ਸਿਆਸੀ ਖਬਰਾਂ

ਅਮਿਤ ਸ਼ਾਹ ਬਣਿਆ ਭਾਜਪਾ ਪ੍ਰਧਾਨ, ਮੋਦੀ ਤੇ ਸ਼ਾਹ ਦੀ ਜੋੜੀ ਭਾਰਤ ‘ਚ ਭਗਵਾ ਲਹਿਰ ਨੂੰ ਹੋਰ ਮਜ਼ਬੂਤ ਕਰੇਗੀ

By ਸਿੱਖ ਸਿਆਸਤ ਬਿਊਰੋ

July 10, 2014

ਨਵੀਂ ਦਿੱਲੀ (9 ਜੁਲਾਈ 2014): ਗੁਜਰਾਤ ਦੇ ਸਾਬਕਾ ਗ੍ਰਹਿ ਮੰਤਰੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਹੁਤ ਕਰੀਬੀ ਸਾਥੀ ਅਤੇ ਭਾਜਪਾ ਦੇ ਵਿਵਾਦਤ ਆਗੂ ਅਮਿਤ ਸ਼ਾਹ ਨੂੰ ਆਪਣਾ ਜਾਨਸ਼ੀਨ ਐਲਾਨਦਿਆਂ ਰਾਜਨਾਥ ਸਿੰਘ ਨੇ ਉਨ੍ਹਾਂ ਦੀ ਪ੍ਰਬੰਧਕੀ ਮੁਹਾਰਤ ਦੀ ਸ਼ਲਾਘਾ ਕੀਤੀ ਅਤੇ ਲੋਕ ਸਭਾ ਚੋਣਾਂ ਦੌਰਾਨ ਉੱਤਰ ਪ੍ਰਦੇਸ਼ ‘ਚ ਭਾਜਪਾ ਦੀ ਸ਼ਾਨਦਾਰ ਜਿੱਤ ਦਾ ਸਿਹਰਾ ਬੰਨਿ੍ਆ।

ਅਮਿਤ ਸ਼ਾਹ ਜਿਨ੍ਹਾਂ ਨੇ ਉੱਤਰ ਪ੍ਰਦੇਸ਼ ਵਿਚ ਲੋਕ ਸਭਾ ਚੋਣਾਂ ‘ਚ ਪਾਰਟੀ ਦੀ ਜਿੱਤ ਵਿਚ ਅਹਿਮ ਭੂਮਿਕਾ ਨਿਭਾਈ ਹੈ, ਨੂੰ ਭਾਜਪਾ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ । ਸ਼ਾਹ ਜੋ ਮੋਦੀ ਦੇ ਵਿਵਾਦਤ ਨਜ਼ਦੀਕੀ ਹਨ, ਨੂੰ ਸੰਸਦੀ ਬੋਰਡ ਦੀ ਹੋਈ ਮੀਟਿੰਗ ਵਿਚ ਪਾਰਟੀ ਪ੍ਰਧਾਨ ਬਣਾਇਆ ਗਿਆ ਜਿਸ ਅਹੁਦੇ ਤੋਂ ਰਾਜਨਾਥ ਸਿੰਘ ਨੇ ਅਸਤੀਫ਼ਾ ਦੇ ਦਿੱਤਾ ।

 ਸੰਸਦੀ ਬੋਰਡ ਦੀ ਮੀਟਿੰਗ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਐਲ. ਕੇ. ਅਡਵਾਨੀ, ਮੁਰਲੀ ਮਨੋਹਰ ਜੋਸ਼ੀ, ਐਮ. ਵੈਂਕਈਆ ਨਾਇਡੂ, ਨਿਤਿਨ ਗਡਕਰੀ ਤੇ ਸੁਸ਼ਮਾ ਸਵਰਾਜ ਨੇ ਹਿੱਸਾ ਲਿਆ। ਮੀਟਿੰਗ ਉਪਰੰਤ ਪਾਰਟੀ ਦੇ ਮੁੱਖ ਦਫਤਰ ਵਿਖੇ ਪੱਤਰਕਾਰ ਸੰਮੇਲਨ ਵਿਚ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਸ਼ਾਹ ਨੂੰ ਪ੍ਰਧਾਨ ਨਿਯੁਕਤ ਕਰਨ ਦਾ ਐਲਾਨ ਕੀਤਾ । ਉਨ੍ਹਾਂ ਕਿਹਾ ਕਿ ਸੰਸਦੀ ਪਾਰਟੀ ਦੀ ਅੱਜ ਹੋਈ ਮੀਟਿੰਗ ਵਿਚ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਹੈ ਕਿ ਅਮਿਤ ਸ਼ਾਹ ਭਾਜਪਾ ਦੇ ਅਗਲੇ ਪ੍ਰਧਾਨ ਹੋਣਗੇ ।

 50 ਸਾਲਾ ਸ਼ਾਹ ਜੋ ਪਹਿਲਾਂ ਸ਼ੇਅਰਾਂ ਦਾ ਕਾਰੋਬਾਰ ਕਰਦੇ ਸਨ, ਨੇ ਲੋਕ ਸਭਾ ਚੋਣਾਂ ਦੌਰਾਨ ਉੱਤਰ ਪ੍ਰਦੇਸ਼ ਵਿਚ ਹੇਠਲੇ ਪੱਧਰ ਤੱਕ ਮੁਹਿੰਮ ਚਲਾਈ। ਉਨ੍ਹਾਂ ਨੇ ਬੂਥ ਪੱਧਰ ਤੱਕ ਵਰਕਰਾਂ ਨੂੰ ਸਰਗਰਮ ਕੀਤਾ ਤੇ ਪਾਰਟੀ ਵਿਚਲੀ ਫੁੱਟ ਨੂੰ ਕਾਬੂ ਵਿਚ ਕੀਤਾ। ਰਾਜ ਵਿਚ ਪਾਰਟੀ ਢਾਂਚੇ ਨੂੰ ਮੁੜ ਖੜ੍ਹਾ ਕਰਨ ਵਿਚ ਉਨ੍ਹਾਂ ਨੇ ਅਹਿਮ ਭੂਮਿਕਾ ਨਿਭਾਈ ਙ ਵਾਰਾਨਸੀ ਵਿਚ ਮੋਦੀ ਦੀ ਸਮੁੱਚੀ ਚੋਣ ਮੁਹਿੰਮ ਉਨ੍ਹਾਂ ਨੇ ਚਲਾਈ ।

ਜ਼ਿਕਰਯੋਗ ਹੈ ਕਿ ਨਰਿੰਦਰ ਮੋਦੀ ਦੇ ਅਤਿ ਨਜਦੀਕੀ ਸਾਥੀ ਅਮਿਤ ਸ਼ਾਹ ਵਿਵਾਦਾਂ ਵਿੱਚ ਘਿਰੇ ਰਹੇ ਹਨ। ਉਨ੍ਹਾਂ ‘ਤੇ ਚਰਚਤਿ ਗੈਂਗਸ਼ਟਰ ਸ਼ੋਰਾਬੂਦੀਨ ਅਤੇ ਉਸਦੀ ਪਤਨੀ ਕੌਸਰ ਬੀ ਨੂੰ ਸੰਨ 2005 ਵਿੱਚ ਝੂਠੇ ਪੁਲਿਸ ਮੁਕਾਬਲੇ ਵਿੱਚ ਮਰਵਾਉਣ ਦਾ ਦੋਸ਼ ਹੈ ।ਜਿਸ ਵਿੱਚ ਗੁਜਰਾਤ ਅਤੇ ਰਾਜਸਥਾਨ ਪੁਲਿਸ ਦੇ ਆਈ ਪੀ ਅੈੱਸ ਅਧਿਕਾਰੀ ਜੇਲ ਵਿੱਚ ਹਨ, ਜਿਨ੍ਹਾਂ ਵਿੱਚੋ ਗੁਜਰਾਤ ਦੇ ਸਾਬਕਾ ਡੀਜੀਪੀ ਪ੍ਰਮੁੱਖ ਹਨ। ਅਮਿਤ ਸ਼ਾਹ ਨੂੰ ਉਰੋਕਤ ਕੇਸ ਵਿੱਚ ਸੀਬੀਆਈ ਵੱਲੋਂ25 ਜੁਲਾਈ 2010 ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਜਿਸ ਕਰਕੇ ਉਸਨੂੰ ਸਾਬਰਮਤੀ ਜੇਲ ਗੁਜਰਾਤ ਵਿੱਚ 3 ਮਹੀਨੇ ਬੰਦ ਰਹਿਣਾ ਪਿਆ ਸੀ , ਬਆਦ ਵਿੱਚ ਉਹ ਸੁਪਰੀਮ ਕੋਰਟ ਵੱਲੋਂ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ ਗਿਆ ਸੀ।

ਇਸਤੋਂ ਇਲਾਵਾ ਅਮਿਤ ਸ਼ਾਹ ਦਾ ਨਾਮ ਸੰਨ 2004 ਵਿੱਚ ਗੁਜਰਾਤ ਪੁਲਿਸ ਵੱਲੋਂ ਮੁਸਲਮਾਨ ਨੌਜਵਾਨ ਲੜਕੀ ਇਸ਼ਰਤ ਜਹਾਂ ਅਤੇ ਤਿੰਨ ਹੋਰ ਮੁਸਮਾਨ ਨੌਜਵਾਨਾਂ ਨੂੰ ਅੱਤਵਾਦੀ ਕਹਿ ਕੇ ਝੂਠੇ ਪੁਲਿਸ ਮੁਕਾਬਲੇ ਵਿੱਚ ਮਾਰ ਦਿੱਤਾ ਗਿਆ ਸੀ, ਵਿੱਚ ਵੀ ਉਭਰਿਆ ਸੀ , ਭਾਂਵੇ ਕਿ ਸੀਬੀਆਈ ਨੇ ਬਾਅਦ ਵਿੱਚ ਉਸਨੂੰ ਕਲੀਨ ਚਿੱਟ ਦੇ ਦਿੱਤੀ ਸੀ।ਮੰਨਿਆ ਜਾ ਰਿਹਾ ਹੈ ਕਿ ਸ਼ਾਹ ਦੀ ਨਿਯੁਕਤੀ ਨਾਲ ਮੋਦੀ ਸਰਕਾਰ ਅਤੇ ਪਾਰਟੀ ‘ਚ ਤਾਲਮੇਲ ਵਧੀਆ ਬਣੇਗਾ ਅਤੇ ਮੋਦੀ ਤੇ ਸ਼ਾਹ ਦੀ ਜੋੜੀ ਦੇਸ਼ ‘ਚ ਭਗਵਾ ਲਹਿਰ ਨੂੰ ਹੋਰ ਮਜ਼ਬੂਤ ਕਰੇਗੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: