿਰਫ ਸਿੱਖ ਵਸੋਂ ਵਾਲੇ ਪੇਂਡੂ ਖੇਤਰਾਂ ਵਿਚ ਹੀ ਨਹੀਂ ਬਲਕਿ ਸ਼ਹਿਰਾਂ ਵਿਚੋਂ ਵੀ ਸਿੱਖ ਵੋਟ ਕਾਂਗਰਸ ਪਾਰਟੀ ਦੇ ਹੱਕ ਵਿਚ ਜਾਣ ਦੀਆਂ ਕਨਸੋਆਂ ਹਨ। ਪੰਜਾਬ ਦੀ ਸਿਆਸਤ ਨੂੰ ਵਾਚਣ ਵਾਲੇ ਇਕ ਸੀਨੀਅਰ ਪੱਤਰਕਾਰ ਨੇ ਸਿੱਖ ਸਿਆਸਤ ਨਾਲ ਗੱਲਬਾਤ ਦੌਰਾਨ ਇਹ ਟਿੱਪਣੀ ਕੀਤੀ ਕਿ “ਬਾਦਲਾਂ ਦੇ ਦਸ ਸਾਲਾਂ ਦੇ ਰਾਜ ਦੀ ਇਕ ‘ਪ੍ਰਾਪਤੀ’ ਇਹ ਵੀ ਮੰਨੀ ਜਾਵੇਗੀ ਕਿ ਇਨ੍ਹਾਂ ਦੇ ਕਾਰਿਆਂ ਨੇ ਕਾਂਗਰਸ ਪ੍ਰਤੀ ਸਿੱਖਾਂ ਵਿਚ ਪੈਦਾ ਹੋਈ ਬਦਜ਼ਨੀ ਨੂੰ ਬਹੁਤ ਹੱਦ ਤੱਕ ਘਟਾ ਦਿੱਤਾ ਹੈ”। ਭਾਵ ਕਿ ਪੰਜਾਬ ਦਾ ਸਿੱਖ ਵਰਗ ਬਾਦਲਾਂ ਤੋਂ ਇਸ ਕਦਰ ਬਦਜ਼ਨ ਹੋਇਆ ਕਿ ਕਿਸੇ ਵੇਲੇ ਸਿੱਖ ਜਿਸ ਕਾਂਗਰਸ ਨੂੰ ਨਫਰਤ ਤੇ ਤਿਰਸਕਾਰ ਨਾਲ ਵੇਖਦੇ ਸਨ ਹੁਣ ਉਸ ਨੂੰ ਹੀ ਵੋਟਾਂ ਤੱਕ ਪਾਉਣ ਲੱਗ ਪਏ ਹਨ।
ਇਨ੍ਹਾਂ ਤਿੰਨਾਂ ਤੱਤਾਂ ਦੇ ਮੇਲ ਨੇ ਹਾਲਾਤ ਇਸ ਤਰ੍ਹਾਂ ਦੇ ਕਰ ਦਿੱਤੇ ਹਨ ਕਿ ਇਸ ਵਾਰ ਚੋਣ ਨਤੀਜਿਆਂ ਦਾ ਅੰਦਾਜ਼ਾ ਲਾਉਣੋਂ ਬਹੁਤੇ ਸਿਆਸੀ ਮਾਹਿਰ ਵੀ ਟਾਲਾ ਕਰ ਰਹੇ ਹਨ। ਹਾਂ, ਇੰਨੀ ਗੱਲ ਜਰੂਰ ਹੈ ਕਿ ਜਿਸ ਤਰ੍ਹਾਂ ਦੇ ਰੁਝਾਨ ਹਿੰਦੂ ਅਤੇ ਬਹੁਜਨ ਵੋਟਰਾਂ ਵਿਚ ਪਰਗਟ ਹੋਏ ਹਨ ਉਸ ਤੋਂ ਕਾਂਰਗਸ ਦੀ ਹਾਲਤ ਕਸੂਤੀ ਬਣੀ ਹੈ ਤੇ ਇਸ ਦਾ ਫਾਇਦਾ ਹਿੰਦੂ ਬਹੁਗਿਣਤੀ ਵਾਲਿਆਂ ਤੇ ਸ਼ਹਿਰੀ ਹਲਕਿਆਂ ਤੋਂ ਬਾਦਲ-ਭਾਜਪਾ ਨੂੰ ਮਿਲਣ ਦੇ ਅਸਾਰ ਹਨ।