ਅੰਮ੍ਰਿਤਸਰ: ਚਾਰ ਸਾਹਿਬਜ਼ਾਦੇ ਤੇ ਨਾਨਕ ਸ਼ਾਹ ਫਕੀਰ ਵਰਗੀਆਂ ਫਿਲਮਾਂ ਤੋਂ ਬਾਅਦ ‘ਦਾਸਤਾਨ-ਏ-ਮੀਰੀ-ਪੀਰੀ’ ਅਤੇ ‘ਮਦਰਹੁੱਡ’ ਜਿਹੀਆਂ ਫਿਲਮਾਂ ਵਿਚ ਗੁਰੂ ਸਾਹਿਬਾਨ, ਗੁਰੂ ਪਰਵਾਰਾਂ, ਮਹਾਨ ਗੁਰਸਿੱਖਾਂ ਅਤੇ ਸਿੱਖ ਸ਼ਹੀਦਾਂ ਨੂੰ ਕਾਰਟੂਨ, ਐਨੀਮੇਸ਼ਨ, ਕੰਪਿਊਟਰ ਗਰਾਫਿਕਸ ਆਦਿ ਵਿਧੀਆਂ ਨਾਲ ਫਿਲਮਾਅ ਕੇ ਗੁਰੂ ਬਿੰਬ, ਗੁਰੂ ਪਰਵਾਰਾਂ, ਗੁਰਸਿੱਖਾਂ ਤੇ ਸ਼ਹੀਦਾਂ ਦੀ ਨਾਟਕੀ ਜਾਂ ਫਿਲਮੀ ਪੇਸ਼ਕਾਰੀ ਕਰਨ ਦੀ ਮਨਾਹੀ ਦੇ ਸਿਧਾਂਤ ਦੀ ਉਲੰਘਣਾ ਕੀਤੀ ਜਾ ਰਹੀ ਹੈ। ਇਹੀ ਕਾਰਨ ਹੈ ਕਿ ਸਿੱਖ ਸੰਗਤਾਂ ਵਲੋਂ ਇਨ੍ਹਾਂ ਫਿਲਮਾਂ ਉੱਤੇ ਰੋਕ ਲਵਾਉਣ ਲਈ ਇਹਨਾਂ ਫਿਲਮਾਂ ਦਾ ਜ਼ਬਰਦਸਤ ਵਿਰੋਧ ਕੀਤਾ ਜਾ ਰਿਹਾ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਇਸ ਮਾਮਲੇ ਤੇ ਟਰਕਾਊ, ਡੰਗ ਟਪਾਊ ਅਤੇ ਸ਼ੱਕੀ ਵਤੀਰਾ ਧਾਰਨ ਕਰਨ ਕਰਕੇ ਸਿੱਖ ਨੌਜਵਾਨਾਂ ਨੇ ਭਖਦੀ ਗਰਮੀ ਵਿਚ ਅੰਮ੍ਰਿਤਸਰ ਸਾਹਿਬ ਵਿਖੇ ਦਾਸਤਾਨ-ਏ-ਮੀਰੀ-ਪੀਰੀ ਫਿਲਮ ਜਾਰੀ ਹੋਣ ਤੋਂ ਰੋਕਣ ਲਈ ਅਤੇ ਇਨ੍ਹਾਂ ਫਿਲਮਾਂ ਬਾਰੇ ਠੋਸ ਫੈਸਲਾ ਕਰਵਾਉਣ ਵਾਸਤੇ ਮੋਰਚਾ ਲਾ ਦਿਤਾ ਹੈ।
ਦਰਅਸਲ ਬੀਤੇ ਦਿਨ (ਸ਼ੁੱਕਰਵਾਰ, 31 ਮਈ ਨੂੰ) ਸਿੱਖ ਨੌਜਵਾਨਾਂ ਨੇ ਅੰਮ੍ਰਿਤਸਰ ਸਾਹਿਬ ਵਿਖੇ ਦਰਬਾਰ ਸਾਹਿਬ ਨੂੰ ਜਾਂਦੇ ਰਸਤੇ ‘ਤੇ ਬਣੇ ਇਕ ਚੌਂਕ ਵਿਖੇ ਇਨ੍ਹਾਂ ਫਿਲਮਾਂ ਖਿਲਾਫ ਪ੍ਰਦਰਸ਼ਨ ਕੀਤਾ ਸੀ।
ਜਿਸ ਮੌਕੇ ਪਹਿਲਾਂ ਪੁਲਿਸ ਵਾਲਿਆਂ ਨੇ ਉਨ੍ਹਾਂ ਨੂੰ ਓਥੋਂ ਹਟਾਉਣ ਦੀ ਕੋਸ਼ਿਸ਼ ਕੀਤੀ ਤੇ ਫਿਰ ਬਾਅਦ ਵਿਚ ਇਸ ਮਾਮਲੇ ਬਾਰੇ ਸ਼੍ਰੋ.ਗੁ.ਪ੍ਰ.ਕ. ਦੇ ਨੁਮਾਇੰਦਿਆਂ ਨਾਲ ਗੱਲਬਾਤ ਕਰਵਾਉਣ ਦੀ ਪੇਸ਼ਕਸ਼ ਕੀਤੀ।
ਪਤਾ ਲੱਗਾ ਹੈ ਕਿ ਪੰਜ ਨੌਜਵਾਨਾਂ ਦਾ ਇਕ ਵਫਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੁਮਾਇੰਦਿਆਂ ਨੂੰ ਮਿਲਿਆ ਸੀ ਪਰ ਸ਼੍ਰੋ.ਗੁ.ਪ੍ਰ.ਕ. ਦੇ ਨੁਮਾਇੰਦੇ ਵੱਲੋਂ ਦਿੱਤੇ ਗਏ ਜਵਾਬਾਂ ਤੋਂ ਇਨ੍ਹਾਂ ਨੌਜਵਾਨਾਂ ਨੂੰ ਭਰੋਸਾ ਨਹੀਂ ਬੱਝਾ ਕਿ ਸ਼੍ਰੋ.ਗੁ.ਪ੍ਰ.ਕ. ਇਸ ਫਿਲਮ ਨੂੰ ਰੁਕਵਾਉਣ ਲਈ ਕੋਈ ਠੋਸ ਕਾਰਵਾਈ ਕਰੇਗੀ। ਵਫਦ ਦਾ ਹਿੱਸਾ ਰਹੇ ਸ. ਪਰਮਜੀਤ ਸਿੰਘ ਬਾਗੀ ਨੇ ਸਿੱਖ ਸਿਆਸਤ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਨਾ ਤਾਂ ਸ਼੍ਰੋ.ਗੁ.ਪ੍ਰ.ਕ. ਦੇ ਨੁਮਾਇੰਦੇ ਇਨ੍ਹਾਂ ਫਿਲਮਾਂ ਨੂੰ ਦਿੱਤੀ ਜਾਂਦੀ ਹਿਮਾਇਤ ਦਾ ਕੋਈ ਸਿਧਾਂਤਕ ਅਧਾਰ ਪੇਸ਼ ਕਰ ਰਹੇ ਸਨ ਤੇ ਨਾ ਹੀ ਦਾਸਤਾਨ-ਏ-ਮੀਰੀ-ਪੀਰੀ ਮਾਮਲੇ ਵਿਚ ਚੱਲ ਰਹੀ ਕਾਰਵਾਈ ਬਾਰੇ ਕੁਝ ਠੋਸ ਜਾਣਕਾਰੀ ਦੇ ਰਹੇ ਸਨ।
ਇਨ੍ਹਾਂ ਨੌਜਵਾਨਾਂ ਨੇ ਕਿਹਾ ਕਿ ਕਿ ਸ਼੍ਰੋ.ਗੁ.ਪ੍ਰ.ਕ. ਨੇ 3 ਜੂਨ ਨੂੰ ਫਿਲਮ ਦੇ ਮਾਮਲੇ ਤੇ ਮੁੜ ਇਕੱਤਰਤਾ ਬੁਲਾਈ ਹੈ ਤੇ ਦੱਸਿਆ ਜਾ ਰਿਹਾ ਹੈ ਕਿ 4 ਜੂਨ ਨੂੰ ਕਮੇਟੀ ਨੇ ਫੈਸਲਾ ਗਿਆਨੀ ਹਰਪ੍ਰੀਤ ਸਿੰਘ ਨੂੰ ਸੌਂਪਣਾ ਹੈ। ਪਰ 5 ਜੂਨ ਨੂੰ ਫਿਲਮ ਜਾਰੀ ਹੋਣ ਦੀ ਮਿਤੀ ਹੈ ਅਤੇ ਹਾਲੀ ਤੱਕ ਫਿਲਮਕਾਰਾਂ ਨੇ ਇਸ ਫਿਲਮ ਨੂੰ 5 ਜੂਨ ਨੂੰ ਜਾਰੀ ਨਾ ਕਰਨ ਬਾਰੇ ਕੋਈ ਗੱਲ ਨਹੀਂ ਕੀਤੀ।
“ਸੋ ਸਾਫ ਹੈ ਕਿ ਸ਼੍ਰੋ.ਗੁ.ਪ੍ਰ.ਕ. ਮਾਮਲੇ ਨੂੰ ਲਮਕਾ ਕੇ ਸ਼ੱਕੀ ਵਤੀਰਾ ਅਪਣਾਅ ਰਹੀ ਹੈ”, ਉਨ੍ਹਾਂ ਕਿਹਾ।
ਨੌਜਵਾਨਾਂ ਨੇ ਜਾਣਕਾਰੀ ਦਿੱਤੀ ਕਿ ਸ਼੍ਰੋ.ਗੁ.ਪ੍ਰ.ਕ. ਦਾ ਉਕਤ ਵਤੀਰਾ ਵੇਖ ਕੇ ਸਿੱਖ ਨੌਜਵਾਨਾਂ ਨੇ ਬੀਤੀ ਦੇਰ ਸ਼ਾਮ ਦਰਬਾਰ ਸਾਹਿਬ ਨੂੰ ਜਾਂਦੇ ਰਾਹ ਨੇੜੇ ਹੀ ਧਰਨੇ ਦੀ ਸ਼ੁਰੂਆਤ ਕਰ ਦਿੱਤੀ ਜੋ ਕਿ ਅਜੇ ਵੀ ਜਾਰੀ ਹੈ।
ਉਨ੍ਹਾਂ ਕਿਹਾ ਕਿ ਭਖਦੀ ਗਰਮੀ ਵਿਚ ਵੀ ਨੌਜਵਾਨ ਇਸ ਧਰਨੇ ਵਿਚ ਪਹੁੰਚ ਰਹੇ ਹਨ। ਉਨ੍ਹਾਂ ਕਿਹਾ ਕਿ ਗੁਰੂ ਬਿੰਬ ਦੀ ਨਾਟਕੀ ਪੇਸ਼ਕਾਰੀ ਰੂਹਾਨੀ ਖੁਦਕੁਸ਼ੀ ਦਾ ਰਾਹ ਹੈ। ਉਨ੍ਹਾਂ ਸੱਦਾ ਦਿੱਤਾ ਕਿ ਸਿੱਖ ਨੌਜਵਾਨ ਸੁਚੇਤ ਹੋ ਕੇ ਇਨ੍ਹਾਂ ਕਾਰਵਾਈਆਂ ਨੂੰ ਰੁਕਵਾਉਣ ਲਈ ਅੱਗੇ ਆਉਣ।
ਆਖਰੀ ਖਬਰਾਂ ਮਿਲਣ ਤੱਕ ਇਹ ਧਰਨਾ ਜਾਰੀ ਸੀ ਅਤੇ ਇਸ ਵਿਚ ਸ਼ਮੂਲੀਅਤ ਕਰਨ ਵਾਲਿਆਂ ਦੀ ਗਿਣਤੀ ਵਧ ਰਹੀ ਸੀ।