Site icon Sikh Siyasat News

ਸੋਲਰ ਲਾਈਟਾਂ ਲਾਉਣ ਦੇ ਮਸਲੇ ‘ਤੇ ਪਿੰਡ ਮਾਹਣੀਖੇੜਾ ਦੇ ਅਕਾਲੀ ਧੜਿਆਂ ਵਿੱਚ ਗੋਲੀ ਚੱਲੀ, ਪੰਜ ਜ਼ਖ਼ਮੀ

ਚੰਡੀਗੜ੍ਹ: ਲੰਬੀ ਹਲਕੇ ਦੇ ਪਿੰਡ ਮਾਹਣੀਖੇੜਾ ਵਿੱਚ ਸੋਲਰ ਲਾਈਟਾਂ ਲਾਉਣ ਦੇ ਮੁੱਦੇ ਉਤੇ ਦੋ ਅਕਾਲੀਆਂ ਧੜਿਆਂ ਵਿਚ ਗੋਲੀ ਚੱਲ ਗਈ ਜਿਸ ਕਾਰਨ ਦੋਵਾਂ ਧੜਿਆਂ ਦੇ ਪੰਜ ਜਣੇ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਕਮਿਊਨਿਟੀ ਸਿਹਤ ਕੇਂਦਰ ਲੰਬੀ ਤੋਂ ਮੁੱਢਲੀ ਸਹਾਇਤਾ ਮਗਰੋਂ ਫ਼ਰੀਦਕੋਟ ਰੈਫ਼ਰ ਕਰ ਦਿੱਤਾ ਗਿਆ।

ਟਕਰਾਅ ਵਿੱਚ ਜ਼ਖ਼ਮੀ ਹੋਇਆ ਰਣਦੀਪ ਸਿੰਘ

ਜਾਣਕਾਰੀ ਅਨੁਸਾਰ ਕੱਲ੍ਹ ਸ਼ਨੀਵਾਰ ਨੂੰ ਪਿੰਡ ਵਿੱਚ ਸੋਲਰ ਲਾਈਟਾਂ ਲੱਗ ਰਹੀਆਂ ਸਨ। ਇਸ ਬਾਰੇ ਕੁਲਵਿੰਦਰ ਸਿੰਘ ਪੂਨੀਆ ਵਗੈਰਾ ਦਾ ਦੋਸ਼ ਸੀ ਕਿ ਪੰਚਾਇਤ ਪੱਖਪਾਤ ਵਾਲਾ ਰਵੱਈਆ ਅਖ਼ਤਿਆਰ ਕਰ ਕੇ ਆਪਣੇ ਚਹੇਤਿਆਂ ਦੇ ਘਰਾਂ ਦੀ ਨੁੱਕਰ ’ਤੇ ਲਾਈਟਾਂ ਲਵਾ ਰਹੀ ਹੈ, ਜਦੋਂ ਕਿ ਹੋਰ ਲੋਕਾਂ ਦੇ ਘਰਾਂ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ। ਇਸ ਉਤੇ ਕੁਲਵਿੰਦਰ ਸਿੰਘ, ਉਸ ਦੇ ਭਰਾ ਹਰਵਿੰਦਰ ਬਿੱਲਾ, ਗੁਰਜੰਟ ਅਤੇ ਭੁਪਿੰਦਰ ਵਗੈਰਾ ਨੇ ਇਤਰਾਜ਼ ਜਤਾਇਆ। ਵਿਵਾਦ ਭਖ਼ਣ ’ਤੇ ਅਕਾਲੀ ਸਰਪੰਚ ਗੁਰਅੰਮ੍ਰਿਤ ਸਿੰਘ ਆਪਣੇ ਸਾਥੀਆਂ ਸਮੇਤ ਮੌਕੇ ’ਤੇ ਪੁੱਜ ਗਿਆ ਜਿੱਥੇ ਦੋਵੇਂ ਧਿਰਾਂ ਵਿੱਚ ਆਹਮੋ-ਸਾਹਮਣੇ ਦੇ ਟਾਕਰੇ ਵਿੱਚ ਗੋਲੀਆਂ ਚੱਲ ਪਈਆਂ।

ਸਰਪੰਚ ਗੁਰਅੰਮ੍ਰਿਤ ਸਿੰਘ ਗਿੱਲ ਨੇ ਦੱਸਿਆ ਕਿ ਅੱਜ ਉਨ੍ਹਾਂ ਦਾ ਸਮਰਥਕ ਰਣਦੀਪ ਸਿੰਘ ਟਰੈਕਟਰ-ਟਰਾਲੀ ’ਤੇ ਸੋਲਰ ਲਾਈਟਾਂ ਦਾ ਸਾਮਾਨ ਲੈ ਕੇ ਜਾ ਰਿਹਾ ਸੀ। ਇਸ ਦੌਰਾਨ ਸ਼ਾਮਖੇੜਾ ਰੋਡ ’ਤੇ ਦਰਜਨ ਤੋਂ ਵੱਧ ਵਿਅਕਤੀਆਂ ਨੇ ਟਰੈਕਟਰ ਰੋਕ ਲਿਆ ਅਤੇ ਉਸ ਨਾਲ ਝਗੜਾ ਕਰਨ ਲੱਗੇ। ਸਰਪੰਚ ਨੇ ਦੱਸਿਆ ਕਿ ਬੰਦੂਕਾਂ ਨਾਲ ਲੈਸ ਦੂਜੇ ਧੜੇ ਨੇ ਰਣਦੀਪ ਸਿੰਘ ’ਤੇ ਗੋਲੀਆਂ ਚਲਾ ਦਿੱਤੀਆਂ। ਹੱਥ ’ਤੇ ਗੋਲੀ ਲੱਗਣ ਕਰ ਕੇ ਰਣਦੀਪ ਜ਼ਖ਼ਮੀ ਹੋ ਗਿਆ। ਗੁਰਅੰਮ੍ਰਿਤ ਅਨੁਸਾਰ ਇਸ ਦੌਰਾਨ ਉਨ੍ਹਾਂ ਦੇ ਸਮਰਥਕ ਰਾਜਵਿੰਦਰ ਅਤੇ ਅਜੈਪਾਲ ਮੌਕੇ ’ਤੇ ਪੁੱਜ ਗਏ। ਰਾਜਵਿੰਦਰ ਸਿੰਘ ਦੀ ਲੱਤ ’ਤੇ ਗੋਲੀ ਵੱਜੀ ਅਤੇ ਅਜੈਪਾਲ ਸਿੰਘ ਬੰਦੂਕ ਦੀ ਬੈਰਲ ਵੱਜਣ ਕਰ ਕੇ ਜ਼ਖ਼ਮੀ ਹੋ ਗਿਆ।

ਸਰਪੰਚ ਨੇ ਕਿਹਾ ਕਿ ਪਿੰਡ ਵਿੱਚ 50-60 ਸੋਲਰ ਲਾਈਟਾਂ ਲੱਗਣੀਆਂ ਹਨ ਅਤੇ ਦੋ ਦਿਨ ਪਹਿਲਾਂ ਵੀ ਦੂਜੀ ਧਿਰ ਨੇ ਲਾਈਟਾਂ ਦੇ ਕੰਮ ਵਿੱਚ ਅੜਿੱਕਾ ਪਾਉਣ ਦੇ ਮਨਸ਼ੇ ਤਹਿਤ ਟਰੈਕਟਰ ਰੋਕ ਲਿਆ ਸੀ। ਗੁਰਅੰਮ੍ਰਿਤ ਸਿੰਘ ਨੇ ਸੋਲਰ ਲਾਈਟਾਂ ਦੇ ਕਾਰਜ ਵਿੱਚ ਵਿਤਕਰੇ ਤੋਂ ਇਨਕਾਰ ਕੀਤਾ, ਜਦੋਂ ਕਿ ਦੂਜੇ ਧੜੇ ਦੇ ਕੁਲਵਿੰਦਰ ਸਿੰਘ ਪੂਨੀਆ ਨੇ ਦੋਸ਼ ਲਾਇਆ ਕਿ ਸਰਪੰਚ ਧੜੇ ਦੇ ਰਣਦੀਪ ਸਿੰਘ ਨੇ ਆਪਣੇ ਰਿਵਾਲਰ ਨਾਲ ਫਾਇਰ ਕੀਤਾ। ਇਸ ਕਾਰਨ ਹਰਿੰਦਰ ਸਿੰਘ ਪੁੱਤਰ ਦਰਬਾਰਾ ਸਿੰਘ ਅਤੇ ਹਰਿੰਦਰ ਸਿੰਘ ਪੁੱਤਰ ਕਿਰਪਾਲ ਸਿੰਘ ਜ਼ਖ਼ਮੀ ਹੋ ਗਏ। ਇਸ ਬਾਰੇ ਥਾਣਾ ਲੰਬੀ ਦੇ ਨਵਨਿਯੁਕਤ ਮੁਖੀ ਬੂਟਾ ਸਿੰਘ ਨੇ ਕਿਹਾ ਕਿ ਜ਼ਖ਼ਮੀਆਂ ਦੇ ਬਿਆਨਾਂ ਦੇ ਆਧਾਰ ’ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version