ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਬੁੱਧਵਾਰ (22 ਨਵੰਬਰ, 2017) ਨੂੰ ਦਿੱਤੇ ਬਿਆਨ ‘ਚ ਕਿਹਾ ਕਿ ਸਕਾਟਿਸ਼/ ਬਰਤਾਨਵੀ ਨਾਗਰਿਕ ਜਗਤਾਰ ਸਿੰਘ ਜੌਹਲ ਉਰਫ ਜੱਗੀ ‘ਤੇ ਪੰਜਾਬ ਪੁਲਿਸ ਵਲੋਂ ਹਿਰਾਸਤ ‘ਚ ਤਸ਼ੱਦਦ ਕਰਨ ਦੇ ਦੋਸ਼ ਝੂਠ ਹਨ।
ਸਕਾਟਲੈਂਡ ਦੇ ਜੰਮਪਲ ਜਗਤਾਰ ਸਿੰਘ ਜੌਹਲ ‘ਤੇ ਭਾਰਤ ਦੀ ਪੁਲਿਸ ਵਲੋਂ ਹਿਰਾਸਤ ‘ਚ ਕੀਤੇ ਗਏ ਤਸ਼ੱਦਦ ਦਾ ਮਾਮਲਾ ਬੀਤੇ ਦਿਨੀਂ ਬਰਤਾਨੀਆ ਦੀ ਸੰਸਦ ‘ਹਾਊਸ ਆਫ ਕਾਮਨਸ’ ‘ਚ ਚੁੱਕਿਆ ਗਿਆ ਸੀ।
ਮੀਡੀਆ ਨਾਲ ਗੱਲ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਸੀ ਕਿ ਜੱਗੀ ਦੇ ਕੇਸ ਵਿਚ “ਕਾਨੂੰਨੀ ਪ੍ਰਕ੍ਰਿਆ ਦਾ ਪਾਲਣ” ਕੀਤਾ ਗਿਆ।
ਅੰਗ੍ਰੇਜ਼ੀ ਅਖ਼ਬਾਰ ‘ਦ ਟ੍ਰਿਬਿਊਨ’ ‘ਚ ਛਪੀ ਖ਼ਬਰ ਮੁਤਾਬਕ ਮੁੱਖ ਮੰਤਰੀ ਨੇ ਕਿਹਾ, “ਦੋਸ਼ੀ ਨਾਲ ਕੋਈ ਤਸ਼ੱਦਦ ਨਹੀਂ ਹੋਇਆ”।
ਮੁੱਖ ਮੰਤਰੀ ਦੇ ਬਿਆਨ ਤੋਂ ਬਾਅਦ ਜਗਤਾਰ ਸਿੰਘ ਜੱਗੀ ਦੇ ਵਕੀਲ ਜਸਪਾਲ ਸਿੰਘ ਮੰਝਪੁਰ ਨੇ ਕਿਹਾ ਕਿ ਜਗਤਾਰ ਸਿੰਘ ਨੂਮ ਪੁਲਿਸ ਨੇ ਆਪਣੀ ਹਿਰਾਸਤ ਵਿਚ 5, 6 ਅਤੇ 7 ਨਵੰਬਰ ਨੂੰ ਸਰੀਰਕ ਤਕਲੀਫ ਦਿੱਤੀ ਸੀ।
ਵਕੀਲ ਮੰਝਪੁਰ ਨੇ ਸਵਾਲ ਕੀਤਾ, “ਅਮਰਿੰਦਰ ਸਿੰਘ ਕਿਵੇਂ ਦਾਅਵਾ ਕਰ ਸਕਦੇ ਹਨ ਕਿ ਤਸ਼ੱਦਦ ਨਹੀਂ ਹੋਇਆ, ਕੀ ਉਹ ਖੁਦ ਪੁੱਛਗਿੱਛ ਵੇਲੇ ਉਥੇ ਮੌਜੂਦ ਸਨ? ਕੇਵਲ ਪੁਲਿਸ ਤਸ਼ੱਦਦ ਦਾ ਸ਼ਿਕਾਰ ਹੀ ਸੱਚ ਦੱਸ ਸਕਦਾ ਹੈ, ਜਿਸ ਦੀ ਕਿ ਮੈਡੀਕਲ ਮਾਹਰਾਂ ਦੀ ਟੀਮ ਵਲੋਂ ਜਾਂਚ ਕੀਤੀ ਜਾ ਸਕਦੀ ਹੈ। ਪੁਲਿਸ ਨੇ ਜਗਤਾਰ ਸਿੰਘ ਜੌਹਲ ਨੂੰ ਕਾਨੂੰਨੀ ਸਹਾਇਤਾ ਤੋਂ ਮਹਿਰੂਮ ਰੱਖਿਆ ਗਿਆ ਅਤੇ 10 ਨਵੰਬਰ ਨੂੰ ਬਾਘਾਪੁਰਾਣਾ ਮੈਜਿਸਟ੍ਰੇਟ ਸਾਹਮਣੇ ਪੇਸ਼ ਕਰਨ ਦੀ ਬਜਾਏ ਚਾਲਬਾਜ਼ੀ ਕਰਦਿਆਂ ਮੋਗਾ ‘ਚ ਇਕ ਮੈਜਿਸਟ੍ਰੇਟ ਸਾਹਮਣੇ ਪੇਸ਼ ਕਰ ਦਿੱਤਾ।”
ਸਬੰਧਤ ਖ਼ਬਰ: ਜਗਤਾਰ ਸਿੰਘ ਜੱਗੀ ਦੇ ਕੇਸ ਬਾਰੇ ਬੋਲੀ ਯੂ.ਕੇ. ਦੀ ਪ੍ਰਧਾਨ ਮੰਤਰੀ ਥੈਰੇਸਾ ਮੇਅ …
ਉਨ੍ਹਾਂ ਕਿਹਾ ਕਿ ਜੇ ਪੰਜਾਬ ਪੁਲਿਸ ਨੇ ਜਗਤਾਰ ਸਿੰਘ ਜੱਗੀ ਨੂੰ ਹਿਰਾਸਤ ‘ਚ ਸਰੀਰਕ ਤਕਲੀਫਾਂ ਨਹੀਂ ਦਿੱਤੀਆਂ ਤਾਂ ਉਸਨੇ ਅਦਾਲਤ ‘ਚ ਮੈਡੀਕਲ ਜਾਂਚ ਦੀ ਅਰਜ਼ੀ ਦਾ ਵਿਰੋਧ ਕਿਉਂ ਕੀਤਾ, ਇਸਦਾ ਮਤਲਬ ਸਾਫ ਹੈ ਕਿ ਉਹ ਕੁਝ ਛੁਪਾਉਣਾ ਚਾਹੁੰਦੇ ਸੀ।
ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ: Amarinder Singh Denies Torture of Jagtar Singh Jaggi; Jaggi’s Lawyer Rebuts CM’s statement
ਵਕੀਲ ਨੇ ਦਾਅਵਾ ਕੀਤਾ ਕਿ ਅਮਰਿੰਦਰ ਸਿੰਘ ਦਾ ਬਿਆਨ ਆਧਾਰਹੀਨ ਹੈ ਅਤੇ ਜੱਗੀ ‘ਤੇ ਪੰਜਾਬ ਪੁਲਿਸ ਨੇ ਹਿਰਾਸਤ ‘ਚ ਤਸ਼ੱਦਦ ਕੀਤਾ ਸੀ।
ਦੇਖੋ ਵੀਡੀਓ: