ਵਾਸ਼ਿੰਗਟਨ (31 ਜੁਲਾਈ, 2015): ਦਸਤਾਰ ਸਿੱਖ ਧਰਮ, ਸਿੱਖ ਪਹਿਰਾਵੇ ਅਤੇ ਸਿੱਖ ਸੱਭਿਆਚਾਰ ਦਾ ਅਨਿੱੜਵਾਂ ਅੰਗ ਹੈ। ਦਸਤਾਰ ਤੋਂ ਬਿਨਾਂ ਸਿੱਖ ਅਧੂਰਾ ਹੀ ਨਹੀਂ, ਸਗੋਂ ਇਸ ਤੋਂ ਬਿਨਾਂ ਸਿੱਖ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ।ਸੰਸਾਰ ਵਿੱਚ ਸਿੱਖ ਨੂੰ ਨਿਵੇਕਲੀ ਪਛਾਣ ਪ੍ਰਤੀ ਅਨਜਾਣਤਾ ਕਰਕੇ ਕਈ ਮੁਸ਼ਕਲਾਂ ਦਾ ਸਾਹਮਣਾ ਕਰਨ ਪੈਂਦਾ ਹੈ। ਇਨ੍ਹਾਂ ਮੁਸ਼ਕਲਾਂ ਵਿੱਚੋਂ ਸਿੱਖ ਖਿਡਾਰੀਆਂ ਨੂੰ ਦਸਤਾਰ ਸਜ਼ਾ ਕੇ ਨਾ ਖੇਡਣ ਦੇਣਾ ਵੀ ਸ਼ਾਮਿਲ ਹੈ, ਜਿਸ ਕਰੇ ਸਿੱਖ ਖਿਡਾਰੀਆਂ ਦੀਆਂ ਧਾਰਮਿਕ ਭਾਵਨਾਵਾਂ ਅਤੇ ਸਵੈਮਾਨ ਨੂੰ ਠੇਸ ਪੁੱਜਦੀ ਹੈ।
ਸਿੱਖ ਖਿਡਾਰੀਆਂ ਨੂੰ ਦਸਤਾਰ ਸਜ਼ਾ ਕੇ ਖੇਡਣ ਦੇਣ ਦੀ ਹਮਾਇਤ ਕਰਦਿਆਂ ਅਮਰੀਕਾ ਦੀਆਂ ਦੋਵਾਂ ਪਾਰਟੀਆਂ ਨਾਲ ਸਬੰਧਿਤ ਅਮਰੀਕਾ ਦੇ ਬਾਰਸੂਖ 39 ਕਾਨੂੰਨਘਾੜਿਆਂ ਦੇ ਇਕ ਇਕ ਗਰੁੱਪ ਨੇ ਮੰਗ ਕੀਤੀ ਕਿ ਅੰਤਰਰਾਸ਼ਟਰੀ ਬਾਸਕਿਟਬਾਲ ਫੈਡਰੇਸਨ ਨੂੰ ਸਿੱਖ ਖਿਡਾਰੀਆਂ ਖਿਲਾਫ਼ ਆਪਣਾ ਵਿਤਕਰਾ ਖਤਮ ਕਰਨਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਦਸਤਾਰ ਸਜਾ ਕੇ ਖੇਡਣ ਦੀ ਇਜਾਜ਼ਤ ਦਿੱਤੀ ਜਾਵੇ ।
ਡੈਮੋਕਰੈਟਿਕ ਗਰੁੱਪ ਦੇ ਉਪ ਪ੍ਰਧਾਨ ਜੋਏ ਕਰਾਉਲੇ ਅਤੇ ਐਮੀ ਬੇਰਾ ਦੀ ਅਗਵਾਈ ਵਿਚ ਕਲ੍ਹ ਅੰਤਰਰਾਸ਼ਟਰੀ ਬਾਸਕਿਟਬਾਲ ਫੈਡਰੇਸ਼ਨ ਨੂੰ ਇਕ ਪੱਤਰ ਲਿਖ ਕੇ ਨੀਤੀ ਵਿਚ ਤਬਦੀਲੀ ਪ੍ਰਤੀ ਆਪਣੇ ਸਮਰਥਨ ਨੂੰ ਮੁੜ ਦੁਹਰਾਇਆ ਹੈ ਜਿਸ ਵਿਚ ਸਿੱਖ ਅਤੇ ਦੂਸਰੇ ਖਿਡਾਰੀਆਂ ਨੂੰ ਅੰਤਰਰਾਸ਼ਟਰੀ ਪ੍ਰਤੀਯੋਗਤਾ ਵਿਚ ਦਸਤਾਰ ਵਰਗੇ ਧਾਰਮਿਕ ਚਿੰਨ ਹਟਾਉਣੇ ਜ਼ਰੂਰੀ ਹਨ । ਪੱਤਰ ਵਿਚ ਕਿਹਾ ਕਿ ਵਿਸ਼ਵ ਭਰ ਵਿਚ ਸਿੱਖ ਵੱਖ ਵੱਖ ਖੇਡਾਂ ਵਿਚ ਹਿੱਸਾ ਲੈਂਦੇ ਹਨ ਅਤੇ ਇਸ ਗੱਲ ਦੀ ਇਕ ਵੀ ਉਦਾਹਰਣ ਨਹੀਂ ਮਿਲਦੀ ਕਿ ਕਿਸੇ ਨੂੰ ਪੱਗ ਨਾਲ ਨੁਕਸਾਨ ਪੁੱਜਾ ਜਾਂ ਜ਼ਖ਼ਮੀ ਹੋ ਗਿਆ ।
ਕਾਨੂੰਨਘਾੜਿਆਂ ਨੇ ਆਪਣੇ ਪੱਤਰ ਵਿਚ ਲਿਖਿਆ ਕਿ ਅਸੀਂ ਸਮੇਂ-ਸਮੇਂ ‘ਤੇ ਦੇਖਿਆ ਹੈ ਕਿ ਬਾਸਕਿਟਬਾਲ ਸਮੇਤ ਖੇਡਾਂ ਵਿਚ ਇਕੱਠੇ ਕਰਨ ਦੀ ਤਾਕਤ ਹੈ ।ਪਿਛਲੇ ਦਹਾਕਿਆਂ ਵਿਚ ਖੇਡਾਂ ਦਾ ਅੰਤਰਰਾਸ਼ਟਰੀ ਰੁਤਬਾ ਵਧਿਆ ਹੈ ਅਤੇ ਇਹ ਉਨ੍ਹਾਂ ਦੇਸ਼ਾਂ ਵਿਚ ਲੋਕਪਿ੍ਯ ਹੋ ਰਹੀਆਂ ਹਨ ਜਿਥੇ ਆਮ ਲੋਕ ਦਸਤਾਰ ਸਜਾਉਂਦੇ ਹਨ ।ਅਸੀਂ ਤੁਹਾਨੂੰ ਇਹ ਯਕੀਨੀ ਬਣਾਉਣ ਲਈ ਆਪਣੀਆਂ ਨੀਤੀਆਂ ਵਿਚ ਸੋਧ ਕਰਨ ਦੀ ਅਪੀਲ ਕਰਦੇ ਹਾਂ ਕਿ ਸਾਰੇ ਵਿਸ਼ਵ ਦੇ ਲੋਕਾਂ ਨੂੰ ਖੇਡ ਖੇਡਣ ਦਾ ਬਰਾਬਰ ਮੌਕਾ ਮਿਲੇ ।