ਸਿਰਸਾ (29 ਜਨਵਰੀ, 2015): ਸਾਲ 2008 ਵਿੱਚ ਡੇਰਾ ਪ੍ਰੇਮੀਆਂ ਤੇ ਸਿੱਖਾਂ ਵਿਚਕਾਰ ਹੋਈ ਹਿੰਸਕ ਟਕਰਾਅ ਦੇ ਕੇਸ ਵਿੱਚ ਸ਼ਾਮਲ ਸਾਰੇ 22 ਸਿੱਖਾਂ ਨੂੰ ਐਡੀਸ਼ਨਲ ਜ਼ਿਲ੍ਹਾ ਅਤੇ ਸੈਸ਼ਨ ਜੱਜ ਆਰ.ਕੇ.ਮਹਿਤਾ ਦੀ ਅਦਾਲਤ ਨੇ ਬਰੀ ਕਰ ਦਿੱਤਾ ਹੈ। ਸਿੱਖ ਸੰਗਤ ਨੇ ਅਦਾਲਤ ਦੇ ਇਸ ਫ਼ੈਸਲੇ ਦਾ ਸੁਆਗਤ ਕੀਤਾ ਹੈ ਤੇ ਸੱਚਾਈ ਦੀ ਜਿੱਤ ਦੱਸਿਆ ਹੈ।
ਗ਼ੌਰਤਲਬ ਹੈ ਕਿ 26 ਮਾਰਚ 2008 ਨੂੰ ਡੇਰਾ ਪ੍ਰੇਮੀਆਂ ਸਮਾਗਮ ਦੌਰਾਨ ਡੇਰਾ ਪ੍ਰੇਮੀਆਂ ਤੇ ਸਿੱਖ ਸੰਗਤ ਵਿਚਾਲੇ ਤਲਖ਼ੀ ਪੈਦਾ ਹੋ ਗਈ ਸੀ ਜਿਸ ਮਗਰੋਂ ਦੋਵੇਂ ਧਿਰਾਂ ਆਮੋ-ਸਾਹਮਣੇ ਹੋ ਗਈਆਂ ਸਨ।
ਇਸ ਦੌਰਾਨ ਹੋਈ ਹਿੰਸਾ ਵਿੱਚ ਜਿੱਥੇ ਕੁਝ ਲੋਕਾਂ ਨੇ ਇੱਕ ਮਕਾਨ ਤੇ ਕਾਰ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਸੀ ਉੱਥੇ ਹੀ ਮੌਕੇ ’ਤੇ ਪਹੁੰਚੇ ਥਾਣਾ ਇੰਚਾਰਜ ਦੀ ਜਿਪਸੀ ਨੂੰ ਵੀ ਭੰਨ ਦਿੱਤਾ ਸੀ। ਪੁਲੀਸ ਨੇ ਡੇਰਾ ਪ੍ਰੇਮੀ ਓਮ ਪ੍ਰਕਾਸ਼ ਦੀ ਸ਼ਿਕਾਇਤ ’ਤੇ ਪੰਜ ਨਾਮਜ਼ਦ ਵਿਅਕਤੀਆਂ ਸਮੇਤ 20 ਖ਼ਿਲਾਫ਼ ਕੇਸ ਦਰਜ ਕਰਕੇ ਅਦਾਲਤ ਵਿੱਚ ਚਲਾਨ ਪੇਸ਼ ਕੀਤਾ ਸੀ।