ਕੈਲੀਫੋਰਨੀਆ(28 ਨਵੰਬਰ, 2015): ਸਿੱਖਾਂ ਵੱਲੋਂ ਸਿੱਖ ਪਛਾਣ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਵਾਉਣ ਲਈ ਕੀਤੇ ਜਾ ਰਹੇ ਯਤਨਾਂ ਦੇ ਬਾਵਜ਼ੂਦ ਸਿੱਖ ਪਛਾਣ ਪ੍ਰਤੀ ਅਨਜਾਣਤਾ ਕਰਕੇ ਸਿੱਖਾਂ ਨਾਲ ਨਸਲੀ ਵਿਤਕਰੇ ਜਾਂ ਨਸਲੀ ਨਫਰਤ ਦੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ।
ਕਨੈਕਟੀਕਟ ਦੇ ਇਕ ਅਮਰੀਕੀ ਸਿੱਖ ਨੇ ਦੱਸਿਆ ਹੈ ਕਿ ਨਾਥਨ ਦੇ ਇਕ ਪ੍ਰਸਿੱਧ ਰੈਸਤਰਾਂ ਵੱਲੋਂ ਉਨ੍ਹਾਂ ਨੂੰ ਦਿੱਤੀ ਗਈ ਰਸੀਦ ਵਿਚ ਉਨ੍ਹਾਂ ਪ੍ਰਤੀ ਨਸਲੀ ਟਿੱਪਣੀ ਕੀਤੀ ਗਈ ਹੈ । ਸਿੱਖ ਕੁਲੀਸ਼ਨ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਪਰਮਪਾਲ ਸਿੰਘ ਘਈ ਪਿਛਲੇ ਮਹੀਨੇ ਦੀ 25 ਤਰੀਕ ਨੂੰ ਮੈਰੀਲੈਂਡ ਹਾਊਸ ਟਰੈਵਲ ਪਲਾਜ਼ਾ ਵਿਚ ਸਨ, ਜਿਥੇ ਉਨ੍ਹਾਂ ਨੇ ਨਾਥਨ ਤੋਂ ਐਪਲ ਜੂਸ ਤੇ ਹੋਰ ਸਾਮਾਨ ਦਾ ਆਰਡਰ ਦਿੱਤਾ ।
ਸਾਬਤ ਸੂਰਤ ਦਸਤਾਰਧਾਰੀ ਸਿੱਖ ਪਰਮਪਾਲ ਸਿੰਘ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਰਸੀਦ ਮਿਲੀ ਤਾਂ ਉਨ੍ਹਾਂ ਨੇ ਵੇਖਿਆ ਕਿ ਖਜ਼ਾਨਚੀ ਨੇ ਉਸ ਦੇ ਨਾਂਅ ਨਾਲ ‘ਓਸਾਮਾ’ ਲਿਖਿਆ ਹੋਇਆ ਸੀ । ਇਸ ‘ਤੇ ਪ੍ਰਤੀਕਿਰਿਆ ਜ਼ਾਹਰ ਕਰਦਿਆਂ ਸਿੱਖ ਕੁਲੀਸ਼ਨ ਨੇ ਟਵਿੱਟਰ ‘ਤੇ ਲਿਖਿਆ ਹੈ ਕਿ ਕਿਸੇ ਨੂੰ ਉਸ ਦੇ ਪਹਿਰਾਵੇ ਨੂੰ ਦੇਖ ਕੇ ਮਜ਼ਾਕ ਨਹੀਂ ਕਰਨਾ ਚਾਹੀਦਾ ।
ਉਸ ਸਮੇਂ ਪਰਮਪਾਲ ਸਿੰਘ ਬਾਕੀਆਂ ਵਾਂਗ ਆਪਣੇ ਆਰਡਰ ਦੀ ਉਡੀਕ ਕਰ ਰਿਹਾ ਸੀ ਤੇ ਸਾਰਿਆਂ ਨੂੰ ਉਨ੍ਹਾਂ ਦੇ ਨਾਵਾਂ ਨਾਲ ਪੁਕਾਰਿਆ ਜਾ ਰਿਹਾ ਸੀ ਕਿ ਉਹ ਆਪਣਾ ਆਰਡਰ ਲੈ ਲੈਣ । ਉਸ ਨੂੰ ਉਸ ਦਾ ਨਾਂਅ ਨਹੀਂ ਪੁੱਛਿਆ ਗਿਆ, ਸਗੋਂ ਉਸ ਨੇ ਰਸੀਦ ‘ਤੇ ਓਸਾਮਾ ਲਿਖਿਆ ਦੇਖਿਆ, ਜਿਸ ‘ਤੇ ਉਸ ਨੇ ਖਜ਼ਾਨਚੀ ਨਾਲ ਇਸ ਗੱਲ ਨੂੰ ਲੈ ਕੇ ਤਕਰਾਰ ਕੀਤਾ ।
ਸਿੱਖ ਜੱਥੇਬੰਦੀ ਕੁਲੀਸ਼ਨ ਅਨੁਸਾਰ ਉਹ ਖਜ਼ਾਨਚੀ ਤਾਂ ਉਥੋਂ ਚਲਾ ਗਿਆ, ਜਦੋਂ ਕਿ ਨਾਥਨ ਦਾ ਇਕ ਹੋਰ ਕਰਮਚਾਰੀ ਘਈ ‘ਤੇ ਹੱਸਣ ਲੱਗ ਗਿਆ, ਜਿਸ ਨਾਲ ਉਸ ਨੂੰ ਹੋਰ ਵੀ ਨਿਰਾਸ਼ਾ ਹੋਈ ਤੇ ਉਸ ਨੇ ਉਨ੍ਹਾਂ ਦਾ ਖਾਣਾ ਵਾਪਸ ਕਰ ਦਿੱਤਾ ।
ਸਿੱਖ ਕੁਲੀਸ਼ਨ ਨੇ ਖਜ਼ਾਨਚੀ ਦੇ ਇਸ ਵਤੀਰੇ ‘ਤੇ ਇਤਰਾਜ਼ ਪ੍ਰਗਟਾਇਆ ਹੈ । ਉਨ੍ਹਾਂ ਕਿਹਾ ਕਿ ਘਈ ਨਾਲ ਜੋ ਵਾਪਰਿਆ, ਉਹ ਸਾਡੇ ਭਾਈਚਾਰੇ ਨੂੰ ਦਰਪੇਸ਼ ਨਫਰਤ ਅਤੇ ਪ੍ਰੇਸ਼ਾਨੀਆਂ ਦੀਆਂ ਘਟਨਾਵਾਂ ਦਾ ਹਿੱਸਾ ਹੈ ।
ਇਸੇ ਦੌਰਾਨ ਨਾਥਨ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਨਾਥਨ ਇਸ ਤਰ੍ਹਾਂ ਦੇ ਵਤੀਰੇ ਨੂੰ ਬਰਦਾਸ਼ਤ ਨਹੀਂ ਕਰਦਾ ਤੇ ਉਹ ਇਸ ਨੂੰ ਫੌਰੀ ਸੁਲਝਾਉਣ ਲਈ ਯਤਨ ਕਰ ਰਹੇ ਹਨ, ਨਾਲ ਹੀ ਉਨ੍ਹਾਂ ਕਿਹਾ ਕਿ ਉਹ ਘਈ ਨੂੰ ਨਿੱਜੀ ਤੌਰ ‘ਤੇ ਮਿਲਣ ਦਾ ਯਤਨ ਵੀ ਕਰ ਰਹੇ ਹਨ । ਜਿਸ ਇਲਾਕੇ ਵਿਚ ਨਾਥਨ ਰੈਸਤਰਾਂ ਚਲਾਇਆ ਜਾ ਰਿਹਾ ਹੈ, ਉਸ ਦੇ ਫਰੈਂਚਾਈਜ਼ੀ ਨੇ ਪਰਮਪਾਲ ਸਿੰਘ ਨਾਲ ਗੱਲ ਕਰਕੇ ਉਸ ਤੋਂ ਮੁਆਫੀ ਮੰਗੀ ਹੈ ਅਤੇ ਕਿਹਾ ਕਿ ਉਹ ਇਹ ਯਕੀਨੀ ਬਣਾਉਣਗੇ ਕਿ ਅੱਗੇ ਤੋਂ ਅਜਿਹਾ ਨਾ ਹੋਵੇ ।