ਅਲ-ਕਾਇਦਾ ਮੁਖੀ ਅਲ-ਜਵਾਹਰੀ ਵੀਡੀਓ ਵਿੱਚ ਬਿਆਨ ਜਾਰੀ ਕਰਦਾ ਹੋਇਆ

ਕੌਮਾਂਤਰੀ ਖਬਰਾਂ

ਅਲ-ਕਾਇਦਾ ਵੱਲੋਂ ਭਾਰਤ ‘ਚ ਕਿਆਦਤ ਅਲ-ਜਹਾਦ ਕਾਇਮ ਕਰਨ ਦਾ ਐਲਾਨ, ਭਾਰਤ ਵੱਲੋਂ ਚੌਕਸੀ ਦੇ ਹੁਕਮ

By ਸਿੱਖ ਸਿਆਸਤ ਬਿਊਰੋ

September 05, 2014

ਨਵੀਂ ਦਿੱਲੀ ( 4 ਸਤੰਬਰ 2014): ਅਲ-ਕਾਇਦਾ ਵੱਲੋ ਜਾਰੀ ਵੀਡੀਓੁ ਨਸ਼ਰ ਹੋਣ ਤੋਂ ਬਾਅਦ ਅਮਰੀਕੀ ਮੀਡੀਆ ਅਤੇ ਸੂਹੀਆ ਏਜੰਸੀਆਂ ਦਾ ਕਹਿਣਾ ਹੈ ਕਿ ਅਲ-ਕਾਇਦਾ ਨੇ ਭਾਰਤ ਵਿੱਚ ’ਜਹਾਦ’ ਵਿੱਢਣ ਲਈ ਇਕ ਨਵੀਂ ਸ਼ਾਖਾ ਕਾਇਮ ਕਰ ਦਿੱਤੀ ਜਿਸ ਦਾ ਨਿਸ਼ਾਨਾ ਉਪ-ਮਹਾਂਦੀਪ ਵਿੱਚ ਇਸਲਾਮੀ ਸ਼ਾਸਨ ਦੀ ਬਹਾਲੀ ਅਤੇ ਸਖਤੀ ਕਾਨੂੰਨ ਲਾਗੂ ਕਰਨਾ ਹੈ। ਯੂ-ਟਿਊੂਬ ਅਤੇ ਸੋਸ਼ਲ ਮੀਡੀਆ ਆਊੂਟਲੈੱਟਜ਼ ’ਤੇ ਅਲ-ਕਾਇਦਾ ਦੇ ਮੀਡੀਆ ਵਿੰਗ ਅਸ-ਸਹਾਬ ਵੱਲੋਂ ਪਾਈ ਗਈ ਇਸ ਵੀਡੀਓ ਵਿੱਚ ‘ਭਾਰਤੀ ਉਪ-ਮਹਾਂਦੀਪ ਵਿੱਚ ਕਿਆਦਤ ਅਲ-ਜਹਾਦ’ ਕਾਇਮ ਕਰਨ ਦਾ ਐਲਾਨ ਕੀਤਾ ਗਿਆ ਹੈ।

ਅਲ-ਕਾਇਦਾ ਵੱਲੋਂ ਭਾਰਤ ਵਿੱਚ ਆਪਣੀਆਂ ਸਰਗਰਮੀਆਂ ਵਿੱਢਣ ਬਾਰੇ ਇਕ ਵੀਡੀਓ ਨਸ਼ਰ ਹੋਣ ਤੋਂ ਬਾਅਦ ਕੇਂਦਰ ਸਰਕਾਰ ਨੇ ਅੱਜ ਦੇਸ਼ਵਿਆਪੀ ਚੌਕਸੀ ਦੇ ਹੁਕਮ ਦੇ ਦਿੱਤੇ ਹਨ।

ਅਖਬਾਰ ਪੰਜਾਬੀ ਟ੍ਰਿਬਿਊਨ ਵਿੱਚ ਨਸ਼ਰ ਖਬਰ ਅਨੁਸਾਰ ਇੰਟੈਲੀਜੈਂਸ ਬਿਊੂਰੋ (ਆਈਬੀ) ਦੀ ਮੁਢਲੀ ਪੜਤਾਲ ਤੋਂ ਪਤਾ ਚੱਲਿਆ ਹੈ ਕਿ ਵੀਡੀਓ ਸਹੀ ਹੈ ਜਿਸ ਤੋਂ ਬਾਅਦ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਚੋਟੀ ਦੇ ਸੁਰੱਖਿਆ ਅਧਿਕਾਰੀਆਂ ਨਾਲ ਵਿਚਾਰ-ਚਰਚਾ ਕੀਤੀ।

ਗ੍ਰਹਿ ਮੰਤਰਾਲੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਮੰਤਰਾਲੇ ਵੱਲੋਂ ਸਾਰੇ ਰਾਜਾਂ ਨੂੰ ਚੌਕਸੀ ਵਰਤਣ ਅਤੇ ਸੁਰੱਖਿਆ ਏਜੰਸੀਆਂ ਨੂੰ ਹਰ ਤਰ੍ਹਾਂ ਦੀ ਸਾਵਧਾਨੀ ਵਰਤਣ ਦੇ ਹੁਕਮ ਦਿੱਤੇ ਗਏ ਹਨ।

ਸੁਰੱਖਿਆ ਏਜੰਸੀਆਂ ਦਾ ਕਹਿਣਾ ਹੈ ਕਿ ਇਹ ਵੀਡੀਓ ਅਲ-ਕਾਇਦਾ ਵੱਲੋਂ ਉਪ ਮਹਾਂਦੀਪ ਵਿੱਚ ਨਵੀਂ ਭਰਤੀ ਕਰਨ ਦਾ ਹਿੱਸਾ ਹੋ ਸਕਦਾ ਹੈ ਕਿਉਂਕਿ ਇਸਲਾਮਿਕ ਸਟੇਟ ਆਫ ਇਰਾਕ ਐਂਡ ਸੀਰੀਆ (ਆਈਐਸਆਈਐਸ) ਦੇ ਮੁਕਾਬਲੇ ਇਸ ਦਾ ਪ੍ਰਭਾਵ ਕਾਫੀ ਪੈ ਰਿਹਾ ਹੈ।

ਮੁਲਾਕਾਤ ਤੋਂ ਬਾਅਦ ਗ੍ਰਹਿ ਮੰਤਰੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪ੍ਰਧਾਨ ਮੰਤਰੀ ਦੇ ਦਫਤਰ ਨੂੰ ਵੀਡੀਓ ਬਾਰੇ ਜਾਣਕਾਰੀ ਦੇ ਦਿੱਤੀ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਦੇਸ਼ ਅਤੇ ਆਸ-ਪੜੋਸ ਵਿੱਚ ਦਹਿਸ਼ਤੀ ਸਰਗਰਮੀਆਂ ’ਤੇ ਨਜ਼ਰ ਰੱਖਣ ਵਾਲੀ ਇੰਟੈਲੀਜੈਂਸ ਬਿਊੂਰੋ ਵੱਲੋਂ ਇਸ ਸਬੰਧ ਵਿੱਚ ਇਕ-ਦੋ ਦਿਨਾਂ ’ਚ ਰਿਪੋਰਟ ਭੇਜਣ ਦੀ ਉਮੀਦ ਹੈ।

ਭਾਰਤੀ ਉਪ ਮਹਾਂਦੀਪ ’ਚ ਹੋਵਾਂਗੇ ਸਰਗਰਮ: ਜਵਾਹਰੀ

ਅਲ-ਕਾਇਦਾ ਅਫ਼ਗਾਨਿਸਤਾਨ ਅਤੇ ਪਾਕਿਸਤਾਨ ਵਿੱਚ ਸਰਗਰਮ ਹੈ ਪਰ ਅਲ-ਕਾਇਦਾ ਦੇ ਨੇਤਾ ਆਇਮਾਨ ਅਲ-ਜਵਾਹਰੀ ਨੇ ਆਖਿਆ ਕਿ ‘ਕਿਆਦਤ ਅਲ-ਜਹਾਦ’ ਲੜਾਈ ਦਾ ਰੁਖ਼ ਭਾਰਤ ਅਤੇ ਬੰਗਲਾਦੇਸ਼ ਵੱਲ ਮੋੜੇਗੀ। ਅਲ-ਜਵਾਹਰੀ ਨੇ ਇਹ ਵੀ ਆਖਿਆ ਕਿ ਇਹ ਗਰੁੱਪ ਬਰਮਾ, ਬੰਗਲਾਦੇਸ਼, ਅਸਾਮ, ਗੁਜਰਾਤ, ਅਹਿਮਦਾਬਾਦ ਅਤੇ ਕਸ਼ਮੀਰ ਸਮੇਤ ਭਾਰਤੀ ਉਪ-ਮਹਾਂਦੀਪ ਵਿੱਚ ਨਿਤਾਣਿਆਂ ਦੀ ਰਾਖੀ ਕਰੇਗਾ ਅਤੇ ਕਿਹਾ ‘ਕਿਆਦਤ ਅਲ-ਜਹਾਦ’ ਦੇ ਤੁਹਾਡੇ ਭਰਾ ਤੁਹਾਨੂੰ ਭੁਲਾ ਨਹੀਂ ਦੇਣਗੇ ਅਤੇ ਉਹ ਅਜਿਹਾ ਕੰਮ ਕਰ ਰਹੇ ਹਨ ਜੋ ਤੁਹਾਨੂੰ ਬੇਇਨਸਾਫੀ, ਦਮਨ ਅਤੇ ਸੰਤਾਪ ਤੋਂ ਮੁਕਤੀ ਦਿਵਾਏਗਾ।’’

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: