ਅੰਮ੍ਰਿਤਸਰ (ਨਰਿੰਦਰ ਪਾਲ ਸਿੰਘ): ਦੁਨੀਆ ਭਰ ਵਿੱਚ ਸਿੱਖਾਂ ਦੇ ਹੱਕਾਂ ਲਈ ਲੜਨ ਦਾ ਦਾਅਵਾ ਕਰਨ ਵਾਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਨਾਲ ਸਬੰਧਤ ਮੈਂਬਰਾਨ ਨੇ ਕਮੇਟੀ ਅਹੁਦੇਦਾਰਾਂ ਬਾਰੇ ਫੈਸਲਾ ਲੈਣ ਦੇ ਸਾਰੇ ਅਧਿਕਾਰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਦੇ ਦਿੱਤੇ। ਅੱਜ (28 ਨਵੰਬਰ, 2017) ਪਾਰਟੀ ਪ੍ਰਧਾਨ ਨੂੰ ਇੱਕ ਘੰਟੇ ਤੋਂ ਉਡੀਕ ਰਹੇ 120 ਦੇ ਕਰੀਬ ਕਮੇਟੀ ਮੈਂਬਰ ਕਰੀਬ 30 ਮਿੰਟ ਪਾਰਟੀ ਬੁਲਾਰੇ ਡਾ: ਦਲਜੀਤ ਸਿੰਘ ਚੀਮਾ ਅਤੇ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਦੇ ਵਿਚਾਰਾਂ ਨਾਲ ਸਹਿਮਤੀ ਵਿੱਚ ਸਿਰ ਹਿਲਾਉਂਦੇ ਨਜ਼ਰ ਆਏ।
ਸ਼੍ਰੋਮਣੀ ਕਮੇਟੀ ਅਹੁਦੇਦਾਰਾਂ ਦੀ 29 ਨਵੰਬਰ ਨੂੰ ਹੋਣ ਵਾਲੀ ਸਲਾਨਾ ਚੋਣ ਤੋਂ ਪਹਿਲਾਂ ਕਮੇਟੀ ਪ੍ਰਧਾਨ ਸਮੇਤ ਚਾਰ ਅਹੁਦੇਦਾਰ ਅਤੇ 11 ਕਾਰਜਕਾਰਣੀ ਮੈਂਬਰਾਂ ਦੀ ਚੋਣ ਦੇ ਅਧਿਕਾਰ ਪਾਰਟੀ ਪ੍ਰਧਾਨ ਨੂੰ ਦੇਣ ਲਈ ਕਮੇਟੀ ਮੈਂਬਰ ਬਾਅਦ ਦੁਪਹਿਰ 3:30 ਵਜੇ ਹੀ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਇੱਕਤਰ ਹੋਣੇ ਸ਼ੁਰੂ ਹੋ ਗਏ ਸਨ। ਸੁਖਬੀਰ ਸਿੰਘ ਬਾਦਲ ਦੇ ਪਹੁੰਚਣ ਤੋਂ ਪਹਿਲਾਂ ਕਮੇਟੀ ਦੇ ਦੋ ਸਾਬਕਾ ਪ੍ਰਧਾਨ ਅਵਤਾਰ ਸਿੰਘ ਮੱਕੜ, ਬੀਬੀ ਜਗੀਰ ਕੌਰ ਅਤੇ ਮੌਜੂਦਾ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਸਾਥੀ ਮੈਂਬਰਾਨ ਸਮੇਤ ਹਾਲ ਵਿੱਚ ਸਜ ਚੁੱਕੇ ਸਨ। ਸੁਖਬੀਰ ਸਿੰਘ ਬਾਦਲ ਠੀਕ ਸਾਢੇ ਚਾਰ ਵਜੇ ਸਾਬਕਾ ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ, ਡਾ: ਦਲਜੀਤ ਸਿੰਘ ਚੀਮਾ, ਮਨਜਿੰਦਰ ਸਿੰਘ ਸਿਰਸਾ ਸਮੇਤ ਸ਼੍ਰੋਮਣੀ ਕਮੇਟੀ ਦਫਤਰ ਪੁਜੇ।
ਸਬੰਧਤ ਖ਼ਬਰ:
ਸ਼੍ਰੋ.ਕਮੇਟੀ ਕਾਰਜਕਾਰਣੀ ਦੀ ਹੋਣ ਵਾਲੀ ਚੋਣ ‘ਚ ਬਾਦਲ ਦਲ ਦੇ ਉਮੀਦਵਾਰਾਂ ਨੂੰ ਟੱਕਰ ਦੇਵੇਗਾ ਪੰਥਕ ਫਰੰਟ …
ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਸਭ ਤੋਂ ਪਹਿਲਾਂ ਮੈਂਬਰਾਂ ਨੂੰ ਸੰਬੋਧਨ ਹੁੰਦਿਆਂ ਪਾਰਟੀ ਦੇ ਬੁਲਾਰੇ ਡਾ: ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ‘ਵਿਧਾਨ ਸਭਾ ਸੈਸ਼ਨ ਦੇ ਰੁਝੇਵੇਂ ਕਾਰਣ’ ਪਾਰਟੀ ਪ੍ਰਧਾਨ ਪਹਿਲਾਂ ਹੀ ਚੰਡੀਗੜ੍ਹ ਵਿੱਚ ਆਪ ਸਭ ਦੇ ‘ਵਿਚਾਰ’ ਜਾਣ ਚੁੱਕੇ ਹਨ। ਉਹ ਜੋ ਵੀ ਫੈਸਲਾ ਲੈਣਗੇ ਉਹ ਆਪ ਸਭ ਦੇ ਵਿਚਾਰਾਂ ਦੀ ਰੋਸ਼ਨੀ ਵਿੱਚ ਹੀ ਲੈਣਗੇ’। ਇਸ ਉਪਰੰਤ ਸਮੂੰਹ ਕਮੇਟੀ ਮੈਂਬਰਾਨ ਵਲੋਂ ਬੋਲਦਿਆਂ ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਮੈਂਬਰਾਨ ਵਲੋਂ ਪਾਰਟੀ ਪ੍ਰਧਾਨ ਵਿੱਚ ਪ੍ਰਗਟਾਏ ਵਿਸ਼ਵਾਸ ਦਾ ਜ਼ਿਕਰ ਕਰਦਿਆਂ ਵਡੇਰੇ ਪਾਰਟੀ ਹਿੱਤਾਂ ਵਿੱਚ ਅਹੁਦੇਦਾਰਾਂ ਦੀ ਚੋਣ ਦੇ ਸਾਰੇ ਅਧਿਕਾਰ ਸੁਖਬੀਰ ਸਿੰਘ ਬਾਦਲ ਨੂੰ ਦਿੱਤੇ ਜਾਣ ਦੀ ਗੱਲ ਕਰਦਿਆਂ ਆਪ ਹੀ ਪ੍ਰਵਾਨਗੀ ਦਾ ਜੈਕਾਰਾ ਬੁਲਾ ਦਿੱਤਾ ਜਿਸਨੂੰ ਹਾਜ਼ਰ ਮੈਂਬਰਾਨ ਨੇ ਹੁੰਗਾਰਾ ਦੇ ਦਿੱਤਾ। ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਕਿੰਨੇ ਮੈਂਬਰ ਹਾਜ਼ਰ ਹੋਏ ਇਸ ਬਾਰੇ ਕਿਸੇ ਵੀ ਸ਼੍ਰੋਮਣੀ ਕਮੇਟੀ ਅਧਿਕਾਰੀ ਜਾਂ ਕਮੇਟੀ ਦੇ ਮੀਡੀਆ ਵਿਭਾਗ ਨੇ ਜਾਣਕਾਰੀ ਦੇਣੀ ਜ਼ਰੂਰੀ ਨਹੀਂ ਸਮਝੀ। ਦਾਅਵਾ ਜ਼ਰੂਰ ਕੀਤਾ ਗਿਆ ਕਿ ਇਸ ਇਕੱਤਰਤਾ ਵਿੱਚ 120-130 ਮੈਂਬਰ ਸ਼ਾਮਿਲ ਹੋਏ। ਦਿਲਸਚਪ ਗੱਲ ਇਹ ਹੈ ਕਿ ਸਾਰੇ ਅਧਿਕਾਰ ਸੁਖਬੀਰ ਸਿੰਘ ਬਾਦਲ ਨੂੰ ਦੇ ਕੇ ਵੀ ਇਹ ਦਾਅਵਾ ਵੀ ਨਾਲ ਦੀ ਨਾਲ ਹੀ ਬਰਕਰਾਰ ਰਿਹਾ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਅਤੇ ਹੋਰ ਅਹੁਦੇਦਾਰਾਂ ਦੀ ਚੋਣ ਮੈਂਬਰ ਹੀ ਕਰਨਗੇ।
ਸਬੰਧਤ ਖ਼ਬਰ ਅੰਗ੍ਰੇਜ਼ੀ ਵਿਚ ਪੜ੍ਹਨ ਲਈ:
Four SGPC Members Quit Sukhdev Singh Bhaur Group & AAP to join SAD (Badal) …