ਵਾਸ਼ਿੰਗਟਨ: ਸਿੱਖ-ਅਮਰੀਕੀ ਟਰੱਕ ਡਰਾਈਵਰਾਂ ਦੇ ਵਫ਼ਦ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਬੇਨਤੀ ਕੀਤੀ ਹੈ ਕਿ ਉਨ੍ਹਾਂ ਦੇ ਵਾਹਨਾਂ ਉਤੇ ਲੌਗਿੰਗ ਵਾਲੇ ਮਹਿੰਗੇ ਯੰਤਰ ਲਾਉਣੇ ਲਾਜ਼ਮੀ ਕਰਨ ਵਾਲੇ ਨਿਯਮਾਂ ਨੂੰ ਹਾਲੇ ਲਾਗੂ ਨਾ ਕੀਤਾ ਜਾਵੇ।
ਇਹ ਨਵੇਂ ਨਿਯਮ 18 ਦਸੰਬਰ ਤੋਂ ਲਾਗੂ ਹੋਣੇ ਹਨ, ਜਿਸ ਤਹਿਤ ਤਕਰੀਬਨ ਸਾਰੇ ਵਪਾਰਕ ਟਰੱਕਾਂ ਉਤੇ ਇਲੈਕਟ੍ਰਾਨਿਕ ਲੌਗਿੰਗ ਡਿਵਾਈਸ (ਈਐਲਡੀ) ਯੰਤਰ ਖਰੀਦ ਕੇ ਲਾਉਣੇ ਜ਼ਰੂਰੀ ਹਨ। ਇਸ ਯੰਤਰ ਰਾਹੀਂ ਟਰੱਕਾਂ ਦੇ ਚੱਲਣ ਤੇ ਬੰਦ ਰਹਿਣ ਦੇ ਘੰਟਿਆਂ ਬਾਰੇ ਪਤਾ ਲੱਗੇਗਾ।
ਈਐਲਡੀ ਯੰਤਰ ਵਾਹਨ ਦੇ ਇੰਜਣ ਉਤੇ ਲਾਇਆ ਜਾਂਦਾ ਹੈ, ਜੋ ਆਪਣੇ ਆਪ ਇੰਜਣ ਦੇ ਚੱਲਣ ਦੇ ਸਮੇਂ ਦਾ ਰਿਕਾਰਡ ਰੱਖਦਾ ਹੈ। ਰਿਪੋਰਟਾਂ ਮੁਤਾਬਕ ਇਸ ਯੰਤਰ ਦੀ ਕੀਮਤ ਸਾਲਾਨਾ 165 ਤੋਂ 832 ਅਮਰੀਕੀ ਡਾਲਰ ਤਕ ਹੈ। ਟਰੱਕਾਂ ਉਤੇ ਜ਼ਿਆਦਾਤਰ 495 ਅਮਰੀਕੀ ਡਾਲਰ ਵਾਲੇ ਯੰਤਰ ਦੀ ਵਰਤੋਂ ਕੀਤੀ ਜਾਂਦੀ ਹੈ।
ਸਿੱਖਜ਼ ਪੋਲਿਟੀਕਲ ਐਕਸ਼ਨ ਕਮੇਟੀ ਦੇ ਚੇਅਰਮੈਨ ਗੁਰਿੰਦਰ ਸਿੰਘ ਖਾਲਸਾ ਨੇ ਕਿਹਾ, ‘ਕ੍ਰਿਪਾ ਕਰਕੇ ਈਐਲਡੀ ਨਿਯਮ ਨੂੰ ਲਾਜ਼ਮੀ ਕਰਕੇ ਟਰੱਕਾਂ ਡਰਾਈਵਰਾਂ ਤੇ ਛੋਟੇ ਕਾਰੋਬਾਰੀਆਂ ਦੀ ਰੋਜ਼ੀ-ਰੋਟੀ ’ਤੇ ਲੱਤ ਨਾ ਮਾਰੀ ਜਾਵੇ। ਸੰਘੀ ਅਧਿਕਾਰੀਆਂ ਨੂੰ ਲੱਗਦਾ ਹੈ ਕਿ ਨਵੇਂ ਨਿਯਮਾਂ ਨਾਲ ਸੜਕਾਂ ਉਤੇ ਸਮੱਸਿਆਵਾਂ ਹੱਲ ਹੋ ਜਾਣਗੀਆਂ।’ ਉਨ੍ਹਾਂ ਵੱਲੋਂ 14 ਅਗਸਤ ਨੂੰ ਟਰੰਪ ਨੂੰ ਲਿਖੇ ਪੱਤਰ ਵਿੱਚ ਈਐਲਡੀ ਨਿਯਮ ਨੂੰ ਟਾਲਣ ਲਈ ਬੇਨਤੀ ਕਰਦਿਆਂ ਕਿਹਾ, ‘ਅਸਲ ਵਿੱਚ ਈਐਲਡੀ ਉਤਪਾਦਨ ਵਿਰੋਧੀ ਹੈ ਅਤੇ ਇਸ ਦਾ ਹਾਈਵੇਅ ਸੁਰੱਖਿਆ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਜਦੋਂ ਤਕ ਕੋਈ ਤਰਕਸੰਗਤ ਹੱਲ ਨਹੀਂ ਨਿਕਲ ਸਕਦਾ ਇਸ ਨੂੰ ਅੱਗੇ ਪਾ ਦਿੱਤਾ ਜਾਵੇ।’ ਜ਼ਿਕਰਯੋਗ ਹੈ ਕਿ ਅਮਰੀਕਾ ਵਿੱਚ ਵੱਡੀ ਗਿਣਤੀ ਸਿੱਖ ਟਰੱਕ ਡਰਾਈਵਰ ਹਨ।
ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ: American-Sikh Truckers Urge US President Donald Trump To delay ELD Rule …