ਮੈਲਬੌਰਨ, ( 21 ਨਵੰਬਰ 2009): ਮੈਲਬੌਰਨ ਦੇ ਹੌਅਥੌਰਨ ਇਲਾਕੇ ਵਿੱਚ ਹੋਏ ਰਾਜ ਪੱਧਰੀ ਭਾਰ ਚੁੱਕਣ ਦੇ ਮੁਕਾਬਲਿਆਂ ਵਿੱਚ ਗੁਰਸਿੱਖ ਅੰਮ੍ਰਿਤਧਾਰੀ ਨੌਜਵਾਨ ਸ: ਅਕਾਸ਼ਦੀਪ ਸਿੰਘ ਨੇ 68 ਕਿਲੋ ਵਰਗ ਵਿੱਚ ਚੈਂਪੀਅਨ ਬਣ ਕੇ ਮੈਲਬੌਰਨ ‘ਚ ਵੱਸਦੇ ਸਿੱਖ ਭਾਈਚਾਰੇ ਦਾ ਨਾਂ ਇੱਕ ਵਾਰ ਫਿਰ ਉੱਚਾ ਕਰ ਦਿੱਤਾ ਹੈ। ਅਕਾਸ਼ਦੀਪ ਸਿੰਘ ਜੋ ਕਿ ਤਕਰੀਬਨ 20 ਕੁ ਸਾਲਾਂ ਦੀ ਉਮਰ ਦਾ ਹੈ ਨੇ 105 ਕਿਲੋ ਭਾਰ ਚੁਕ ਕੇ ਨਾਲ ਦੇ ਸਾਰੇ ਗੋਰੇ ਖਿਡਾਰੀਆਂ ਪਿਛਾੜ ਦਿੱਤਾ। ਸਤੰਬਰ ਮਹੀਨੇ ਵਿੱਚ ਹੋਏ ਨੈਸ਼ਨਲ ਜੂਨੀਅਰ ਮੁਕਾਬਲਿਆਂ ਵਿੱਚ ਵੀ ਉ ਸਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਸੀ। ਗੁਰਦਾਸਪੁਰ ਜਿਲ੍ਹੇ ਦੇ ਪਿੰਡ ਤੇਜਾ ਦਾ ਇਹ ਗੁਰਸਿੱਖ ਨੌਜਵਾਨ ਸਿਰਫ 2 ਕੁ ਸਾਲ ਪਹਿਲਾਂ ਮੈਲਬੌਰਨ ਪੜ੍ਹਨ ਲਈ ਆਇਆ ਸੀ ਅਤੇ ਭਾਰ ਚੁਕਣ ਦਾ ਸ਼ੌਕ ਹੋਣ ਕਰਕੇ ਸਾਲ ਕੁ ਪਹਿਲਾਂ ਫੀਨਿਕਸ ਵੇਟਲਿਫਟੰਗ ਕਲੱਬ ਦੇ ਪ੍ਰਬੰਧਕਾਂ ਨੂੰ ਮਿਲਿਆ ਸੀ। ਉੱਥੇ ਉਸ ਦੀ ਮੁਲਾਕਾਤ ਆਸਟ੍ਰੇਲੀਅਨ ਵੇਟਲਿਫਟੰਿਗ ਫੈਡਰੇਸ਼ਨ ਦੇ ਪ੍ਰਧਾਨ ਰੌਬਰਟ ਕੱਬਾਸ ਨਾਲ ਹੋਈ ਜੋ ਉਸ ਦੀ ਸੁਚੱਜੀ ਖੇਡ ਦੇਖ ਕੇ ਬਹੁਤ ਖੁਸ਼ ਹੋਏ। ਉਹ ਹੁਣ ਉਸ ਨੂੰ ਸਿਖਲਾਈ ਦੇ ਰਹੇ ਹਨ। ਸ: ਅਕਾਸ਼ਦੀਪ ਸਿੰਘ ਸਿੱਖ ਫੈਡਰੇਸ਼ਨ ਆਫ ਆਸਟ੍ਰੇਲੀਆ (ਮੈਲਬੌਰਨ ) ਦੀ ਪ੍ਰਬੰਧਕੀ ਕਮੇਟੀ ਦਾ ਮੈਂਬਰ ਵੀ ਹੈ ਅਤੇ ਮੁਕਾਬਲੇ ਦੌਰਾਨ ਫੈਡਰੇਸ਼ਨ ਮੈਂਬਰ ਅਤੇ ਹੋਰ ਸਿੱਖ ਨੌਜਵਾਨ ਉਸ ਦੀ ਖੇਡ ਦੇਖਣ ਲਈ ਵਿਕਟੋਰੀਅਨ ਵੇਟਲਿਫਟੰਗ ਸਟੇਡੀਅਮ ਵਿਖੇ ਪਹੁੰਚੇ ਹੋਏ ਸਨ। ਜਿੱਤਣ ਤੋਂ ਬਾਦ ਸ: ਅਕਾਸ਼ਦੀਪ ਸਿੰਘ ਨੇ ਕਿਹਾ ਕਿ ਉਹ ਆਪਣੀ ਖੇਡ ਅਤੇ ਸਿੱਖੀ ਨਾਲ ਬਹੁਤ ਪਿਆਰ ਕਰਦਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਉਹ ਆਪਣੀ ਮੇਹਨਤ ਤੇ ਲਗਨ ਸਦਕਾ ਭਾਈਚਾਰੇ ਦਾ ਨਾਂ ਉੱਚਾ ਕਰਨ ਦੀ ਕੋਸ਼ਿਸ਼ ਵਿੱਚ ਲੱਗਾ ਰਹੇਗਾ।