ਜਗਾਧਰੀ (29 ਨਵੰਬਰ, 2015): ਪੰਜ ਕੱਕਾਰ ਇੱਕ ਅੰਮ੍ਰਿਤਧਾਰੀ ਸਿੱਖ ਦੇ ਸਰੀਰ ਦੇ ਅਨਿੱਖੜਵੇਂ ਅੰਗ ਹਨ ਅਤੇ ਇੱਕ ਸਿੱਖ ਜਿਊਦੇਂ ਜੀਅ ਇਨ੍ਹਾਂ ਤੋਂ ਅਲੱਗ ਨਹੀਂ ਹੁੰਦਾ, ਪਰ ਭਾਰਤ ਸਮੇਤ ਸੰਸਾਰ ਦੇ ਵੱਖ-ਵੱਖ ਮੁਲਕਾਂ ਵਿੱਚ ਵੱਸਦੇ ਸਿੱਖਾਂ ਨੂੰ ਬਿਨ੍ਹਾਂ ਕਿਸੇ ਵਜ੍ਹਾ ਕੱਕਾਰ ਧਰਨ ਕਰਨ ਕਰਕੇ ਖੱਜਲ-ਖੁਆਰ ਕੀਤਾ ਜਾਦਾ ਹੈ।
ਹਾਲ ਹੀ ਵੱਚ ਹਰਿਆਣਾ ਦੇ ਸ਼ਹਿਰ ਯਮੁਨਾਨਗਰ ਦੇ ਮਹਾਰਾਜਾ ਅਗਰਸੈਨ ਕਾਲਜ ਵਿਖੇ ਜੇ.ਈ. ਦਾ ਪੇਪਰ ਦੇਣ ਆਏ ਅੰਮ੍ਰਿਤਧਾਰੀ ਨੌਜਵਾਨ ਹਰਮਨਪ੍ਰੀਤ ਸਿੰਘ ਵਾਸੀ ਅੰਬਾਲਾ ਨੂੰ ਪੇਪਰ ਦੇਣ ਤੋਂ ਇਸ ਲਈ ਰੋਕ ਦਿੱਤਾ ਗਿਆ ਕਿ ਉਸ ਨੇ ਛੋਟੀ ਸ੍ਰੀ ਸਾਹਿਬ ਪਾਈ ਹੋਈ ਸੀ।
ਸੈਂਟਰ ‘ਤੇ ਮੌਜੂਦ ਇਕ ਮੈਡਮ ਨੇ ਉਸ ਨੂੰ ਸਪੱਸ਼ਟ ਕਹਿ ਦਿੱਤਾ ਕਿ ਜਦ ਤੱਕ ਉਹ ਸ੍ਰੀ ਸਾਹਿਬ ਬਾਹਰ ਉਤਾਰ ਕੇ ਨਹੀਂ ਆਵੇਗਾ, ਉਹ ਪੇਪਰ ਵਿਚ ਨਹੀਂ ਬੈਠ ਸਕੇਗਾ। ਇਸ ‘ਤੇ ਹਰਮਨਪ੍ਰੀਤ ਸਿੰਘ ਨੇ ਮਾਮਲੇ ਦੀ ਜਾਣਕਾਰੀ ਆਪਣੇ ਪਰਿਵਾਰ ਨੂੰ ਦਿੱਤੀ। ਪਰਿਵਾਰ ਵੱਲੋਂ ਯਮੁਨਾਨਗਰ/ਜਗਾਧਰੀ ਦੇ ਉਘੇ ਸਿੱਖ ਆਗੂਆਂ ਨੂੰ ਘਟਨਾ ਤੋਂ ਜਾਣੂ ਕਰਾਇਆ ਗਿਆ।
ਇਸ ‘ਤੇ ਉਨ੍ਹਾਂ ਆਗੂਆਂ ਨੇ ਜ਼ਿਲ੍ਹੇ ਦੇ ਉੱਚ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਗੱਲ ਕੀਤੀ। ਉਚ ਅਧਿਕਾਰੀਆਂ ਵੱਲੋਂ ਤੁਰੰਤ ਪ੍ਰੀਖਿਆ ਸੈਂਟਰ ਵਿਚ ਨਿਰਦੇਸ਼ ਦਿੱਤੇ ਗਏ। ਇਸ ਤਰ੍ਹਾਂ ਤਕਰੀਬਨ 30-40 ਮਿੰਟ ਬਾਅਦ ਹਰਮਨਪ੍ਰੀਤ ਸਿੰਘ ਨੂੰ ਪੇਪਰ ਦੇਣ ਲਈ ਕੇਂਦਰ ਵਿਚ ਦਾਖਲ ਕਰਾਇਆ ਗਿਆ। ਹਰਮਨਪ੍ਰੀਤ ਸਿੰਘ ਦੇ ਪਿਤਾ ਸਰਬਜੀਤ ਸਿੰਘ ਨੇ ਇਸ ਘਟਨਾ ਦੀ ਨਿੰਦਾ ਕੀਤੀ।