ਸਿਆਸੀ ਖਬਰਾਂ

ਅੰਮ੍ਰਿਤਸਰ ਰਿਹਾ ਮੁਕੰਮਲ ਅਤੇ ਸ਼ਾਂਤੀਪੂਰਣ ਬੰਦ, ਲੋਕਾਂ ਦੇ ਸਹਿਯੋਗ ਲਈ ਦਲ ਖਾਲਸਾ ਨੇ ਕੀਤਾ ਧੰਨਵਾਦ

By ਸਿੱਖ ਸਿਆਸਤ ਬਿਊਰੋ

June 06, 2017

ਅੰਮ੍ਰਿਤਸਰ: ਭਾਰਤੀ ਫੌਜ ਵਲੋਂ ਜੂਨ ’84 ਵਿਚ ਦਰਬਾਰ ਸਾਹਿਬ ‘ਤੇ ਕੀਤੇ ਹਮਲੇ ਦੀ 33ਵੀਂ ਵਰ੍ਹੇਗੰਢ ‘ਤੇ ਰੋਸ ਵਜੋਂ ਅਤੇ ਸ਼ਹੀਦਾਂ ਨੂੰ ਸ਼ਰਧਾਜਲੀ ਦੇਣ ਹਿੱਤ ਦਲ ਖਾਲਸਾ ਵਲੋਂ ਦਿੱਤੇ ਅੰਮ੍ਰਿਤਸਰ ਬੰਦ ਦੇ ਸੱਦੇ ਨੂੰ ਸ਼ਹਿਰ ਵਾਸੀਆਂ ਵਲੋਂ ਭਰਪੂਰ ਹੁੰਗਾਰਾ ਮਿਲਿਆ ਅਤੇ ਸ਼ਹਿਰ ਲਗਭਗ ਮੁਕੰਮਲ ਬੰਦ ਰਿਹਾ।

ਕੁਝ ਸਿੱਖ ਜਥੇਬੰਦੀਆਂ ਵਲੋਂ ਇਸ ਬੰਦ ਦੇ ਸੱਦੇ ਨੂੰ ਨਾ-ਕਾਮਯਾਬ ਕਰਨ ਲਈ ਬੀਤੇ ਕੁਝ ਦਿਨਾਂ ਵਿਚ ਕੀਤੇ ਗੁਮਰਾਹਕੁੰਨ ਪ੍ਰਚਾਰ ਦੇ ਬਾਵਜੂਦ ਇਸ ਬੰਦ ਦੇ ਸੱਦੇ ਨੂੰ ਕਾਮਯਾਬ ਕਰਨ ਲਈ ਦਲ ਖਾਲਸਾ ਨੇ ਅੰਮ੍ਰਿਤਸਰ ਸ਼ਹਿਰ ਦੇ ਹਿੰਦੂ, ਮੁਸਲਿਮ, ਇਸਾਈ ਅਤੇ ਸਿੱਖ ਭਾਈਚਾਰੇ ਦਾ ਧੰਨਵਾਦ ਕੀਤਾ।

ਪਾਰਟੀ ਬੁਲਾਰੇ ਕੰਵਰਪਾਲ ਸਿੰਘ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਸਾਰੇ ਧਰਮਾਂ ਦੇ ਲੋਕਾਂ ਵਲੋਂ ਮਿਲੇ ਸਮਰਥਨ ਅਤੇ ਸਹਿਯੋਗ ਕਾਰਨ ਅੱਜ ਦਾ ਬੰਦ ਸ਼ਾਂਤੀਪੂਰਣ ਅਤੇ ਕਾਮਯਾਬ ਰਿਹਾ। ਨਾਲ ਹੀ ਉਹਨਾਂ ਬੰਦ ਦੇ ਸੱਦੇ ਵਿਰੁੱਧ ਪ੍ਰਚਾਰ ਕਰਨ ਲਈ ਅਕਾਲੀ ਦਲ ਅੰਮ੍ਰਿਤਸਰ ਅਤੇ ਅਮਰੀਕ ਸਿੰਘ ਅਜਨਾਲਾ ਜਥੇ ਦੀ ਸਖਤ ਨਿੰਦਾ ਕੀਤੀ।

ਇਸ ਲਿਖਤੀ ਬਿਆਨ ਵਿੱਚ ਅੱਗੇ ਕਿਹਾ ਗਿਆ ਹੈ ਕਿ “ਅੱਜ ਫਿਰ ਕੌਮ ਦਾ ਭਰੋਸਾ ਗੁਆ ਚੁੱਕੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਸੁਨੇਹੇ ਨੂੰ ਸੰਗਤ ਨੇ ਰੱਦ ਕਰ ਦਿੱਤਾ। ਉਹਨਾਂ ਕਿਹਾ ਕਿ ਸੰਗਤ ਨੇ ਦਾਗੀ ਜਥੇਦਾਰ ਨੂੰ ਉਸ ਦੀ ਅਸਲ ਥਾਂ ਦਿਖਾਈ ਜਦੋਂ ਸੰਗਤ ਨੇ ਜੋਸ਼-ਭਰਪੂਰ ਢੰਗ ਨਾਲ ਉਹਨਾਂ ਦੇ ਸੁਨੇਹੇ ਨੂੰ ਰੱਦ ਕੀਤਾ। ਇਸੇ ਤਰ੍ਹਾਂ, ਆਪੂ-ਬਣੇ ਜਥੇਦਾਰ ਅਮਰੀਕ ਸਿੰਘ ਅਜਨਾਲਾ ਦੀ ਦਲ ਖਾਲਸਾ ਵਲੋਂ ਦਿੱਤੇ ਬੰਦ ਦੇ ਸੱਦੇ ਵਿਰੁੱਧ ਅਪੀਲ ਨੂੰ ਅੰਮ੍ਰਿਤਸਰ ਦੇ ਲੋਕਾਂ ਨੇ ਵੀ ਰੱਦ ਕਰ ਦਿੱਤਾ। ਉਹਨਾਂ ਕਿਹਾ ਕਿ ਇਹਨਾਂ ਦੋਵਾਂ ਨੂੰ ਭਰਮ ਵਿਚ ਜਿਉਣਾ ਛੱਡ ਦੇਣਾ ਚਾਹੀਦਾ ਹੈ।”

ਉਹਨਾਂ ਕਿਹਾ ਕਿ ਦਲ ਖਾਲਸਾ ਦੇ ਆਗੂਆਂ ਅਤੇ ਕਾਰਕੁੰਨਾਂ ਵਲੋਂ ਗੁਰਬਚਨ ਸਿੰਘ ਦੇ ਸੁਨੇਹੇ ਦਾ ਬਾਈਕਾਟ ਕੀਤਾ ਗਿਆ। ਉਹਨਾਂ ਕਿਹਾ ਕਿ ਇਹ ਨਿਰਾਸ਼ਾਜਨਕ ਅਤੇ ਅਫਸੋਸਨਾਕ ਗੱਲ ਹੈ ਕਿ ਸ਼੍ਰੋਮਣੀ ਕਮੇਟੀ ਨੇ ਗਿਆਨੀ ਗੁਰਬਚਨ ਸਿੰਘ ਨੂੰ ਲਾਂਭੇ ਕਰਨ ਦੀ ਪੰਥ ਦੀ ਅਵਾਜ਼ ਨੂੰ ਅਣਸੁਣੀ ਕੀਤਾ ਅਤੇ ਕੰਧ ਤੇ ਲਿਖੇ ਨੂੰ ਪੜ੍ਹਣ ਵਿੱਚ ਅਸਫਲ ਰਹੀ।

ਅਕਾਲ ਤਖ਼ਤ ਉੱਤੇ ਘੱਲੂਘਾਰਾ ਸਮਾਗਮ ਵਿਚ ਪਾਰਟੀ ਪ੍ਰਧਾਨ ਹਰਪਾਲ ਸਿੰਘ ਚੀਮਾ, ਸਤਨਾਮ ਸਿੰਘ ਪਾਉਂਟਾ ਸਾਹਿਬ, ਕੰਵਰਪਾਲ ਸਿੰਘ, ਰਣਬੀਰ ਸਿੰਘ, ਜਗਜੀਤ ਸਿੰਘ ਖੋਸਾ, ਗੁਰਜੰਟ ਸਿੰਘ, ਸਿੱਖ ਯੂਥ ਆਫ ਪੰਜਾਬ ਦੇ ਪ੍ਰਧਾਨ ਪਰਮਜੀਤ ਸਿੰਘ ਟਾਂਡਾ, ਗੁਰਪ੍ਰੀਤ ਸਿੰਘ, ਮਨਜੀਤ ਸਿੰਘ, ਗੁਰਨਾਮ ਸਿੰਘ, ਗੁਰਵਿੰਦਰ ਸਿੰਘ, ਸੁਖਜਿੰਦਰ ਸਿੰਘ, ਸਰਬਜੋਤ ਸਿੰਘ ਅਤੇ ਹੋਰ ਨੌਜਵਾਨ ਹਾਜ਼ਰ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: