Site icon Sikh Siyasat News

ਨਾਨਕਸ਼ਾਹੀ ਕੈਲੰਡਰ ਵਿੱਚ ਸੋਧ ਕਰਨ ਤੋਂ ਪਹਿਲਾਂ ਸਮੂਹ ਪੰਥਕ ਜੱਥੇਬੰਦੀਆਂ ਦੀ ਸਲਾਹ ਲਈ ਜਾਵੇ: ਪਾਕਿ ਗੁ.ਕਮੇਟੀ

ਲਾਹੌਰ (11 ਮਾਰਚ 2015): ਨਾਨਕਸ਼ਾਹੀ ਕੈਲੰਡਰ ਵਿਵਾਦ ਦੇ ਹੱਲ ਲਈ ਬਣਾਈ ਕਮੇਟੀ ਦੇ ਬਾਰੇ ਸ੍ਰ.ਸ਼ਾਮ ਸਿੰਘ ਪ੍ਰਧਾਨ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਵਿੱਚ ਇਕ ਹੰਗਾਮੀ ਇਕੱਤਰਤਾ ਕੀਤੀ ਗਈ। ਮੀਟਿੰਗ ਤੋਂ ਬਾਅਦ ਸ੍ਰ.ਸ਼ਾਮ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨਾਨਕਸ਼ਾਹੀ ਕੈਲੰਡਰ ਕੇਵਲ ਐਸ ਜੀ ਪੀ ਸੀ ਦਾ ਮਸਲਾ ਨਹੀਂ, ਸਗੋਂ ਪੂਰੀ ਸਿੱਖ ਕੌਮ ਦੀਆਂ ਭਾਵਨਾਵਾਂ ਤੇ ਸਿੱਖ ਵਿਚਾਰਧਾਰਾ ਇਸ ਨਾਲ ਜੁੜੀ ਹੋਈ ਹੈ।

ਇਸ ਵਿੱਚ ਸੋਧ ਕਰਨ ਤੋਂ ਪਹਿਲਾਂ ਦੁਨੀਆਂ ਭਰ ਵਿੱਚ ਵੱਸਣ ਵਾਲੀਆਂ ਸਿੱਖ ਸੰਗਤਾਂ, ਗਰੁਦੁਆਰਿਆਂ ਦੇ ਪ੍ਰਬੰਧਕਾਂ, ਸਿੱਖ ਸੰਸਥਾਵਾਂ, ਮਿਸ਼ਨਰੀ ਕਾਲਜਾਂ, ਸਿੱਖ ਬੁਧੀਜੀਵੀਆਂ, ਸਿੱਖ ਸਟੱਡੀ ਸਰਕਲਾਂ ਅਤੇ ਸਭ ਜੱਥੇਬੰਦੀਆਂ ਦੇ ਸੁਝਾਅ ਲਏ ਜਾਣੇ ਚਾਹੀਦੇ ਹਨ।

ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਤੋਂ ਬਾਅਦ ਇਕ ਕਮੇਟੀ ਗਠਿਤ ਕਰਨ ਦਾ ਐਲਾਨ ਤਾਂ ਕੀਤਾ ਗਿਆ ਪ੍ਰੰਤੂ ਪੀ.ਐਸ.ਜੀ.ਪੀ.ਸੀ. ਦੇ ਇਕ ਵੀ ਨੁਮਾਇੰਦੇ ਦਾ ਨਾਮ ਨਾ ਲੈਣਾ ਪਾਕਿਸਤਾਨੀ ਸਿੱਖ ਸੰਗਤਾਂ ਅਤੇ ਕਮੇਟੀ ਮੈਂਬਰਾਂ ਦੇ ਮਨਾਂ ‘ਚ ਕਈ ਪ੍ਰਕਾਰ ਦੇ ਸ਼ੰਕੇ ਖੜੇ ਕਰਦਾ ਹੈ।

ਨਾਨਕਸ਼ਾਹੀ ਕੈਲੰਡਰ ਸਬੰਧੀ ਜਦੋਂ ਮੀਡੀਏ ਨੇ ਸ੍ਰ.ਸ਼ਾਮ ਸਿੰਘ ਨੂੰ ਪੁੱਛਿਆ ਤਾਂ ਉਨ੍ਹਾਂ ਦਾ ਦੋ ਟੁੱਕ ਲਫ਼ਜ਼ਾਂ ‘ਚ ਜਵਾਬ ਸੀ ਕਿ ਅਸੀਂ ੨੦੦੩ ਦੇ ਕੈਲੰਡਰ ਨੂੰ ਮਾਨਤਾ ਦਿੱਤੀ ਅਤੇ ਪਾਕਿਸਤਾਨ ਦੇ ਗੁਰਦੁਆਰਿਆਂ ਵਿੱਚ ਲਾਗੂ ਕੀਤਾ ਹੋਇਆ ਹੈ। ਪਰ ਹੁਣ ਅਗਰ ੨੦੦੩ ਦੇ ਕੈਲੰਡਰ ਵਿੱਚ ਕੋਈ ਸੋਧ ਕੀਤੀ ਜਾਂਦੀ ਹੈ ਜਾਂ ਸਾਡੇ ਤੇ ਕੋਈ ਹੋਰ ਕੈਲੰਡਰ ਥੋਪਣ ਦੀ ਕੋਸ਼ਿਸ਼ ਕੀਤੀ ਗਈ। ਉਸ ਨੂੰ ਹਰਗਿਜ਼ ਪ੍ਰਵਾਨ ਨਹੀਂ ਕੀਤਾ ਜਾਵੇਗਾ।

ਸ੍ਰ. ਸ਼ਾਮ ਸਿੰਘ ਨੇ ਪੀ.ਐਸ.ਜੀ.ਪੀ.ਸੀ ਵੱਲੋਂ ਦੁਨੀਆਂ ਭਰ ਦੇ ਸਿੱਖਾਂ ਨੂੰ ਨਾਨਕਸ਼ਾਹੀ ਸੰਮਤ ੫੪੭ ਮੁਤਾਬਕ ਨਵਾਂ ਵਰਾਂ ੧੪ ਮਾਰਚ ੨੦੧੫ ਨੂੰ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਆ ਕੇ ਮਨਾਉਣ ਦਾ ਵੀ ਸੱਦਾ ਦਿੱਤਾ।

ਇਸ ਮੌਕੇ ਤੇ ਸ੍ਰ. ਗੋਪਾਲ ਸਿੰਘ ਚਾਵਲਾ ਜਰਨਲ ਸਕੱਤਰ ਪੀ.ਐਸ.ਜੀ.ਪੀ.ਸੀ, ਸ੍ਰ.ਰਮੇਸ਼ ਸਿੰਘ ਅਰੋੜਾ ਮੈਂਬਰ ਪੰਜਾਬ ਅਸੈਂਬਲੀ, ਸ੍ਰ. ਬਿਸ਼ਨ ਸਿੰਘ, ਸ੍ਰ. ਮਨਿੰਦਰ ਸਿੰਘ ਮੈਂਬਰ (ਪੀ.ਐਸ.ਜੀ.ਪੀ.ਸੀ) ਤੋਂ ਇਲਾਵਾ ਗੁਰਦੁਆਰਾ ਡੇਹਰਾ ਸਾਹਿਬ, ਗੁਰਦੁਆਰਾ ਸ੍ਰੀ ਜਨਮ ਅਸਥਾਨ ਦੇ ਗ੍ਰੰਥੀ ਸਾਹਿਬਾਨ ਅਤੇ ਸਿੱਖ ਸੰਗਤਾਂ ਹਾਜ਼ਰ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version