ਸਿੱਖ ਖਬਰਾਂ

ਬਦਲੇ ਗਏ ਕੈਲੰਡਰ ਨੂੰ ਸਿੱਖ ਕੌਮ ਪ੍ਰਵਾਨ ਨਹੀਂ ਕਰੇਗੀ: ਪੰਚ ਪ੍ਰਧਾਨੀ

By ਸਿੱਖ ਸਿਆਸਤ ਬਿਊਰੋ

January 03, 2010

ਫ਼ਤਿਹਗੜ੍ਹ ਸਾਹਿਬ (3 ਜਨਵਰੀ, 2009 – ਪਰਦੀਪ ਸਿੰਘ): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿੰਗ ਕਮੇਟੀ ਵਲੋਂ ਸਿੱਖ ਕੌਮ ਦੇ ਸਰਬ-ਪ੍ਰਵਾਨਿਤ ਨਾਨਕਸ਼ਾਹੀ ਕੈਲੰਡਰ ਵਿੱਚ ਬਿਕਰਮੀ ਕੈਲੰਡਰ ਅਨਸਾਰ ਫੇਰ-ਬਦਲ ਕਰਨ ਦੀ ਪੰਥ ਵਿਰੋਧੀ ਕਾਰਵਾਈ ਦਾ ਕਰੜਾ ਵਿਰੋਧ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਨੇ ਐਲਾਨ ਕੀਤਾ ਹੈ ਕਿ ਸਿੱਖ ਕੌਮ ਇਸਨੂੰ ਪ੍ਰਵਾਨ ਨਹੀਂ ਕਰੇਗੀ ਅਤੇ ਸਾਰੇ ਪੰਥਕ ਦਿਹਾੜੇ ਪਹਿਲਾਂ ਵਾਲੇ ਨਾਨਕਸ਼ਾਹੀ ਕੈਲੰਡਰ ਅਨੁਸਾਰ ਮਨਾਉਣ ਨੂੰ ਹੀ ਤਰਜੀਹ ਦਵੇਗੀ। ਇਹ ਐਲਾਨ ਕਰਦਿਆਂ ਦਲ ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ, ਜਥੇਬੰਦਕ ਸਕੱਤਰ ਜਸਵੀਰ ਸਿੰਘ ਖੰਡੂਰ ਅਤੇ ਯੂਥ ਆਗੂ ਸੰਦੀਪ ਸਿੰਘ ਕਨੇਡੀਅਨ ਨੇ ਸ਼੍ਰੋਮਣੀ ਕਮੇਟੀ ’ਤੇ ਕਾਬਜ਼ ਟੋਲੇ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਕਿਹਾ ਕਿ ਅਵਤਾਰ ਸਿੰਘ ਮੱਕੜ ਨੇ ਪ੍ਰਕਾਸ਼ ਸਿੰਘ ਬਾਦਲ ਰਾਹੀਂ ਪੰਥ ਦੁਸ਼ਮਣ ਹਿੰਦੂਵਾਦੀਆਂ ਦੇ ਹੱਕ ਵਿੱਚ ਭੁਗਤ ਕੇ ਉਨ੍ਹਾਂ ਦੇ ਪੰਥ ਨੂੰ ਦੋਫਾੜ ਕਰਨ ਦੇ ਮਨਸੂਬਿਆਂ ਨੂੰ ਅੰਜਾਮ ਦੇ ਕੇ ਚਿੱਟੇ ਦਿਨੀਂ ਪੰਥ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ।

ਉਨ੍ਹਾਂ ਕਿਹਾ ਕਿ ਇਸ ਟੋਲੇ ਨੇ ਪ੍ਰੋ. ਗੁਰਮੁਖ ਸਿੰਘ ਨੂੰ ਪੰਥ ਵਿੱਚੋਂ ਛੇਕਣ ਅਤੇ ਜਨਰਲ ਡਾਇਰ ਨੂੰ ਸਿਰੋਪਾ ਦੇਣ ਵਰਗਾ ਹੀ ਗੁਨਾਹ ਕੀਤਾ ਹੈ ਅਤੇ ਇਹ ਗੁਨਾਹ ਰਾਮ ਰਾਈਆਂ ਦੇ ਗੁਨਾਹ ਤੋਂ ਵੀ ਕਿਸੇ ਤਰ੍ਹਾਂ ਘੱਟ ਨਹੀਂ। ਸਿੱਖ ਕੌਮ ਦੇ ਵਿਰੋਧ ਵਿੱਚ ਅੱਜ ਰਾਮ ਰਾਈਆਂ ਦੀ ਇਹ ਨਵੀਂ ਧਿੜ ਪੈਦਾ ਹੋ ਗਈ ਹੈ।ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਸਮਾਂ ਆਉਣ ’ਤੇ ਪੰਥ ਨੇ ਪ੍ਰੋ. ਗੁਰਮੁਖ ਸਿੰਘ ਬਾਰੇ ਕੀਤੇ ਗਏ ‘ਗੁਰਮਤੇ’ ਨੂੰ ਰੱਦ ਕੀਤਾ ਅਤੇ ਡਾਇਰ ਨੂੰ ਦਿੱਤੇ ਸਿਰੋਪੇ ਦੀ ਕਾਰਵਾਈ ਨਾਲੋਂ ਨਾਤਾ ਤੋੜਿਆ ਉਸੇ ਤਰ੍ਹਾਂ ਅੱਜ ਦੇ ਇਸ ਕਾਲੇ ਫੈਸਲੇ ਨੂੰ ਵੀ ਪੰਥ ਦੀ ਮੁੱਖ ਧਾਰਾ ਪ੍ਰਵਾਨ ਨਹੀਂ ਕਰੇਗੀ। ਉਨ੍ਹਾਂ ਕਿਹਾ ਕਿ ਇਹ ਫੈਸਲਾ ਕਰਨ ਵਾਲੀ ਜੁੰਡਲੀ ਨੇ ਅੱਜ ਇਤਿਹਾਸ ਵਿੱਚ ਅਪਣਾ ਨਾਂ ਦੁਸ਼ਮਣਾਂ ਦੀ ਸੂਚੀ ਵਿੱਚ ਲਿਖਵਾ ਲਿਆ ਹੈ।ਜਦੋਂ ਵੀ ਧਾਰਮਿਕ ਸੰਸਥਾਵਾਂ ਨੂੰ ਕਾਬਜ਼ ਸਿਆਸਤ ਨੇ ਅਪਣੇ ਨਿੱਜ਼ੀ ਹਿੱਤਾਂ ਲਈ ਵਰਤਿਆ ਹੈ ਤਾਂ ਉਪ੍ਰੋਕਤ ਕਿਸਮ ਦੇ ਵਰਤਾਰੇ ਅਕਸਰ ਵਾਪਰਦੇ ਰਹੇ ਹਨ। ਉਕਤ ਆਗੂਆਂ ਨੇ ਜਥੇਦਾਰ ਅਕਾਲ ਤਖ਼ਤ ਗਿਆਨੀ ਗੁਰਬਚਨ ਸਿੰਘ ਨੂੰ ਅਪੀਲ ਕਰਦਿਆਂ ਕਿਹਾ ਕਿ ਬਾਦਲ ਲਾਣਾ ਆਪਣੇ ਕੀਤੇ ਪਾਪ ’ਤੇ ਅਕਾਲ ਤਖ਼ਤ ਸਾਹਿਬ ਦੀ ਮੋਹਰ ਹੁਣ ਤਹਾਡੇ ਹੱਥੋਂ ਲਗਵਾਉਣ ਜਾ ਰਿਹਾ ਹੈ। ਜੇਕਰ ਹੁਣ ਜਥੇਦਾਰ ਅਕਾਲ ਤਖ਼ਤ ਇਸ ਮਾਮਲੇ ਵਿੱਚ ਇਸ ਪੰਥ ਦੁਸ਼ਮਣ ਜੁੰਡਲੀ ਦਾ ਸਾਥ ਦਿੰਦੇ ਹਨ ਤਾਂ ਇਤਿਹਾਸ ਉਨ੍ਹਾਂ ਨੂੰ ਵੀ ਸਦਾ ਲਈ ਇਸ ਰੱਬੀ ਤਖ਼ਤ ਨਾਲ ਖਿਲਵਾੜ ਕਰਨ ਵਾਲੇ ਲੋਕਾਂ ਦੀ ਸ਼੍ਰੇਣੀ ਵਿੱਚ ਸ਼ਾਮਿਲ ਕਰ ਲਵੇਗਾ। ਉਨਾਂ ਕਿਹਾ ਕਿ ਅਕਾਲ ਤਖ਼ਤ ਸਾਹਿਬ ਦੇ ਨਾਂ ’ਤੇ ਹਿੰਦੂਵਾਦੀ ਤਖ਼ਤ ਦੇ ਫ਼ਤਵੇ ਜਾਰੀ ਕਰਨ ਵਾਲੇ ਪੂਰਨ ਸਿੰਘ ਤੇ ਜੋਗਿੰਦਰ ਸਿੰਘ ਵੇਦਾਂਤੀ ਦੀ ਹੋਈ ਜ਼ਲਾਲਤ ਸਭ ਦੇ ਸਾਹਮਣੇ ਹੈ ਤੇ ਕੱਲ੍ਹ ਨੂੰ ਉਨ੍ਹਾਂ ਨਾਲ ਵੀ ਇਹੋ ਕੁਝ ਵਪਾਰ ਸਕਦਾ ਹੈ।

ਉਨ੍ਹਾਂ ਇਸ ਮੌਕੇ ਅੰਤਰਿੰਗ ਕਮੇਟੀ ਮੈਂਬਰ ਕਰਨੈਲ ਸਿੰਘ ਪੰਜੋਲੀ, ਸੁਖਦੇਵ ਸਿੰਘ ਭੌਰ ਅਤੇ ਬੀਬੀ ਰਵਿੰਦਰ ਕੌਰ ਦਾ ਧੰਨਵਾਦ ਕੀਤਾ ਜਿਨ੍ਹਾਂ ਅੰਤਰਿੰਗ ਕਮੇਟੀ ਦੇ ਬਾਕੀ ਟੋਲੇ ਨਾਲੋਂ ਨਿਖੜ ਕੇ ਇਸ ਕੈਲੰਡਰ ਅਤੇ ਸਿੱਖ ਕੌਮ ਦੀ ਬੇਹਤਰੀ ਦੇ ਹੱਕ ਵਿੱਚ ਵਾਕ ਆਊਟ ਕਰੇ ਦੁਸਮਣ ਦੇ ਮਨਸੂਬਿਆਂ ਦਾ ਵਿਰੋਧ ਕੀਤਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: