ਸ੍ਰੀ ਅੰਮ੍ਰਿਤਸਰ ਸਾਹਿਬ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿਗ ਕਮੇਟੀ ਵਲੋਂ 22 ਅਕਤੂਬਰ ਨੂੰ ਸੱਦੀ ਗਈ ਹੰਗਾਮੀ ਬੈਠਕ ਨੇ ਗਿਆਨੀ ਗੁਰਬਚਨ ਸਿੰਘ ਦੇ ਅਸਤੀਫੇ ਨੂੰ ਪ੍ਰਵਾਨ ਕਰ ਲਿਆ ਹੈ ਅਤੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਸ੍ਰੀ ਅਕਾਲ ਤਖਤ ਸਾਹਿਬ ਦਾ ਵਾਧੂ ਜਥੇਦਾਰ ਲਾ ਦਿੱਤਾ ਗਿਆ ਹੈ। ਗਿਆਨੀ ਹਰਪ੍ਰੀਤ ਸਿੰਘ ਹੁਣ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਹੋਣ ਦੇ ਨਾਲ-ਨਾਲ ਆਰਜੀ ਤੌਰ ‘ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰਨੀ ਜਥੇਦਾਰ ਵੀ ਹੋਣਗੇ ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰਨੀ ਕਮੇਟੀ ਵਿੱਚ ਇੱਕੋ-ਇੱਕੋ ਗੈਰ ਅਕਾਲੀ ਅਮਰੀਕ ਸਿੰਘ ਸ਼ਾਹਪੁਰ ਨੇ ਹਰਪ੍ਰੀਤ ਸਿੰਘ ਨੂੰ ਨਵਾਂ ਕਾਰਜਕਾਰਨੀ ਜਥੇਦਾਰ ਲਾਉਣ ਉੱਤੇ ਆਪਣਾ ਵਿਰੋਧ ਜ਼ਾਹਿਰ ਕੀਤਾ ਹੈ।ਅਮਰੀਕ ਸਿੰਘ ਜੀ ਨੇ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੋਂਗੋਵਾਲ ਨੂੰ ਚਿੱਠੀ ਸੌਂਪ ਕੇ ਇਹ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਸੇਵਾ ਕਿਸੇ ਨੂੰ ਵੀ ਦੇਣ ਤੋਂ ਪਹਿਲਾਂ ਸਭ ਪੰਥਕ ਜਥੇਬੰਦੀਆਂ ਦੇ ਨਾਲ ਰਾਏ ਮਸ਼ਵਰਾ ਕੀਤਾ ਜਾਣਾ ਚਾਹੀਦਾ ਹੈ। ਇਸਦੇ ਨਾਲ ਹੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਲਈ ਨਿਯਮ, ਯੋਗਤਾ, ਕਾਰਜਖੇਤਰ, ਕਾਰਜਵਿਧੀ ਅਤੇ ਸੇਵਾ-ਮੁਕਤੀ ਲਈ ਵਿਧੀ-ਵਿਧਾਨ ਨਿਰਧਾਰਤ ਕੀਤਾ ਜਾਵੇ।ਭਾਈ ਸਾਹਬ ਨੇ ਮੰਗ ਵੀ ਕੀਤੀ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਕਿਸੇ ਵੀ ਤਰੀਕੇ ਦੇ ਅਜਿਹੇ ਸੁਰੱਖਿਆ ਪ੍ਰਬੰਧ ਨਾ ਹੋਣ ਜਿਹੜੇ ਕਿ ਸੰਗਤ ਦੇ ਤਾਲ-ਮੇਲ ਵਿੱਚ ਰੋਕ ਬਣਨ ।
ਆਪਣੇ ਵਲੋਂ ਸੌੰਪੀ ਗਈ ਇਸ ਚਿੱਠੀ ਵਿੱਚ ਅਮਰੀਕ ਸਿੰਘ ਸ਼ਾਹਪੁਰ ਨੇ 2009 ਵਿੱਚ ਅਕਾਲ ਤਖਤ ਦੇ ਜਥੇਦਾਰ ਭਾਈ ਜੋਗਿੰਦਰ ਸਿੰਘ ਵੇਦਾਂਤੀ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਤੀਆਂ ਨੂੰ ਗਈਆਂ ਹਦਾਇਤਾਂ ਦਾ ਦਸਤਾਵੇਜ਼ ਵੀ ਚਿੱਠੀ ਦੇ ਨਾਲ ਜੋੜਿਆ। 2009 ਵਿੱਚ ਅਕਾਲ ਤਖਤ ਦੇ ਜਥੇਦਾਰ ਭਾਈ ਜੋਗਿੰਦਰ ਸਿੰਘ ਵੇਦਾਂਤੀ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹ ਹਦਾਇਤ ਕੀਤੀ ਗਈ ਸੀ ਕਿ ਗੁਰਮਤਿ ਸੋਚ ਵਾਲੇ ਮਾਹਿਰਾਂ ਦੀ ਕਮੇਟੀ ਦੀ ਸਥਾਪਨਾ ਕਰਕੇ ਪੰਜਾ ਤਖਤਾਂ ਦੇ ਉੱਤੇ ਜਥੇਦਾਰੀ ਅਤੇ ਗ੍ਰੰਥੀ ਦੀ ਸੇਵਾ ਨਿਭਾਉਣ ਵਾਲੀਆਂ ਸ਼ਖਸੀਅਤਾਂ ਦੀ ਚੋਣ ਲਈ ਇੱਕ ਵਿਧੀ-ਵਿਧਾਨ ਤਿਆਰ ਕੀਤਾ ਜਾਵੇ ਅਤੇ ਉਹਨਾਂ ਦੀਆਂ ਜਿੰਮੇਵਾਰੀਆਂ, ਸ਼ਕਤੀ ,ਯੋਗਤਾ, ਕਾਰਜਖੇਤਰ, ਕਾਰਜਵਿਧੀ ਅਤੇ ਸੇਵਾ ਮੁਕਤੀ ਦੇ ਨਿਯਮਾਂ ਦਾ ਨਿਰਧਾਰਣ ਕੀਤਾ ਜਾਵੇ।
ਅਮਰੀਕ ਸਿੰਘ ਸ਼ਾਹਪੁਰ ਵਲੋਂ ਗੋਬਿੰਦ ਸਿੰਘ ਲੋਂਗੋਵਾਲ ਨੂੰ ਸੌਪੀ ਗਈ ਚਿੱਠੀ ਹੇਂਠਾਂ ਸਾਂਝੀ ਕੀਤੀ ਜਾ ਰਹੀ ਹੈ-
ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਵਲੋਂ 2009 ਵਿੱਚ ਜਥੇਦਾਰ ਸਾਹਿਬਾਨਾਂ ਦੀ ਚੋਣ ਸੰਬੰਧੀ ਵਿਧੀ ਵਿਧਾਨ ਤਿਆਰ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹਦਾਇਤ ਕੀਤੀ ਗਈ ਸੀ।ਉਸ ਦਾ ਦਸਤਾਵੇਜ਼ੀ ਰੂਪ ਹੇਂਠਾਂ ਸਾਂਝਾ ਕੀਤਾ ਜਾ ਰਿਹਾ ਹੈ।