ਚੰਡੀਗੜ੍ਹ: ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਸ. ਕਰਨੈਲ ਸਿੰਘ ਪੀਰ ਮੁਹੰਮਦ ਨੇ ਬੀਤੇ ਕੱਲ੍ਹ ਸ੍ਰੀ ਅਕਾਲ ਤਖਤ ਸਾਹਿਬ ਦੇ ਮੁਤਵਾਜੀ ਜਥੇਦਾਰ ਜਥੇਦਾਰ ਡਾਈ ਜਗਤਾਰ ਸਿੰਘ ਹਵਾਰਾ ਨਾਲ ਤਿਹਾੜ ਜੇਲ੍ਹ ਵਿੱਚ ਮੁਲਾਕਾਤ ਕਰ ਕੇ ਫੈਡਰੇਸ਼ਨ ਦੀ ਪ੍ਰਧਾਨਗੀ ਤੋਂ ਆਪਣਾ ਅਸਤੀਫਾ ਸੌਂਪ ਦਿੱਤਾ । ਉਹਨਾਂ ਭਾਈ ਹਵਾਰਾ ਨੂੰ ਸੌਂਪੀ ਗਈ ਆਪਣੀ ਚਿੱਠੀ ਵਿੱਚ ਜਿਕਰ ਕੀਤਾ ਕਿ “ਬਰਗਾੜੀ ਮੋਰਚੇ ਵਿੱਚ ਇੱਕ ਸਾਂਝੀ ਸਿੱਖ ਪਾਰਟੀ ਪਾਰਟੀ ਸਥਾਪਿਤ ਕਰਨ ਦੀਆਂ ਗੱਲਾਂ ਚਲ ਰਹੀਆਂ ਹਨ ਪਰ ਕਿਸੇ ਵੀ ਜਥੇਬੰਦੀ ਦੇ ਆਗੂਆਂ ਵਲੋਂ ਅਸਤੀਫਾ ਨਹੀਂ ਦਿੱਤਾ ਗਿਆ ਮੈਂ ਪੰਥ ਨੂੰ ਮੁੱਖ ਰੱਖਦਿਆਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਰਿਹਾ ਹਾਂ ਅਤੇ ਜਥੇਬੰਦੀ – ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਢਾਂਚਾ ਭੰਗ ਕਰ ਰਿਹਾ ਹਾਂ ।
ਮੈਂ ਇਹ ਫੈਸਲਾ 13 ਸਤੰਬਰ 2018 ਨੂੰ ਜਮਸ਼ੇਦਪੁਰ, ਝਾਰਖੰਡ ਵਿਖੇ ਮਨਾਈ ਜਾ ਰਹੀ ਫੈਡਰੇਸ਼ਨ ਦੀ 74 ਵੀਂ ਵਰ੍ਹੇਗੰਢ ਮੌਕੇ ਲਿਆ ਪਰ ਪ੍ਰੋਫੈਸਰ ਮਨਜੀਤ ਸਿੰਘ ਜੀ ਨੇ ਮੈਨੂੰ 13 ਸਤੰਬਰ 2019 ਤੀਕ ਅਹੁਦੇ ‘ਤੇ ਬਣੇ ਰਹਿਣ ਲਈ ਬੇਨਤੀ ਕੀਤੀ।
ਮੈਂ ਗੁਰੁੂ ਗ੍ਰੰਥ ਸਾਹਿਬ ਜੀ ਨੂੰ ਹਾਜਰ ਜਾਣ ਕੇ ਪੰਥਕ ਏਕੇ ਵਿੱਚ ਯੋਗਦਾਨ ਪਾਉਣ ਲਈ ਇਹ ਕਦਮ ਚੁੱਕਿਆ ਹੈ ।
ਇਹਨਾਂ ਗੱਲਾਂ ਨਾਲ ਮੈਂ ਆਪਣੀਆਂ ਭਾਵਨਾਵਾਂ ਨੂੰ ਪੂਰਨ ਇਮਾਨਦਾਰੀ ਨਾਲ ਤੁਹਾਡੇ ਅੱਗੇ ਰੱਖ ਰਿਹਾ ਹਾਂ। ਕਿਰਪਾ ਕਰਕੇ ਏਸਨੂੰ ਪ੍ਰਵਾਨ ਕਰੋ ਅਤੇ ਮੈਨੂੰ ਮੇਰੀਆਂ ਜਿੰਮੇਵਾਰੀਆਂ ਤੋਂ ਮੁਕਤ ਕਰੋ “।
ਜਿਕਰਯੋਗ ਹੈ ਕਿ ਸ.ਕਰਨੈਲ ਸਿੰਘ ਪੀਰ ਮੁਹੰਮਦ ਨੂੰ 1995 ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰਨੀ ਜਥੇਦਾਰ ਭਾਈ ਮਨਜੀਤ ਸਿੰਘ ਵਲੋਂ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਪ੍ਰਧਾਨ ਬਣਾਇਆ ਗਿਆ ਸੀ।